ਨਲਕਿਆਂ ਦਾ ਮਿੱਠਾ ਪਾਣੀ ਪੀਣ ਵਾਲੇ ਪੰਜਾਬੀਆਂ ਦੀ ਟੇਕ ਆਰਓ 'ਤੇ; ਸਰਕਾਰ ਸੁੱਤੀ, ਕੰਪਨੀਆਂ ਦੀ ਚਾਂਦੀ

ਨਲਕਿਆਂ ਦਾ ਮਿੱਠਾ ਪਾਣੀ ਪੀਣ ਵਾਲੇ ਪੰਜਾਬੀਆਂ ਦੀ ਟੇਕ ਆਰਓ 'ਤੇ; ਸਰਕਾਰ ਸੁੱਤੀ, ਕੰਪਨੀਆਂ ਦੀ ਚਾਂਦੀ

ਬਰਨਾਲਾ: ਜਿੱਥੇ ਪੰਜਾਬ ਦਾ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਉੱਥੇ ਉਸ ਦੇ ਨਾਲ ਵੱਡੇ ਖਤਰੇ ਵਾਲੀ ਗੱਲ ਇਹ ਹੈ ਕਿ ਪੀਣ ਵਾਲਾ ਬਚਿਆ ਪਾਣੀ ਵੀ ਕਈ ਥਾਵਾਂ 'ਤੇ ਪੀਣ ਯੋਗ ਨਹੀਂ ਰਿਹਾ। ਕੁਝ ਸਮਾਂ ਪਹਿਲਾਂ ਤੱਕ ਨਲਕਿਆਂ ਦੇ ਪਾਣੀ ’ਤੇ ਨਿਰਭਰ ਰਹੇ ਪਿੰਡਾਂ ਦੇ ਲੋਕਾਂ ਨੂੰ ਮਹਿੰਗੇ ਆਰਓ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਹਾਲਤ ਇੱਥੋਂ ਤੱਕ ਬੱਦਤਰ ਹੋ ਗਈ ਹੈ ਕਿ ਹੁਣ 300 ਫ਼ੁੱਟ ਤੋਂ ਜ਼ਿਆਦਾ ਡੂੰਘੀਆਂ ਸਬਮਰਸੀਬਲ ਮੋਟਰਾਂ ਦਾ ਪਾਣੀ ਵੀ ਦੂਸ਼ਿਤ ਹੋ ਚੁੱਕਾ ਹੈ। ਜਿਉਣ ਲਈ ਜ਼ਿੰਦਗੀ ਦੇਣ ਵਾਲਾ ਪਾਣੀ ਹੁਣ ਕੈਂਸਰ ਵਰਗੀਆਂ ਬੀਮਾਰੀਆਂ ਵੰਡਣ ਲੱਗਾ ਹੈ। ਬਰਨਾਲਾ ਜ਼ਿਲ੍ਹੇ ’ਚ ਪਾਣੀ ਦਾ ਟੀਡੀਐਸ 700 ਤੱਕ ਪਹੁੰਚ ਚੁੱਕਾ ਹੈ, ਜਦੋਂਕਿ ਵਿਸ਼ਵ ਸਿਹਤ ਸੰਸਥਾ ਡਬਲਿਊਐਚਓ ਅਨੁਸਾਰ ਵੱਧ ਤੋਂ ਵੱਧ 500 ਟੀਡੀਐਸ ਵਾਲਾ ਪਾਣੀ ਹੀ ਪੀਣ ਯੋਗ ਹੈ।

ਕੁਝ ਵਰ੍ਹੇ ਪਹਿਲਾਂ ਸਰਕਾਰ ਵਲੋਂ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਪਿੰਡਾਂ ’ਚ ਆਰਓ ਸਿਸਟਮ ਸ਼ੁਰੂ ਕੀਤੇ ਗਏ ਸਨ। ਇਹ ਆਰਓ ਬਹੁਤੇ ਪਿੰਡਾਂ ’ਚ ਸ਼ੁਰੂ ਵੀ ਨਹੀਂ ਹੋਏ ਤੇ ਕਈ ਪਿੰਡਾਂ ’ਚ ਬਿਜਲੀ ਬਿੱਲ ਨਾ ਭਰੇ ਜਾਣ ਕਾਰਨ ਬੰਦ ਹੋ ਗਏ ਗਏ। ਜਿਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਵੀ ਮਜਬੂਰੀ ’ਚ ਮਹਿੰਗੇ ਆਰਓ ਖ਼ਰੀਦਣੇ ਪੈ ਰਹੇ ਹਨ। ਪਿੰਡਾਂ ‘ਚ ਮੌਜੂਦਾ ਦੌਰ ’ਚ ਹਰ ਦੂਜੇ ਘਰ ਮਹਿੰਗੇ ਆਰਓ ਲੱਗੇ ਹੋਏ ਹਨ। ਪਿੰਡਾਂ ਦੇ ਲੋਕ ਜਿੱਥੇ ਘੜਿਆਂ ਤੋਂ ਪਹਿਲਾਂ ਹੀ ਮੂੰਹ ਮੋੜ ਚੁੱਕੇ ਹਨ, ਉਥੇ ਪਿੰਡਾਂ ਦੀ ਜਨਤਾ ਆਰਓ ਦਾ ਸ਼ੁੱਧ ਪਾਣੀ ਪੀਣ ਲਈ ਘਰਾਂ ’ਚ ਆਰਓ ਲਗਾਉਣ ਲਈ ਮਜਬੂਰ ਹੈ।

ਇਲਾਕੇ ਦੇ ਪਿੰਡ ਚੀਮਾ ਵਿੱਚ ਆਰਓ ਦਾ ਕੰਮ ਕਰਨ ਵਾਲੇ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਕਈ ਪ੍ਰਾਈਵੇਟ ਕੰਪਨੀ ਦੇ ਆਰਓ ਘਰਾਂ ’ਚ ਲਗਾਉਂਦੇ ਹਨ। ਪਹਿਲਾਂ ਚੰਗੇ ਰਸੂਖ਼ ਵਾਲੇ ਲੋਕਾਂ ਵੱਲੋਂ ਹੀ ਆਰਓ ਘਰਾਂ ’ਚ ਲਗਾਏ ਗਏ ਸਨ। ਪਰ ਹੁਣ ਹਰ ਘਰ ‘ਚ ਆਰਓ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਦੇ ਪੁੱਜਦੇ ਘਰ ਵਾਲੇ 10 ਤੋਂ 15 ਹਜ਼ਾਰ ਤੱਕ ਦੀ ਕੀਮਤ ਵਾਲੇ ਤੇ ਗਰੀਬ ਲੋਕ 4 ਤੋਂ 5 ਹਜ਼ਾਰ ਦੀ ਕੀਮਤ ਵਾਲੇ ਆਰਓ ਲਗਾ ਰਹੇ ਹਨ।

ਪਿੰਡ ਮੱਲ੍ਹੀਆਂ ’ਚ ਸਰਕਾਰ ਵੱਲੋਂ ਲਗਾਏ ਸਰਕਾਰੀ ਆਰਓ ਦਾ ਬਿਜਲੀ ਬਿੱਲ ਨਾ ਭਰਨ ਕਰਕੇ ਕੁਨੈਕਸ਼ਨ ਕੱਟਿਆ ਜਾ ਚੁੱਕਾ ਹੈ, ਜਿਸ ਕਰਕੇ ਪਿੰਡ ਵਾਸੀਆਂ ਵੱਲੋਂ ਸ਼ੁੱਧ ਪਾਣੀ ਪੀਣ ਲਈ ਵੱਡੇ ਪੱਧਰ ‘ਤੇ ਆਪਣੇ ਘਰਾਂ ‘ਚ ਆਰਓ ਲਗਾ ਲਏ ਗਏ ਹਨ। ਜਗਜੀਤਪੁਰਾ ਵਿੱਚ ਸਰਕਾਰੀ ਆਰਓ ਇੱਕ ਦਿਨ ਵੀ ਨਹੀਂ ਚੱਲਿਆ।

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਸੂਬੇ ਦੇ ਹਾਕਮ ਜ਼ਿੰਮੇਵਾਰ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ ’ਚ ਲਗਾਏ ਸਰਕਾਰੀ ਆਰਓ ਚਾਲੂ ਕਰਕੇ ਹਰ ਇੱਕ ਨਾਗਰਿਕ ਤੱਕ ਸ਼ੁੱਧ ਪਾਣੀ ਪਹੁੰਚਦਾ ਕੀਤਾ ਜਾਵੇ।