ਪੰਜਾਬ ਵਿਚ ਕਰੋਨਾ ਕਾਰਣ 65 ਦੀ ਮੌਤ

ਪੰਜਾਬ ਵਿਚ ਕਰੋਨਾ ਕਾਰਣ 65 ਦੀ ਮੌਤ

ਕੈਪਟਨ ਸਰਕਾਰ ਨੇ ਪਾਬੰਦੀਆਂ 10 ਅਪਰੈਲ ਤੱਕ ਵਧਾਈਆਂ।   

ਕਰੋਨਾ ਦੀ ਬਰਤਾਨਵੀ ਕਿਸਮ ਸੂਬੇ ’ਚ ਭਾਰੂ

ਚੰਡੀਗੜ੍ਹ : ਪੰਜਾਬ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਵਧਦੇ ਪ੍ਰਭਾਵ ਦੌਰਾਨ  65 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 2742 ਸੱਜਰੇ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਮੁਤਾਬਕ ਹੁਣ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸਿਹਤਯਾਬੀ ਦੀ ਦਰ ਆਉਂਦੇ ਦਿਨਾਂ ਦੌਰਾਨ ਵਧਣ ਦੇ ਆਸਾਰ ਹਨ। ਇੱਕ ਦਿਨ ਦੌਰਾਨ 2536 ਵਿਅਕਤੀ ਸਿਹਤਯਾਬ ਵੀ ਹੋਏ ਹਨ। ਸੂਬੇ ਵਿੱਚ ਹੁਣ ਤੱਕ 6813 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਇੱਕ ਦਿਨ ਦੌਰਾਨ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਜ਼ਿਲ੍ਹਾ ਵਾਰ ਸਥਿਤੀ ਦੇਖੀ ਜਾਵੇ ਤਾਂ ਹੁਸ਼ਿਆਰਪੁਰ ਵਿੱਚ 10, ਨਵਾਂ ਸ਼ਹਿਰ, ਜਲੰਧਰ, ਲੁਧਿਆਣਾ ’ਚ 7-7, ਸੰਗਰੂਰ ’ਚ 6, ਰੋਪੜ ’ਚ 5, ਪਟਿਆਲਾ, ਕਪੂਰਥਲਾ ਤੇ ਅੰਮ੍ਰਿਤਸਰ ’ਚ 4-4, ਗੁਰਦਾਸਪੁਰ ਤੇ ਬਠਿੰਡਾ ’ਚ 3-3, ਫ਼ਤਹਿਗੜ੍ਹ ਸਾਹਿਬ ’ਚ 2, ਬਰਨਾਲਾ, ਪਠਾਨਕੋਟ ਤੇ ਮੁਹਾਲੀ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। 

ਪੰਜਾਬ ਸਰਕਾਰ ਸਖਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਵਿੱਚ ਪਾਬੰਦੀਆਂ 10 ਅਪਰੈਲ ਤੱਕ ਵਧਾ ਦਿੱਤੀਆਂ ਹਨ ਜੋ ਪਹਿਲਾਂ 31 ਮਾਰਚ ਤੱਕ ਸਨ। ਕਰੋਨਾ ਦੇ ਰੋਜ਼ਾਨਾ ਵੱਧ ਰਹੇ ਕੇਸਾਂ ਤੇ ਸੂਬੇ ਦੇ ਮਰੀਜ਼ਾਂ ’ਚ ਬਰਤਾਨਵੀ ਵਾਇਰਸ ਮਿਲਣ ਕਾਰਨ ਪੰਜਾਬ ਸਰਕਾਰ ਫਿਲਹਾਲ ਢਿੱਲ ਦੇਣ ਦੇ ਰੌਂਅ ’ਚ ਨਹੀਂ ਹੈ। ਕਰੋਨਾ ਦੇ ਵਧਦੇ ਕੇਸਾਂ ਦੇ ਰੁਝਾਨ ਅਨੁਸਾਰ 6 ਅਪਰੈਲ ਨੂੰ ਕਰੋਨਾ ਦੀ ਦੂਜੀ ਲਹਿਰ ਦੀ ਸਿਖਰ ਹੋਵੇਗੀ ਅਤੇ ਮਈ ਦੇ ਅੱਧ ਜਾਂ ਅਖੀਰ ਵਿੱਚ ਕੇਸਾਂ ਦੀ ਗਿਣਤੀ ਘਟਣ ਦਾ ਅਨੁਮਾਨ ਹੈ। ਰਾਜ ਦੇ ਵਿੱਦਿਅਕ ਅਦਾਰੇ ਹੁਣ ਦਸ ਦਿਨਾਂ ਲਈ ਹੋਰ ਬੰਦ ਰਹਿਣਗੇ।

ਮੁੱਖ ਮੰਤਰੀ  ਮੁੱਖ ਸਕੱਤਰ ਤੇ ਹੋਰ ਉਚ ਅਧਿਕਾਰੀਆਂ ਨਾਲ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕਰਦਿਆਂ ਕਿਹਾ ਕਿ 31 ਮਾਰਚ ਤੱਕ ਲਗਾਈਆਂ ਕੋਵਿਡ ਬੰਦਿਸ਼ਾਂ ਹੁਣ 10 ਅਪਰੈਲ ਤੱਕ ਲਾਗੂ ਰਹਿਣਗੀਆਂ ਅਤੇ ਉਸ ਮਗਰੋਂ ਮੁੜ ਸਥਿਤੀ ਦੀ ਸਮੀਖਿਆ ਮਗਰੋਂ ਅਗਲਾ ਫ਼ੈਸਲਾ ਲਿਆ ਜਾਵੇਗਾ। ਪੰਜਾਬ ਸਰਕਾਰ ਰਾਜ ’ਚ 45 ਸਾਲ ਤੋਂ ਵੱਧ ਉਮਰ ਵਰਗ ਲਈ ਪਹਿਲੀ ਅਪਰੈਲ ਤੋਂ ਟੀਕਾਕਰਨ ਸ਼ੁਰੂ ਕਰੇਗੀ। ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਲਾਭਪਾਤਰੀਆਂ ਨੂੰ ਟੀਕਾਕਰਨ ਸਬੰਧੀ ਮਨਜ਼ੂਰੀ ਦੇਣ ਲਈ ਕੋਈ ਵੀ ਫੋਟੋ ਆਧਾਰਿਤ ਸ਼ਨਾਖਤੀ ਕਾਰਡ ਜ਼ਰੂਰੀ ਹੋਵੇਗਾ।

ਮੁੱਖ ਮੰਤਰੀ ਨੇ ਤਰਜੀਹੀ ਵਰਗਾਂ ਦੇ ਪਹਿਲ ਦੇ ਆਧਾਰ ਟੀਕਾਕਰਨ ਲਈ ਕੇਂਦਰਾਂ ਦੀ ਗਿਣਤੀ ਵਧਾਉਣ ਦੇ ਆਦੇਸ਼ ਦਿੱਤੇ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਖਾਸ ਤੌਰ ’ਤੇ ਟੈਸਟਿੰਗ ਦੀ ਗਿਣਤੀ ਵਧਾਉਣ ਅਤੇ ਭੀੜ-ਭਾੜ ਵਾਲੇ ਇਲਾਕਿਆਂ ਨਾਲ ਪੈਂਦੇ ਮਾਰਕੀਟ ਖੇਤਰਾਂ ’ਚ ਟੀਕਾਕਰਨ ਸ਼ੁਰੂ ਕੀਤਾ ਜਾਵੇ। ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ ਤੇ ਸਿਵਲ ਸਰਜਨਾਂ ਨੂੰ ਟੀਕਾਕਰਨ ਦੀ ਮੁਹਿੰਮ ਹੋਰ ਤੇਜ਼ ਕਰਨ ਲਈ ਅਜਿਹੀਆਂ ਥਾਵਾਂ ਦੀ ਸ਼ਨਾਖਤ ਕਰਨ ਲਈ ਕਿਹਾ ਜਿੱਥੇ ਮੋਬਾਈਲ ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕੀਤੇ ਜਾ ਸਕਦੇ ਹਨ।

ਪੰਜਾਬ ਸਰਕਾਰ ਨੇ ਦੱਸਿਆ ਕਿ ਕਰੋਨਾ ਦੀ ਬਰਤਾਨਵੀ ਕਿਸਮ ਸੂਬੇ ’ਚ ਸਭ ਤੋਂ ਜ਼ਿਆਦਾ ਪਾਈ ਜਾ ਰਹੀ ਹੈ। ਸ਼ੁਰੂਆਤ ਵਿੱਚ ਐਨਸੀਡੀਸੀ ਨੂੰ ਭੇਜੇ 401 ਕਰੋਨਾ ਪਾਜ਼ੇਟਿਵ ਸੈਂਪਲਾਂ ਵਿੱਚੋਂ 326 ਕੇਸ ਬਰਤਾਨਵੀ ਵਾਇਰਸ ਦੇ ਪਾਏ ਗਏ। ਬਾਅਦ ਵਿੱਚ ਆਈਜੀਆਈਬੀ ਨੂੰ ਭੇਜੇ 95 ਸੈਂਪਲਾਂ ਵਿੱਚੋਂ 85 ਸੈਂਪਲ ਬਰਤਾਨਵੀ ਵਾਇਰਸ ਦੇ ਪਾਏ ਗਏ। ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਨੂੰ ਸੈਂਪਲ ਇਕੱਠੇ ਕਰਨ ਰਫਤਾਰ ਵਧਾਉਣ ਅਤੇ ਵਿਸ਼ੇਸ਼ ਤੌਰ ’ਤੇ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੇ  ਸੰਪਰਕ ’ਚ ਆਏ ਲੋਕਾਂ ਦੇ ਸੈਂਪਲ ਲੈਣ ਅਤੇ ਆਰਏਟੀ ਨੂੰ 30 ਫੀਸਦੀ ਤੱਕ ਵਧਾਉਣ ਸਬੰਧੀ ਹਦਾਇਤ  ਕੀਤੀ।  ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕੋਵਿਡ ਮਹਾਂਮਾਰੀ ਦੀ ਤਾਜ਼ਾ ਸਥਿਤੀ ਤੇ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਦੀ ਸਥਿਤੀ ਵੀ ਸਾਂਝੀ ਕੀਤੀ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪਿਛਲੀ ਮੀਟਿੰਗ ਤੋਂ ਹੁਣ ਤੱਕ 90,360 ਵਿਅਕਤੀਆਂ ਦੇ ਚਲਾਨ ਅਤੇ ਕੋਵਿਡ ਟੈਸਟ ਕੀਤੇ ਗਏ ਹਨ। ਮੁੱਖ ਸਕੱਤਰ ਨੇ ਵਰਚੁਅਲ ਮੀਟਿੰਗ ਤੋਂ ਬਾਅਦ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਨੂੰ ਸਾਰੇ ਸਿਹਤ ਕਰਮਚਾਰੀਆਂ ਅਤੇ ਪਹਿਲੀ ਕਤਾਰ ’ਚ ਡਟੇ ਹੋਏ ਵਰਕਰਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ ਅਤੇ ਜਿਹੜੇ ਟੀਕੇ ਨਹੀਂ ਲਗਵਾਉਂਦੇ, ਉਨ੍ਹਾਂ ਨੂੰ ਹਰ ਹਫਤੇ ਕੋਵਿਡ ਟੈਸਟ ਕਰਵਾਉਣ ਦੀ ਸਖਤ ਹਦਾਇਤ ਕੀਤੀ ਜਾਵੇ। ਸਿਹਤ ਅਤੇ ਮੈਡੀਕਲ ਸਿੱਖਿਆ ਸਲਾਹਕਾਰ ਡਾ. ਕੇਕੇ ਤਲਵਾੜ ਨੇ ਸੁਝਾਅ ਦਿੱਤਾ ਹੈ ਕਿ ਕੁਝ ਚੋਣਵੇਂ ਪ੍ਰਾਈਵੇਟ ਹਸਪਤਾਲਾਂ  ਵਿੱਚ  ਕੋਵਿਡ ਤੋਂ ਇਲਾਵਾ ਹੋਰ ਮਰੀਜ਼ਾਂ ਦੇ ਇਲਾਜ ਨੂੰ 2-4 ਹਫਤਿਆਂ  ਲਈ ਮੁਲਤਵੀ ਕੀਤਾ ਜਾ ਸਕਦਾ ਹੈ।