'ਆਕਸੀਜਨ ਦੀ ਕਮੀ ਕਾਰਨ ਕੋਈ ਮੌਤ ਨਹੀਂ' ਦੇ ਬਿਆਨ 'ਤੇ ਫਸੀ ਕੇਂਦਰ ਸਰਕਾਰ
ਵਿਰੋਧੀ ਧਿਰਾਂ ਵਲੋਂ ਤਿੱਖਾ ਪ੍ਰਤੀਕਰਮ ,ਸਰਕਾਰ ਨੂੰ ਨਿਸ਼ਾਨੇ 'ਤੇ ਲਿਆ
ਮੀਡੀਆ ਦਸਤਾਵੇਜਾਂ ਰਾਹੀਂ ਸਰਕਾਰ ਦਾ ਹੋਇਆ ਪਰਦਾਫਾਸ਼
ਅੰਮ੍ਰਿਤਸਰ ਟਾਈਮਜ਼ ਬਿਉਰੋ
ਨਵੀਂ ਦਿੱਲੀ-ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਕੁਮਾਰ ਵਲੋਂ ਆਕਸੀਜਨ ਦੀ ਕਮੀ ਨਾਲ ਕੋਈ ਮੌਤ ਨਹੀਂ ਹੋਣ ਦਾ ਲਿਖਤੀ ਬਿਆਨ ਦੇਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਤਿੱਖੇ ਪ੍ਰਤੀਕਰਮ ਕਰਦਿਆਂ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ । ਦੂਜੇ ਪਾਸੇ ਦੋਸ਼ਾਂ 'ਚ ਘਿਰੀ ਸਰਕਾਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਿਹਤ ਰਾਜਾਂ ਦਾ ਵਿਸ਼ਾ ਹੈ ।ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਇਸ ਬਿਆਨ ਦੀ ਖ਼ਬਰ ਨੂੰ ਟੈਗ ਕਰਦਿਆਂ ਕਿਹਾ ਕਿ ਸਿਰਫ਼ ਆਕਸੀਜਨ ਦੀ ਕਮੀ ਨਹੀਂ ਸੀ, ਸੰਵੇਦਨਸ਼ੀਲਤਾ ਅਤੇ ਸੱਚ ਦੀ ਭਾਰੀ ਕਮੀ ਉਦੋਂ ਵੀ ਸੀ, ਅੱਜ ਵੀ ਹੈ । ਰਾਜ ਸਭਾ ਸੰਸਦ ਮੈਂਬਰ ਕੇ. ਵੇਨੂਗੋਪਾਲ ਵਲੋਂ ਇਹ ਲਿਖਤੀ ਸਵਾਲ ਪੁੱਛਿਆ ਗਿਆ ਸੀ ਕਿ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਾਰਨ ਕਿੰਨੀਆਂ ਮੌਤਾਂ ਹੋਈਆਂ, ਜਿਸ 'ਤੇ ਸਿਹਤ ਰਾਜ ਮੰਤਰੀ ਨੇ ਕੋਈ ਵੀ ਮੌਤ ਨਾ ਹੋਣ ਦਾ ਜਵਾਬ ਦਿੱਤਾ ਸੀ, ਹਾਲਾਂਕਿ ਉਨ੍ਹਾਂ ਆਕਸੀਜਨ ਦੀ ਮੰਗ 'ਚ ਤਿੱਗਣੇ ਤੋਂ ਵੱਧ ਵਾਧਾ ਹੋਣ ਦੀ ਗੱਲ ਪ੍ਰਵਾਨ ਕੀਤੀ ਸੀ । ਵੇਨੂਗੋਪਾਲ ਨੇ ਕਿਹਾ ਕਿ ਮੰਤਰੀ ਨੇ ਸਦਨ ਨੂੰ ਗੁੰਮਰਾਹ ਕੀਤਾ ਹੈ । ਉਨ੍ਹਾਂ ਕਿਹਾ ਕਿ ਉਹ ਮੰਤਰੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਤਾ ਪੇਸ਼ ਕਰਨਗੇ ।ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਸ਼ਿਵ ਸੈਨਾ ਨੇ ਵੀ ਸਰਕਾਰ ਦੇ ਇਸ ਬਿਆਨ ਦੇ ਗੁੰਮਰਾਹਕੁੰਨ ਹੋਣ ਦਾ ਦਾਅਵਾ ਕੀਤਾ ।ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸਿਹਤ ਰਾਜ ਮੰਤਰੀ ਦੇ ਬਿਆਨ ਦੀ ਨਿਖੇਧੀ ਕੀਤੀ | ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਨੇ ਕੇਂਦਰ 'ਤੇ ਆਪਣੀ ਕਮੀ ਛੁਪਾਉਣ ਲਈ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਦੀ ਨੀਤੀ ਬਹੁਤ ਹੀ ਵਿਨਾਸ਼ਕਾਰੀ ਹੈ ।ਸਤੇਂਦਰ ਜੈਨ ਨੇ ਤਨਜ਼ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤਾਂ ਇਹ ਵੀ ਕਹਿ ਸਕਦੀ ਹੈ ਕਿ ਦੇਸ਼ 'ਚ ਕੋਈ ਮਹਾਂਮਾਰੀ ਆਈ ਹੀ ਨਹੀਂ ।ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਉਤ ਨੇ ਸਰਕਾਰ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਅਜਿਹੇ ਝੂਠੇ ਬਿਆਨ ਦੇਣ 'ਤੇ ਸਰਕਾਰ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ ।ਦੂਜੇ ਪਾਸੇ ਬਚਾਅ ਦੀ ਮੁਦਰਾ 'ਚ ਆਈ ਸਰਕਾਰ ਨੇ ਸਿਹਤ ਨੂੰ ਰਾਜਾਂ ਦਾ ਵਿਸ਼ਾ ਦੱਸਦਿਆਂ ਕਿਹਾ ਕਿ ਕਿਸੇ ਵੀ ਰਾਜ ਨੇ ਆਕਸੀਜਨ ਦੀ ਕਮੀ ਨੂੰ ਲੈ ਕੇ ਮੌਤ ਦਾ ਕੋਈ ਅੰਕੜਾ ਨਹੀਂ ਭੇਜਿਆ । ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਉਨ੍ਹਾਂ ਦੇ ਰਾਜ 'ਚ ਆਕਸੀਜਨ ਦੀ ਕਮੀ ਨੂੰ ਲੈ ਕੇ ਮੌਤ ਹੋਈ ਹੈ ।
ਇਥੇ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਮਹਾਂਮਾਰੀ ਦੌਰਾਨ ਯੋਗੀ ਆਦਿੱਤਿਆਨਾਥ ਦੀ ਪ੍ਰਸੰਸਾ ਦੇ ਉਹ ਸੋਹਲੇ ਗਾਏ ਕਿ ਗੰਗਾ 'ਚ ਤੈਰਦੀਆਂ ਤੇ ਕੰਢਿਆਂ ਉੱਤੇ ਦਫ਼ਨ ਲਾਸ਼ਾਂ ਦੀਆਂ ਤਸਵੀਰਾਂ ਵੀ ਸ਼ਰਮਸ਼ਾਰ ਹੋ ਗਈਆਂ । ਲੋਕਤੰਤਰ ਵਿੱਚ ਸੰਸਦ ਸਭ ਤੋਂ ਉੱਚੀ ਤੇ ਮਹੱਤਵਪੂਰਨ ਸੰਸਥਾ ਹੁੰਦੀ ਹੈ | ਹਰ ਕਿਸੇ, ਖਾਸ ਕਰ ਸੱਤਾ ਪੱਖ ਦੇ ਮੈਂਬਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਦਨ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਆਪਣੇ ਵੱਲੋਂ ਕਹੇ ਗਏ ਹਰ ਸ਼ਬਦ ਨੂੰ ਹਕੀਕਤ ਦੀ ਕਸਵੱਟੀ ਉੱਤੇ ਪਰਖਣ ਤੋਂ ਬਾਅਦ ਹੀ ਗੱਲ ਕਹਿਣਗੇ, ਪਰ ਮੌਜੂਦਾ ਹਾਕਮ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸੰਸਦ ਵਿੱਚ ਵੀ ਝੂਠ ਬੋਲਣ ਤੋਂ ਬਾਜ਼ ਨਹੀਂ ਆ ਰਹੇ ।20 ਜੁਲਾਈ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਕੋਰੋਨਾ ਮਹਾਂਮਾਰੀ ਵਿੱਚ ਆਕਸੀਜਨ ਦੀ ਕਮੀ ਨਾਲ ਕੋਈ ਮੌਤ ਨਹੀਂ ਹੋਈ । ਉਨ੍ਹਾ ਇਹ ਵੀ ਕਿਹਾ ਕਿ ਸਿਹਤ ਸੂਬਿਆਂ ਦੇ ਅਧੀਨ ਹੈ, ਉਨ੍ਹਾਂ ਇਸ ਸੰਬੰਧੀ ਕੋਈ ਸੂਚਨਾ ਨਹੀਂ ਦਿੱਤੀ । ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਰਾਜਾਂ ਨੇ ਅਜਿਹੇ ਵੱਖਰੇ ਅੰਕੜੇ ਨਹੀਂ ਦਿੱਤੇ, ਕੀ ਕੇਂਦਰ ਸਰਕਾਰ ਨੂੰ ਦੂਜੀ ਲਹਿਰ ਦੌਰਾਨ ਆਕਸੀਜਨ ਲਈ ਤੜਫਦੇ ਤੇ ਹਸਪਤਾਲਾਂ ਦੇ ਗੇਟਾਂ 'ਤੇ ਦਮ ਤੋੜਦੇ ਲੋਕਾਂ ਦੀਆਂ ਚੀਕਾਂ ਵੀ ਭੁੱਲ ਗਈਆਂ ਹਨ ।
ਅਪ੍ਰੈਲ-ਮਈ 2021 ਦੌਰਾਨ ਟੀ ਵੀ ਚੈਨਲਾਂ ਉਤੇ ਲਗਾਤਾਰ ਆਕਸੀਜਨ ਨਾ ਮਿਲਣ ਕਾਰਨ ਹਸਪਤਾਲਾਂ ਵਿੱਚ ਮਰ ਰਹੇ ਮਰੀਜ਼ਾਂ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਸਨ ।30 ਅਪ੍ਰੈਲ ਨੂੰ ਗੁਰੂਗਰਾਮ ਦੇ ਕ੍ਰਿਤੀ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਆਈ ਸੀ ਯੂ ਵਿੱਚ 6 ਕੋਰੋਨਾ ਮਰੀਜ਼ ਦਮ ਤੋੜ ਗਏ ।ਹਸਪਤਾਲ ਦੇ ਡਾਕਟਰ ਤੇ ਸਟਾਫ਼ ਮੈਂਬਰ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਹਮਲੇ ਤੋਂ ਡਰਦੇ ਭੱਜ ਗਏ ਸਨ । 1 ਮਈ ਨੂੰ ਦਿੱਲੀ ਦੇ ਬੱਤਰਾ ਹਸਪਤਾਲ ਵਿੱਚ ਇੱਕ ਡਾਕਟਰ ਸਮੇਤ 8 ਮਰੀਜ਼ਾਂ ਨੇ ਦਮ ਤੋੜ ਦਿੱਤਾ ਸੀ । ਹਸਪਤਾਲ ਦੇ ਅਧਿਕਾਰੀਆਂ ਨੇ ਦਿੱਲੀ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਦੱਸਿਆ ਸੀ ਕਿ ਹਸਪਤਾਲ ਵਿੱਚ 80 ਮਿੰਟ ਤੱਕ ਆਕਸੀਜਨ ਨਹੀਂ ਸੀ । 23 ਅਪ੍ਰੈਲ ਨੂੰ ਦਿੱਲੀ ਦੇ ਗੋਲਡਨ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਕਾਰਨ 20 ਮਰੀਜ਼ਾਂ ਦੀ ਮੌਤ ਹੋ ਗਈ ਸੀ । ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਆਕਸੀਜਨ ਸਪਲਾਈ ਲਈ ਦਿੱਲੀ ਹਾਈਕੋਰਟ ਵਿੱਚ ਅਰਜ਼ੀ ਦਿੱਤੀ ਸੀ ।ਮੀਡੀਆ ਰਿਪੋਰਟਾਂ ਮੁਤਾਬਕ 12 ਮਈ ਤੱਕ ਆਕਸੀਜਨ ਦੀ ਕਮੀ ਕਾਰਨ 200 ਮਰੀਜ਼ ਮਾਰੇ ਗਏ ਸਨ । ਇਸ ਤੋਂ ਬਿਨਾਂ ਅਨੇਕਾਂ ਉਨ੍ਹਾਂ ਲੋਕਾਂ ਦੀਆਂ ਵੀਡੀਓਜ਼ ਵੱਖ-ਵੱਖ ਨਿਊਜ਼ ਵੈੱਬਸਾਈਟਾਂ ਕੋਲ ਮੌਜੂਦ ਹਨ, ਜਿਨ੍ਹਾਂ ਦੇ ਸੰਬੰਧੀ ਆਕਸੀਜਨ ਦੀ ਕਮੀ ਕਾਰਨ ਦਮ ਤੋੜ ਗਏ ਸਨ ।ਇੱਕ ਵੀਡੀਓ ਵਿੱਚ ਯੂਟਿਊਬਰ ਰਾਹੁਲ ਵੋਹਰਾ ਹਸਪਤਾਲ ਦੇ ਬੈੱਡ ਉੱਤੇ ਪਿਆ ਹੱਥ ਵਿੱਚ ਗੈਸ ਮਾਸਕ ਫੜੀ ਹਫਦਾ ਹੋਇਆ ਤਰਲੇ ਕਰ ਰਿਹਾ ਹੈ ਕਿ ਇਸ ਵਿੱਚ ਕੁਝ ਵੀ ਨਹੀਂ ਆ ਰਿਹਾ । ਉਸ ਦੀ 9 ਮਈ ਨੂੰ ਮੌਤ ਹੋ ਗਈ ਸੀ | ਉਸ ਨੇ ਆਪਣੀ ਆਖਰੀ ਫੇਸਬੁੱਕ ਪੋਸਟ ਉੱਤੇ ਲਿਖਿਆ ਸੀ, ਜੇਕਰ ਮੈਨੂੰ ਇਲਾਜ ਮਿਲ ਜਾਂਦਾ ਤਾਂ ਮੈਂ ਬਚ ਸਕਦਾ ਸੀ । ਸਿਹਤ ਮੰਤਰੀ ਨੂੰ ਪੁੱਛਿਆ ਜਾ ਸਕਦਾ ਹੈ ਕਿ ਕੀ ਰਾਹੁਲ ਵੋਹਰਾ ਮਰਨ ਵੇਲੇ ਝੂਠ ਬੋਲ ਰਿਹਾ ਸੀ?
ਅੰਮਿ੍ਤਸਰ ਟਾਈਮਜ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਆਕਸੀਜਨ ਦੀ ਕਮੀ ਦਾ ਸਾਰਾ ਭਾਂਡਾ ਸੂਬਿਆਂ ਉੱਤੇ ਸੁੱਟ ਕੇ ਆਪ ਸੁਰਖਰੂ ਹੋਣਾ ਚਾਹੁੰਦੀ ਹੈ । ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਕੋਰੋਨਾ ਮੌਤਾਂ ਦਾ ਅੰਕੜਾ ਸੂਬੇ ਬਣਾਉਂਦੇ ਹਨ ਤੇ ਕੇਂਦਰ ਸਿਰਫ਼ ਇਕੱਠੇ ਕਰਦਾ ਹੈ । ਸੱਚ ਇਹ ਹੈ ਕਿ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਜਦੋਂ ਕੋਰੋਨਾ ਨਾਲ ਲੜਨ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਨੇ ਓਟ ਲਈ ਸੀ, ਤਾਂ ਇਹ ਉਸ ਦੀ ਜ਼ਿੰਮੇਵਾਰੀ ਸੀ ਕਿ ਉਹ ਰਾਜਾਂ ਨੂੰ ਆਕਸੀਜਨ ਦੀ ਕਮੀ ਨਾਲ ਮਰਨ ਵਾਲੇ ਮਰੀਜ਼ਾਂ ਦੇ ਵੱਖਰੇ ਅੰਕੜੇ ਦੇਣ ਲਈ ਹਦਾਇਤ ਦਿੰਦਾ । ਅਸਲ ਵਿੱਚ ਕੇਂਦਰ ਸਰਕਾਰ ਚਾਹੁੰਦੀ ਨਹੀਂ ਸੀ ਕਿ ਉਸ ਦੀ ਨਾਕਾਮੀ ਤੋਂ ਪਰਦਾ ਉੱਠੇ । ਇਸ ਦਾ ਪਰਦਾ ਫਾਸ਼ ਦਿੱਲੀ ਦੀ ਸਰਕਾਰ ਨੇ ਕਰ ਦਿੱਤਾ ਹੈ ।ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਨੇ ਆਕਸੀਜਨ ਦੀ ਕਮੀ ਕਾਰਨ ਮਰਨ ਵਾਲਿਆਂ ਦੇ ਅੰਕੜੇ ਇਕੱਠੇ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ, ਤਾਂ ਜੋ ਮਰਨ ਵਾਲਿਆਂ ਦੇ ਪਰਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ ਜਾ ਸਕਣ, ਪਰ ਕੇਂਦਰ ਨੇ ਉਪ ਰਾਜਪਾਲ ਰਾਹੀਂ ਇਸ ਕਮੇਟੀ ਨੂੰ ਭੰਗ ਕਰ ਦਿੱਤਾ |।ਇਸ ਤੋਂ ਸਾਫ਼ ਹੈ ਕਿ ਕੇਂਦਰ ਸਰਕਾਰ ਇਸ ਝੂਠ ਦਾ ਅਧਾਰ ਬਣਾ ਰਹੀ ਸੀ ਕਿਭਾਰਤ ਵਿੱਚ ਆਕਸੀਜਨ ਦੀ ਕਮੀ ਨਾਲ ਕੋਈ ਮਰਿਆ ਹੀ ਨਹੀਂ ਹੈ ।ਇਸ ਸਰਕਾਰ ਤੋਂ ਇਹ ਵੀ ਆਸ ਕੀਤੀ ਜਾ ਸਕਦੀ ਹੈ ਕਿ ਭਲਕੇ ਇਹ ਕਹਿ ਦੇਵੇ ਕਿ ਦੇਸ਼ ਵਿੱਚ ਕੋਰੋਨਾ ਨਾਲ ਕੋਈ ਮੌਤ ਹੀ ਨਹੀਂ ਹੋਈ ।
Comments (0)