ਆਨਲਾਈਨ ਠੱਗੀਆਂ ਦੇ ਨਿੱਤ ਬਦਲਦੇ ਨਵੇਂ ਤਰੀਕੇ

ਆਨਲਾਈਨ ਠੱਗੀਆਂ ਦੇ ਨਿੱਤ ਬਦਲਦੇ ਨਵੇਂ ਤਰੀਕੇ

ਸਾਵਧਾਨ!  ਇੱਕ ਛੋਟਾ ਜਿਹਾ ਭੁਗਤਾਨ ਕਰ ਸਕਦਾ ਹੈ ਤੁਹਾਡਾ ਖਾਤਾ ਖ਼ਾਲੀ

    ਇੰਟਰਨੈੱਟ ਦੇ ਇਸ ਯੁੱਗ ਵਿੱਚ ਹਰ ਚੀਜ਼ ਆਨਲਾਈਨ ਹੋ ਰਹੀ ਹੈ ਉਹ ਚਾਹੇ ਬੈਂਕਿੰਗ ਹੋਵੇ, ਖਰੀਦਦਾਰੀ ਹੋਵੇ ਜਾਂ ਕੋਈ ਸਰਕਾਰੀ ਕੰਮਕਾਜ। ਜਿਵੇਂ ਜਿਵੇਂ ਇਸ ਆਨਲਾਈਨ ਸੰਸਾਰ ਦਾ ਦਾਇਰਾ ਵਧਦਾ ਜਾ ਰਿਹਾ ਹੈ ਓਵੇਂ ਓਵੇਂ ਚੋਰੀਆਂ, ਠੱਗੀਆਂ ਕਰਨ ਵਾਲੇ ਨੌਸਰਬਾਜ਼ ਕਿਸਮ ਦੇ ਲੋਕਾਂ ਨੇ ਆਪਣੇ ਆਪ ਨੂੰ ਇਸ ਯੁੱਗ ਦੇ ਅਨੁਕੂਲ ਬਣਾ ਲਿਆ ਹੈ। ਇਸ ਤਰ੍ਹਾਂ ਦੇ ਆਨਲਾਈਨ ਠੱਗ ਨਿੱਤ ਦਿਨ ਠੱਗੀ ਦਾ ਨਵਾਂ ਢੰਗ ਵਰਤਦੇ ਹਨ। ਜਦੋਂ ਤੱਕ ਠੱਗੀ ਦੇ ਇੱਕ ਤਰੀਕੇ ਦਾ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਕੋਈ ਨਵਾਂ ਤਰੀਕਾ ਲੱਭ ਲੈਂਦੇ ਹਨ।
    ਅਸਲ ਵਿੱਚ ਇਨ੍ਹਾਂ ਨੌਸਰਬਾਜਾਂ ਨੇ ਕੋਈ ਨਾ ਕੋਈ ਲਾਲਚ ਦੇ ਕੇ ਬੈਂਕ ਖਾਤੇ ਤੱਕ ਪਹੁੰਚ ਬਣਾਉਂਣੀ ਹੁੰਦੀ ਹੈ। ਜੇਕਰ ਸਾਰੇ ਤਰੀਕਿਆਂ ਦੀ ਗੱਲ ਕਰੀਏ ਤਾਂ ਗੱਲਬਾਤ ਬਹੁਤ ਲੰਬੀ ਹੋ ਜਾਣੀ ਹੈ। ਮੁੱਖ ਤੌਰ ਤੇ ਏ ਟੀ ਐਮ ਬੰਦ ਹੋਣ, ਲਾਟਰੀ ਨਿਕਲਣ ਆਦਿ ਤਰੀਕਿਆਂ ਦੀ ਅਪਾਰ ਸਫ਼ਲਤਾ ਤੋਂ ਬਾਅਦ ਇਹ ਠੱਗ ਹੁਣ ਸੀਜ਼ਨ ਮੁਤਾਬਕ ਤਰੀਕਾ ਵਰਤਣ ਲੱਗੇ ਹਨ।
     ਜਿਵੇਂ ਅੱਜਕਲ੍ਹ ਕਰੋਨਾ ਵੈਕਸੀਨ ਦੀ ਬੂਸਟਰ ਡੋਜ ਲੱਗ ਰਹੀ ਹੈ। ਜੋ ਕਿ ਪਹਿਲਾਂ 18 ਤੋਂ 60 ਸਾਲ ਤੱਕ ਦੇ ਆਮ ਨਾਗਰਿਕਾਂ ਲਈ ਪ੍ਰਾਈਵੇਟ ਲਗਵਾਈ ਜਾਂਦੀ ਸੀ ਪਰ ਹੁਣ 15 ਜੁਲਾਈ ਤੋਂ ਅਗਲੇ 75 ਦਿਨਾਂ ਲਈ ਸਿਹਤ ਵਿਭਾਗ ਦੁਆਰਾ ਮੁਫ਼ਤ ਵਿੱਚ ਲਗਾਈ ਜਾ ਰਹੀ ਹੈ। ਪਰ ਇਹ ਆਨਲਾਈਨ ਠੱਗ ਲੋਕਾਂ ਨੂੰ ਅਣਜਾਣ ਨੰਬਰ ਤੋਂ ਕਾਲ ਕਰਕੇ ਵੈਕਸੀਨ ਦੀ ਬੂਸਟਰ ਡੋਜ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਆਖਦੇ ਹਨ ਇਸ ਦੇ ਬਦਲੇ ਪੰਜ ਰੁਪਏ ਫੀਸ ਆਨਲਾਈਨ ਲਿੰਕ ਦੁਆਰਾ ਪੇਮੈਂਟ ਕਰਨ ਲਈ ਵੀ ਕਹਿੰਦੇ ਹਨ। ਪੰਜ ਰੁਪਏ ਦੀ ਛੋਟੀ ਰਕਮ ਸੁਣ ਕੇ ਸਾਹਮਣੇ ਵਾਲਾ ਵਿਅਕਤੀ ਵੀ ਅਸਾਨੀ ਨਾਲ ਪੇਮੈਂਟ ਕਰਨ ਲਈ ਤਿਆਰ ਹੋ ਜਾਂਦਾ ਹੈ। ਉਸ ਲਿੰਕ ਨਾਲ ਬੈਂਕ ਖਾਤਾ ਹੈਕ ਕਰ ਕੇ ਜਾਂ ਪੇਮੈਂਟ ਪ੍ਰਾਪਤ ਨਾ ਹੋਣ ਦਾ ਬਹਾਨਾ ਕਰ ਕੇ ਇਹ ਠੱਗ ਸਾਹਮਣੇ ਵਾਲੇ ਦੀ ਬੈਂਕ ਜਾਣਕਾਰੀ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਖਾਤਾ ਖ਼ਾਲੀ ਕਰ ਦਿੰਦੇ ਹਨ।  ਪਿਛਲੇ ਦਿਨੀਂ ਇਸ ਤਰ੍ਹਾਂ ਦਾ ਮਾਮਲਾ ਨਵੀਂ ਦਿੱਲੀ ਦੇ ਭਜਨਪੁਰਾ ਇਲਾਕੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੇ ਕੋਵੀਸੀਲਡ ਵੈਕਸੀਨ ਰਜਿਸਟ੍ਰੇਸ਼ਨ ਲਈ ਇਨ੍ਹਾਂ ਠੱਗਾਂ ਦੁਆਰਾ ਭੇਜੇ ਲਿੰਕ ਤੇ ਗੂਗਲ ਪੇ ਨਾਲ ਪੰਜ ਰੁਪਏ ਦੀ ਪੇਮੈਂਟ ਕੀਤੀ ਅਤੇ ਉਸ ਦੇ ਖਾਤੇ ਵਿੱਚੋਂ ਪੰਜ ਵਾਰ ਵਿੱਚ 88 ਹਜ਼ਾਰ 600 ਰੁਪਏ ਉਡਾਅ ਲਏ ਗਏ। ਇਸ ਘਟਨਾ ਤੋਂ ਸਬਕ ਲੈਣ ਦੀ ਲੋੜ ਹੈ ਕਿ ਪਹਿਲੀ ਗੱਲ  ਵੈਕਸੀਨ ਦੀ  ਬੂਸਟਰ ਡੋਜ ਲਈ ਕੋਈ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾਂਦੀ ਸਗੋਂ ਪਹਿਲੀ ਡੋਜ ਸਮੇਂ ਹੀ ਰਜਿਸਟ੍ਰੇਸ਼ਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਸਦੀ ਕੋਈ ਫੀਸ ਨਹੀਂ ਲਈ ਜਾਂਦੀ ਹਾਂ ਅਸੀਂ www.cowin.com ਤੇ ਜਾ ਕੇ ਮੁਫ਼ਤ ਵਿੱਚ ਅਪਾਂਇੰਟਮੈਂਟ ਬੁੱਕ ਕਰ ਸਕਦੇ ਹਾਂ। ਦੂਸਰਾ ਕਦੇ ਵੀ ਕਿਸੇ ਅਣਜਾਣ ਦੁਆਰਾ ਭੇਜੇ ਲਿੰਕ ਤੇ ਖਾਤੇ ਵਿੱਚੋਂ ਛੋਟੀ ਤੋਂ ਛੋਟੀ ਪੇਮੈਂਟ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਪੇਮੈਂਟ ਪ੍ਰਾਪਤ ਕਰਨ ਦਾ ਲਾਲਚ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਆਨਲਾਈਨ ਪੇਮੈਂਟ ਦਾ ਜ਼ਮਾਨਾ ਹੈ ਪਰ ਇਹ ਸਹੂਲੀਅਤ ਸਿਰਫ ਭਰੋਸੇਯੋਗ ਵੈਬਸਾਈਟ ਜਾਂ ਮੋਬਾਈਲ ਐਪਲੀਕੇਸ਼ਨ ਤੇ ਹੀ ਵਰਤਣੀ ਚਾਹੀਦੀ ਹੈ।

 

ਚਾਨਣ ਦੀਪ ਸਿੰਘ ਔਲਖ,

ਪਿੰਡ ਗੁਰਨੇ ਖੁਰਦ (ਮਾਨਸਾ)

ਸੰਪਰਕ 9876888177