ਜਰਮਨੀ ਦੀ ਅਦਾਲਤ ਦਾ ਫੈਂਸਲਾ; ਸਿੱਖਾਂ ਨੂੰ ਨਹੀਂ ਦਿੱਤੀ ਜਾ ਸਕਦੀ ਹੈਲਮਟ ਪਾਉਣ ਤੋਂ ਛੋਟ
ਚੰਡੀਗੜ੍ਹ: ਜਰਮਨੀ ਦੀ ਉੱਚ ਅਦਾਲਤ ਨੇ ਇੱਕ ਵਿਵਾਦਪੂਰਣ ਫੈਂਸਲਾ ਸੁਣਾਉਂਦਿਆਂ ਹੁਕਮ ਜਾਰੀ ਕੀਤੇ ਹਨ ਕਿ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦਿਆਂ ਹੈਲਮਟ ਪਾਉਣਾ ਜ਼ਰੂਰੀ ਹੋਵੇਗਾ ਤੇ ਧਾਰਮਿਕ ਅਧਾਰ 'ਤੇ ਹੈਲਮਟ ਪਾਉਣ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ।
ਮੀਡੀਆ ਰਿਪੋਰਟਾਂ ਮੁਤਾਬਿਕ ਲਿਪਜ਼ਿਗ ਦੀ ਫੈਡਰਲ ਪ੍ਰਸ਼ਾਸਕੀ ਅਦਾਲਤ ਨੇ ਇੱਕ ਸਿੱਖ ਵਲੋਂ ਹੈਲਮਟ ਪਾਉਣ ਤੋਂ ਛੋਟ ਦੇਣ ਸਬੰਧੀ ਪਾਈ ਅਪੀਲ ਨੂੰ ਰੱਦ ਕਰ ਦਿੱਤਾ ਹੈ। ਸਿੱਖ ਨੇ ਅਪੀਲ ਵਿੱਚ ਕਿਹਾ ਸੀ ਕਿ ੳਹ ਦਸਤਾਰ 'ਤੇ ਹੈਲਮਟ ਨਹੀਂ ਪਾ ਸਕਦਾ।
ਇਸ ਫੈਂਸਲਾ ਸੁਣਾਉਂਦਿਆਂ ਜੱਜ ਰੇਨੇਟ ਫਿਲਿਪ ਨੇ ਕਿਹਾ ਕਿ ਸਿੱਖਾਂ ਨੂੰ ਉਹਨਾਂ ਦੀ ਧਾਰਮਿਕ ਅਜ਼ਾਦੀ 'ਤੇ ਇਸ ਪਾਬੰਦੀ ਨੂੰ ਮੰਨਣਾ ਪਾਵੇਗਾ ਕਿਉਂਕਿ ਇਹ ਦੂਜਿਆਂ ਦੇ ਹੱਕ ਨਾਲ ਜੁੜਿਆ ਮਾਮਲਾ ਹੈ।
ਇਸ ਫੈਂਸਲਾ ਹੇਠਲੀ ਅਦਾਲਤ ਦੇ ਉਸ ਫੈਂਸਲੇ ਨੂੰ ਅਧਾਰ ਬਣਾ ਕੇ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਅਪੀਲਕਰਤਾ ਲਈ ਮੋਟਰਸਾਈਕਲ ਚਲਾਉਣਾ ਜ਼ਰੂਰੀ ਨਹੀਂ ਹੈ ਕਿਉਂਕਿ ਉਸ ਕੋਲ ਕਾਰ ਅਤੇ ਡਿਲੀਵਰੀ ਵੈਨ ਹੈ।
ਜਰਮਨੀ ਦੀ ਅਦਾਲਤ ਦਾ ਇਹ ਫੈਂਸਲਾ ਉਹਨਾਂ ਸਮਿਆਂ ਵਿੱਚ ਆਇਆ ਹੈ ਜਦੋਂ ਕੈਨੇਡਾ ਅਤੇ ਬਰਤਾਨੀਆ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦਿਆਂ ਹੈਲਮਟ ਪਾਉਣ ਤੋਂ ਛੋਟ ਦਿੱਤੀ ਜਾ ਚੁੱਕੀ ਹੈ। ਸਿੱਖ ਲਈ ਦਸਤਾਰ ਉਸ ਦੇ ਧਰਮ ਦਾ ਚਿੰਨ੍ਹ ਹੈ ਤੇ ਸਿੱਖਾਂ ਨੇ ਵਿਸ਼ਵ ਯੁੱਧਾਂ ਵਿੱਚ ਵੀ ਹੈਲਮਟ ਨਹੀਂ ਪਾਇਆ ਸੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)