ਨਿਹੰਗ ਸਿੰਘਾਂ ਨੇ ਪੁਲਸ ਨੂੰ ਪਾਈਆਂ ਭਾਜੜਾਂ, ਕਿਹਾ 'ਨਸ਼ਾ ਬੰਦ ਕਰੋ ਜਾਂ ਥਾਣਾ'

ਨਿਹੰਗ ਸਿੰਘਾਂ ਨੇ ਪੁਲਸ ਨੂੰ ਪਾਈਆਂ ਭਾਜੜਾਂ, ਕਿਹਾ 'ਨਸ਼ਾ ਬੰਦ ਕਰੋ ਜਾਂ ਥਾਣਾ'

ਮੋਗਾ: ਇੱਥੇ ਥਾਣਾ ਸਿਟੀ ਦੱਖਣੀ ਅੰਦਰ ਨਿਹੰਗ ਸਿੰਘਾਂ ਵੱਲੋਂ ਨੰਗੀਆਂ ਤਲਵਾਰਾਂ ਲਹਿਰਾ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵੀਡੀਓ ਵਾਇਰਲ ਹੋਣ ਨਾਲ ਪੁਲੀਸ ਨੂੰ ਭਾਜੜਾਂ ਪੈ ਗਈਆਂ ਅਤੇ ਛੱਡੇ ਗਏ ਕਥਿਤ ਤਸਕਰਾਂ ਨੂੰ ਲੱਭਣਾ ਪਿਆ। ਨਿਹੰਗਾਂ ਸਿੰਘਾਂ ਵੱਲੋਂ ਥਾਣੇ ਅੰਦਰ ਹੰਗਾਮੇ ਤੋਂ ਡਰੇ ਪੁਲੀਸ ਮੁਲਾਜ਼ਮ ਕਮਰਿਆਂ ’ਚੋਂ ਬਾਹਰ ਨਹੀਂ ਨਿਕਲੇ। ਨਿਹੰਗਾਂ ਦਾ ਦੋਸ਼ ਹੈ ਉਨ੍ਹਾਂ ਵੱਲੋਂ ਕਥਿਤ ਨਸ਼ਾ ਤਸਕਰ ਫੜਾਏ ਸਨ ਪਰ ਪੁਲੀਸ ਮੁਲਾਜ਼ਮਾਂ ਨੇ ਕਥਿਤ ਲੈਣ ਦੇਣ ਕਰ ਕੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਇਲਾਕੇ ਵਿੱਚ ਨਸ਼ਾ ਬੰਦ ਹੋਵੇਗਾ ਜਾਂ ਥਾਣਾ ਬੰਦ ਕਰਵਾ ਦਿੱਤਾ ਜਾਵੇਗਾ। 

ਦੂਜੇ ਪਾਸੇ ਥਾਣਾ ਸਿਟੀ ਦੱਖਣੀ ਮੁਖੀ ਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਦੋ ਦਿਨ ਪਹਿਲਾਂ ਹੀ ਬਤੌਰ ਐੱਸਐੱਚਓ ਤਾਇਨਾਤੀ ਹੋਈ ਹੈ। ਇਹ ਮਾਮਲਾ ਉਨ੍ਹਾਂ ਤੋਂ ਪਹਿਲਾਂ ਦਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਵਾਇਰਲ ਹੋਣ ਮਗਰੋਂ ਪੁਲੀਸ ਅਧਿਕਾਰੀਆਂ ਦੇ ਹੁਕਮਾਂ ਉੱਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ ਪਰ ਉਨ੍ਹਾਂ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਵੀਡੀਓ ਵਿੱਚ ਨਿਹੰਗ ਸਿੰਘ ਨੰਗੀਆਂ ਤਲਵਾਰਾਂ ਥਾਣੇ ਅੰਦਰ ਲਹਿਰਾਉਂਦੇ ਹੋਏ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਇਸ ਹੰਗਾਮੇ ਦੌਰਾਨ ਕੋਈ ਵੀ ਪੁਲੀਸ ਮੁਲਾਜ਼ਮ ਜਾਂ ਅਧਿਕਾਰੀ ਨਜ਼ਰ ਨਹੀਂ ਆ ਰਿਹਾ। 

ਨਿਹੰਗ ਸਿੰਘਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਕਥਿਤ ਪੈਸੇ ਲੈ ਕੇ ਛੱਡ ਦਿੱਤਾ ਅਤੇ ਅਜਿਹਾ ਪਹਿਲੀ ਵਾਰ ਨਹੀਂ ਸਗੋਂ ਕਈ ਵਾਰ ਹੋ ਚੁੱਕਾ ਹੈ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਥਿਤ ਸਿਆਸੀ ਪੁਸ਼ਤਪਨਾਹੀ ਅਤੇ ਪੁਲੀਸ ਦੀ ਕਥਿਤ ਮਿਲੀਭੁਗਤ ਨਾਲ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਵਰਗੇ ਆਮ ਲੋਕਾਂ ਨੂੰ ਨਸ਼ਾ ਵੇਚਣ ਵਾਲਿਆਂ ਦਾ ਪਤਾ ਹੈ ਤਾਂ ਪੁਲੀਸ ਇਸ ਤੋਂ ਅਣਜਾਣ ਕਿਉਂ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਕੀਤੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।