ਚੰਦਾ ਲੈਣ 'ਚ ਭਾਜਪਾ ਨੇ ਸਭ ਤੋਂ ਅਗੇ   

ਚੰਦਾ ਲੈਣ 'ਚ ਭਾਜਪਾ ਨੇ ਸਭ ਤੋਂ ਅਗੇ   

     *276.45 ਕਰੋੜ ਰੁਪਏ ਮਿਲਿਆ ਦਾਨ, ਬਾਕੀ ਪਛੜੇ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਨਵੀਂ ਦਿੱਲੀ: ਭਾਜਪਾ ਨੇ ਦਾਨ ਦੇ ਮਾਮਲੇ 'ਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਭਾਜਪਾ ਨੇ ਸਾਲ 2019-20 ਲਈ ਇਲੈਕਟ੍ਰੋਲ ਫੰਡ ਰਾਹੀਂ 271.5 ਕਰੋੜ ਰੁਪਏ ਇਕੱਤਰ ਕੀਤੇ, ਜੋ ਕੁੱਲ ਫੰਡਾਂ ਦਾ 80 ਫ਼ੀਸਦੀ ਹੈ। ਇਨ੍ਹਾਂ 'ਚੋਂ ਏਅਰਟੈੱਲ ਗਰੁੱਪ ਤੇ ਡੀਐਲਐਫ ਲਿਮਟਿਡ ਸਭ ਤੋਂ ਵੱਡੇ ਦਾਨੀ ਹਨ।ਵੱਖ-ਵੱਖ ਇਲੈਕਟੋਰਲ ਟਰੱਸਟ ਤੋਂ ਪਤਾ ਲੱਗਦਾ ਹੈ ਕਿ ਵਿੱਤੀ ਸਾਲ 2019-20 'ਚ ਭਾਜਪਾ ਨੂੰ ਕੁੱਲ 276.45 ਕਰੋੜ ਰੁਪਏ ਦਾਨ ਮਿਲਿਆ। ਪਰੂਡੈਂਟ ਤੋਂ 217.75 ਕਰੋੜ, ਜਨ ਕਲਿਆਣ ਇਲੈਕਟ੍ਰੋਲ ਟਰੱਸਟ ਤੋਂ 45.95 ਕਰੋੜ, ਏਬੀ ਜਨਰਲ ਟਰੱਸਟ ਤੋਂ 9 ਕਰੋੜ ਤੇ ਸਮਾਜ ਇਲੈਕਟ੍ਰੋਲ ਟਰੱਸਟ ਤੋਂ 3.75 ਕਰੋੜ ਰੁਪਏ ਮਿਲੇ ਹਨ। ਇਸ ਦੇ ਨਾਲ ਹੀ ਕਾਂਗਰਸ ਨੂੰ 58 ਕਰੋੜ ਦਾ ਦਾਨ ਮਿਲਿਆ ਹੈ। ਕਾਂਗਰਸ ਨੂੰ ਪਰੁਡੈਂਟ ਇਲੈਕਟ੍ਰੋਲ ਟਰੱਸਟ ਤੋਂ 31 ਕਰੋੜ, ਜਨ ਕਲਿਆਣ ਇਲੈਕਟ੍ਰੋਲ ਟਰੱਸਟ ਤੋਂ 25 ਕਰੋੜ ਤੇ ਸਮਾਜ ਇਲੈਕਟ੍ਰੋਲ ਟਰੱਸਟ ਤੋਂ 2 ਕਰੋੜ ਰੁਪਏ ਦਾ ਦਾਨ ਮਿਲਿਆ।

ਭਾਜਪਾ ਤੋਂ ਬਾਅਦ ਟੀਆਰਐਸ ਨੂੰ ਸਭ ਤੋਂ ਵੱਧ ਫੰਡ

ਹੁਣ ਤਕ ਚੋਣ ਕਮਿਸ਼ਨ 'ਚ ਦੇਸ਼ ਦੀਆਂ 35 ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੇ ਸਾਲ 2019-20 ਲਈ ਆਪਣੀ ਆਡਿਟ ਰਿਪੋਰਟ ਦਿੱਤੀ ਹੈ। ਇਸ ਰਿਪੋਰਟ ਅਨੁਸਾਰ ਟੀਆਰਐਸ ਨੇ ਸਭ ਤੋਂ ਵੱਧ 130.46 ਕਰੋੜ ਰੁਪਏ ਦੀ ਫੰਡ ਪ੍ਰਾਪਤੀ ਦੱਸੀ ਹੈ। ਇਸ ਤੋਂ ਬਾਅਦ ਸ਼ਿਵ ਸੈਨਾ ਨੂੰ 130.46 ਕਰੋੜ ਰੁਪਏ, ਵਾਈਐਸਆਰਸੀਪੀ ਨੂੰ 92.2 ਕਰੋੜ, ਬੀਜੇਡੀ ਨੂੰ 90.35 ਕਰੋੜ, ਏਆਈਡੀਐਮਕੇ ਨੂੰ 89.6 ਕਰੋੜ, ਡੀਐਮਕੇ ਨੂੰ 64.90 ਕਰੋੜ ਤੇ ਆਮ ਆਦਮੀ ਪਾਰਟੀ ਨੂੰ 49.65 ਕਰੋੜ ਰੁਪਏ ਫੰਡ ਮਿਲੇ।ਖੇਤਰੀ ਪਾਰਟੀਆਂ ਨੂੰ ਸਭ ਤੋਂ ਵੱਧ ਆਮਦਨੀ ਇਲੈਕਟੋਰਲ ਬਾਂਡਸ ਨਾਲ ਹੋਈ ਹੈ। ਇਸ ਰਾਹੀਂ ਟੀਆਰਐਸ ਨੂੰ 89.15 ਕਰੋੜ, ਵਾਈਐਸਆਰਸੀਪੀ ਨੂੰ 74.35 ਕਰੋੜ, ਬੀਜੇਡੀ ਨੂੰ 50.5 ਕਰੋੜ, ਡੀਐਮਕੇ ਨੂੰ 45.5 ਕਰੋੜ, ਸ਼ਿਵ ਸੈਨਾ ਨੂੰ 40.98 ਕਰੋੜ, ਆਮ ਆਦਮੀ ਪਾਰਟੀ ਨੂੰ 17.76 ਕਰੋੜ, ਸਮਾਜਵਾਦੀ ਪਾਰਟੀ ਨੂੰ 10.84 ਕਰੋੜ, ਜੇਡੀਐਸ ਨੂੰ 7.5 ਕਰੋੜ ਤੇ ਆਰਜੇਡੀ ਨੂੰ 2.5 ਕਰੋੜ ਰੁਪਏ ਦਾਨ ਵਜੋਂ ਮਿਲੇ।