ਸਪੋਰਟਸ ਅਥਾਰਟੀ ਆਫ਼ ਇੰਡੀਆ ਟ੍ਰੇਨਿੰਗ ਸੈਂਟਰ ਜੰਮੂ ਦੇ ਡਿਪਟੀ ਡਾਇਰੈਕਟਰ ਅਸ਼ੋਕ ਸ਼ਰਮਾ ਹੋਏ ਸੇਵਾਮੁਕਤ

ਸਪੋਰਟਸ ਅਥਾਰਟੀ ਆਫ਼ ਇੰਡੀਆ ਟ੍ਰੇਨਿੰਗ ਸੈਂਟਰ ਜੰਮੂ ਦੇ ਡਿਪਟੀ ਡਾਇਰੈਕਟਰ ਅਸ਼ੋਕ ਸ਼ਰਮਾ ਹੋਏ ਸੇਵਾਮੁਕਤ
ਡਿਪਟੀ ਡਾਇਰੈਕਟਰ ਅਸ਼ੋਕ ਸ਼ਰਮਾ

ਬੇਦਾਗ਼ ਸ਼ਖ਼ਸੀਅਤ ਅਸ਼ੋਕ ਸ਼ਰਮਾ ਨੂੰ ਅਧਿਕਾਰੀਆਂ-ਕਰਮਚਾਰੀਆਂ ਨੇ ਦਿੱਤੀ ਵਿਦਾਈ

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ: ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਟ੍ਰੇਨਿੰਗ ਸੈਂਟਰ ਜੰਮੂ ਦੇ ਡਿਪਟੀ ਡਾਇਰੈਕਟਰ ਵਜੋਂ ਕੰਮ ਕਰ ਰਹੇ ਅਸ਼ੋਕ ਸ਼ਰਮਾ ਸੇਵਾਮੁਕਤ ਹੋ ਗਏ ਹਨ। ਉਹਨਾਂ ਨੇ 41 ਸਾਲਾਂ ਤੋਂ ਵੱਧ ਸਮੇਂ ਤੋਂ ਵੱਖ-ਵੱਖ ਅਹੁਦਿਆਂ 'ਤੇ SAI ਵਿੱਚ ਸੇਵਾ ਕੀਤੀ ਹੈ। ਵਰਤਮਾਨ ਵਿੱਚ ਸਾਈ ਦਾ ਸਿਖਲਾਈ ਕੇਂਦਰ ਕੇਕੇ ਹੱਕੂ ਐਸਟਰੋ ਟਰਫ ਸਟੇਡੀਅਮ ਜੰਮੂ ਵਿਖੇ ਅਸਥਾਈ ਤੌਰ 'ਤੇ ਕੰਮ ਕਰ ਰਿਹਾ ਹੈ। ਜੰਮੂ ਕੇਂਦਰ ਦੇ ਨਵ-ਨਿਯੁਕਤ ਇੰਚਾਰਜ ਦੇਵਰਾਜ ਨੇ ਡਿਪਟੀ ਡਾਇਰੈਕਟਰ ਅਸ਼ੋਕ ਸ਼ਰਮਾ ਨੂੰ ਆਪਣਾ ਕਾਰਜਕਾਲ ਸਫ਼ਲਤਾਪੂਰਵਕ ਪੂਰਾ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਸੇਵਾਮੁਕਤੀ ਤੋਂ ਬਾਅਦ ਅਸ਼ੋਕ ਸ਼ਰਮਾ ਦਾ ਜੀਵਨ ਖੁਸ਼ੀ ਨਾਲ ਬਤੀਤ ਹੋਵੇਗਾ। ਇਸ ਮੌਕੇ ਸਾਈਂ ਸਿਖਲਾਈ ਕੇਂਦਰ ਜੰਮੂ ਦੇ ਸਾਬਕਾ ਇੰਚਾਰਜ ਵਰਿੰਦਰ ਕੁਮਾਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਸਾਬਕਾ ਡਿਪਟੀ ਡਾਇਰੈਕਟਰ ਅਸ਼ੋਕ ਸ਼ਰਮਾ ਦੀ ਸ਼ਲਾਘਾ ਕੀਤੀ।ਸਾਈਂ ਸਿਖਲਾਈ ਕੇਂਦਰ ਜੰਮੂ ਵਿਖੇ ਕੰਮ ਕਰ ਰਹੇ ਅਧਿਕਾਰੀਆਂ, ਕੋਚਾਂ ਅਤੇ ਹੋਰ ਸਟਾਫ਼ ਮੈਂਬਰਾਂ ਨੇ ਅਸ਼ੋਕ ਸ਼ਰਮਾ ਨੂੰ ਹਾਰ ਪਾ ਕੇ ਉਨ੍ਹਾਂ ਦੇ ਸੁਖੀ ਜੀਵਨ ਦੀ ਕਾਮਨਾ ਕੀਤੀ।

ਅਸ਼ੋਕ ਸ਼ਰਮਾ ਨੇ ਆਪਣੇ ਵਿਦਾਇਗੀ ਸਮਾਰੋਹ ਵਿੱਚ ਦੱਸਿਆ ਕਿ ਮੈਂ 2 ਜੂਨ 1980 ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ ਵਿੱਚ ਸੇਵਾ ਕਰਨੀ ਸ਼ੁਰੂ ਕੀਤੀ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਡਿਪਟੀ ਡਾਇਰੈਕਟਰ ਦੇ ਅਹੁਦੇ ਤੱਕ ਪਹੁੰਚਣ ਲਈ ਪੰਜ ਤਰੱਕੀਆਂ ਪ੍ਰਾਪਤ ਕਰ ਚੁੱਕਾ ਹਾਂ। ਸਾਈ ਵਿੱਚ ਮੇਰੇ 40 ਸਾਲ ਅਤੇ ਛੇ ਮਹੀਨਿਆਂ ਦੇ ਲੰਬੇ ਕਾਰਜਕਾਲ ਦੌਰਾਨ, ਮੇਰਾ ਜ਼ਿਆਦਾਤਰ ਸਮਾਂ ਪੰਜਾਬ ਵਿੱਚ ਬੀਤਿਆ ਪਰ ਜੰਮੂ-ਕਸ਼ਮੀਰ ਵਿੱਚ ਪਿਛਲੇ 16 ਮਹੀਨਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਮੂਹ ਸਟਾਫ਼ ਦੀ ਬਦੌਲਤ ਹੀ ਉਹ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਸਕਿਆ ਹੈ। ਉਨ੍ਹਾਂ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ। ਅਸ਼ੋਕ ਸ਼ਰਮਾ ਨੇ ਸਾਈ ਦੇ ਖੇਤਰੀ ਨਿਰਦੇਸ਼ਕ ਡੀ.ਜੀ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

  ਅਸ਼ੋਕ ਸ਼ਰਮਾ ਆਪਣੀ ਪਤਨੀ ਅਤੇ ਦੋਸਤ ਬਚਿੱਤਰ ਸਿੰਘ ਨਾਲ ਰਿਟਾਇਰਮੈਂਟ ਵੇਲੇ

ਦੱਸਣਯੋਗ ਹੈ ਕਿ ਅਸ਼ੋਕ ਸ਼ਰਮਾ ਰਾਸ਼ਟਰੀ ਪੱਧਰ ਦੇ ਤੈਰਾਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਕਈ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਤਗਮੇ ਵੀ ਜਿੱਤੇ ਹਨ। ਅਸ਼ੋਕ ਸ਼ਰਮਾ ਪਟਿਆਲਾ ਦੇ ਵਸਨੀਕ ਹੋਣ ਕਾਰਨ ਉਨ੍ਹਾਂ ਦੇ ਚਾਚਾ-ਮਾਸੀ ​​ਤੋਂ ਇਲਾਵਾ ਹੋਰ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਵੀ ਉਨ੍ਹਾਂ ਦੇ ਵਿਦਾਇਗੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਸੁਖੀ ਜੀਵਨ ਦੀ ਕਾਮਨਾ ਕੀਤੀ। ਇਸ ਤੋਂ ਇਲਾਵਾ ਪਟਿਆਲ਼ਾ  ਦੇ ਤੈਰਾਕਾਂ ਅਤੇ ਕੋਚਾਂ ਨੇ ਅਸ਼ੋਕ ਸ਼ਰਮਾ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਇਹਨਾਂ ਨੇ ਆਪਣੀ ਨੌਕਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੀਤੀ ਅਤੇ ਉਹਨਾਂ ਦੇ ਬੇਦਾਗ਼ ਜੀਵਨ ਦੀ ਵਧਾਈ ਦਿੱਤੀ।