ਫਰੀਮੌਂਟ ਗੁਰੂ ਘਰ 'ਚ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਮਾਗਮ

ਫਰੀਮੌਂਟ ਗੁਰੂ ਘਰ 'ਚ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਮਾਗਮ

ਫਰੀਮੌਂਟ/ਏਟੀ ਨਿਊਜ਼ :
ਪਿਛਲੇ ਕਈ ਸਾਲਾਂ ਤੋਂ ਫਰੀਦਕੋਟ ਤੇ ਆਸ ਪਾਸ ਇਲਾਕੇ ਦੀਆਂ ਸੰਗਤਾਂ ਫਰੀਮੌਂਟ ਗੁਰੂ ਘਰ ਵਿਖੇ ਬਾਬਾ ਫਰੀਦ ਜੀ ਦੀ ਯਾਦ ਵਿਚ ਆਗਮਨ ਪੁਰਬ ਮਨਾਉਦੀਆਂ ਆ ਰਹੀਆਂ ਹਨ। ਇਸ ਸਾਲ ਵੀ ਸ਼ਰਧਾ ਅਤੇ ਉਤਸ਼ਾਹ ਨਾਲ ਦਿਨ ਸ਼ੁੱਕਰਵਾਰ, 20 ਸਤੰਬਰ ਨੂੰ ਸ੍ਰੀ ਅਖੰਡ ਪਾਠ ਜੀ ਪਾਠ ਅਰੰਭ ਕੀਤੇ ਗਏ ਤੇ ਭੋਗ ਦਿਨ ਐਤਵਾਰ, 22 ਸਤੰਬਰ ਨੂੰ ਪਾਏ ਗਏ। ਇਸ ਉਪਰੰਤ ਢਾਡੀ ਰਾਗੀ ਸਿੰਘਾਂ ਨੇ ਬਾਬਾ ਫ਼ਰੀਦ ਜੀ ਦੀ ਬਾਣੀ ਤੇ ਜੀਵਨ ਸਬੰਧੀ ਵਿਚਾਰਾਂ ਕੀਤੀਆਂ। ਬਾਬਾ ਫ਼ਰੀਦ ਜੀ ਦੇ ਸ਼ਬਦ ਗਾਇਨ ਕੀਤੇ ਗਏ। ਬਾਬਾ ਫਰੀਦ ਆਗਮਨ ਪੁਰਬ ਸੋਸਾਇਟੀ ਅਤੇ ਗੁਰਦੁਆਰਾ ਕਮੇਟੀ ਦੇ ਉਚੇਚੇ ਸੱਦੇ 'ਤੇ ਭਾਈ ਨਾਇਬ ਸਿੰਘ ਨਿਮਾਣਾ ਹਜ਼ੂਰੀ ਰਾਗੀ ਟਿੱਲਾ ਬਾਬਾ ਸ਼ੇਖ ਫਰੀਦ ਦਾ ਜਥਾ ਰਿਵਰ ਸਾਈਡ ਤੋਂ ਉਚੇਚੇ ਤੌਰ 'ਤੇ ਤਸ਼ਰੀਫ ਲਿਆਏ। ਸ਼ੁੱਕਰਵਾਰ ਵਾਲੇ ਦਿਨ ਭਾਈ ਨਿਮਾਣਾ ਅਤੇ ਗਾਇਕ ਨਿਰਮਲ ਸਿੱਧੂ ਦੁਆਰਾ ਤਿਆਰ ਕੀਤਾ ਟ੍ਰੈਕ ਰਲੀਜ ਕੀਤਾ ਗਿਆ।ਹਰ ਵਾਰ ਦੀ ਤਰਾਂ ਸੰਗਤਾਂ ਦਾ ਉਤਸ਼ਾਹ ਤੇ ਹਾਜ਼ਰੀ ਭਰਪੂਰ ਰਹੀ। ਸ਼ੁੱਕਰਵਾਰ ਵਾਲੇ ਦਿਨ ਹੀ ਰੇਡੀਓ ਪੰਜਾਬ ਦੇ ਸਟੂਡਿਓ ਪਹੁੰਚ ਕੇ ਸੰਗਤਾਂ ਨੂੰ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਗਿਆ। ਰੇਡੀਓ ਹੋਸਟ ਜਸਪਾਲ ਸਿੰਘ ਨੇ ਪ੍ਰਬੰਧਕਾਂ ਨੂੰ ਜੀ ਆਇਆਂ ਆਖਿਆ ਤੇ ਸ੍ਰੋਤਿਆਂ ਨਾਲ ਸਮਾਗਮ ਤੇ ਫਰੀਦਕੋਟ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ਸਾਲ ਦੇ ਸਮਾਗਮਾਂ ਦੀ ਵਿਲੱਖਣਤਾ ਇਹ ਰਹੀ ਕਿ ਇਲਾਕਾ ਨਿਵਾਸੀ  ਸੰਗਤਾਂ ਯੂਬਾ ਸਿਟੀ, ਸਟਾਕਟਨ, ਫਰਿਜਨੋ, ਟਰੇਸੀ , ਸੈਕਰਾਮੈਂਟੋ, ਲੈਥਰੋਪ, ਮੈਨਟੀਕਾ, ਐਲਕਗਰੋਵ ਆਦਿ ਸ਼ਹਿਰਾਂ ਤੋਂ ਹਾਜ਼ਰੀ ਲਵਾਉਣ ਪਹੁੰਚੀਆਂ । ਬਾਬਾ ਫ਼ਰੀਦ ਆਗਮਨ ਪੁਰਬ ਸੁਸਾਇਟੀ ਵੱਲੋਂ ਸਮੂਹ ਸੰਗਤ ਦੀ ਹਾਜ਼ਰੀ ਵਿਚ ਐਤਵਾਰ ਵਾਲੇ ਦਿਨ ਹੀ ਭਾਈ ਨਾਇਬ ਸਿੰਘ ਨਿਮਾਣਾ ਦੀ ਬਾਬਾ ਸ਼ੇਖ ਫਰੀਦ ਜੀ  ਨੂੰ ਸਮਰਪਿਤ ਸੀਡੀ ''ਬੋਲੈ ਸ਼ੇਖ ਫਰੀਦ” ਵੀ ਰਲੀਜ ਕੀਤੀ ਗਈ। ਪ੍ਰਬੰਧਕਾਂ ਵੱਲੋਂ ਸਾਰੇ ਸਮਾਗਮ ਨੂੰ ਨੇਪਰੇ ਚਾੜਣ ਲਈ ਸੰਗਤ ਦੇ ਸਹਿਯੋਗ ਤੇ ਕਾਮਯਾਬੀ ਲਈ ਸਭ ਦਾ ਧੰਨਵਾਦ ਕੀਤਾ ਗਿਆ। ਸਾਰੇ ਹੀ ਵਲੰਟੀਅਰਾਂ ਤੇ ਪ੍ਰਬੰਧਕਾਂ ਨੂੰ ਵੀ ਇਸ ਲਈ ਵਧਾਈ ਦਿੱਤੀ ਗਈ। ਅਗਲੇ ਸਾਲ ਇਹਨਾਂ ਹੀ ਤਰੀਕਾਂ ਵਿਚ ਫਿਰ ਮਿਲਣ ਦੇ ਵਾਅਦੇ ਨਾਲ ਵਿਦਾ ਲਈ ਗਈ। ਸੁਸਾਇਟੀ ਦੇ ਮੈਂਬਰਾਂ ਤੇ ਵਲੰਟੀਅਰਾਂ ਨਾਲ ਸੰਪਰਕ ਕਰਨ ਤੇ ਸੁਝਾਅ ਦੇਣ ਲਈ ਵੈਬ ਸਾਈਟ ਬਾਬਾ ਫ਼ਰੀਦ ਡੌਟ ਨੈਟ 'ਤੇ ਜਾਇਆ ਜਾ ਸਕਦਾ ਹੈ।
ਇਸ ਸਾਲ ਅਤੇ ਆਉਣ ਵਾਲੇ ਸਮਾਗਮਾਂ ਤੇ ਗਤੀਵਿਧੀਆਂ ਤੇ ਹੋਰ ਜਾਣਕਾਰੀ ਵੀ ਉਕਤ ਵੈਬ ਸਾਈਟ ਤੋਂ ਲਈ ਜਾ ਸਕਦੀ ਹੈ। ਸਮਾਗਮ ਦੀਆਂ ਫੋਟੋਆਂ ਵੀ ਵੈਬ ਸਾਈਟ 'ਤੇ ਪੋਸਟ ਕਰ ਦਿੱਤੀਆਂ ਜਾਣਗੀਆਂ। ਇਨਾਂ ਪ੍ਰੋਗਰਾਮਾਂ ਦੀ ਲੜੀ ਤਹਿਤ ਹੀ ਅਗਲੇ ਹਫ਼ਤੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ, 4 ਅਕਤੂਬਰ ਤੋਂ 6 ਅਕਤੂਬਰ ਤਕ ਗੁਰਦੁਆਰਾ ਸਿੰਘ ਸਭਾ ਪਾਰਕਵੇ ਡਰਾਈਵ ਫਰਿਜਨੋ ਵਿਖੇ ਇਲਾਕੇ ਦੀਆਂ ਸੰਗਤਾਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੀਆਂ ਹਨ। ਕੋਈ ਵੀ ਸੱਜਣ ਜੇਕਰ ਆਉਣ ਵਾਲੇ ਸਮਾਗਮਾਂ ਸਬੰਧੀ ਕੋਈ ਸੁਝਾਓ ਦੇਣਾ ਚਾਹੇ ਤਾਂ ਹਾਰਦਿਕ ਸੁਆਗਤ ਹੈ।