ਭਾਰਤੀ ਵਾਸੀ ਨਾਗਰਿਕਾਂ ਨੂੰ ਹੁਣ ਯਾਤਰਾ ਦੌਰਾਨ ਨਾਲ ਨਹੀਂ ਰੱਖਣਾ ਪਏਗਾ ਪੁਰਾਣਾ ਪਾਸਪੋਰਟ

ਭਾਰਤੀ ਵਾਸੀ ਨਾਗਰਿਕਾਂ ਨੂੰ ਹੁਣ ਯਾਤਰਾ ਦੌਰਾਨ ਨਾਲ ਨਹੀਂ ਰੱਖਣਾ ਪਏਗਾ ਪੁਰਾਣਾ ਪਾਸਪੋਰਟ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ : ਭਾਰਤ ਦੇ ਵਿਦੇਸ਼ੀ ਨਾਗਰਿਕ (ਓ.ਸੀ.ਆਈ.) ਦਾ ਕਾਰਡ ਰੱਖਣ ਵਾਲੇ ਭਾਰਤੀ ਮੂਲ ਜਾਂ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਹੁਣ ਭਾਰਤ ਜਾਣ ਲਈ ਆਪਣੇ ਪੁਰਾਣੇ ਪਾਸਪੋਰਟ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ। ਭਾਰਤੀ ਦੂਤਾਵਾਸ ਨੇ ਕੇਂਦਰ ਸਰਕਾਰ ਵੱਲੋਂ ਇਸ ਸਬੰਧ ਵਿਚ ਜਾਰੀ ਸੂਚਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਓ.ਸੀ.ਆਈ. ਕਾਰਡ ਨਾਲ ਪੁਰਾਣੇ ਪਾਸਪੋਰਟ ਰੱਖਣ ਦੀ ਜ਼ਰੂਰਤ ਸਮਾਪਤ ਕਰ ਦਿੱਤੀ ਗਈ ਹੈ। ਇਸ ਘੋਸ਼ਣਾ ਨੇ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਦੀ ਇਕ ਵੱਡੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ। ਦੂਤਾਵਾਸ ਨੇ ਕਿਹਾ, ‘ਹੁਣ ਤੋਂ ਪੁਰਾਣੀ ਪਾਸਪੋਰਟ ਸੰਖਿਆ ਵਾਲੇ ਮੌਜੂਦਾ ਓ.ਸੀ.ਆਈ. ਕਾਰਡ ਦੇ ਸਹਾਰੇ ਯਾਤਰਾ ਕਰਨ ਵਾਲੇ ਓ.ਸੀ.ਆਈ. ਕਾਰਡ ਧਾਰਕ ਨੂੰ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ ਪਰ ਨਵਾਂ (ਮੌਜੂਦਾ) ਪਾਸਪੋਰਟ ਨਾਲ ਰੱਖਣਾ ਜ਼ਰੂਰੀ ਹੋਵੇਗਾ।’ ਦੂਤਾਵਾਸ ਨੇ ਦੱਸਿਆ ਕਿ ਭਾਰਤ ਸਰਕਾਰ ਨੇ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਕਾਰਡਧਾਰਕਾਂ ਲਈ ਓ.ਸੀ.ਆਈ. ਕਾਰਡ ਦੁਬਾਰਾ ਜਾਰੀ ਕਰਨ ਦੀ ਮਿਆਦ ਹੋਰ ਵਧਾ ਕੇ 21 ਦਸੰਬਰ 2021 ਕਰਨ ਦਾ ਫ਼ੈਸਲਾ ਕੀਤਾ ਹੈ।

ਸਾਲ 2005 ਤੋਂ ਲਾਗੂ ਓ.ਸੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਜ਼ਿਆਦਾ ਉਮਰ ਦੇ ਕਾਰਡਧਾਰਕਾਂ ਨੂੰ ਹਰ ਵਾਰ ਨਵਾਂ ਪਾਸਪੋਰਟ ਬਨਵਾਉਣ ’ਤੇ ਆਪਣਾ ਕਾਰਡ ਦੁਬਾਰਾ ਜਾਰੀ ਕਰਾਉਣਾ ਹੁੰਦਾ ਹੈ। ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਮਿਆਦ ਕਈ ਵਾਰ ਵਧਾਈ ਹੈ ਪਰ ਓ.ਸੀ.ਆਈ. ਕਾਰਡਧਾਰਕਾਂ ਲਈ ਯਾਤਰਾ ਦੌਰਾਨ ਪੁਰਾਣੇ ਪਾਸਪੋਰਟ ਨੂੰ ਨਾਲ ਰੱਖਣ ਦੀ ਜ਼ਰੂਰਤ ਵਿਚ ਛੋਟ ਪਹਿਲੀ ਵਾਰ ਦਿੱਤੀ ਗਈ ਹੈ।