ਇੰਗਲੈਂਡ ਦੇ ਉੱਚ ਧਾਰਮਿਕ ਆਗੂ ਨੇ ਜਲ੍ਹਿਆਂਵਾਲਾ ਬਾਗ ਸਾਹਮਣੇ ਡੰਡਉਤ ਕਰਕੇ ਮੁਆਫੀ ਮੰਗੀ

ਇੰਗਲੈਂਡ ਦੇ ਉੱਚ ਧਾਰਮਿਕ ਆਗੂ ਨੇ ਜਲ੍ਹਿਆਂਵਾਲਾ ਬਾਗ ਸਾਹਮਣੇ ਡੰਡਉਤ ਕਰਕੇ ਮੁਆਫੀ ਮੰਗੀ
ਜਲ੍ਹਿਆਂਵਾਲਾ ਬਾਗ ਅੱਗੇ ਡੰਡਉਤ ਕਰਦੇ ਹੋਏ ਜਸਟਿਨ ਵੈਲਬੀ

ਅੰਮ੍ਰਿਤਸਰ: ਪੰਜਾਬ ਦੇ ਦੌਰੇ 'ਤੇ ਆਏ ਇੰਗਲੈਂਡ ਦੀ ਚਰਚ ਕਾਂਟਰਬੇਰੀ ਦੇ ਮੁੱਖ ਪਾਦਰੀ ਜਸਟਿਨ ਵੈਲਬੀ ਨੇ ਅੱਜ ਅੰਮ੍ਰਿਤਸਰ ਪਹੁੰਚਣ 'ਤੇ ਜਲ੍ਹਿਆਂਵਾਲੇ ਬਾਗ ਦੀ ਯਾਦਗਾਰ ਸਾਹਮਣੇ ਡੰਡਉਤ ਕਰਕੇ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਕਿਹਾ ਕਿ ਉਹ ਇਸ ਘਟਨਾ ਲਈ ਸ਼ਰਮਸਾਰ ਹਨ ਤੇ 1919 ਦੀ ਵਿਸਾਖੀ ਵਾਲੇ ਦਿਨ ਬਰਤਾਨੀਆ ਸਰਕਾਰ ਵੱਲੋਂ ਕੀਤੇ ਕਤਲੇਆਮ ਲਈ ਮੁਆਫੀ ਮੰਗੀ। 

ਦੱਸ ਦਈਏ ਕਿ ਜਸਟਿਨ ਵੈਲਬੀ ਇੰਗਲੈਂਡ ਦੀ ਸਭ ਤੋਂ ਉੱਚ ਧਾਰਮਿਕ ਸਖਸ਼ੀਅਤ ਹਨ। ਉਹਨਾਂ ਕਿਹਾ, "ਮੈਂ ਇੱਥੇ ਬਰਤਾਨੀਆ ਸਰਕਾਰ ਵੱਲੋਂ ਨਹੀਂ ਬੋਲ ਰਿਹਾ। ਮੈਂ ਬਰਤਾਨੀਆ ਸਰਕਾਰ ਦਾ ਕੋਈ ਨੁਮਾਂਇੰਦਾ ਨਹੀਂ ਹਾਂ ਪਰ ਮੈਂ ਕਰਾਇਸਟ ਦੇ ਨਾਂ 'ਤੇ ਬੋਲ ਰਿਹਾ ਹਾਂ। ਉਹਨਾਂ ਕਿਹਾ ਕਿ ਇਹ ਥਾਂ ਪਾਪ ਵਾਲੀ ਅਤੇ ਪਾਪ ਤੋਂ ਮੁਕਤੀ ਦਵਾਉਣ ਵਾਲੀ ਹੈ।"

ਵੈਲਬੀ ਨੇ ਕਿਹਾ, "ਮੈਂ ਇੱਥੇ ਹੋਏ ਗੁਨਾਹ ਲਈ ਬਹੁਤ ਸ਼ਰਮਸਾਰ ਹਾਂ ਅਤੇ ਮੁਆਫੀ ਮੰਗਦਾ ਹਾਂ। ਮੈਂ ਸਰਕਾਰ ਵੱਲੋਂ ਮੁਆਫੀ ਨਹੀਂ ਮੰਗ ਰਿਹਾ। ਸਰਕਾਰ ਆਪਣੇ ਲਈ ਖੁਦ ਮੁਆਫੀ ਮੰਗੇ। ਮੈਂ ਇੱਕ ਧਾਰਮਿਕ ਆਗੂ ਹਾਂ, ਰਾਜਨੀਤਕ ਆਗੂ ਨਹੀਂ ਹਾਂ। ਇੱਕ ਧਾਰਮਿਕ ਆਗੂ ਹੋਣ ਨਾਤੇ, ਮੈਂ ਇੱਥੇ ਹੋਏ ਕਤਲੇਆਮ 'ਤੇ ਦੁੱਖ ਪ੍ਰਗਟ ਕਰਦਾ ਹਾਂ।"


ਜਸਟਿਨ ਵੈਲਬੀ
ਇਸ ਮੌਕੇ ਉਹਨਾਂ ਆਪਣੇ ਧਾਰਮਿਕ ਅਕੀਦੇ ਮੁਤਾਬਿਕ ਪ੍ਰਮਾਤਮਾ ਅੱਗੇ ਮੁਆਫੀ ਦੀ ਅਰਦਾਸ ਵੀ ਕੀਤੀ। 

ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਉਹ ਬਰਤਾਨੀਆ ਸਰਕਾਰ ਨੂੰ ਵੀ ਇਸ ਕਤਲੇਆਮ ਦੀ ਮੁਆਫੀ ਮੰਗਣ ਲਈ ਕਹਿਣਗੇ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਜੋ ਮਹਿਸੂਸ ਹੁੰਦਾ ਸੀ ਉਹਨਾਂ ਉਹ ਕੀਤਾ ਅਤੇ ਇਹ ਸਾਰੇ ਇੰਗਲੈਂਡ ਦੇ ਲੋਕ ਵੀ ਦੇਖ ਰਹੇ ਹਨ। 

ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਦਾ ਪ੍ਰੋਗਰਾਮ
ਜਸਟਿਨ ਵੈਲਬੀ ਦੇ ਨਿਰਧਾਰਤ ਪ੍ਰੋਗਰਾਮ ਵਿੱਚ ਅੱਜ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਦਾ ਪ੍ਰੋਗਰਾਮ ਵੀ ਹੈ।