ਭਾਰਤੀ ਮੂਲ ਦੀ ਅਮਰੀਕਨ ਔਰਤ ਝੂਠਾ ਫਸਲ ਬੀਮਾ ਦਾਅਵਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ

ਭਾਰਤੀ ਮੂਲ ਦੀ ਅਮਰੀਕਨ ਔਰਤ ਝੂਠਾ ਫਸਲ ਬੀਮਾ ਦਾਅਵਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ

..ਹੋ ਸਕਦੀ ਹੈ 20 ਸਾਲ ਜੇਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਪੂਰਬੀ ਜਿਲੇ ਦੇ ਯੂ.ਐਸ ਅਟਾਰਨੀ ਦਫਤਰ ਨੇ ਭਾਰਤੀ ਮੂਲ ਦੀ ਅਮਰੀਕਨ ਔਰਤ ਜਤਿੰਦਰੀਤ ਜਯੋਤੀ ਸਿਹੋਤਾ ਨੂੰ ਝੂਠਾ ਫਸਲ ਬੀਮਾ ਦਾਅਵਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਐਕਟਿੰਗ ਯੂ ਐਸ ਅਟਾਰਨੀ ਫਿਲਿਫ ਏ ਤਲਬਰਟ ਨੇ ਕਿਹਾ ਹੈ ਕਿ ਸੈਲਮਾ ਵਾਸੀ ਸਿਹੋਤ (34) ਨੂੰ ਆਪਣੀਆਂ ਫਸਲਾਂ ਦੇ ਨੁਕਸਾਨ ਲਈ 7,90,000 ਡਾਲਰ ਦਾ ਫਰਜੀ ਦਾਅਵਾ ਕਰਨ ਦੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਅਦਾਲਤ ਦੇ ਰਿਕਾਰਡ ਅਨੁਸਾਰ ਨਵੰਬਰ 2013 ਤੋਂ ਸਤੰਬਰ 2016 ਤੱਕ ਸਿਹੋਤਾ ਫਰਿਜਨੋ ਤੇ ਟੁਲੇਰ ਕਾਉਂਟੀ ਵਿਚ ਆਪਣੇ ਪਰਿਵਾਰ ਦੀ ਜਮੀਨ ਉਪਰ ਖੇਤੀ ਕਰਦੀ ਸੀ ਤੇ ਉਹ ਅੰਗੂਰ, ਆਲੂ ਬਖਾਰਾ ਤੇ ਹੋਰ ਫਸਲਾਂ ਪੈਦਾ ਕਰਦੀ ਸੀ। ਉਸ ਨੇ ਆਪਣੀ ਫਸਲ ਫਲਾਂ ਦੇ ਦਲਾਲਾਂ ਰਾਹੀਂ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੀ ਸੁਪਰਮਾਰਕੀਟ ਚੇਨ ਤੇ ਹੋਰ ਪਾਰਟੀਆਂ ਨੂੰ ਵੇਚੀ। ਬਾਅਦ ਵਿਚ ਉਸ ਨੇ 'ਯੂ ਐਸ ਡਿਪਾਰਟਮੈਂਟ ਆਫ ਐਗਰੀਕਲਚਰ ਰਿਸਕ ਮੈਨੇਜਮੈਂਟ ਏਜੰਸੀ' ਦੇ ਸੰਘੀ ਫਸਲ ਬੀਮਾ ਪ੍ਰੋਗਰਾਮ ਤਹਿਤ ਫਸਲੀ ਬੀਮਾ ਪਾਲਿਸੀ ਰਾਹੀਂ ਫਸਲਾਂ ਦੇ ਨੁਕਸਾਨ ਦੀ ਪੂਰਤੀ ਲਈ ਝੂਠਾ ਦਾਅਵਾ ਪੇਸ਼ ਕੀਤਾ। ਉਸ ਨੇ ਆਪਣੇ ਦਾਅਵੇ ਵਿਚ ਜਿਆਦਾ ਗਰਮੀ, ਮੀਂਹ ਤੇ ਹੋਰ ਕਾਰਨਾਂ ਕਰਕੇ ਫਸਲਾਂ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਤੇ ਇਸ ਸਬੰਧੀ ਫਰਜੀ ਸਬੂਤ ਪੇਸ਼ ਕੀਤੇ। ਯੂ ਐਸ ਅਟਾਰਨੀ ਦੇ ਦਫਤਰ ਵੱਲੋਂ ਜਾਰੀ ਰਲੀਜ਼ ਅਨੁਸਾਰ ਜਦੋਂ ਸਹੋਤਾ ਤੇ ਹੋਰਨਾਂ ਨਾਲ ਬੀਮਾ ਅਧਿਕਾਰੀਆਂ ਨੇ ਸੰਪਰਕ ਕੀਤਾ ਤਾਂ ਉਨਾਂ ਨੇ ਪੇਸ਼ ਦਸਤਾਵੇਜਾਂ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਜਦ ਕਿ ਅਸਲ ਵਿਚ ਅਜਿਹਾ ਨਹੀਂ ਸੀ। ਜੇਕਰ ਸਿਹੋਤਾ ਨੂੰ ਝੂਠਾ ਫਸਲੀ ਬੀਮਾ ਦਾਅਵਾ ਕਰਨ ਲਈ ਆਪਣੇ ਉਪਰ ਲੱਗੇ ਸਾਜਿਸ਼ ਰਚਣ ਤੇ ਮੇਲ ਫਰਾਡ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦੇ ਦਿੱਤਾ ਜਾਂਦੀ ਹੈ ਤਾਂ ਉਸ ਨੂੰ 20 ਸਾਲ ਜੇਲ ਤੇ 2,50,000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।