ਲੁਧਿਆਣਾ ਜੇਲ੍ਹ ਵਿੱਚ ਮਰਨ ਵਾਲੇ ਕੈਦੀ ਦੀ ਮਾਂ ਦਾ ਬਿਆਨ: "ਮੇਰੀਆਂ ਅੱਖਾਂ ਸਾਹਮਣੇ ਅਫਸਰ ਨੇ ਮਾਰੀ ਪੁੱਤ ਦੇ ਗੋਲੀ"

ਲੁਧਿਆਣਾ ਜੇਲ੍ਹ ਵਿੱਚ ਮਰਨ ਵਾਲੇ ਕੈਦੀ ਦੀ ਮਾਂ ਦਾ ਬਿਆਨ:

ਲੁਧਿਆਣਾ: ਵੀਰਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਹੋਈ ਹਿੰਸਕ ਝੜਪ ਦੌਰਾਨ ਮਾਰੇ ਗਏ ਕੈਦੀ ਅਜੀਤ ਸਿੰਘ (21) ਦੀ ਮਾਂ ਨੇ ਪੁਲਿਸ 'ਤੇ ਵੱਡਾ ਦੋਸ਼ ਲਾਇਆ ਹੈ। ਅਜੀਤ ਸਿੰਘ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਜਿਸ ਦਿਨ ਇਹ ਝੜਪ ਹੋਈ ਉਹ ਆਪਣੇ ਪੁੱਤ ਦੀ ਮੁਲਾਕਾਤ ਕਰਨ ਜੇਲ੍ਹ ਗਈ ਸੀ ਤੇ ਉਸਦੀਆਂ ਅੱਖਾਂ ਸਾਹਮਣੇ ਪੁਲਿਸ ਦੇ ਇੱਕ ਅਫਸਰ ਨੇ ਉਸਦੇ ਪੁੱਤ ਦੇ ਗੋਲੀ ਮਾਰੀ।

ਮ੍ਰਿਤਕ ਅਜੀਤ ਸਿੰਘ ਦੀ ਮਾਂ ਨੇ ਕਿਹਾ, "ਮੈਂ ਜੇਲ੍ਹ ਵਿੱਚ ਆਪਣੇ ਪੁੱਤ ਨਾਲ ਮੁਲਾਕਾਤ ਕਰਨ ਗਈ ਸੀ। ਜਦੋਂ ਹੀ ਉਹ ਮੈਨੂੰ ਮਿਲਣ ਲਈ ਆਇਆ, ਜੇਲ੍ਹ ਵਿੱਚ ਲੜਾਈ ਸ਼ੁਰੂ ਹੋ ਗਈ। ਪੁਲਿਸ ਵਾਲੇ ਗੋਲੀਆਂ ਚਲਾਉਣ ਲੱਗੇ ਅਤੇ ਇੱਕ ਉੱਚ ਅਫਸਰ ਨੇ ਮੇਰੀਆਂ ਅੱਖਾਂ ਸਾਹਮਣੇ ਮੇਰੇ ਪੁੱਤ ਦੇ ਗੋਲੀ ਮਾਰ ਦਿੱਤੀ। ਗੋਲੀ ਲੱਗਣ ਮਗਰੋਂ ਉਸਨੂੰ ਧੂਹ ਕੇ ਉਹ ਕਿਸੇ ਹੋਰ ਜਗ੍ਹਾ ਲੈ ਗਏ ਅਤੇ ਮੈਂ ਵੀ ਉਸ ਥਾਂ ਤੋਂ ਭੱਜ ਕੇ ਪਾਸੇ ਹੋਈ।"

ਅੱਜ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਡੀਸੀਪੀ ਅਸ਼ਵਨੀ ਕੁਮਾਰ ਨੂੰ ਮਿਲਣ ਪਹੁੰਚੇ ਮ੍ਰਿਤਕ ਦੇ ਪਰਿਵਾਰ ਨੇ ਜੇਲ੍ਹ ਅਫਸਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। 

ਪਰਿਵਾਰ ਨੇ ਕਿਹਾ ਹੈ ਕਿ ਜਦੋਂ ਤੱਕ ਦੋਸ਼ੀ ਪੁਲਿਸ ਅਫਸਰ ਖਿਲਾਫ ਕਤਲ ਦਾ ਮਾਮਲਾ ਦਰਜ ਨਹੀਂ ਹੁੰਦਾ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਡੀਸੀਪੀ ਨੇ ਕਿਹਾ ਕਿ ਏਡੀਸੀਪੀ ਦੀ ਜਾਂਚ ਰਿਪੋਰਟ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ