ਮਾਮਲਾ ਯੂਨੀਅਨ ਆਗੂਆਂ ਵਲੋਂ ਕੈਪਟਨ ਦਾ ਮੂੰਹ ਮਿੱਠਾ ਕਰਵਾਉਣ ਦਾ

ਮਾਮਲਾ ਯੂਨੀਅਨ ਆਗੂਆਂ ਵਲੋਂ ਕੈਪਟਨ ਦਾ ਮੂੰਹ ਮਿੱਠਾ ਕਰਵਾਉਣ ਦਾ

* ਕੁਝ ਕਿਸਾਨ ਆਗੂਆਂ ਨੇ ਪ੍ਰਗਟਾਇਆ ਰੋਸ

ਅੰਮ੍ਰਿਤਸਰ ਟਾਈਮਜ਼ ਬਿਉਰੋ

ਜਲੰਧਰ- ਗੰਨੇ ਦੇ ਮੁੱਲ ਨੂੰ ਲੈ ਕੇ ਚੱਲ ਰਹੇ ਰੇੜਕੇ ਸਬੰਧੀ ਬੀਤੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਗੰਨੇ ਦਾ ਮੁੱਲ 360 ਰੁਪਏ ਕਰਨ 'ਤੇ ਸਹਿਮਤੀ ਬਣਨ ਉਪਰੰਤ ਜਿਸ ਤਰ੍ਹਾਂ ਕਿਸਾਨ ਆਗੂਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ, ਉਸ ਦੀ ਕੁਝ ਕਿਸਾਨ ਆਗੂਆਂ ਨੇ ਆਲੋਚਨਾ ਕੀਤੀ ਹੈ ।ਇਨ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਗੰਨੇ ਦਾ ਲਾਗਤ ਮੁੱਲ ਵੀ ਨਹੀਂ ਦਿੱਤਾ ਗਿਆ ।ਇਸ ਦੇ ਨਾਲ ਹੀ ਇਹ ਮੁੱਲ ਵੀ ਕਿਸਾਨ ਜਥੇਬੰਦੀਆਂ ਵਲੋਂ ਲੜੇ ਗਏ ਸੰਘਰਸ਼ ਦਾ ਸਿੱਟਾ ਹੈ ।ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਇਥੇ ਹੀ ਖ਼ਤਮ ਨਹੀਂ ਹੁੰਦੀ ਅਜੇ ਦਿੱਲੀ ਦੇ ਮੋਰਚਿਆਂ 'ਤੇ ਸੰਘਰਸ਼ ਲੜਿਆ ਜਾ ਰਿਹਾ ਹੈ । ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਗੱਲ ਕਰਦਿਆਂ ਕਿਹਾ ਕਿ ਇਹ ਜਸ਼ਨ ਤਾਂ ਜਾਇਜ਼ ਠਹਿਰਾਏ ਜਾ ਸਕਦੇ ਸਨ, ਜੇਕਰ ਕੈਪਟਨ ਸਰਕਾਰ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਖੁਦ ਗੰਨੇ ਦਾ ਰੇਟ 470 ਰੁਪਏ ਐਲਾਨ ਕਰਦੀ ।ਪਰ ਅਜਿਹਾ ਨਹੀਂ ਹੋਇਆ ਤੇ ਇਹ ਮੁੱਲ ਕਿਸਾਨਾਂ ਵਲੋਂ ਅੰਦੋਲਨ ਕਰਕੇ ਹਾਸਲ ਕੀਤਾ ਗਿਆ ਹੈ ਤੇ ਇਸ ਵਿਚ ਸਰਕਾਰ ਦੀ ਕੋਈ ਦੇਣ ਨਹੀਂ ਹੈ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਜੇ ਤੱਕ ਉਨ੍ਹਾਂ ਦੀ ਲਾਗਤ ਨਹੀਂ ਮਿਲ ਸਕੀ ਹੈ ਤੇ ਇਸ ਸਬੰਧੀ ਲੜਾਈ ਅਜੇ ਲੜੀ ਜਾਣੀ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਤਾਂ ਕਿਸਾਨਾਂ ਨੂੰ ਲਾਗਤ ਮੁੱਲ ਸਬੰਧੀ ਚੈਲਿੰਜ ਕੀਤਾ ਸੀ, ਜਿਸ ਨੂੰ ਕਬੂਲਦਿਆਂ ਕਿਸਾਨ ਆਗੂਆਂ ਨੇ ਆਪਣੇ ਤੱਥਾਂ ਦੇ ਆਧਾਰ 'ਤੇ 470 ਰੁਪਏ ਸਾਬਤ ਕਰ ਦਿੱਤਾ ਸੀ ।ਇਸ ਸਾਰੇ ਮਾਮਲੇ ਨੂੰ ਧਿਆਨ 'ਚ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਗੰਨੇ ਦਾ ਮੁੱਲ 470 ਰੁਪਏ ਹੀ ਦੇਣਾ ਚਾਹੀਦਾ ਸੀ ।