ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਬਣੀ
*ਹਰਜੀਤ ਸਿੰਘ ਸੱਜਣ ਦੀ ਥਾਂ ਅਨੀਤਾ ਨੂੰ ਨਵਾਂ ਰੱਖਿਆ ਮੰਤਰੀ ਬਣਾਉਣ ਕਰਕੇ ਸਿਖਾਂ ਵਿਚ ਨਰਾਜ਼ਗੀ
ਅੰਮ੍ਰਿਤਸਰ ਟਾਈਮਜ਼
ਵੈਨਕੂਵਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਨਵੇਂ ਮੰਤਰੀਆਂ ਦਾ ਐਲਾਨ ਕਰ ਕੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਹਰਜੀਤ ਸਿੰਘ ਸੱਜਣ ਦੀ ਥਾਂ ਅਨੀਤਾ ਆਨੰਦ ਨੂੰ ਨਵਾਂ ਰੱਖਿਆ ਮੰਤਰੀ ਬਣਾਇਆ ਗਿਆ ਹੈ। ਇਸ ਗਲ ਦੀ ਸਿਖ ਹਲਕਿਆਂ ਵਿਚ ਨਰਾਜ਼ਗੀ ਪਾਈ ਜਾ ਰਹੀ ਹੈ। ਸੱਜਣ ਹੁਣ ਕੌਮਾਂਤਰੀ ਵਿਕਾਸ ਨਾਲ ਸਬੰਧਤ ਵਿਭਾਗ ਵੇਖਣਗੇ। ਬਰਦੀਸ਼ ਚੱਗੜ ਸਮੇਤ ਤਿੰਨ ਜਣਿਆਂ ਨੂੰ ਲਾਂਭੇ ਕਰ ਕੇ ਕਮਲ ਖੈੜਾ ਸਮੇਤ 6 ਨਵੇਂ ਮੰਤਰੀ ਬਣਾਏ ਗਏ ਹਨ। ਬਰੈਂਪਟਨ ਪੱਛਮੀ ਹਲਕੇ ਤੋਂ ਤੀਜੀ ਵਾਰ ਜਿੱਤੀ ਬੀਬੀ ਕਮਲ ਖੈੜਾ ਬਜ਼ੁਰਗਾਂ ਦੇ ਮਾਮਲਿਆਂ ਦਾ ਕੰਮ ਵੇਖੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 39 ਮੈਂਬਰੀ ਨਵੇਂ ਮੰਤਰੀ ਮੰਡਲ ਵਿੱਚ ਦੇਸ਼ ਦੇ ਸਾਰੇ ਖੇਤਰਾਂ ਅਤੇ ਵਰਗਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਮਾਨਸਿਕ ਬਿਮਾਰੀਆਂ ਤੇ ਨਸ਼ਿਆਂ ਵਿੱਚ ਗ੍ਰਸੇ ਲੋਕਾਂ ਬਾਰੇ ਨਵਾਂ ਮੰਤਰਾਲਾ ਬਣਾ ਕੇ ਉਸਦਾ ਜ਼ਿੰਮਾ ਕੈਰੋਲਿਨ ਬੈਨੇਟ ਨੂੰ ਸੌਂਪਿਆ ਗਿਆ ਹੈ। ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਨਾ ਹੋਣ ਦੇ ਦੋਸ਼ਾਂ ਵਿੱਚ ਘਿਰਦੀ ਰਹੀ ਬਰਦੀਸ਼ ਚੱਗੜ ਨੂੰ ਲਾਂਭੇ ਕਰ ਦਿੱਤਾ ਗਿਆ ਹੈ। ਸਰੀ ਤੋਂ ਚੌਥੀ ਵਾਰ ਜਿੱਤੇ ਸੁੱਖ ਧਾਲੀਵਾਲ ’ਤੇ ਇਸ ਵਾਰ ਵੀ ਗੁਣਾ ਨਹੀਂ ਪਿਆ। ਅਹਿਮਦ ਹੁਸੈਨ ਨੂੰ ਸਮਾਜਿਕ ਵਿਕਾਸ ਦੀ ਥਾਂ ਮਕਾਨ ਉਸਾਰੀ ਵਿਭਾਗ ਦਿੱਤਾ ਗਿਆ ਹੈ। ਕ੍ਰਿਸਟੀਆ ਫਰੀਲੈਂਡ ਪਹਿਲਾਂ ਵਾਂਗ ਹੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਬਣੀ ਰਹੇਗੀ।
Comments (0)