ਪਾਕਿਸਤਾਨ ਨੇ ਧਰਤੀ ਤੋਂ ਧਰਤੀ 'ਤੇ ਮਾਰ ਕਰਨ ਵਾਲੀ 'ਗਜ਼ਨਵੀ' ਮਿਸਾਈਲ ਦਾ ਸਫਲ ਪ੍ਰੀਖਣ ਕੀਤਾ

ਪਾਕਿਸਤਾਨ ਨੇ ਧਰਤੀ ਤੋਂ ਧਰਤੀ 'ਤੇ ਮਾਰ ਕਰਨ ਵਾਲੀ 'ਗਜ਼ਨਵੀ' ਮਿਸਾਈਲ ਦਾ ਸਫਲ ਪ੍ਰੀਖਣ ਕੀਤਾ

ਨਵੀਂ ਦਿੱਲੀ: ਪਾਕਿਸਤਾਨ ਨੇ ਅੱਜ ਆਪਣੀ ਫੌਜੀ ਤਾਕਤ ਵਿੱਚ ਵਾਧਾ ਕਰਦਿਆਂ ਧਰਤੀ ਤੋਂ ਧਰਤੀ 'ਤੇ ਮਾਰ ਕਰਨ ਵਾਲੀ 'ਗਜ਼ਨਵੀ' ਮਿਸਾਈਲ ਦਾ ਸਫਲ ਪ੍ਰੀਖਣ ਕੀਤਾ। ਇਸ ਮਿਸਾਈਲ ਵਿੱਚ ਕਈ ਮਾਰੂ ਹਥਿਆਰਾਂ ਸਮੇਤ 290 ਕਿਲੋਮੀਟਰ ਤੱਕ ਮਾਰ ਕਰ ਸਕਣ ਦੀ ਸਮਰੱਥਾ ਹੈ। 

ਭਾਰਤ ਅਤੇ ਪਾਕਿਸਤਾਨ ਦਰਮਿਆਨ ਬਣੇ ਹੋਏ ਤਣਾਅ ਵਾਲੇ ਮਾਹੌਲ ਵਿੱਚ ਇਸ ਪ੍ਰੀਖਣ ਨੂੰ ਭਾਰਤ ਲਈ ਇੱਕ ਚੇਤਾਵਨੀ ਵਜੋਂ ਵੀ ਦੇਖਿਆ ਜਾ ਰਿਹਾ ਹੈ। ਪਾਕਿਸਤਾਨ ਨੇ ਸਿੰਧ ਖੇਤਰ ਵਿੱਚ ਇਸ ਮਿਸਾਈਲ ਦਾ ਪ੍ਰੀਖਣ ਬੀਤੀ ਰਾਤ ਕੀਤਾ। 

ਪ੍ਰਾਪਤ ਜਾਣਕਾਰੀ ਮੁਤਾਬਿਕ ਪਾਕਿਸਤਾਨ ਨੇ ਛੋਟੀ ਦੂਰੀ ਵਾਲੀ ਇਸ ਮਿਸਾਈਲ ਦੇ ਪ੍ਰੀਖਣ ਸਬੰਧੀ ਭਾਰਤ ਨੂੰ 26 ਅਗਸਤ ਨੂੰ ਜਾਣਕਾਰੀ ਦੇ ਦਿੱਤੀ ਸੀ। 

ਧਰਤੀ ਤੋਂ ਧਰਤੀ 'ਤੇ ਮਾਰ ਦਾ ਮਤਲਬ ਕਿ ਧਰਤੀ ਤੋਂ ਛੱਡੀ ਜਾਣ ਵਾਲੀ ਇਹ ਮਿਸਾਈਲ ਧਰਤੀ 'ਤੇ ਮਿਥੇ ਨਿਸ਼ਾਨਿਆਂ ਨੂੰ ਸਰ ਕਰਨ ਦੀ ਸਮਰੱਥਾ ਰੱਖਦੀ ਹੈ। 

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਬੀਤੇ ਦਿਨਾਂ ਦੌਰਾਨ ਪਰਮਾਣੂ ਜੰਗ ਦੀਆਂ ਧਮਕੀਆਂ ਜਾਰੀ ਕਰ ਚੁੱਕੇ ਹਨ ਤੇ ਅਜਿਹੇ ਵਿੱਚ ਪੰਜਾਬ ਲਈ ਇਕ ਗੰਭੀਰ ਗੱਲ ਹੈ ਕਿ ਜੇ ਦੋਵੇਂ ਦੇਸ਼ਾਂ ਦਰਮਿਆਨ ਕੋਈ ਅਜਿਹੀ ਜੰਗ ਹੁੰਦੀ ਹੈ ਤਾਂ ਪੰਜਾਬ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।