ਪਾਕਿ ਕਾਰ ਸੇਵਾ ਜਥੇ ਨੂੰ ਗੁਰਦੁਆਰਾ ਸੱਚਾ ਸੌਦਾ ਦੀ ਕਾਰ ਸੇਵਾ ਸੌਂਪੀ

ਪਾਕਿ ਕਾਰ ਸੇਵਾ ਜਥੇ ਨੂੰ ਗੁਰਦੁਆਰਾ ਸੱਚਾ ਸੌਦਾ ਦੀ ਕਾਰ ਸੇਵਾ ਸੌਂਪੀ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਪਾਕਿਸਤਾਨ ਵਿਚ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਇਤਿਹਾਸਕ ਡਿਉੜੀ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਦੀ ਨਵ-ਉਸਾਰੀ ਕਰਾਉਣ ਵਾਲੇ ਪਾਕਿਸਤਾਨੀ ਕਾਰ ਸੇਵਾ ਜਥੇ ਨੂੰ ਹੁਣ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਫ਼ਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੀ ਨਵ-ਉਸਾਰੀ ਤੇ ਮੁਰੰਮਤ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ।ਕੁਝ ਪਾਕਿ ਸਿੱਖਾਂ ਨੇ ਕਿਹਾ ਕਿ ਭਾਰਤੀ ਕਾਰ ਸੇਵਾ ਜਥਿਆਂ ਤੋਂ ਈ.ਟੀ.ਪੀ.ਬੀ. ਅਧਿਕਾਰੀਆਂ ਦਾ ਮੋਹ ਭੰਗ ਹੋਣ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ ।ਉਨ੍ਹਾਂ ਕਿਹਾ ਕਿ ਪਾਕਿ ਸਥਿਤ ਕੁਝ ਗੁਰਦੁਆਰਾ ਸਾਹਿਬਾਨ ਦੀ ਪਿਛਲੇ ਕਈ ਵਰਿ੍ਹਆਂ ਤੋਂ ਜਾਰੀ ਕਾਰ ਸੇਵਾ 'ਚ ਵਧੇਰੇ ਬੇਲੋੜਾ ਸਮਾਂ ਲੱਗਣ ਕਰਕੇ ਈ. ਟੀ. ਪੀ. ਬੀ. ਵਲੋਂ ਹੁਣ ਪਾਕਿਸਤਾਨੀ ਗੁਰਧਾਮਾਂ ਦੀ ਕਾਰ ਸੇਵਾ ਹਾਲ ਹੀ ਵਿਚ ਕਾਇਮ ਕੀਤੇ ਗਏ ਪਾਕਿਸਤਾਨੀ ਕਾਰ ਸੇਵਾ ਜਥੇ ਨੂੰ ਸੌਂਪੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਸ੍ਰੀ ਨਨਕਾਣਾ ਸਾਹਿਬ ਦੇ ਕੁਝ ਸਥਾਨਕ ਗੁਰਦੁਆਰਾ ਸਾਹਿਬਾਨ ਦੀ ਨਵ-ਉਸਾਰੀ ਦੀ ਸੇਵਾ ਪਾਕਿ ਕਾਰ ਸੇਵਾ ਜਥੇ ਦੇ ਮੋਢੀ ਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਗ੍ਰੰਥੀ ਮਾਸਟਰ ਬਲਵੰਤ ਸਿੰਘ ਵਲੋਂ ਜਿੱਥੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਇਤਿਹਾਸਕ ਡਿਉੜੀ ਨੂੰ ਖ਼ੂਬਸੂਰਤ ਦਿੱਖ ਦੇਣ ਲਈ ਜੰਗੀ ਪੱਧਰ 'ਤੇ ਸੇਵਾ ਕਰਵਾਈ ਜਾ ਰਹੀ ਹੈ ਉੱਥੇ ਹੀ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੀ ਨਵਉਸਾਰੀ ਤੇ ਮੁਰੰਮਤ ਦੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ।