ਹਾਈਬ੍ਰਿਡ ਜਿਹਾਦੀ ਬਣੇ ਨੌਜਵਾਨ  ਕਸ਼ਮੀਰ 'ਚ ਨਵੀਂ ਚੁਣੌਤੀ ਬਣੇ

ਹਾਈਬ੍ਰਿਡ ਜਿਹਾਦੀ ਬਣੇ ਨੌਜਵਾਨ  ਕਸ਼ਮੀਰ 'ਚ ਨਵੀਂ ਚੁਣੌਤੀ ਬਣੇ

*ਜਿਹਾਦੀਆਂ ਦੇ ਇਸ ਮਾਡਿਊਲ ਨੂੰ ਵੀ ਨੇਸਤਾਨਾਬੂਦ ਕਰ ਦਿੱਤਾ ਜਾਵੇਗਾ-ਵਿਜੇ ਕੁਮਾਰ, ਆਈਜੀਪੀ, ਕਸ਼ਮੀਰ     

ਅੰਮ੍ਰਿਤਸਰ ਟਾਈਮਜ਼ ਬਿਉਰੋ

 ਜੰਮੂ :  ਜਿਹਾਦੀਆਂ ਦੇ ਸਰਗਨਿਆਂ ਨੇ ਕਸ਼ਮੀਰ 'ਚ ਹਮਲਿਆਂ ਲਈ ਹੁਣ ਉਹ ਹਾਈਬਿ੍ਡ ਜਿਹਾਦੀਆਂ ਦਾ ਇਸਤੇਮਾਲ ਕਰ ਰਹੇ ਹਨ।  ਇਹ ਨਾ ਤਾਂ ਪੁਲਿਸ ਤੇ ਸੁਰੱਖਿਆ ਏਜੰਸੀਆਂ ਦੀ ਸੂਚੀ 'ਚ ਸ਼ਾਮਲ ਹਨ ਅਤੇ ਨਾ ਹੀ ਇਨ੍ਹਾਂ ਦੀ ਕਿਸੇ ਨੂੰ ਭਿਣਕ ਹੁੰਦੀ ਹੈ। ਜਿਹਾਦੀ ਇਨ੍ਹਾਂ ਦਾ ਇਸਤੇਮਾਲ ਹਮਲਾ ਕਰਵਾਉਣ ਲਈ ਕਰਦੇ ਹਨ। ਇਨ੍ਹਾਂ ਨੂੰ ਭਾੜੇ ਦੇ ਸ਼ੂਟਰ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਜ਼ਰੀਏ ਜਿਹਾਦੀ ਜਥੇਬੰਦੀ ਕਸ਼ਮੀਰ ਵਿਚ ਜਿਹਾਦੀ ਦੀ ਕਮੀ ਦੀ ਭਰਪਾਈ ਕਰ ਰਹੇ ਹਨ। ਬੀਤੇ ਦੋ ਮਹੀਨਿਆਂ ਵਿਚ ਸ੍ਰੀਨਗਰ ਵਿਚ ਹੋਈ ਇਸ ਸਾਜ਼ਿਸ਼ ਦਾ ਹਿੱਸਾ ਹੈ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਈਬਿ੍ਡ ਜਿਹਾਦੀ ਬਣੇ ਇਨ੍ਹਾਂ ਨੌਜਵਾਨਾਂ ਨੂੰ ਜੇਹਾਦ ਦੇ ਨਾਂ 'ਤੇ ਭੜਕਾਇਆ ਜਾਂਦਾ ਹੈ। ਇਨ੍ਹਾਂ ਦੇ ਹੈਂਡਲਰ ਇਨ੍ਹਾਂ ਦਾ ਇਸਤੇਮਾਲ ਵਾਰਦਾਤਾਂ ਲਈ ਕਰਦੇ ਹਨ। ਜਦੋਂ ਇਹ ਕੋਈ ਵਾਰਦਾਤ ਅੰਜਾਮ ਦੇ ਕੇ ਪਰਤਦੇ ਹਨ ਤਾਂ ਫਿਰ ਦੂਸਰੇ ਕੰਮ ਲਈ ਇੰਤਜ਼ਾਰ ਕਰਨ ਲਈ ਕਿਹਾ ਜਾਂਦਾ ਹੈ। ਇਸ ਦੌਰਾਨ ਉਹ ਆਮ ਜ਼ਿੰਦਗੀ ਵਿਚ ਵਿਚਰਨ ਲੱਗਦੇ ਹਨ।

ਪਾਰਟ ਟਾਇਮ ਅੱਤਵਾਦੀ :ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਜਿਹਾਦੀ ਜਿਸ ਨੂੰ ਟੀਚਾ ਬਣਾਉਂਦੇ ਹਨ, ਉਸ ਦੀ ਪੂਰੀ ਮੂੁਵਮੈਂਟ ਨੂੰ ਦੇਖਦੇ ਹਨ ਅਤੇ ਕਮਜ਼ੋਰ ਹਿੱਸੇ ਨੂੰ ਲੱਭਦੇ ਹਨ। ਅਜਿਹਾ ਕਰਨ ਵਾਲਾ ਓਵਰਗ੍ਰਾਊਂਡ ਵਰਕਰ ਜਾਂ ਫਿਰ ਪਾਰਟ ਟਾਇਮ ਜਿਹਾਦੀ ਹੋ ਸਕਦਾ ਹੈ। ਅਜਿਹਾ ਹਾਈਬਿ੍ਡ ਜਿਹਾਦੀ ਜੋ ਪੁਲਿਸ ਸੂਚੀ ਵਿਚ ਨਹੀਂ ਹੈ ਪਰ ਉਸ ਕੋਲ ਇਕ ਪਿਸਤੌਲ ਹੈ ਅਤੇ ਮਾਰਨ ਦਾ ਇਰਾਦਾ ਹੈ। ਇਕ ਭਾੜੇ ਦੇ ਸ਼ੂਟਰ ਵਾਂਗ ਇਕ ਟੀਚੇ ਨੂੰ ਮਾਰਨ ਲਈ ਅਜਿਹੇ ਹਾਈਬਿ੍ਡ ਜਿਹਾਦੀਆਂ ਨੂੰ ਭੁਗਤਾਨ ਵੀ ਕੀਤਾ ਜਾਂਦਾ ਹੈ। ਇਸ ਵਿਚ ਕੇਵਲ ਮਰਨ ਵਾਲਿਆਂ ਦੀ ਗਿਣਤੀ ਦੇਖੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਕੋਈ ਚੀਜ਼ ਮਾਇਨੇ ਨਹੀਂ ਰੱਖਦੀ।ਵਿਜੇ ਕੁਮਾਰ, ਆਈਜੀਪੀ, ਕਸ਼ਮੀਰ ਦਾ ਕਹਿਣਾ ਹੈ ਕਿ ਇਹ ਸਭ ਪਾਕਿਸਤਾਨ ਅਤੇ ਉਸ ਦੀ ਖ਼ੁਫੀਆ ਏਜੰਸੀ ਆਈਐੱਸਆਈ ਦੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਸਾਜ਼ਿਸ਼ ਵਿਚ ਸਾਫਟ ਟਾਰਗੇਟ 'ਤੇ ਪਿਸਤੌਲ ਨਾਲ ਹਮਲਾ ਕਰਨ ਵਾਲੇ ਨੂੰ ਪਹਿਲ 'ਚ ਰੱਖਿਆ ਗਿਆ ਹੈ। ਜੋ ਨਿਹੱਥੇ ਹਨ ਅਤੇ ਜਵਾਬੀ ਕਾਰਵਾਈ ਦੀ ਉਨ੍ਹਾਂ ਤੋਂ ਸੰਭਾਵਨਾ ਨਹੀਂ, ਜਿਵੇਂ ਘੱਟ ਗਿਣਤੀ ਭਾਈਚਾਰੇ ਦੇ ਵਪਾਰੀ, ਵਰਕਰ, ਬਿਨਾਂ ਸੁਰੱਖਿਆ ਵਾਲੇ ਨੇਤਾ ਅਤੇ ਆਫ ਡਿਊਟੀ ਪੁਲਿਸ ਕਰਮਚਾਰੀ ਉਨ੍ਹਾਂ ਦਾ ਟੀਚਾ ਹਨ। ਇਸ ਦੇ ਪਿੱਛੇ ਦਾ ਮਕਸਦ ਡਰ ਫੈਲਾਉਣਾ ਅਤੇ ਵਪਾਰ ਤੇ ਸਮਾਜਿਕ ਗਤੀਵਿਧੀਆਂ ਨੂੰ ਰੋਕਣਾ ਹੈ।ਸ੍ਰੀਨਗਰ ਸ਼ਹਿਰ 'ਚ ਕੁਝ ਸਲੀਪਰ ਸੈੱਲ ਅਤੇ ਜੇਹਾਦ ਦੇ ਨਾਂ 'ਤੇ ਗੁਮਰਾਹ ਹਾਈਬਿ੍ਡ ਜਿਹਾਦੀ ਹਨ। ਜਿਹਾਦੀਆਂ ਦੇ ਇਸ ਮਾਡਿਊਲ ਨੂੰ ਵੀ ਨੇਸਤਾਨਾਬੂਦ ਕਰ ਦਿੱਤਾ ਜਾਵੇਗਾ। ਕੁਝ ਸਲੀਪਰ ਸੈੱਲ ਹਨ ਜਿਨ੍ਹਾਂ ਨੂੰ ਅਸੀਂ ਹਾਈਬਿ੍ਡ ਜਿਹਾਦੀ ਵੀ ਕਹਿੰਦੇ ਹਾਂ। ਹਾਈਬਿ੍ਡ ਜਿਹਾਦੀਆਂ ਨੂੰ ਲੱਭਣਾ ਥੋੜ੍ਹਾ ਮੁਸ਼ਕਲ ਹੈ। ਫਿਰ ਵੀ ਅਸੀਂ ਨਿਗਰਾਨੀ ਕਰ ਰਹੇ ਹਾਂ। ਇਨ੍ਹਾਂ ਦਾ ਵੀ ਜਲਦ ਪਤਾ ਲਗਾ ਲਿਆ ਜਾਵੇਗਾ।

   ਕਸ਼ਮੀਰ ਉਪਰ ਡਰੋਨ ਹਮਲੇ   

 ਹੁਣ ਜਦ ਕਿ ਇਕ ਹੀ ਹਫ਼ਤੇ ਵਿਚ ਤਿੰਨ-ਤਿੰਨ ਡਰੋਨ ਹਮਲੇ ਭਾਰਤ ਝੱਲ ਚੁੱਕਿਆ ਹੈ ਤਾਂ ਸਾਫ਼ ਹੋ ਗਿਆ ਹੈ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਅੱਤਵਾਦ ਪੀੜਤ ਦੇਸ਼ ਭਾਰਤ ਵਿਚ ਨਵੇਂ ਕਿਸਮ ਦਾ ਅੱਤਵਾਦੀ ਖ਼ਤਰਾ ਪੈਦਾ ਹੋ ਗਿਆ ਹੈ।ਐਂਟੀ ਡਰੋਨ ਸਿਸਟਮ ਦੀ ਮੰਗ ਦੁਨੀਆ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਵਿਚ ਵੀ ਹੋਈ ਸੀ। ਕਿਉਂਕਿ ਭਾਰਤ ਜਿਸ ਤਰ੍ਹਾਂ ਨਾਲ ਆਪਣੇ ਆਲੇ-ਦੁਆਲੇ ਵਿਰੋਧੀ ਗੁਆਂਢੀਆਂ ਨਾਲ ਘਿਰਿਆ ਹੋਇਆ ਹੈ, ਉਸ ਨੂੰ ਦੇਖਦੇ ਹੋਏ ਇਹ ਬਹੁਤ ਜ਼ਰੂਰੀ ਹੋ ਗਿਆ ਸੀ।ਹਕੀਕਤ ਇਹ ਹੈ ਕਿ ਡਰੋਨ ਹਮਲੇ ਲਗਾਤਾਰ ਬੇਹੱਦ ਘਾਤਕ ਤੇ ਖ਼ਤਰਨਾਕ ਹੁੰਦੇ ਜਾ ਰਹੇ ਹਨ।  ਸਾਊਦੀ ਅਰਬ ਵਿਚ ਸਰਕਾਰੀ ਤੇਲ ਕੰਪਨੀ ਆਰਾਮਕੋ 'ਤੇ ਹੋਏ ਡਰੋਨ ਹਮਲੇ ਨੇ ਉਥੋਂ ਦੀ ਇਸ ਸਭ ਤੋਂ ਵੱਡੀ ਰਿਫਾਈਨਰੀ ਨੂੰ ਤਕਰੀਬਨ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਇਸ ਕਾਰਨ ਸੰਸਾਰ ਭਰ ਵਿਚ ਤੇਲ ਸੰਕਟ ਦੀ ਚਰਚਾ ਛਿੜ ਗਈ ਸੀ ਅਤੇ ਸੰਸਾਰ ਪੱਧਰ 'ਤੇ ਸਬੰਧਾਂ 'ਤੇ ਵੀ ਸੰਕਟ ਆ ਗਿਆ ਸੀ। ਸਾਲ 2011 ਦੇ ਅਕਤੂਬਰ ਮਹੀਨੇ ਵਿਚ ਪਹਿਲੀ ਵਾਰ ਅਫ਼ਗਾਨ ਜੰਗ ਦੌਰਾਨ ਤਾਲਿਬਾਨ ਦੇ ਕਾਫ਼ਲੇ 'ਤੇ ਡਰੋਨ ਜ਼ਰੀਏ ਹਮਲਾ ਹੋਇਆ ਸੀ। ਉਸ ਤੋਂ ਬਾਅਦ ਹੁਣ ਇਹ ਕਈ ਸੌ ਹਮਲੇ ਹੋ ਚੁੱਕੇ ਹਨ। ਇਸਲਾਮਿਕ ਸਟੇਟ ਵਿਰੁੱਧ ਹਥਿਆਰ ਡਰੋਨ ਦੀ ਭਰਪੂਰ ਵਰਤੋਂ ਹੋਈ ਸੀ। ਸੀਰੀਆ, ਇਰਾਕ, ਲੀਬੀਆ ਅਤੇ ਯਮਨ ਵਿਚ ਪ੍ਰੀਡੇਟਰ ਅਤੇ ਰੀਪਰ ਵਰਗੇ ਡਰੋਨ ਦੇ ਹਮਲਿਆਂ ਦੇ ਬਹੁਤੇ ਕਿੱਸੇ ਪ੍ਰਚੱਲਿਤ ਹਨ।

ਡਰੋਨ ਦੀ ਵਰਤੋਂ ਜਿਥੇ ਹਥਿਆਰਬੰਦ ਫ਼ੌਜਾਂ ਕਰ ਰਹੀਆਂ ਹਨ, ਉਥੇ ਜਿਹਾਦੀ ਸੰਗਠਨ ਵੀ ਇਸ ਦੀ ਵਰਤੋਂ ਸੌਖਿਆਂ ਹੀ ਵੱਡੀ ਗਿਣਤੀ ਵਿਚ ਕਰ ਰਹੇ ਹਨ। ਸਬੱਬ ਇਹ ਕਿ ਸ਼ਸਤਰ ਡਰੋਨ ਤਕਨੀਕ ਦੀ ਹੁਣ ਵਿਆਪਕ ਵਰਤੋਂ ਹੋ ਰਹੀ ਹੈ। ਸਮਾਂ ਹੈ ਇਸ ਦੇ ਤੋੜ ਲੱਭਣ ਦਾ। ਡਰੋਨ ਭਾਵ ਮਨੁੱਖ-ਰਹਿਤ ਹਵਾਈ ਜਹਾਜ਼। ਇਸ ਦਾ ਕੰਟਰੋਲ ਰੇਡੀਓ ਸੰਕੇਤਾਂ ਜ਼ਰੀਏ ਬਾਹਰ ਤੋਂ ਕੀਤਾ ਜਾਂਦਾ ਹੈ। ਇਹ ਫੋਟੋਗ੍ਰਾਫ਼ੀ, ਵੀਡੀਓਗ੍ਰਾਫ਼ੀ ਅਤੇ ਭੂਮੀ ਸਰਵੇਖਣ ਅਤੇ ਕਿਤੇ ਸਾਮਾਨ ਪਹੁੰਚਾਉਣ ਤੋਂ ਲੈ ਕੇ ਬਹੁਤ ਸਾਰੇ ਹੋਰ ਕੰਮ ਕਰ ਸਕਦਾ ਹੈ। ਇਹ ਬੰਬ ਜਾਂ ਮਿਜ਼ਾਈਲ ਸੁੱਟ ਸਕਦਾ ਹੈ। ਆਤਮਘਾਤੀ ਹਮਲਾਵਰ ਦੀ ਤਰ੍ਹਾਂ ਟੀਚੇ ਨਾਲ ਇਸ ਨੂੰ ਟਕਰਾਇਆ ਜਾ ਸਕਦਾ ਹੈ। ਮਨੁੱਖ-ਰਹਿਤ ਅਤੇ ਸਸਤਾ ਹੋਣ ਦੇ ਚਲਦਿਆਂ ਇਸ ਦੇ ਖ਼ਤਮ ਹੋਣ 'ਤੇ ਵੀ ਹਮਲਾਵਰ ਨੂੰ ਕੋਈ ਗੁਰੇਜ਼ ਨਹੀਂ ਹੁੰਦਾ।  ਸ਼ਾਇਦ ਇਹੀ ਵਜ੍ਹਾ ਹੈ ਕਿ ਹੁਣ ਸਾਰੀਆਂ ਸਰਕਾਰਾਂ ਹੀ ਨਹੀਂ, ਸਗੋਂ ਡਰੋਨ ਬਣਾਉਣ ਵਾਲੇ ਦੇਸ਼ ਵੀ ਇਸ ਕੋਸ਼ਿਸ਼ ਵਿਚ ਹਨ ਕਿ ਇਸ ਡਰੋਨ ਹਮਲੇ ਤੋਂ ਬਚਾਅ ਦਾ ਕੋਈ ਠੋਸ ਹੱਲ ਭਾਵ ਐਂਟੀ ਮਿਜ਼ਾਈਲ ਵਰਗੀ ਮਜ਼ਬੂਤ ਤਕਨੀਕ ਲੱਭੀ ਜਾਵੇ ਕਿਉਂਕਿ ਡਰੋਨ ਹੁਣ ਉਨ੍ਹਾਂ ਲਈ ਵੀ ਇਕ ਸਮੱਸਿਆ ਹੈ, ਜਿਨ੍ਹਾਂ ਨੇ ਇਸ ਨੂੰ ਬਣਾਇਆ ਹੈ। ਮਨੁੱਖ-ਰਹਿਤ ਜਹਾਜ਼ ਹਮਲਿਆਂ ਲਈ ਨਹੀਂ ਬਣੇ ਸਨ, ਪਰ ਤਕਨੀਕ ਲਗਾਤਾਰ ਚੰਗੀ ਹੁੰਦੀ ਗਈ ਅਤੇ ਆਖ਼ਰਕਾਰ ਲੜਾਕੂ ਡਰੋਨ ਸਾਹਮਣੇ ਆ ਗਏ। ਹਮਲਾਵਰ ਡਰੋਨ ਹੁਣ ਕਈ ਸ਼੍ਰੇਣੀਆਂ ਵਿਚ ਅਤੇ ਵੱਖ-ਵੱਖ ਤਰ੍ਹਾਂ ਦੀ ਵਰਤੋਂ ਲਈ ਮਿਲਦੇ ਹਨ। ਸ਼ੁਰੂ ਵਿਚ ਇਹ ਇਜ਼ਰਾਈਲ ਅਤੇ ਅਮਰੀਕਾ ਵਰਗੇ ਕੁਝ ਉਨ੍ਹਾਂ ਦੇਸ਼ਾਂ ਦੇ ਕੋਲ ਹੀ ਸਨ, ਜਿਨ੍ਹਾਂ ਕੋਲ ਇਸ ਦੀ ਉੱਨਤ ਤਕਨੀਕ ਸੀ।

ਹਮਲਾਵਰ ਡਰੋਨ ਦੇ 60 ਫ਼ੀਸਦੀ ਸੰਸਾਰ ਪੱਧਰ ਦੇ ਬਾਜ਼ਾਰ 'ਤੇ ਇਜ਼ਰਾਈਲ ਦਾ ਕਬਜ਼ਾ ਹੈ। ਬਾਕੀ 'ਤੇ ਅਮਰੀਕਾ ਅਤੇ ਥੋੜ੍ਹੇ ਜਿਹੇ ਹਿੱਸੇ ਵਿਚ ਦੂਜੇ ਦੇਸ਼ਾਂ ਦਾ। ਇਧਰ ਚੀਨ ਵੀ ਵੱਡਾ ਵਿਕਰੇਤਾ ਬਣ ਕੇ ਉੱਭਰਿਆ ਹੈ। ਉਹ ਆਪਣੇ ਹਮਲਾਵਰ ਡਰੋਨ ਪੱਛਮੀ ਏਸ਼ਿਆਈ ਦੇਸ਼ਾਂ ਸਮੇਤ ਕਰੀਬ ਅੱਧਾ ਦਰਜਨ ਹੋਰ ਦੇਸ਼ਾਂ ਨੂੰ ਮੁਹੱਈਆ ਕਰਵਾ ਰਿਹਾ ਹੈ। ਕਈ ਦੇਸ਼ ਖ਼ੁਦ ਵੀ ਬਣਾ ਰਹੇ ਹਨ। ਅਮਰੀਕੀ ਡਰੋਨ ਨੂੰ ਖ਼ਰੀਦਣ ਵਿਚ ਅਸਮਰੱਥ ਰਹੇ ਤੁਰਕੀ ਨੇ ਆਪਣੇ ਖ਼ੁਦ ਦੇ ਡਰੋਨ ਬਣਾਏ ਅਤੇ ਉਨ੍ਹਾਂ ਦੀ ਵਰਤੋਂ ਉਸ ਨੇ ਸੀਰੀਆ ਦੇ ਕੁਰਦਿਸ਼ ਟੀਚੇ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ। ਸਾਧਾਰਨ ਤਕਨੀਕੀ ਤਾਕਤ ਰੱਖਣ ਵਾਲਾ ਕੋਈ ਵੀ ਦੇਸ਼ ਸੌਖਿਆਂ ਹੀ ਹਮਲਾਵਰ ਡਰੋਨ ਬਣਾ ਸਕਦਾ ਹੈ। ਈਰਾਨ ਨੂੰ ਹੀ ਲੈ ਲਓ। ਹਥਿਆਰ ਬਣਾਉਣ ਤੇ ਰੋਕਣ ਦੇ ਬਾਵਜੂਦ ਈਰਾਨ ਨੇ ਹਥਿਆਰ ਵਾਲਾ ਡਰੋਨ ਵਿਕਸਤ ਕਰਨ ਦੀ ਤਾਕਤ ਵਿਕਸਿਤ ਕੀਤੀ। ਈਰਾਨ ਅਤੇ ਇਸ ਦੇ ਸਹਿਯੋਗੀ ਸੰਗਠਨ ਹਿਜਬੁੱਲਾਹ ਅਤੇ ਹੂਤੀ ਦੇ ਕੋਲ ਵੀ ਹੁਣ ਇਹ ਤਕਨੀਕ ਹੈ। ਹੁਣ ਸਥਿਤੀ ਇਹ ਹੈ ਕਿ ਦਹਿਸ਼ਤਵਾਦ ਵਿਰੁੱਧ ਅਖੌਤੀ ਜੰਗ ਵਿਚ ਸ਼ਸਤਰ ਡਰੋਨ ਜਾਂ ਯੂ.ਏ.ਵੀ. ਇਕ ਜ਼ਰੂਰਤ ਅਨੁਸਾਰ ਵਿਕਸਤ ਕੀਤਾ ਗਿਆ ਇਕ ਕਾਰਗਰ ਹਥਿਆਰ ਤਾਂ ਬਣ ਗਿਆ ਹੈ ਪਰ ਹੁਣ ਇਹ ਤਕਨੀਕ ਜਿਹਾਦੀਆਂ ਦੇ ਹੱਥਾਂ ਵਿਚ ਵੀ ਆ ਚੁੱਕੀ ਹੈ। ਸੋ, ਕਿਸੇ ਵੱਡੇ ਹਮਲੇ ਤੋਂ ਪਹਿਲਾਂ ਐਂਟੀ ਡਰੋਨ ਸਿਸਟਮ ਦਾ ਮਜ਼ਬੂਤ ਇੰਤਜ਼ਾਮ ਕਰਨਾ ਹੀ ਪਵੇਗਾ।

ਹਮਲਾਵਰ ਡਰੋਨ ਹੁਣ ਸਿਰਫ਼ ਇਜ਼ਰਾਈਲ, ਚੀਨ, ਪਾਕਿਸਤਾਨ, ਰੂਸ, ਤੁਰਕੀ, ਭਾਰਤ, ਈਰਾਨ, ਇਟਲੀ, ਪੋਲੈਂਡ ਹੀ ਨਹੀਂ ਬਣਾਉਂਦੇ, ਸਗੋਂ ਇਸ ਨੂੰ ਬਣਾਉਣਾ, ਵੇਚਣਾ, ਚਲਾਉਣਾ, ਸੌਖਾ ਅਤੇ ਬਹੁਤ ਸਸਤਾ ਹੈ। ਸੋ, ਦਹਿਸ਼ਤਗਰਦ ਸੰਗਠਨ ਵੀ ਬਣਾਉਂਦੇ ਹਨ। ਉਨ੍ਹਾਂ ਦੇ ਡਰੋਨ ਫ਼ੌਜੀ ਟਿਕਾਣਿਆਂ, ਸੰਵੇਦਨਸ਼ੀਲ ਥਾਵਾਂ, ਮਹੱਤਵਪੂਰਨ ਅੱਡਿਆਂ ਅਤੇ ਜ਼ਰੂਰੀ ਸੇਵਾ ਸੰਸਥਾਵਾਂ ਲਈ ਖ਼ਤਰਨਾਕ ਹਨ। ਡਰੋਨ ਤਾਂ ਹਵਾਈ ਜਹਾਜ਼ ਲਈ ਵੀ ਖ਼ਤਰਾ ਬਣ ਸਕਦੇ ਹਨ। ਡਰੋਨ ਰੇਡੀਓ, ਕੈਮੀਕਲ, ਬਾਇਓਲੋਜੀਕਲ ਵਰਗੇ ਖ਼ਤਰਨਾਕ ਹਥਿਆਰ ਲਿਜਾ ਸਕਦਾ ਹੈ। ਕਈ ਵਾਰ ਹਮਲੇ ਨੂੰ ਜ਼ਿਆਦਾ ਹਮਲਾਵਾਰੀ ਬਣਾਉਣ ਲਈ ਕਈ ਡਰੋਨਾਂ ਨੂੰ ਇਕੱਠਿਆਂ ਟਕਰਾ ਦਿੱਤਾ ਜਾਂਦਾ ਹੈ, ਇਸ ਨੂੰ 'ਡਰੋਨ ਸਵਾਰਮ' ਹਮਲਾ ਕਹਿੰਦੇ ਹਨ। ਆਰਾਮਕੋ ਵਿਚ 10 ਡਰੋਨ ਟਕਰਾਏ ਸਨ। ਆਪਣੇ ਆਕਾਸ਼ ਨੂੰ ਡਰੋਨ ਤੋਂ ਬਚਾਉਣਾ ਬਹੁਤ ਸੌਖਾ ਨਹੀਂ ਹੈ ਪਰ ਇਸ ਦੇ ਬਚਾਅ ਦੇ ਢੰਗ ਲੱਭੇ ਜਾ ਰਹੇ ਹਨ।

ਰੱਖਿਆ ਸੰਸਥਾਵਾਂ, ਸਰਹੱਦੀ ਖੇਤਰ, ਹਵਾਈ ਅੱਡੇ ਵਰਗੀਆਂ ਥਾਵਾਂ 'ਤੇ ਡਰੋਨ ਹਮਲੇ ਰੋਕੂ ਪ੍ਰਣਾਲੀ ਹੋਣੀ ਹੀ ਚਾਹੀਦੀ ਹੈ। ਵਿਗਿਆਨੀ ਚਾਹੁੰਦੇ ਹਨ ਕਿ ਡਰੋਨ ਹਮਲੇ ਰੋਕੂ ਪ੍ਰਣਾਲੀ ਬਿਲਕੁਲ ਏਨੀ ਸਮਰੱਥ ਹੋਵੇ ਜਿਸ ਨਾਲ ਉਹ ਹਮਲਾਵਰ ਡਰੋਨ ਦੇ ਹਰ ਪਹਿਲੂ ਅਤੇ ਉਸ ਦੀ ਹਰੇਕ ਤਕਨੀਕ ਨੂੰ ਜਾਣ ਕੇ ਡਰੋਨ ਦੇ ਹਮਲੇ ਦੀ ਸੰਭਾਵਨਾ ਵਾਲੇ ਖੇਤਰ ਦੀ ਸੁਰੱਖਿਅਤ ਘੇਰਾਬੰਦੀ ਕਰ ਸਕੇ ਅਤੇ ਡਰੋਨ ਹਮਲੇ ਨੂੰ ਨਕਾਰਾ ਬਣਾ ਸਕੇ। ਵੱਖ-ਵੱਖ ਦੇਸ਼ ਇਸ ਨੂੰ ਵਿਕਸਤ ਕਰਨ ਵਿਚ ਲੱਗੇ ਹੋਏ ਹਨ। ਕਮਾਂਡ, ਕੰਟਰੋਲ, ਇੰਟੈਲੀਜੈਂਸ, ਕੰਪਿਊਟਰ, ਕਮਿਊਨੀਕੇਸ਼ਨ, ਸਾਈਬਰ ਇੰਟੈਲੀਜੈਂਸ, ਨਿਗਰਾਨੀ ਅਤੇ ਸਰਵੇਖਣ ਕੇਂਦਰ ਸਾਰਿਆਂ ਨੂੰ ਮਿਲਾ ਕੇ ਇਹ ਡਰੋਨ ਹਮਲਾ ਰੋਕੂ ਪ੍ਰਣਾਲੀ ਕੰਮ ਕਰੇਗੀ। ਜੇਕਰ ਛੋਟੇ-ਛੋਟੇ ਟਿੱਡੀ ਦਲ ਵਰਗੇ ਡਰੋਨ ਸਮੂਹਾਂ ਦਾ ਹਮਲਾ ਹੋ ਜਾਵੇ ਤਾਂ ਸੂਖ਼ਮ ਤਰੰਗਾਂ ਜਾਂ ਮਾਈਕਰੋਵੇਵ ਤਕਨੀਕ ਹੀ ਇਕ ਪ੍ਰਭਾਵਸ਼ਾਲੀ ਉਪਾਅ ਹੈ ਇਸ ਨਾਲ ਨਿਪਟਣ ਲਈ।

 

 

-