ਕਿਸਾਨ ਆਗੂ  ਰਾਜੇਵਾਲ  ਸਿਆਸਤ 'ਚ ਆਉਣ ਬਾਰੇ ਸ਼ਸ਼ੋਪੰਜ ਵਿਚ 

ਕਿਸਾਨ ਆਗੂ  ਰਾਜੇਵਾਲ  ਸਿਆਸਤ  'ਚ ਆਉਣ ਬਾਰੇ ਸ਼ਸ਼ੋਪੰਜ ਵਿਚ 

*ਰਾਜੇਵਾਲ ਨੇ ਕਿਸਾਨ ਅੰਦੋਲਨ ਵਿਚ ਮਿਲੀ ਸਫਲਤਾ ਨੂੰ ਕੁਦਰਤ ਦਾ ਕਰਿਸ਼ਮਾ ਕਰਾਰ ਦਿੱਤਾ

*ਚੋਣਾਂ ਬਾਰੇ ਸੰਯੁਕਤ ਕਿਸਾਨ ਮੋਰਚੇ ਦਾ ਫ਼ੈਸਲਾ ਅੰਤਿਮ ਹੋਵੇਗਾ-ਰਾਜੇਵਾਲ

ਅੰਮ੍ਰਿਤਸਰ ਟਾਈਮਜ਼

 ਜਲੰਧਰ: ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਅੰਦੋਲਨ ਵਿੱਚ ਮਿਲੀ ਸਫਲਤਾ ਨੂੰ ਕੁਦਰਤ ਦਾ ਕਰਿਸ਼ਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਕੁਝ ਹੋਇਆ ਉਹ ਕੁਦਰਤ ਨੇ ਕਰਵਾਇਆ ਹੈ।ਉਨ੍ਹਾਂ ਕਿਹਾ ਕਿ ਕਦੇ-ਕਦੇ ਹੀ ਅਜਿਹਾ ਭਾਣਾ ਵਰਤਦਾ ਹੈ ਅਤੇ ਕਈ ਸਾਲਾਂ ਬਾਅਦ ਅਜਿਹਾ ਮਾਹੌਲ ਬਣਿਆ। ਇਹ ਬਿਲਕੁਲ ਓਵੇਂ ਹੈ, ਜਿਵੇਂ 1977 ਵਿੱਚ ਜੀ ਪੀ ਅੰਦੋਲਨ ਦੇ ਸਮੇਂ ਹੋਇਆ ਸੀ।ਉਨ੍ਹਾਂ ਕਿਹਾ ਕਿ 50 ਸਾਲਾਂ ਬਾਅਦ ਲੋਕ ਰਾਜਨੀਤਿਕ ਪਾਰਟੀਆਂ ਦੇ ਵਿਛਾਏ ਜਾਲਾਂ ਵਿੱਚੋਂ ਨਿਕਲ ਕੇ ਆਪਣੇ ਹੱਕ ਲਈ ਲੜੇ ਹਨ ਅਤੇ ਇਹ ਮਾਹੌਲ ਕਦੇ-ਕਦੇ ਬਣਦਾ ਹੈ।ਰਾਜਨੀਤੀ ਵਿੱਚ ਸਰਗਰਮ ਭੂਮਿਕਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਜਦੋਂ ਤੱਕ ਸਾਰੇ ਕਿਸਾਨ ਆਗੂ ਇਸ ਗੱਲ ਉੱਤੇ ਸਹਿਮਤ ਨਹੀਂ ਹੋ ਜਾਂਦੇ ਕਿ ਚੋਣਾਂ ਵਿੱਚ ਹਿੱਸਾ ਲੈਣਾ ਹੈ ਜਾਂ ਨਹੀਂ, ਉਦੋਂ ਤੱਕ ਇਸ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ, ਪਰ ਨਾਲ ਹੀ ਉਨ੍ਹਾਂ ਚੋਣਾਂ ਲੜਨ ਤੋਂ ਸਾਫ਼ ਇਨਕਾਰ ਵੀ ਨਹੀਂ ਕੀਤਾ।ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਤੱਕ ਕਿਸਾਨ ਜਥੇਬੰਦੀਆਂ ਨੂੰ ਚੋਣਾਂ ਲੜਨ ਸਬੰਧੀ ਉਨ੍ਹਾਂ ਨੂੰ ਆਦੇਸ਼ ਨਹੀਂ ਦਿੰਦੀਆਂ ਉਦੋਂ ਤੱਕ ਉਹ ਕੁਝ ਨਹੀਂ ਕਰਨਗੇ। ਜੇਕਰ ਉਹ ਆਗਿਆ ਦੇਣਗੇ ਤਾਂ ਮੈਂ ਸਭ ਨੂੰ ਨਾਲ ਲੈ ਕੇ ਜਾਵਾਂਗਾ, ਇਕੱਲਾ ਨਹੀਂ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਬਾਰੇ ਸੰਯੁਕਤ ਕਿਸਾਨ ਮੋਰਚੇ ਦਾ ਫ਼ੈਸਲਾ ਅੰਤਿਮ ਹੋਵੇਗਾ।ਰਾਜੇਵਾਲ ਨੇ ਕਿਹਾ ਕਿ ਲੋਕਾਂ ਵਿੱਚ ਜੋਸ਼ ਹੈ ਪਰ ਮੈਨੂੰ ਇਸ ਨੂੰ ਨਾਪਣ ਅਤੇ ਤੋਲਣ ਦੇ ਲਈ ਵਕਤ ਚਾਹੀਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਚੋਣਾਂ ਦਾ ਐਲਾਨ ਹੋ ਜਾਣ ਦਿਓ, ਉਸ ਤੋਂ ਬਾਅਦ ਕਿਸਾਨ ਆਗੂ ਮੀਟਿੰਗ ਕਰ ਕੇ ਆਪਣੀ ਸਥਿਤੀ ਸਪਸ਼ਟ ਕਰ ਦੇਣਗੇ।

ਉਨ੍ਹਾਂ ਆਖਿਆ ਕਿ ਕਿਸਾਨ ਜਥੇਬੰਦੀਆਂ ਲੋਕਾਂ ਦੀ ਅਗਵਾਈ ਕਰਨ ਦੇ ਯੋਗ ਹਨ ਅਤੇ ਕੀ ਲੋਕ ਕਿਸਾਨਾਂ ਦੇ ਨਾਲ ਖੜੇ ਰਹਿਣਗੇ, ਇਹ ਇੱਕ ਸਵਾਲ ਹੈ ਇਸ ਨੂੰ ਦੇਖਣਾ ਬਹੁਤ ਜ਼ਰੂਰੀ ਵੀ ਹੈ।ਉਹਨਾਂ ਇਹ ਵੀ ਕਿਹਾ ਕਿ ਮੈਨੂੰ ਨਹੀਂ ਲੱਗਦਾ ਪ੍ਰਧਾਨ ਮੰਤਰੀ ਆਪਣੀਆਂ ਆਖੀਆਂ ਗੱਲਾਂ ਉੱਤੇ ਖਰਾ ਉੱਤਰੇਗਾ। 2024 ਤੱਕ ਕਿਸਾਨੀ ਮੁੱਦਿਆਂ ਉੱਤੇ ਇਹ ਸਰਕਾਰ ਕੁਝ ਨਹੀਂ ਕਰੇਗੀ। ਫ਼ੌਜ ਨੂੰ ਦੂਜੀ ਲੜਾਈ ਲਈ ਤਿਆਰ ਕਰਨ ਤੋਂ ਪਹਿਲਾਂ ਉਸ ਨੂੰ ਰਿਚਾਰਜ ਕਰਨਾ ਜ਼ਰੂਰੀ ਹੈ। ਥੱਕੀ ਹੋਈ ਫ਼ੌਜ ਜਿੱਤ ਨਹੀਂ ਸਕਦੀ। ਅਸੀਂ ਵੱਡੀ ਜਿੱਤ ਹਾਸਲ ਕੀਤੀ ਹੈ ਜਿਸ ਦੀ ਉਦਾਹਰਨ ਪੂਰੀ ਦੁਨੀਆ ਵਿੱਚ ਨਹੀਂ ਹੈ। ਕਾਨੂੰਨ ਬਣਨ ਤੋਂ ਬਾਅਦ ਉਹ ਰੱਦ ਹੋ ਜਾਣੇ, ਇਹ ਕੋਈ ਛੋਟੀ ਗੱਲ ਨਹੀਂ ਹੈ। ਚੋਣਾਂ ਲਈ ਪੰਜਾਬ ਵਿੱਚ ਚੰਗੇ ਲੋਕਾਂ ਦੀ ਕਮੀ ਨਹੀਂ ਹੈ। ਜੇਕਰ ਪੰਜਾਬ ਵਿੱਚ ਬਦਲਾਅ ਆ ਗਿਆ ਤਾਂ ਪੂਰੇ ਦੇਸ਼ ਦੇ ਵਿੱਚ ਇਸ ਦਾ ਅਸਰ ਹੋਵੇਗਾ ਖਾਸ ਤੌਰ ਉਤੇ 2024 ਦੀਆਂ ਆਮ ਚੋਣਾਂ ਵਿੱਚ।ਲੋਕਾਂ ਵਿੱਚ ਜੋਸ਼ ਹੈ ਅਤੇ ਲੋਕ ਬਦਲਾਅ ਚਾਹੁੰਦੇ ਵੀ ਹਨ।ਰਾਜਨੀਤੀ ਕਾਰੋਬਾਰ ਬਣ ਗਈ ਹੈ, ਪਹਿਲਾਂ ਆਗੂ ਨਿਵੇਸ਼ ਕਰਦੇ ਹਨ ਅਤੇ ਫਿਰ ਕਮਾਈ।