ਚੀਨ 'ਤੇ ਪਾਬੰਦੀਆਂ ਲਾਉਣ ਲਈ ਅਮਰੀਕਾ ਵਿਚ ਕਾਨੂੰਨੀ ਚਾਰਾਜ਼ੋਈ ਸ਼ੁਰੂ ਹੋਈ

ਚੀਨ 'ਤੇ ਪਾਬੰਦੀਆਂ ਲਾਉਣ ਲਈ ਅਮਰੀਕਾ ਵਿਚ ਕਾਨੂੰਨੀ ਚਾਰਾਜ਼ੋਈ ਸ਼ੁਰੂ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਨ ਸੈਨੇਟ ਦੇ ਪ੍ਰਭਾਵਸ਼ਾਲੀ ਰੀਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਚੀਨ 'ਤੇ ਪਾਬੰਦੀਆਂ ਲਾਉਣ ਦੀ ਮੰਗ ਦਾ ਬਿਲ ਪੇਸ਼ ਕੀਤਾ ਹੈ। ਬਿਲ ਵਿਚ ਕਿਹਾ ਗਿਆ ਹੈ ਕਿ ਜੇ ਚੀਨ ਕਰੋਨਾਵਾਇਰਸ ਫੈਲਣ ਦੇ ਕਾਰਨਾਂ ਅਤੇ ਇਸ ਨੂੰ ਕਿਵੇਂ ਕਾਬੂ ਵਿਚ ਲਿਆਉਣ ਬਾਰੇ ਪੂਰੀ ਜਾਣਕਾਰੀ ਨਹੀਂ ਦਿੰਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਨੂੰ ਚੀਨ ‘ਤੇ ਪਾਬੰਦੀ ਲਗਾਉਣ ਦੀ ਆਗਿਆ ਦੇਣੀ ਚਾਹੀਦੀ ਹੈ।

ਸੈਨੇਟਰ ਲਿੰਡਸੇ ਗ੍ਰਾਹਮ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨੇੜਲੇ ਕਰੀਬੀ ਸਾਥੀਆਂ ਵਿਚੋਂ ਇਕ ਹਨ। ਅਮਰੀਕਾ ਵਿਚ ਨਵੰਬਰ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਰਾਜਨੀਤੀ ਗਰਮ ਹੈ। ਜਿੱਥੇ ਟਰੰਪ ਧੜਾ ਇਸ ਵਾਇਰਸ ਲਈ ਚੀਨ ਨੂੰ ਮੁੱਖ ਦੋਸ਼ੀ ਦੱਸ ਰਿਹਾ ਹੈ ਅਤੇ ਆਪਣੀ ਚੋਣ ਨੀਤੀ ਨੂੰ ਚੀਨ ਵਿਰੁੱਧ ਕੇਂਦਰਤ ਕਰ ਰਿਹਾ ਹੈ, ਉੱਥੇ ਟਰੰਪ ਵਿਰੋਧੀਆਂ ਦਾ ਕਹਿਣਾ ਹੈ ਕਿ ਚੀਨ ਦੇ ਨਾਲ-ਨਾਲ ਟਰੰਪ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਸ ਵਾਇਰਸ ਨਾਲ ਹਜ਼ਾਰਾਂ ਅਮਰੀਕੀਆਂ ਦੀ ਮੌਤ ਹੋਈ ਹੈ। 

ਮੰਗਲਵਾਰ ਨੂੰ ਸੈਨੇਟ ਵਿਚ ਪੇਸ਼ ਕੀਤੇ ਗਏ ‘ਕੋਵਿਡ-19 ਜਵਾਬਦੇਹੀ ਐਕਟ’ ਬਿੱਲ ਦਾ ਅੱਠ ਹੋਰ ਸੈਨੇਟਰਾਂ ਵੱਲੋਂ ਸਮਰਥਨ ਕੀਤਾ ਗਿਆ। ਇਸ ਬਿੱਲ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ 60 ਦਿਨਾਂ ਦੇ ਅੰਦਰ-ਅੰਦਰ ਕਾਂਗਰਸ ਵਿਚ ਪ੍ਰਮਾਣਿਤ ਕਰਨਗੇ ਕਿ ਚੀਨ ਨੇ ਅਮਰੀਕਾ, ਉਸ ਦੇ ਸਹਿਯੋਗੀ ਦੇਸ਼ਾਂ ਜਾਂ ਸੰਯੁਕਤ ਰਾਸ਼ਟਰ ਨਾਲ ਜੁੜੇ ਸੰਗਠਨਾਂ ਨੂੰ ਕੋਵਿਡ-19 ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਹੈ। ਜੇ ਅਮਰੀਕੀ ਰਾਸ਼ਟਰਪਤੀ ਦੀ ਤਸੱਲੀ ਨਾ ਕਰਵਾ ਸਕਿਆ ਤਾਂ ਉਨ੍ਹਾਂ ਨੂੰ ਚੀਨ ਦੀਆਂ ਸੰਪਤੀਆਂ ਸੀਲ ਕਰਨ, ਯਾਤਰਾ ਸਬੰਧੀ ਪਾਬੰਦੀਆਂ ਲਗਾਉਣ, ਵੀਜ਼ੇ ਰੱਦ ਕਰਨ ਤੇ ਅਮਰੀਕੀ ਵਿੱਤੀ ਸੰਸਥਾਵਾਂ ਨੂੰ ਚੀਨ ਵਿੱਚ ਕਾਰੋਬਾਰ ਕਰਨ ਤੋਂ ਰੋਕਣ ਤੇ ਚੀਨੀ ਕੰਪਨੀਆਂ ਨੂੰ ਅਮਰੀਕੀ ਸ਼ੇਅਰ ਬਾਜ਼ਾਰਾਂ ਦੀ ਸੂਚੀ ਵਿੱਚੋਂ ਕੱਢਣ ਦਾ ਅਧਿਕਾਰ ਹੋਵੇਗਾ।


ਸੈਨੇਟਰ ਲਿੰਡਸੇ ਗ੍ਰਾਹਮ

ਬਿੱਲ ਵਿਚ ਮੰਗ ਕੀਤੀ ਗਈ ਹੈ ਕਿ ਚੀਨ ਆਪਣੇ ਉਹਨਾਂ ਮੀਟ ਬਜ਼ਾਰਾਂ ਨੂੰ ਹਮੇਸ਼ਾ ਲਈ ਬੰਦ ਕਰੇ ਜਿੱਥੋਂ ਅਜਿਹੇ ਵਾਇਰਸ ਫੈਲਣ ਦਾ ਡਰ ਹੈ ਅਤੇ ਹਾਂਗਕਾਂਗ ਵਿਚ ਮਹਾਂਮਾਰੀ ਫੈਲਣ ਮਗਰੋਂ ਗ੍ਰਿਫਤਾਰ ਕੀਤੇ ਗਏ ਚੀਨ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ।

ਚੀਨ ਨੇ ਇਸ ਬਿਲ ਨੂੰ 'ਅਨੈਤਿਕ' ਦੱਸਿਆ ਹੈ। ਚੀਨੀ ਵਿਦੇਸ਼ ਮਹਿਕਮੇ ਦੇ ਬੁਲਾਰੇ ਜ਼੍ਹਾਓ ਲੀਜੀਅਨ ਨੇ ਕਿਹਾ ਕਿ ਚੀਨ ਮਹਾਂਮਾਰੀ ਫੈਲਣ ਦੇ ਪਹਿਲੇ ਦਿਨ ਤੋਂ ਹੀ ਹਰ ਜਾਣਕਾਰੀ ਖੁੱਲ੍ਹੇ ਅਤੇ ਪਾਰਦਰਸ਼ੀ ਢੰਗ ਨਾਲ ਸਾਂਝੀ ਕਰ ਰਿਹਾ ਹੈ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।