ਮਾਮਲਾ ਮੁਹੰਮਦ ਮੁਸਤਫਾ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣ ਦਾ

ਮਾਮਲਾ ਮੁਹੰਮਦ ਮੁਸਤਫਾ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣ ਦਾ

 ਸ਼੍ਰੋਮਣੀ ਕਮੇਟੀ ਨੇ ਕਿਹਾ ਕਿ  ਮੁਸਤਫ਼ਾ ਮੁਆਫ਼ੀ ਮੰਗੇ  

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਸਾਬਕਾ ਪੁਲੀਸ ਅਧਿਕਾਰੀ ਮੁਹੰਮਦ ਮੁਸਤਫ਼ਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਕਿਤਾਬ ਕਹਿਣ ਦਾ ਮਾਮਲਾ ਭਖ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਉਸ ਨੂੰ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ ਲਈ ਕਿਹਾ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸੀ ਆਗੂ ਮੁਹੰਮਦ ਮੁਸਤਫ਼ਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਸ ਨੂੰ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਦੇ  ਗੁਰੂ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ’ਤੇ ਸਿੱਖ ਕੌਮ ਦੀ ਅਥਾਹ ਸ਼ਰਧਾ ਹੈ ਤੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣਾ ਇਸ ਸ਼ਖ਼ਸ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ ਹੈ।

ਉਸ ਦੇ ਇਸ ਬਿਆਨ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਇਸ ਤੋਂ ਪਹਿਲਾਂ ਵੀ ਕਾਂਗਰਸੀ ਆਗੂ ਮੁਹੰਮਦ ਮੁਸਤਫ਼ਾ ਹਿੰਦੂ ਭਾਈਚਾਰੇ ਨਾਲ ਵਿਵਾਦਤ ਬਿਆਨਾਂ ਕਾਰਨ ਚਰਚਾ ਵਿਚ ਰਹਿ ਚੁੱਕੇ ਹਨ।ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਚੋਣ ਜ਼ਾਬਤਾ ਲੱਗੇ ਹੋਣ ਕਾਰਨ ਪਿਛਲੇ ਦਿਨੀਂ ਇਕ ਚੋਣ ਜਲਸੇ ਦੌਰਾਨ ਮੁਹੰਮਦ ਮੁਸਤਫ਼ਾ ਵੱਲੋਂ ਹਿੰਦੂਆਂ ਪ੍ਰਤੀ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤਫਾ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ, ਪ੍ਰੰਤੂ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ,ਜਿਸ ਦੇ ਰੋਸ ਵਜੋਂ ਉਪਰੋਕਤ ਹਿੰਦੂ ਸੰਗਠਨਾਂ ਮੁਹੰਮਦ ਮੁਸਤਫ਼ਾ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੂੰ ਪਟਿਆਲਾ ਮਲੇਰਕੋਟਲਾ ਹਾਈਵੇਅ 'ਤੇ ਸਥਿਤ ਮਾਹੋਰਾਣਾ ਟੋਲ ਪਲਾਜ਼ਾ ਵਿਖੇ ਪੁਲਿਸ ਵੱਲੋਂ ਸੜਕ 'ਤੇ ਬੈਰੀਕੇਡਿੰਗ ਕਰ ਰੋਕਿਆ ਗਿਆ, ਜਿਸ 'ਤੇ ਹਿੰਦੂ ਸੰਗਠਨਾਂ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ।