ਬੰਦੀ ਸਿੰਘਾਂ ਦੀ ਰਿਹਾਈਆਂ ਸੰਬੰਧੀ ਐਕਸ਼ਨ ਪ੍ਰੋਗਰਾਮ ਉਲੀਕਣ ਲਈ ਪੰਥਕ ਅਤੇ ਕਿਸਾਨ ਜਥੇਬੰਦੀਆਂ ਦੀ ਇੱਕਤਰਤਾ 4 ਨੂੰ

ਬੰਦੀ ਸਿੰਘਾਂ ਦੀ ਰਿਹਾਈਆਂ ਸੰਬੰਧੀ ਐਕਸ਼ਨ ਪ੍ਰੋਗਰਾਮ ਉਲੀਕਣ ਲਈ ਪੰਥਕ ਅਤੇ ਕਿਸਾਨ ਜਥੇਬੰਦੀਆਂ ਦੀ ਇੱਕਤਰਤਾ 4 ਨੂੰ

ਅੰਮ੍ਰਿਤਸਰ ਟਾਈਮਜ਼

ਜਲੰਧਰ- ਕੇਦਰ ਦੀ ਭਾਜਪਾ ਸਰਕਾਰ ਅਤੇ ਦਿੱਲੀ ਦੀ ਆਪ  ਸਰਕਾਰ ਵੱਲੋਂ 9 ਸਿੱਖ ਰਾਜਸੀ ਕੈਦੀਆਂ ਨੂੰ ਰਿਹਾਅ ਨਾ ਕਰਨ ਅਤੇ ਕਿਸਾਨ ਅੰਦੋਲਨ ਦੌਰਾਨ ਕੀਤੇ ਵਾਅਦਿਆਂ ਪ੍ਰਤੀ ਕੇੰਦਰ ਦੀ ਵਾਅਦਾ ਖਿਲਾਫ਼ੀ ਸੰਬੰਧੀ ਅਗਲੀ ਰਣਨੀਤੀ ਘੜਨ ਅਤੇ ਐਕਸ਼ਨ ਪ੍ਰੋਗਰਾਮ ਉਲੀਕਣ ਹਿੱਤ ਪੰਥਕ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕਤਰਤਾ 4 ਫਰਵਰੀ, ਦਿਨ ਸ਼ੁੱਕਰਵਾਰ ਨੂੰ ਗੁਰੂਦੁਆਰਾ ਪਾਤਸ਼ਾਹੀ ਨੌਵੀਂ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿਖੇ ਹੋਵੇਗੀ। ਮੀਡੀਆ  ਨੂੰ ਜਾਣਕਾਰੀ ਦਿੰਦਿਆਂ ਦਲ ਖ਼ਾਲਸਾ ਦੇ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾਂ ਨੇ ਪੰਜਾਬ ਭਰ ਦੀਆਂ ਇਨਸਾਫ਼ ਪਸੰਦ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਇਕੱਤਰਤਾ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਸਾਂਝੇ ਕਰਨ ਤਾਂ ਜੋ ਸਾਂਝੇ ਰੂਪ ਵਿੱਚ ਬੰਦੀ ਸਿੰਘਾਂ ਦੀ ਰਿਹਾਈ  ਸੰਬੰਧੀ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਿਆ ਜਾ ਸਕੇ। 

ਨੌਜਵਾਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਦੋਆਬਾ  ਜ਼ੋਨ  ਨਾਲ  ਸੰਬੰਧਿਤ ਕਿਸਾਨ ਅਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਭਾਜਪਾ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ ਜਿਸ ਦੌਰਾਨ ਮੰਤਰੀ ਨੇ ਅੜੀਅਲ ਅਤੇ ਹੰਕਾਰੀ ਰਵੱਈਆ ਅਪਣਾਉਂਦੇ ਹੋਏ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਆਪਣੇ ਘਰ ਤੋਂ ਬਾਹਰ ਨਿਕਲ ਕੇ ਧਰਨੇ ਵਾਲੀ ਥਾਂ ‘ਤੇ ਆਕੇ ਮਿਲਣਾ ਵੀ ਜਰੂਰੀ ਨਹੀਂ ਸੀ ਸਮਝਿਆ ਜਿਸ ਤੋਂ ਬਾਅਦ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਫਗਵਾੜਾ-ਦਿੱਲੀ ਮਾਰਗ ਦੋ ਘੰਟਿਆਂ ਲਈ ਜਾਮ ਕੀਤਾ ਉਪਰੰਤ ਸਮਾਪਤੀ ਮੌਕੇ ਸਰਕਾਰਾਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕਰਨ ਹਿੱਤ 4 ਨੂੰ ਇਕੱਤਰਤਾ ਸੱਦਣ ਦਾ ਐਲਾਨ ਕੀਤਾ।ਉਨ੍ਹਾਂ ਦਿੱਲੀ ਚ ਨੌਜਵਾਨ ਲੜਕੀ 'ਤੇ ਢਾਹੇ ਗਏ ਤਸ਼ੱਦਦ, ਸਮੂਹਿਕ ਬਲਾਤਕਾਰ, ਕੇਸਾਂ ਦੀ ਬੇਅਦਬੀ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੇ ਕੁਕਰਮ ਸਮਾਜ ਅੰਦਰ ਪਨਪ ਰਹੀ ਔਰਤ  ਵਿਰੋਧੀ ਸੋਚ ਦਾ ਸਿੱਟਾ ਹਨ। ਉਹਨਾਂ ਕਿਹਾ ਕਿ ਅਜਿਹੇ ਹੈਵਾਨੀਅਤ ਵਾਲੇ ਕਾਰਿਆਂ ਲਈ ਕਿਸੇ ਹੱਦ ਤੱਕ ਸਮਾਜ ਅਤੇ ਸਿਸਟਮ ਵੀ ਜ਼ੁੰਮੇਵਾਰ ਹੈ । ਉਹਨਾਂ ਬਲਾਤਕਾਰੀ ਬਿਰਤੀ ਵਾਲੇ ਹੈਵਾਨਾਂ  ਦਾ ਸਮਾਜਿਕ ਬਾਈਕਾਟ  ਦਾ  ਸੱਦਾ  ਦਿੰਦਿਆਂ ਕਿਹਾ ਕਿ ਦੋਸ਼ੀਆਂ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਲ਼ਿਆਂ ਨੂੰ ਮਿਸਾਲੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।