ਲੰਡਨ 'ਚ ਜਗਤਾਰ ਸਿੰਘ ਜੱਗੀ ਜੌਹਲ ਦੇ ਹੱਕ ਵਿਚ ਕੀਤਾ ਗਿਆ ਭਾਰੀ ਰੋਸ ਮੁਜਾਹਰਾ

ਲੰਡਨ 'ਚ ਜਗਤਾਰ ਸਿੰਘ ਜੱਗੀ ਜੌਹਲ ਦੇ ਹੱਕ ਵਿਚ ਕੀਤਾ ਗਿਆ ਭਾਰੀ ਰੋਸ ਮੁਜਾਹਰਾ

ਲੰਡਨ: ਭਾਰਤੀ ਜੇਲ੍ਹ ਵਿਚ ਨਜ਼ਰਬੰਦ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਲਈ ਬਰਤਾਨਵੀ ਪ੍ਰਧਾਨ ਮੰਤਰੀ ਦਫਤਰ ਦੇ ਬਾਹਰ ਡਾਊਨਿੰਗ ਸਟਰੀਟ ਲੰਡਨ ਵਿਖੇ ਸਿੱਖ ਸੰਗਤਾਂ ਵਲੋਂ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਅਵਾਜ ਬੁਲੰਦ ਕੀਤੀ ਗਈ। ਗੌਰਤਲਬ ਹੈ ਕਿ  ਬਰਤਾਨਵੀ ਨਾਗਰਿਕ ਭਾਈ  ਜਗਤਾਰ ਸਿੰਘ ਜੱਗੀ ਜੌਹਲ ਜੋ ਕਿ ਪੰਜਾਬ ਗਿਆ ਸੀ, ਉਸਨੂੰ ਪੰਜਾਬ ਪੁਲਿਸ ਵਲੋਂ ਅਗਵਾ ਕਰ ਲਿਆ ਗਿਆ ਜਦੋਂ ਉਹ ਜਲੰਧਰ ਦੇ ਰਾਮਾ ਮੰਡੀ ਵਿਖੇ ਆਪਣੇ ਪਰਿਵਾਰ ਨਾਲ ਖਰੀਦੋ ਫਰੋਖਤ ਕਰ ਰਿਹਾ ਸੀ। 

ਵੱਖ ਵੱਖ ਠਾਣਿਆਂ ਵਿੱਚ ਰੱਖ ਕੇ ਉਸਤੇ ਭਾਰੀ ਤਸ਼ੱਦਦ ਕਰਨ ਮਗਰੋਂ ਦਸ ਕੇਸਾਂ ਵਿੱਚ ਗ੍ਰਿਫਤਾਰੀ ਪਾ ਦਿੱਤੀ ਗਈ। ਲੰਮਾ ਸਮਾਂ ਪੰਜਾਬ ਦੀ ਜੇਲ੍ਹਾਂ ਵਿਚ ਬੰਦ ਰੱਖਣ ਤੋਂ ਬਾਅਦ ਉਸਨੂੰ ਹੁਣ ਦਿੱਲੀ ਦੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। 

ਯੂ, ਕੇ ਸਰਕਾਰ ਵਲੋਂ ਉਸਦੀ ਰਿਹਾਈ ਲਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਜਦਕਿ ਉਸਨੂੰ ਪੁਲਿਸ ਅਤੇ ਜੁਡੀਸ਼ੀਅਲ ਹਿਰਾਸਤ ਵਿੱਚ ਤਿੰਨ ਸਾਲ ਦਾ ਸਮਾਂ ਹੋਣ ਵਾਲਾ ਹੈ। ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਅਤੇ ਸਰਕਾਰ ਨੂੰ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਠੋਸ ਕਾਰਵਾਈ ਲਈ ਮਜਬੂਰ ਕਰਨ ਲਈ ਸਿੱਖ ਜਥੇਬੰਦੀਆਂ ਵਲੋਂ ਭਾਰੀ ਰੋਸ ਮੁਜਾਹਰਾ ਕੀਤਾ ਗਿਆ। ਕੋਚਾਂ ,ਕਾਰਾਂ ,ਟਰੇਨਾਂ ਰਾਹੀ ਵੱਖ-ਵੱਖ ਸ਼ਹਿਰਾਂ ਤੋਂ ਸਿੱਖ ਸੰਗਤਾਂ ਨੇ ਇਕੱਠੇ ਹੋ ਕੇ ਸਪੱਸ਼ਟ ਸੁਨੇਹਾ ਦਿੱਤਾ ਕਿ ਅਸੀਂ ਸਭ ਜਗਤਾਰ ਸਿੰਘ ਜੱਗੀ ਜੌਹਲ ਦੇ ਨਾਲ ਹਾਂ। 

ਭਾਰੀ ਮੀਂਹ ਦੇ ਬਾਵਜੂਦ ਸਿੱਖ ਨੌਜਵਾਨਾਂ, ਸਿੱਖ ਬੀਬੀਆਂ, ਸਿੱਖ ਬਜੁਰਗਾਂ ਨੇ ਜਗਤਾਰ ਸਿੰਘ ਜੱਗੀ ਜੌਹਲ ਨੂੰ ਰਿਹਾਅ ਕਰਵਾਉਣ ਅਤੇ ਵਾਪਸ ਆਪਣੇ ਪਰਿਵਾਰ ਵਿੱਚ ਲਿਆਉਣ ਲਈ ਪ੍ਰਧਾਨ ਮੰਤਰੀ ਨੂੰ ਆਖਿਆ। ਇਸ ਮੌਕੇ ਰੋਸ ਮੁਜਾਹਰੇ ਨੂੰ ਜਗਤਾਰ ਸਿੰਘ ਜੱਗੀ ਜੌਹਲ ਦੇ ਭਰਾ ਭਾਈ ਗੁਰਪ੍ਰੀਤ ਸਿੰਘ ਜੌਹਲ, ਫੈਡਰੇਸ਼ਨ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ , ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸਿੱਖ ਫੈਡਰੇਸ਼ਨ ਯੂ,ਕੇ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਮਸ਼ੇਰ ਸਿੰਘ, ਸਿੱਖ ਯੂਥ ਯੂ,ਕੇ ਦੇ ਭਾਈ ਦੀਪਾ ਸਿੰਘ, ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਾਜਮਨਵਿੰਦਰ ਸਿੰਘ ਕੰਗ, ਭਾਈ ਕੈਮ ਸਿੰਘ, ਭਾਈ ਅਵਤਾਰ ਸਿੰਘ ਖੰਡਾ, ਭਾਈ ਅਵਤਾਰ ਸਿੰਘ ਲਿੱਧੜ ਡਰਬੀ, ਭਾਈ ਜੱਸ ਸਿੰਘ ਡਰਬੀ, ਸਿੱਖ ਕੌਂਸਲ ਦੇ ਸਕੱਤਰ ਜਨਰਲ ਭਾਈ ਜਤਿੰਦਰ ਸਿੰਘ, ਭਾਈ ਸਰਬਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਜਿਸਟਰਡ, ਭਾਈ ਰਜਿੰਦਰ ਸਿੰਘ ਚਿੱਟੀ ਅਤੇ ਭਾਈ ਜਸਪਾਲ ਸਿੰਘ ਬੈਂਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਅਮਰਜੀਤ ਸਿੰਘ  ਖਾਲੜਾ ਸਮੇਤ ਸਿੱਖ ਬੀਬੀਆਂ ਨੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਅਪੀਲ ਕੀਤੀ  ਕਿ ਭਾਰਤ ਸਰਕਾਰ ਤੇ ਕੂਟਨੀਤਕ ਦਬਾਅ ਬਣਾ ਕੇ ਜਗਤਾਰ ਸਿੰਘ ਜੌਹਲ ਦੀ ਰਿਹਾਈ ਕਰਵਾਏ।

ਸਿੱਖ ਨੌਜਵਾਨਾਂ ਅਤੇ ਸਿੱਖ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਰੋਸ ਮੁਜਾਹਰੇ ਵਿੱਚ ਸ਼ਮੂਲੀਅਤ ਕਰਕੇ ਦਰਸਾ ਦਿੱਤਾ ਕਿ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਯਤਨ ਜਾਰੀ ਰੱਖਣਗੇ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਅਵਤਾਰ ਸਿੰਘ ਖੰਡਾ ਨੇ ਮੋਗਾ ਦੇ ਜਿਲਾ ਕੰਪਲੈਕਸ 'ਤੇ ਖਾਲਿਸਤਾਨ ਦਾ ਝੰਡਾ ਲਗਾਉਣ ਵਾਲੇ ਸਿੱਖ ਨੌਜਵਾਨ ਦੀ ਭੈਣ, ਛੋਟੇ ਭਰਾ ਅਤੇ ਪੰਜ ਸਿੱਖ ਨੌਜਵਾਨਾਂ ਨੂੰ ਮੋਗਾ ਪੁਲਿਸ ਵਲੋਂ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ। ਪੁਲਿਸ ਦੀ ਇਸ ਕਾਰਵਾਈ ਨੂੰ ਮੁਗਲੀਆ ਹਕੂਮਤ ਦੇ ਜੁਲਮਾਂ ਦਾ ਰੂਪ ਕਰਾਰ ਦਿੱਤਾ ਗਿਆ।