ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਵੇਲੇ ਪਾਵਨ ਦਰਬਾਰ ਦੇ ਅੰਦਰ ਬੇਅਦਬੀ

 ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਵੇਲੇ ਪਾਵਨ ਦਰਬਾਰ ਦੇ ਅੰਦਰ ਬੇਅਦਬੀ

 *ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਆਉਣ ਤੇ ਇੱਕ ਮੋਨੇ ਵਿਅਕਤੀ ਨੇ ਰਾਗੀ ਸਿੰਘਾਂ ਵੱਲ ਸਿਗਰਟ ਦਾ ਧੂੰਆਂ ਛੱਡਿਆ

  *ਪੁਲਿਸ ਵਲੋਂ ਕਾਬੂ  ਦੋਸ਼ੀ ਖ਼ਿਲਾਫ਼ ਧਾਰਾ 295-ਏ ਤਹਿਤ ਮਾਮਲਾ ਦਰਜ 

   *ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਘਟਨਾ ਪਿਛੇ ਡੇਰਾ ਸੌਦਾ ਸਾਧ ਦਾ ਹਥ

   ਅੰਮ੍ਰਿਤਸਰ ਟਾਈਮਜ਼ ਬਿਉਰੋ

 ਅਨੰਦਪੁਰ ਸਾਹਿਬ-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਦਰਬਾਰ ਸਾਹਿਬ ਦੇ ਅੰਦਰ ਅੰਮ੍ਰਿਤ ਵੇਲੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਆ ਰਹੀ ਸੀ ਤਾਂ ਇੱਕ ਮੋਨੇ ਵਿਅਕਤੀ ਵਲੋਂ ਸਿਗਰਟ ਪੀਣ ਉਪਰੰਤ ਰਾਗੀ ਸਿੰਘਾਂ ਵੱਲ ਸਿਗਰਟ ਦਾ ਧੂੰਆਂ ਛੱਡਣ ਨਾਲ ਬੇਅਦਬੀ ਦੀ ਘਟਨਾ ਵਾਪਰੀ ਹੈ। ਦੋਸ਼ੀ ਨੂੰ ਮੌਕੇ 'ਤੇ ਹਾਜ਼ਰ ਟਾਸਕ ਫੋਰਸ ਤੇ ਸਾਦੇ ਕੱਪੜਿਆਂ 'ਚ ਤਾਇਨਾਤ ਪੁਲਿਸ ਕਰਮਚਾਰੀਆਂ ਵਲੋਂ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵਲੋਂ ਕਾਬੂ ਵਿਅਕਤੀ ਖ਼ਿਲਾਫ਼ ਧਾਰਾ 295-ਏ ਤਹਿਤ ਮਾਮਲਾ ਦਰਜ ਕਰਕੇ ਸਥਾਨਕ ਨਿਆਇਕ ਮੈਜਿਸਟ੍ਰੇਟ ਪਹਿਲਾ ਦਰਜਾ ਮੈਡਮ ਗਰੀਮਾ ਗੁਪਤਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵਲੋਂ ਕਥਿਤ ਦੋਸ਼ੀ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਦਿਆਂ 16 ਸਤੰਬਰ ਨੂੰ ਅਗਲੀ ਪੇਸ਼ੀ ਮੁਕੱਰਰ ਕਰ ਦਿੱਤੀ ਹੈ। ਕਥਿਤ ਦੋਸ਼ੀ ਦੀ ਪਹਿਚਾਣ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਮੁਹੱਲਾ ਮਹਾਰਾਜ ਨਗਰ ਲੁਧਿਆਣਾ ਵਜੋਂ ਹੋਈ ਹੈ।  ਵੇਰਵਿਆਂ ਅਨੁਸਾਰ ਕਥਿਤ ਦੋਸ਼ੀ ਨੇ ਦਰਬਾਰ ਸਾਹਿਬ ਅੰਦਰ ਹੀ ਸਿਗਰਟ ਪੀ ਕੇ ਰਹਿੰਦੀ ਸਿਗਰਟ ਰਾਗੀ ਸਿੰਘਾਂ ਵੱਲ ਸੁੱਟ ਦਿੱਤੀ। ਇਸ 'ਤੇ ਦਰਬਾਰ ਸਾਹਿਬ ਅੰਦਰ ਤਾਇਨਾਤ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ, ਸੇਵਾਦਾਰ ਅਤੇ ਸਾਦਾ ਵਰਦੀ ਪੁਲਿਸ ਕਰਮਚਾਰੀਆਂ ਨੇ ਦੋਸ਼ੀ ਨੂੰ ਕਾਬੂ ਕਰ ਕੇ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ, ਐਸ. ਪੀ. ਰੂਪਨਗਰ ਜਾਂਚ ਅਜਿੰਦਰ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ। ਦੋਸ਼ੀ ਕੋਲੋਂ ਪੁੱਛਗਿੱਛ ਲਈ ਪੰਜਾਬ ਪੁਲਿਸ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਇੱਕ ਪੰਜ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜੋ ਦੋਸ਼ੀ ਦੀ ਪੁੱਛਗਿੱਛ ਦੌਰਾਨ ਪੁਲਿਸ ਦੀ ਟੀਮ ਦੇ ਨਾਲ ਮੌਜੂਦ ਹੋਵੇਗੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ, ਦਲਜੀਤ ਸਿੰਘ ਭਿੰਡਰ ਨੇ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਕਾਨੂੰਨ ਵਿਵਸਥਾ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਉਦਿਆਂ ਕਿਹਾ ਹੈ ਕਿ ਹੁਣ ਗੁਰੂ ਸਾਹਿਬ ਦੇ ਸਤਿਕਾਰ ਦੀ ਬਹਾਲੀ ਲਈ ਸਿੱਖਾਂ ਨੂੰ ਖ਼ੁਦ ਫ਼ੈਸਲੇ ਲੈਣੇ ਪੈਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਘਟਨਾਵਾਂ ਪਿੱਛੇ ਸਿੱਖ ਵਿਰੋਧੀ ਤਾਕਤਾਂ ਦਾ ਹੱਥ ਹੈ।ਬੇਅਦਬੀ ਦੀ ਵਾਪਰੀ ਉਕਤ ਘਟਨਾ ਉਪਰੰਤ ਸਿੱਖ ਸੰਗਤਾਂ 'ਚ ਭਾਰੀ ਰੋਸ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਇਹ ਪ੍ਰਬੰਧਕਾਂ ਦੀ ਨਾਕਾਮੀ ਕਾਰਨ ਵਾਪਰੀ ਘਟਨਾ ਹੈ। ਇਸੇ ਦੌਰਾਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਉਕਤ ਘਟਨਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਅਜਿਹੇ ਘਿਨੌਣੇ ਜੁਰਮ ਕਰਨ ਵਾਲੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। 

ਮੁਲਜ਼ਮ 'ਤੇ ਧਾਰਮਿਕ ਅਸਥਾਨ 'ਤੇ ਨਾਜਾਇਜ਼ ਕਬਜ਼ਾ ਕਰਨ ਦਾ ਹੈ ਮਾਮਲਾ ਦਰਜ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਦੇ ਦੋਸ਼ੀ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਹਾਰਾਜ ਨਗਰ ਲੁਧਿਆਣਾ 'ਤੇ 24 ਸਤੰਬਰ, 2020 ਨੂੰ ਥਾਣਾ ਨੂਰਪੁਰ ਬੇਦੀ ਨਾਲ ਸਬੰਧਿਤ ਪਿੰਡ ਖੱਡ ਰਾਜਗਿਰੀ ਵਿਖੇ ਗੁਰਦੁਆਰਾ ਸਿੰਘ ਸ਼ਹੀਦਾਂ ਜੋੜ ਖੂਹੀਆਂ ਵਿਖੇ ਗਗਨਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਲੁਧਿਆਣਾ ਦੇ ਨਾਲ ਟਰੈਕਟਰ ਟਰਾਲੀਆਂ 'ਤੇ ਸਵਾਰ ਹੋ ਕੇ ਨਾਜਾਇਜ਼ ਅਸਲ੍ਹੇ ਸਮੇਤ 9-10 ਵਿਅਕਤੀਆਂ ਵਲੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜ਼ਿਲ੍ਹਾ ਰੂਪਨਗਰ ਮੁੱਖ ਥਾਪੇ ਗਏ ਜਥੇਦਾਰ ਮਲੂਕ ਸਿੰਘ ਲਾਡੀ ਦੇ ਬਿਆਨਾਂ 'ਤੇ ਇਨ੍ਹਾਂ ਕਥਿਤ ਦੋਸ਼ੀਆਂ ਜਿਨ੍ਹਾਂ 'ਚ ਗਮਲਜੀਤ ਸਿੰਘ, ਗਗਨਦੀਪ ਸਿੰਘ, ਪਰਮਜੀਤ ਸਿੰਘ, ਹਰੀ ਸਿੰਘ ਅਤੇ ਦਾਨ ਸਿੰਘ ਹੋਰਨਾਂ ਖ਼ਿਲਾਫ਼ ਧਾਰਾ 323, 447, 448, 148, 149, 506, 120ਬੀ ਅਤੇ ਅਸਲ੍ਹਾ ਕਾਨੂੰਨ ਤਹਿਤ 184 ਨੰਬਰ ਐਫ.ਆਈ.ਆਰ. ਦਰਜ ਹੈ। ਪਤਾ ਲੱਗਾ ਹੈ ਕਿ ਅੱਜ ਕਥਿਤ ਦੋਸ਼ੀ ਪਰਮਜੀਤ ਸਿੰਘ ਦੀ ਉਕਤ ਮਾਮਲੇ 'ਚ ਵੀ ਸਥਾਨਕ ਅਦਾਲਤ 'ਚ ਪੇਸ਼ੀ ਵੀ ਸੀ। ਪੁਲਿਸ ਨੂੰ ਪਰਮਜੀਤ ਸਿੰਘ ਦੀ ਇਨੋਵਾ ਕਾਰ ਤਖ਼ਤ ਸਾਹਿਬ ਦੇ ਸਾਹਮਣੇ ਸਥਿਤ ਪਾਰਕਿੰਗ 'ਚ ਖੜ੍ਹੀ ਮਿਲੀ ਹੈ।

  ਬੀਬੀ ਜਗੀਰ ਕੌਰ ਵਲੋਂ ਘਟਨਾ ਦੀ ਸਖ਼ਤ ਨਿੰਦਾ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕੀਤੇ ਜਾਣ ਦੀ ਵਾਪਰੀ ਮੰਦਭਾਗੀ ਘਟਨਾ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਖ਼ਤ ਨਿੰਦਾ ਕੀਤੀ ਹੈ।  ਉਨ੍ਹਾਂ ਕਿਹਾ ਕਿ ਕੁਝ ਸਿੱਖ ਵਿਰੋਧੀ ਸ਼ਕਤੀਆਂ ਨੀਚ ਹਰਕਤਾਂ ਕਰਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨਾ ਚਾਹੁੰਦੀਆਂ ਹਨ ਤੇ ਇਸ ਲਈ ਵੱਖ-ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਵਿਅਕਤੀ ਤੋਂ ਇਸ ਘਟਨਾ ਦੇ ਪਿੱਛੇ ਦੀ ਮਨਸ਼ਾ ਦਾ ਪਤਾ ਲਗਾ ਕੇ ਇਸ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸੰਗਤਾਂ ਸਾਹਮਣੇ ਲਿਆਂਦਾ ਜਾਵੇ।

 ਦੋਸ਼ੀ ਸੌਦਾ ਸਾਧ ਤੇ ਉਸਦੇ ਚੇਲੇ -ਗਿਆਨੀ ਹਰਪ੍ਰੀਤ ਸਿੰਘ

 ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਤੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਗੁਰੂ ਘਰਾਂ ਵਿਚ ਅਜਿਹੀਆਂ ਘਿਨਾਉਣੀਆਂ ਹਰਕਤਾਂ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਅਕਾਲ ਤਖ਼ਤ ਸਕੱਤਰੇਤ ਤੋਂ ਨਿੱਜੀ ਸਹਾਇਕ ਵਲੋਂ ਜਾਰੀ ਬਿਆਨ ਵਿਚ ਕਿਹਾ ਕਿ ਅਜਿਹੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਜੇਕਰ ਪ੍ਰਸ਼ਾਸਨ ਵਲੋਂ ਇਸ ਮਾਮਲੇ 'ਚ ਕਿਸੇ ਕਿਸਮ ਦੀ ਕੋਈ ਢਿੱਲ ਵਰਤੀ ਗਈ ਤਾਂ ਖ਼ਾਲਸਾ ਪੰਥ ਇਸ ਨੂੰ ਪ੍ਰਵਾਨ ਨਹੀਂ ਕਰੇਗਾ।  ਉਹਨਾਂ ਕਿਹਾ ਕਿ ਮੁਢਲੀ ਜਾਂਚ ਵਿਚ      ਸਾਹਮਣੇਂ ਆਇਆ ਹੈ ਕਿ ਦੋਸ਼ੀ ਸੌਦਾ ਸਾਧ ਦਾ ਖਾਸ ਚੇਲਾ ਹੈ।ਇਸ ਘਟਨਾ  ਪਿਛੇ ਡੇਰਾ  ਸੌਦਾ ਦਾ ਹਥ ਹੈ।