ਮੇਰਠ ਦੇ ਮਲਿਆਣਾ ਕਤਲੇਆਮ ਵਿਚ 63 ਮੁਸਲਮਾਨ ਮਾਰੇ ਗਏ ਸਨ, ਸਬੂਤਾਂ ਦੀ ਘਾਟ, 40 ਨਾਮਜਦ ਹੋਏ ਬਰੀ
ਦੰਗਾਕਾਰੀਆਂ ਨੇ ਬੱਚਿਆਂ ਨੂੰ ਵੀ ਨਹੀਂ ਸੀ ਬਖਸ਼ਿਆ, ਸੁਟਿਆ ਗਿਆ ਸੀ ਬਲਦੀ ਅੱਗ ਵਿੱਚ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 3 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਮੇਰਠ ਦੀ ਏਡੀਜੇ 6 ਅਦਾਲਤ ਨੇ ਮਲਿਆਨਾ ਕਤਲੇਆਮ ਮਾਮਲੇ ਵਿੱਚ 36 ਦਿਨਾਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 40 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਮੁਕੱਦਮੇ ਦੌਰਾਨ ਹੀ 23 ਮੁਲਜ਼ਮਾਂ ਦੀ ਮੌਤ ਹੋ ਗਈ ਸੀ। ਜਦਕਿ 30 ਮੁਲਜ਼ਮਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ।
ਦੱਸ ਦੇਈਏ ਕਿ 23 ਮਈ 1987 ਨੂੰ ਮਾਲਿਆਨਾ ਦੰਗਿਆਂ 'ਚ 63 ਲੋਕ ਮਾਰੇ ਗਏ ਸਨ, ਜਦਕਿ 100 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਹਾਸ਼ਿਮਪੁਰਾ ਕਾਂਡ ਤੋਂ ਇਕ ਦਿਨ ਬਾਅਦ ਹੀ ਮਾਲਿਆਨਾ ਵਿਚ ਦੰਗੇ ਹੋਏ ਸਨ। ਬਦਮਾਸ਼ਾਂ ਨੇ ਕਈ ਘਰਾਂ ਨੂੰ ਅੱਗ ਲਗਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ 'ਚ ਮੁਹੱਲਾ ਨਿਵਾਸੀ ਯਾਕੂਬ ਦੀ ਸ਼ਿਕਾਇਤ 'ਤੇ ਦੰਗਿਆਂ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਮੁਦਈ ਦਾ ਇਲਜ਼ਾਮ ਸੀ ਕਿ ਇੱਕ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ ਹਨ। ਇਸ ਸਬੰਧੀ ਥਾਣਾ ਟੀ.ਪੀ.ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
22 ਮਈ 1987 ਨੂੰ ਹਾਸ਼ਿਮਪੁਰਾ ਕਤਲੇਆਮ ਵਿੱਚ 42 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸਾਲ 2018 ਵਿੱਚ ਅਦਾਲਤ ਨੇ ਪੀਏਸੀ ਦੇ 16 ਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਦੂਜੇ ਪਾਸੇ 23 ਮਈ ਨੂੰ ਮਲਿਆਣਾ ਵਿੱਚ ਹੋਏ ਕਤਲੇਆਮ ਦੇ ਫੈਸਲੇ ਵਿੱਚ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਗਈ। ਇਸ ਘਟਨਾ ਵਿੱਚ ਕੁੱਲ 63 ਲੋਕਾਂ ਦੀ ਜਾਨ ਚਲੀ ਗਈ ਸੀ। ਮਾਰੇ ਗਏ ਸਾਰੇ ਮੁਸਲਿਮ ਭਾਈਚਾਰੇ ਦੇ ਸਨ।
ਮਲਿਆਣਾ ਵਿੱਚ ਵਾਪਰੇ ਕਤਲੇਆਮ ਦੀ ਘਟਨਾ ਨੂੰ ਸਥਾਨਕ ਲੋਕ ਅੱਜ ਤੱਕ ਭੁੱਲ ਨਹੀਂ ਸਕੇ ਹਨ। ਉਹ ਦੱਸਦੇ ਹਨ ਕਿ ਨੌਚੰਡੀ ਵਿੱਚ ਮੇਲੇ ਦਾ ਪ੍ਰੋਗਰਾਮ ਸੀ। ਇਸ ਦੌਰਾਨ ਇੱਕ ਸਿਪਾਹੀ ਨੂੰ ਬੱਚਿਆਂ ਵਲੋਂ ਚਲਾਇਆ ਗਿਆ ਪਟਾਕਾ ਲੱਗ ਗਿਆ ਜਿਸ'ਤੇ ਸਿਪਾਹੀ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਦੋ ਮੁਸਲਮਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਵਿਵਾਦ ਹੋਰ ਡੂੰਘਾ ਹੁੰਦਾ ਗਿਆ। ਹਾਸ਼ਿਮਪੁਰਾ ਚੌਰਾਹੇ 'ਤੇ ਇਕ ਧਾਰਮਿਕ ਸਮਾਗਮ 'ਚ ਫਿਲਮੀ ਗੀਤ ਚੱਲ ਰਹੇ ਸਨ, ਜਿਸ ਤੋਂ ਬਾਅਦ ਦੋ ਭਾਈਚਾਰਿਆਂ 'ਚ ਝੜਪ ਹੋ ਗਈ। ਅਜਿਹੇ 'ਚ ਇਸ ਵਿਵਾਦ ਨੇ ਦੰਗੇ ਦਾ ਰੂਪ ਲੈ ਲਿਆ। ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਪੁਲਿਸ ਨੇ 23 ਮਈ ਦੀ ਰਾਤ ਨੂੰ ਪੂਰੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਸੀ। ਇੱਥੇ ਗੁੱਸੇ ਵਿੱਚ ਆਏ ਲੋਕਾਂ ਨੇ ਕਰੀਬ 106 ਘਰਾਂ ਨੂੰ ਅੱਗ ਲਾ ਦਿੱਤੀ। ਹਾਲਾਤ ਇੰਨੇ ਵਿਗੜ ਗਏ ਸਨ ਕਿ ਫੌਜ ਤੋਂ ਇਲਾਵਾ ਨੀਮ ਫੌਜੀ ਅਤੇ ਪੀਏਸੀ ਦੇ ਜਵਾਨ ਵੀ ਵੱਡੀ ਗਿਣਤੀ ਵਿਚ ਤਾਇਨਾਤ ਕੀਤੇ ਗਏ ਸਨ। ਦੰਗਾਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਕਈ ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਪੀੜਤ ਪਰਿਵਾਰਾਂ ਨੇ ਦਰਦ ਜ਼ਾਹਰ ਕਰਦਿਆਂ ਦੱਸਿਆ ਕਿ ਦੰਗਾਕਾਰੀਆਂ ਨੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ।ਉਨ੍ਹਾਂ ਨੂੰ ਅੱਗ ਵਿੱਚ ਸੁੱਟ ਦਿੱਤਾ ਗਿਆ ਸੀ ।
Comments (0)