ਜੱਗੀ ਜੋਹਲ, ਬੱਗਾ ਸ਼ੇਰਾ ਅਤੇ ਹੋਰ ਹੋਏ ਦਿੱਲੀ ਅਦਾਲਤ ਅੰਦਰ ਵੀਡੀਓ ਰਾਹੀਂ ਪੇਸ਼

ਜੱਗੀ ਜੋਹਲ, ਬੱਗਾ ਸ਼ੇਰਾ ਅਤੇ ਹੋਰ ਹੋਏ ਦਿੱਲੀ ਅਦਾਲਤ ਅੰਦਰ ਵੀਡੀਓ ਰਾਹੀਂ ਪੇਸ਼

 ਐਨ ਆਈ ਏ ਵਲੋਂ ਮੋਹਾਲੀ ਚਲਦੇ ਕੇਸ ਵੀ ਦਿੱਲੀ ਚਲਾਉਣ ਬਾਰੇ ਕਿਹਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਅੰਦਰ ਹੋਏ ਆਰ ਐਸ ਐਸ ਕਾਰਕੂਨਾਂ ਦੇ ਸੀਰੀਅਲ ਕਤਲਕਾਂਡ ਵਿਚ ਨਾਮਜਦ ਅਤੇ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਖਾੜਕੂ ਜਗਤਾਰ ਸਿੰਘ ਜੱਗੀ ਜ਼ੋਹਲ ਜੋ ਕਿ ਬ੍ਰਿਟਿਸ਼ ਨਾਗਰਿਕ ਹਨ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ, ਰਵੀ ਕਾਲਾ, ਪਹਾੜ ਸਿੰਘ, ਧਰਮਿੰਦਰ ਗੁਗਨੀ, ਅਮਨਿੰਦਰ ਸਿੰਘ ਅਤੇ ਹੋਰਾਂ ਨੂੰ ਅਜ ਵੀਡੀਓ ਕਾਨਫਰੰਸ ਰਾਹੀਂ ਜੱਜ ਪ੍ਰਵੀਨ ਕੁਮਾਰ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ । ਅਜ ਅਦਾਲਤ ਅੰਦਰ ਮਾਮਲੇ ਤੇ ਦੋਸ਼ ਆਇਦ ਕਰਨ ਦੀ ਬਹਿਸ ਹੋਣੀ ਸੀ ਪਰ ਐਨ ਆਈ ਏ ਨੇ ਜੱਜ ਸਾਹਿਬ ਨੂੰ ਕਿਹਾ ਕਿ ਇਨ੍ਹਾਂ ਸਾਰਿਆਂ ਵਿਰੁੱਧ ਜਿਹੜੇ ਦੋ ਕੇਸ ਮੋਹਾਲੀ ਅਦਾਲਤ ਵਿਚ ਚਲ ਰਹੇ ਹਨ ਉਨ੍ਹਾਂ ਨੂੰ ਵੀ ਇਨ੍ਹਾਂ ਕੇਸਾਂ ਨਾਲ ਸੁਣਵਾਈ ਕਰਨ ਲਈ ਕਿ ਸਾਰੇ ਕੇਸ ਦਿੱਲੀ ਦੀ ਅਦਾਲਤ ਅੰਦਰ ਚਲਾਏ ਜਾਣ ਅਸੀ ਸੁਪਰੀਮ ਕੋਰਟ ਵਿਚ ਅਪੀਲ ਲਗਾਈ ਹੋਈ ਹੈ ਜਿਸ ਦੀ ਸੁਣਵਾਈ 18 ਅਕਤੂਬਰ ਨੂੰ ਹੋਣੀ ਹੈ, ਜਿਸ ਕਰਕੇ ਸਾਨੂੰ ਹੋਰ ਸਮੇਂ ਦੀ ਮੋਹਲਤ ਦਿੱਤੀ ਜਾਏ, ਜਿਸਦਾ ਵਿਰੋਧ ਕਰਦਿਆਂ ਸਿੰਘਾਂ ਵਲੋਂ ਪੇਸ਼ ਹੋਏ ਵਕੀਲਾਂ ਨੇ ਤਰਕ ਦਿਤਾ ਕਿ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਇਸ ਮਾਮਲੇ ਵਿਚ ਸੁਪਰੀਮ ਕੋਰਟ ਅੰਦਰ ਇਕ ਵੀ ਸੁਣਵਾਈ ਨਹੀਂ ਹੋਈ ਹੈ ਜਿਸ ਤੇ ਜੱਜ ਸਾਹਿਬ ਨੇ ਐਨ ਆਈ ਏ ਨੂੰ ਹੋਰ ਸਮਾਂ ਦੇਂਦਿਆਂ ਅਗਲੀ ਤਰੀਕ ਪਾ ਦਿੱਤੀ । ਅਦਾਲਤ ਨੇ ਐਨ ਆਈ ਏ ਨੂੰ ਕਿਹਾ ਕਿ ਜ਼ੇਕਰ ਅਗਲੀ ਤਰੀਕ ਤਕ ਮੋਹਾਲੀ ਚਲਦੇ ਦੋ ਕੇਸ ਦਿੱਲੀ ਬਦਲੀ ਹੋ ਗਏ ਤਾਂ ਚਲ ਰਹੇ ਛੇਹਾਂ ਕੇਸਾਂ ਨਾਲਉਨ੍ਹਾਂ ਕੇਸਾਂ ਦੀ ਵੀ ਸੁਣਵਾਈ ਹੋਵੇਗੀ ਜ਼ੇਕਰ ਕਿਸੇ ਵਜਹ ਕਰਕੇ ਕੇਸ ਨਹੀਂ ਬਦਲੀ ਹੋ ਪਾਂਦੇ ਤਾਂ ਚਲ ਰਹੇ ਛੇਹ ਕੇਸਾਂ ਦੀ ਸੁਣਵਾਈ ਕੀਤੀ ਜਾਏਗੀ । ਸਿੰਘਾਂ ਵਲੋਂ ਅਦਾਲਤ ਅੰਦਰ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ, ਭਾਈ ਪਰਮਜੀਤ ਸਿੰਘ, ਅਮਿਤ ਭਾਰਦਵਾਜ ਅਤੇ ਬਨਕੀਮ ਕੁਲਸ਼ਰੇਸ਼ਥਾ ਪੇਸ਼ ਹੋਏ ਸਨ । ਜਿਕਰਯੋਗ ਹੈ ਕਿ ਚਲ ਰਹੇ ਛੇਹ ਮਾਮਲਿਆਂ ਦੀ ਸੁਣਵਾਈ ਲਈ 6/7/8 ਅਕਤੂਬਰ ਤੈਅ ਕੀਤੀ ਗਈ ਸੀ ਪਰ ਅਜ ਦੀ ਸੁਣਵਾਈ ਵਿਚ ਅਗਲੀਆਂ ਤਰੀਕਾਂ ਪੈਣ ਕਰਕੇ 7/8 ਦੀ ਸੁਣਵਾਈ ਰੱਦ ਕਰ ਦਿੱਤੀ ਗਈ ਸੀ । ਮਾਮਲੇ ਦੀ ਅਗਲੀ ਸੁਣਵਾਈ 10/11/12/13 ਜਨਵਰੀ ਨੂੰ ਹੋਵੇਗੀ ।