ਪੰਜਾਬੀ ਕਲਚਰਲ ਸੈਂਟਰ ਫਰਿਜ਼ਨੋਂ ਵਿਖੇ ਲਾਏ ਸਿਹਤ ਕੈਂਪ  ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ 

ਪੰਜਾਬੀ ਕਲਚਰਲ ਸੈਂਟਰ ਫਰਿਜ਼ਨੋਂ ਵਿਖੇ ਲਾਏ ਸਿਹਤ ਕੈਂਪ  ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ 

ਫਰਿਜ਼ਨੋਂ/ਏਟੀ ਨਿਊਜ਼ :
ਪੰਜਾਬੀ ਕਲਚਰਲ ਸੈਂਟਰ ਫਰਿਜ਼ਨੋਂ ਵਿਖੇ ਲਾਏ ਸਿਹਤ ਕੈਂਪ 'ਚ ਭਾਗ ਲੈਣ ਵਾਲਿਆਂ ਨੂੰ ਠੀਕ ਖਾਣ-ਪੀਣ, ਕਸਰਤ ਅਤੇ ਚੰਗੀ ਜੀਵਨ ਜਾਚ ਸਬੰਧੀ ਬਹੁਮੁੱਲੀ ਜਾਣਕਾਰੀ ਦੇਣ ਤੋਂ ਇਲਾਵਾ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ ਗਏ। ਇਸ ਕੈਂਪ ਲਈ ਚੰਗਾ ਉਤਸ਼ਾਹ ਵੇਖਣ ਨੂੰ ਮਿਲਿਆ। 
ਪੰਜਾਬੀ ਕਲਚਰਲ ਸੈਂਟਰ ਯੂਐੱਸਏ.ਅਤੇ ਪੰਜਾਬੀ ਰੇਡੀਓ ਯੂਐੱਸਏ. ਵਲੋਂ ਸਾਂਝੇ ਤੌਰ ਉੱਤੇ ਲੰਘੇ ਸ਼ਨਿਚਰਵਾਰ ਲਗਵਾਏ ਗਏ ਇਸ ਕੈਂਪ ਵਿੱਚ ਹਰਬਲ ਲਾਈਫ਼ ਸੰਸਥਾ ਦੇ ਸਰਗਰਮ ਮੈਂਬਰ ਸ. ਰਣਜੀਤ ਸਿੰਘ ਸੈਣੀ, ਉਨ੍ਹਾਂ ਦੀ ਜੀਵਨ ਸਾਥਣ ਸਿਮਰਨ ਕੌਰ ਸੈਣੀ ਅਤੇ ਭਰਾ ਪਰਮਜੀਤ ਸਿੰਘ ਨੇ ਆਪਣੀ ਸਹਿਯੋਗੀ ਟੀਮ ਨਾਲ ਕੈਂਪ ਵਿੱਚ ਪੁੱਜੇ ਸਭਨਾਂ ਵਿਅਕਤੀਆਂ ਦਾ ਕੰਪਿਊਟਰਾਈਜ਼ਡ ਵਿਧੀ ਰਾਹੀਂ ਮੁਆਇਨਾ ਕੀਤਾ। ਜਿਨ੍ਹਾਂ ਨੂੰ ਵੀ ਸਰੀਰਕ ਮੁਆਇਨੇ ਦੌਰਾਨ ਘੱਟ-ਵੱਧ ਭਾਰ, ਲੋੜੀਂਦੀ ਚੁਸਤੀ-ਫੁਰਤੀ ਦੀ ਘਾਟ, ਬਲੱਡ ਪ੍ਰੈਸ਼ਰ, ਸੂਗਰ, ਹਾਜ਼ਮਾ ਅਤੇ ਹੋਰ ਸਬੰਧਤ ਪੱਖਾਂ ਤੋਂ ਕੋਈ ਮੁਸ਼ਕਲ ਉਭਰ ਕੇ ਸਾਹਮਣੇ ਆਈ, ਉਨ੍ਹਾਂ ਨੂੰ ਕੁਦਰਤੀ ਜੜ੍ਹੀ ਬੂਟੀਆਂ ਤੋਂ ਤਿਆਰ ਦਵਾਈਆਂ ਦਿੱਤੀਆਂ ਗਈਆਂ। ਰਣਜੀਤ ਸਿੰਘ ਨੇ ਹਰਬਲ ਲਾਈਫ਼ ਵਿਧੀ ਦੀ ਮਹੱਤਤਾ ਉੱਤੇ ਜੋਰ ਦਿੰਦਿਆਂ ਕਿਹਾ ਕਿ ਕੁਦਰਤੀ ਢੰਗ ਵਾਲਾ ਇਹ ਇਲਾਜ ਸਸਤਾ ਅਤੇ ਇਸ ਦਾ ਅਸਰ ਚਿਰਸਥਾਈ ਹੈ। 
ਵਰਨਣਯੋਗ ਹੈ ਕਿ ਰਣਜੀਤ ਸਿੰਘ ਸੈਣੀ ਪਿੱਛੋਂ ਪੰਜਾਬ ਦੇ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧ ਰੱਖਦੇ ਹਨ, ਜਿੱਥੇ ਉਨ੍ਹਾਂ ਦੇ ਪਰਿਵਾਰ ਦਾ ਸਿੰਘਾਪੁਰ ਕਲਰ ਲੈੱਬ ਦੇ ਨਾਂਅ ਹੇਠ ਫੋਟੋਗਰਾਫ਼ੀ ਅਤੇ ਵੀਡੀਓਗਰਾਫ਼ੀ ਦਾ ਬੜਾ ਵੱਡਾ ਕਾਰੋਬਾਰ ਰਿਹਾ ਹੈ। ਉਹ ਪਿੱਛੇ ਜਿਹੇ ਹੀ ਫਰਿਜ਼ਨੋਂ ਰਹਿੰਦੇ ਪਰਿਵਾਰਕ ਮੈਂਬਰਾਂ ਨਾਲ ਪੱਕੇ ਤੌਰ ਉੱਤੇ ਅਮਰੀਕਾ ਰਹਿਣ ਲਈ ਪੁੱਜੇ ਹਨ। ਹੁਣ ਉਨ੍ਹਾਂ ਨੇ ਆਪਣੇ ਪਰਿਵਾਰ ਵਲੋਂ ਬਾਖੂਬੀ ਚਲਾਏ ਜਾ ਰਹੇ ਡੇਅ ਐਂਡ ਨਾਈਟ ਵੀਡੀਓ ਕਾਰੋਬਾਰ ਦੇ ਨਾਲ-ਨਾਲ ਹਰਬਲ ਲਾਈਫ਼ ਵਿਧੀ ਰਾਹੀਂ ਲੋਕਾਂ ਦਾ ਇਲਾਜ ਕਰਨ ਲਈ ਫਰਿਜ਼ਨੋਂ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਤੋਂ ਇਲਾਵਾ ਹੋਰਨੀਂ ਥਾਈਂ ਵੀ ਕੈਂਪ ਲਾ ਕੇ ਕੁਦਰਤੀ ਇਲਾਜ ਪ੍ਰਣਾਈ ਰਾਹੀਂ ਲੋਕਾਂ ਦੀ ਸਹਾਇਤਾ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। 
ਕੈਂਪ ਮੌਕੇ ਬੋਲਦਿਆਂ ਪੰਜਾਬੀ ਕਲਚਰਲ ਸੈਂਟਰ ਯੂਐੱਸਏ. ਦੇ ਕੋਆਰਡੀਨੇਟਰ ਦਲਜੀਤ ਸਿੰਘ ਸਰਾਂ ਨੇ ਦੱਸਿਆ ਕਿ ਸੈਂਟਰ ਵਲੋਂ ਉਸਾਰੂ ਸਭਿਆਚਾਰਕ, ਸਾਹਿਤਕ ਤੇ ਸਮਾਜਕ ਪ੍ਰੋਗਰਾਮਾਂ ਦੇ ਨਾਲ-ਨਾਲ ਸੁਚੱਜੀ ਜੀਵਨ ਜਾਚ ਦੇ ਮੱਦੇਨਜ਼ਰ ਸਿਹਤ ਸਬੰਧੀ ਅਜਿਹੇ ਹੋਰ ਕੈਂਪ ਅਤੇ ਸੈਮੀਨਾਰ ਕਰਵਾਉਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। 
ਕੈਂਪ ਦੀ ਕਾਮਯਾਬੀ ਲਈ ਯੋਗਦਾਨ ਪਾਉਣ ਵਾਲਿਆਂ ਵਿਚ ਪੰਜਾਬੀ ਰੇਡੀਓ ਯੂਐੱਸਏ. ਤੋਂ ਸਿਹਤ ਸਬੰਧੀ ਹਰਮਨ ਪਿਆਰੇ ਪ੍ਰੋਗਰਾਮ ਦੇ ਹੋਸਟ ਬੀਬੀ ਬਲਵਿੰਦਰ ਕੌਰ, ਜੋਤ ਰਣਜੀਤ ਅਤੇ ਸਦਾ ਸਹਿਯੋਗ ਦੇਣ ਵਾਲੇ ਇੰਦਰਜੀਤ ਸਿੰਘ ਬਰਾੜ ਸ਼ਾਮਲ ਸਨ।