ਮੋਦੀ ਨੂੰ ਛੱਡ ਕੇ ਪਾਕਿਸਤਾਨ ਨੇ ਮਨਮੋਹਨ ਸਿੰਘ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਸੱਦਾ ਭੇਜਿਆ

ਮੋਦੀ ਨੂੰ ਛੱਡ ਕੇ ਪਾਕਿਸਤਾਨ ਨੇ ਮਨਮੋਹਨ ਸਿੰਘ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਸੱਦਾ ਭੇਜਿਆ

ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੱਦਾ ਦਿੱਤਾ ਜਾਵੇਗਾ।

ਪੀਟੀਵੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਮਨਮੋਹਨ ਸਿੰਘ ਨੂੰ ਲਿਖਤੀ ਸੱਦਾ ਭੇਜਿਆ ਜਾਵੇਗਾ। ਉਹਨਾਂ ਕਿਹਾ, "ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ 'ਤੇ ਇੱਕ ਵੱਡਾ ਸਮਾਗਮ ਕਰੇਗੀ। ਇਸ ਲਈ ਅਸੀਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੱਦਾ ਭੇਜਾਂਗੇ ਜੋ ਸਿੱਖਾਂ ਦੀ ਨੁਮਾਂਇੰਦਗੀ ਕਰਦੇ ਹਨ। ਉਹ ਸਾਡੇ ਲਈ ਬਹੁਤ ਖਾਸ ਹਨ।"

ਉਹਨਾਂ ਕਿਹਾ, "ਮੈਂ ਇਸ ਉਦਘਾਟਨੀ ਸਮਾਗਮ ਲਈ ਸਮੁੱਚੇ ਸਿੱਖ ਜਗਤ ਨੂੰ ਸੱਦਾ ਦਿੰਦਾ ਹਾਂ ਕਿ ਉਹ ਪਾਕਿਸਤਾਨ ਆਉਣ ਅਤੇ ਸਾਡੇ ਨਾਲ ਇਸ ਸਮਾਗਮ ਵਿੱਚ ਸ਼ਾਮਿਲ ਹੋਣ।"

ਭਾਵੇਂ ਕਿ ਇਸ ਗੱਲਬਾਤ ਵਿੱਚ ਭਾਰਤ ਦੇ ਮੋਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਈ ਜ਼ਿਕਰ ਨਹੀਂ ਹੈ ਪਰ ਕੂਟਨੀਤਕ ਪੱਧਰ 'ਤੇ ਪਾਕਿਸਤਾਨ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਕਰਤਾਰਪੁਰ ਲਾਂਘੇ ਲਈ ਸੱਦਾ ਭੇਜ ਰਿਹਾ ਹੈ ਜਿਸ ਨੂੰ ਉਸਨੇ ਭਾਰਤ ਨਾਲ ਤਲਖੀ ਦੇ ਬਾਵਜੂਦ ਵੀ ਜਾਰੀ ਰੱਖਿਆ। ਇਸ ਸਮਾਗਮ ਲਈ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਬਜਾਏ ਭਾਰਤ ਦੇ ਸਾਬਕਾ ਸਿੱਖ ਪ੍ਰਧਾਨ ਮੰਤਰੀ ਨੂੰ ਸੱਦਾ ਭੇਜਣਾ ਪਾਕਿਸਤਾਨ ਦਾ ਸਿੱਖ ਮਨਾਂ ਨੂੰ ਪ੍ਰਭਾਵਿਤ ਕਰਨ ਵਾਲਾ ਕਦਮ ਮੰਨਿਆ ਜਾ ਰਿਹਾ ਹੈ ਕਿਉਂਕਿ ਮੋਦੀ ਦੀ ਅਗਵਾਈ ਵਿੱਚ ਹਿੰਦੁਤਵ ਦੀ ਰਾਜਨੀਤੀ ਤਿੱਖੀ ਹੁੰਦੀ ਜਾ ਰਹੀ ਹੈ। 

ਪਾਕਿਸਤਾਨ ਵੱਲੋਂ ਲਾਂਘੇ ਦੇ ਨਿਰਮਾਣ ਕਾਰਜਾਂ ਨਾਲ ਜੁੜੇ ਉੱਚ ਅਫਸਰ ਸਾਫ ਕਰ ਚੁੱਕੇ ਹਨ ਕਿ 12 ਨਵੰਬਰ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ 9 ਨਵੰਬਰ ਨੂੰ ਇਹ ਲਾਂਘਾ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।