ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਦਾ ਸ਼ਕੀ ਪੁਲੀਸ ਮੁਕਾਬਲਾ       

ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਦਾ ਸ਼ਕੀ ਪੁਲੀਸ ਮੁਕਾਬਲਾ       
 *7 ਲੱਖ ਨਕਦੀ, ਪਿਸਤੌਲ ਤੇ 89 ਰੌਂਦਾਂ ਸਮੇਤ ਕਾਫ਼ੀ ਅਸਲ੍ਹਾ ਬਰਾਮਦ.
*  ਪੰਜਾਬ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਕੋਲਕਾਤਾ ਦੀ ਐਸ.ਟੀ.ਐਫ. ਨੇ ਕੀਤੀ ਕਾਰਵਾਈ-ਡੀ. ਜੀ. ਪੀ.
* ਪੁਲੀਸ ਮੁਕਾਬਲਾ ਝੂਠਾ ਲੱਗਦਾ ਹੈ ਜੈਪਾਲ ਦੇ ਪਰਿਵਾਰ ਨੂੰ           
  *8 ਸਾਲ ਤੋਂ ਮਾਂ ਨੇ ਪੁੱਤ ਦੀ ਆਵਾਜ਼ ਵੀ ਨਹੀਂ ਸੀ ਸੁਣੀ
 ਅੰਮ੍ਰਿਤਸਰ ਟਾਈਮਜ਼ ਬਿਉਰੋ  

 ਚੰਡੀਗੜ੍ਹ  :  ਕੋਲਕਾਤਾ ਦੇ ਨਿਊਟਨ ਨਗਰ ਵਿੱਚ ਸਥਾਨਕ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਜੈਪਾਲ ਭੁੱਲਰ ਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ ਦੀ ਬੀਤੇ  ਹਫਤੇ ਮੌਤ ਹੋ ਗਈ। ਇਸ ਮੁਕਾਬਲੇ 'ਚ ਇਕ ਪੁਲਿਸ ਅਧਿਕਾਰੀ ਕਾਰਤਿਕ ਮੋਹਨ ਜ਼ਖ਼ਮੀ ਵੀ ਹੋਇਆ । ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਪੁਲਿਸ ਦਾ ਦਾਅਵਾ ਹੈ ਕਿ ਭੁੱਲਰ ਤੇ ਜੱਸੀ ਇੱਥੇ ਕਿਰਾਏ ਦੇ ਫਲੈਟ ਵਿੱਚ ਰਹਿ ਰਹੇ ਸਨ। 39 ਸਾਲ ਦੇ ਜੈਪਾਲ ਦਾ ਸਬੰਧ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਹੈ ਤੇ ਉਹ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਭੁਪਿੰਦਰ ਭੁੱਲਰ ਦਾ ਪੁੱਤਰ ਸੀ। ਜੈਪਾਲ 'ਤੇ ਪੰਜਾਬ ਸਮੇਤ ਪੰਜ ਸੂਬਿਆਂ 'ਚ ਘੱਟੋ-ਘੱਟ 40 ਮਾਮਲੇ ਦਰਜ ਸਨ । ਜਸਪ੍ਰੀਤ 'ਤੇ 5 ਲੱਖ ਦਾ ਇਨਾਮ ਸੀ ।  ਸੂਬਾ ਐਸ.ਟੀ.ਐਫ. ਦੇ ਏ. ਡੀ. ਜੀ. ਪੀ. ਵਿਨੀਤ ਗੋਇਲ ਨੇ ਦੱਸਿਆ ਕਿ ਅਸੀਂ ਉਨ੍ਹਾਂ ਨੂੰ ਗਿ੍ਫ਼ਤਾਰ ਕਰਨਾ ਚਾਹੁੰਦੇ ਸੀ ਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਨੂੰ ਕਿਹਾ ਪਰ ਜਦ ਉਨ੍ਹਾਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਾਨੂੰ ਜਵਾਬੀ ਕਾਰਵਾਈ ਕਰਨੀ ਪਈ, ਜਿਸ 'ਚ ਉਹ ਦੋਵੇਂ ਮਾਰੇ ਗਏ । ਉਨ੍ਹਾਂ ਦੱਸਿਆ ਕਿ ਫਲੈਟ 'ਚੋਂ 7 ਲੱਖ ਦੀ ਨਕਦੀ, 9 ਐਮ.ਐਮ. ਪਿਸਤੌਲਾਂ ਤੇ 89 ਰੌਂਦਾਂ ਸਮੇਤ ਕਾਫੀ ਅਸਲ੍ਹਾ ਬਰਾਮਦ ਹੋਇਆ ਹੈ । ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਪੱਛਮੀ ਬੰਗਾਲ ਦੇ ਅਪਰਾਧੀਆਂ ਨੂੰ ਹਥਿਆਰ ਤੇ ਅਸਲ੍ਹੇ ਦੀ ਸਪਲਾਈ ਕਰਦੇ ਸਨ । ਗੈਂਗਸਟਰਾਂ ਦੇ ਕਿਸੇ ਹੋਰ ਸਾਥੀ ਦੇ ਲੁਕੇ ਹੋਣ ਸਬੰਧੀ ਤਲਾਸ਼ੀ ਕੀਤੀ ਜਾ ਰਹੀ ਹੈ । ਪੁਲਿਸ ਨੇ ਦੱਸਿਆ ਕਿ ਦੋਵੇਂ 22 ਮਈ ਤੋਂ ਇਥੇ ਰਹਿ ਰਹੇ ਸਨ ।

 ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਗੈਂਗਸਟਰਾਂ ਤੋਂ ਨਸ਼ਾ ਤਸਕਰ ਬਣੇ ਦੋਵੇਂ ਮੁਲਜ਼ਮ 15 ਮਈ ਦੀ ਸ਼ਾਮ ਨੂੰ ਜਗਰਾਉਂ ਦੀ ਅਨਾਜ ਮੰਡੀ ਵਿਖੇ ਜਗਰਾਉਂ ਪੁਲਿਸ ਦੇ ਦੋ ਏ.ਐਸ.ਆਈਜ਼ ਭਗਵਾਨ ਸਿੰਘ ਤੇ ਦਲਵਿੰਦਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਲੋੜੀਂਦੇ ਸਨ । ਡੀ.ਜੀ.ਪੀ ਨੇ ਦੱਸਿਆ ਕਿ ਫ਼ਰਾਰ ਨਸ਼ਾ ਤਸਕਰਾਂ ਜੈਪਾਲ ਭੁੱਲਰ ਤੇ ਜਸਪ੍ਰੀਤ ਸਿੰਘ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੇ ਆਪ੍ਰੇਸ਼ਨ 'ਜੈਕ' ਮੈਨਹੰਟ ਨਾਮੀ ਆਪ੍ਰੇਸ਼ਨ ਚਲਾਇਆ ਸੀ ਤੇ ਪੁਲਿਸ ਦੀਆਂ ਕਈ ਟੀਮਾਂ ਨੂੰ ਹੋਰਨਾਂ ਰਾਜਾਂ ਦੇ ਪੁਲਿਸ ਬਲਾਂ ਦੀ ਸਹਾਇਤਾ ਨਾਲ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਵੱਖ-ਵੱਖ ਰਾਜਾਂ ਵਿਚ ਭੇਜਿਆ ਗਿਆ । ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ  ਜੈਪਾਲ ਭੁੱਲਰ ਦੇ  ਕਰੀਬੀ ਭਰਤ ਕੁਮਾਰ ਵਾਸੀ ਸਾਹਨੇਵਾਲ, ਲੁਧਿਆਣਾ ਨੂੰ ਰਾਜਪੁਰਾ ਖੇਤਰ ਵਿਚ ਸ਼ੰਭੂ ਬਾਰਡਰ ਨੇੜੇ ਗਿ੍ਫ਼ਤਾਰ ਕੀਤਾ ਸੀ ਤੇ ਟੀਮ ਨੇ ਉਸ ਪਾਸੋਂ  ਇਕ ਹੌਂਡਾ ਅਕੌਰਡ ਗੱਡੀ ਸਮੇਤ .30 ਬੋਰ ਦਾ ਪਿਸਤੌਲ ਬਰਾਮਦ ਕੀਤਾ । ਡੀ.ਜੀ.ਪੀ ਨੇ ਦੱਸਿਆ ਕਿ ਭਰਤ ਨੇ ਖ਼ੁਲਾਸਾ ਕੀਤਾ ਕਿ ਜੈਪਾਲ ਤੇ ਜੱਸੀ ਦੋਵੇਂ ਕੋਲਕਾਤਾ 'ਚ ਕਿਰਾਏ ਦੇ ਅਪਾਰਟਮੈਂਟ ਵਿਚ ਰਹਿ ਰਹੇ ਹਨ ।ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਤੁਰੰਤ ਕੋਲਕਾਤਾ ਲਈ ਉਡਾਣ ਰਾਹੀਂ ਇਕ ਵਿਸ਼ੇਸ਼ ਟੀਮ ਰਵਾਨਾ ਕੀਤੀ । ਉਨ੍ਹਾਂ ਕਿਹਾ ਕਿ ਇਸ ਦੌਰਾਨ, ਸਾਡੇ ਵਲੋਂ ਕੋਲਕਾਤਾ ਪੁਲਿਸ ਨਾਲ ਤਾਲਮੇਲ ਕੀਤਾ ਗਿਆ ਤੇ ਉਨ੍ਹਾਂ ਨੂੰ ਉਕਤ ਦੋਸ਼ੀਆਂ ਦੇ ਮੌਜੂਦਾ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ ।         ਡੀ.ਜੀ.ਪੀ. ਨੇ ਦੱਸਿਆ ਕਿ ਕੋਲਕਾਤਾ ਪੁਲਿਸ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਬਾਅਦ ਦੁਪਹਿਰ ਜਾਣਕਾਰੀ ਦਿੱਤੀ ਕਿ ਐਸ.ਟੀ.ਐਫ. ਕੋਲਕਾਤਾ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਦੋਵੇਂ ਅਪਰਾਧੀ ਮਾਰੇ ਗਏ ਹਨ । ਪੁਲਸ ਸੂਤਰਾਂ ਦਾ ਆਖਣਾ ਹੈ ਕਿ ਭੁੱਲਰ ਇਸ ਲਈ ਵੀ ਨਹੀਂ ਕਾਬੂ ਆ ਰਿਹਾ ਸੀ ਕਿਉਂਕਿ ਉਹ ਲਗਾਤਾਰ ਆਪਣਾ ਭੇਸ ਬਦਲ ਰਿਹਾ ਸੀ। ਜਗਰਾਓਂ ਵਿਚ ਵੀ ਜਦੋਂ ਇਸ ਨੂੰ ਦੇਖਿਆ ਗਿਆ ਤਾਂ ਇਸ ਨੇ ਭੇਸ ਬਦਲਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਥਾਣੇਦਾਰਾਂ ਨੇ ਇਸ ਨੂੰ ਪਛਾਣ ਲਿਆ ਜਿਸ ਤੋਂ ਬਾਅਦ ਭੁੱਲਰ ਵਲੋਂ ਸਾਥੀ ਗੈਂਗਸਟਰਾਂ ਨਾਲ ਦੋਵਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਭੁੱਲਰ ਉੱਤੇ 10 ਲੱਖ ਰੁਪਏ ਅਤੇ ਜੱਸੀ ਉੱਤੇ ਪੰਜ ਲੱਖ ਰੁਪਏ ਦਾ ਇਨਾਮ ਸੀ।                                                                                                                                                                       ਝੂਠੇ ਪੁਲੀਸ ਮੁਕਾਬਲੇ ਦੇ ਦੋਸ਼       
 ਜੈਪਾਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੈਪਾਲ ਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ ਦੀ ਮੌਤ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ ਤੋਂ ਸਾਫ਼ ਹੈ ਕਿ ਪੁਲੀਸ ਮੁਕਾਬਲੇ ਵਕਤ ਦੋਵੇਂ ਆਪਣੇ ਕਮਰੇ ਵਿਚ ਅਰਾਮ ਕਰ ਰਹੇ ਸਨ। ਪੁਲੀਸ ਚਾਹੁੰਦੀ ਤਾਂ ਦੋਵਾਂ ਤੋਂ ਆਤਮ ਸਮਰਪਣ ਕਰਵਾ ਸਕਦੀ ਸੀ ਪਰ ਪੁਲੀਸ ਨੇ ਅਜਿਹਾ ਕਰਨ ਦੀ ਬਜਾਏ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪਾਸੋਂ ਇਸ ਮੁਕਾਬਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।  ਜੈਪਾਲ ਦਾ ਅਸਲ ਨਾਂ ਮਨਜੀਤ ਸਿੰਘ ਸੀ ਤੇ ਉਸ ਉਪਰ ਪੰਜਾਹ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਸਨ। ਜੈਪਾਲ ਦੀ ਮਾਂ ਦਾ ਕਹਿਣਾ ਹੈ ਕਿ ਅੱਠ ਸਾਲ ਤੋਂ ਉਨ੍ਹਾਂ ਦਾ ਜੈਪਾਲ ਦੇ ਨਾਲ ਕਦੇ ਸੰਪਰਕ ਨਹੀਂ ਹੋਇਆ.
ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਭੁੱਲਰ
  ਜੈਪਾਲ ਭੁੱਲਰ ਏ-ਕੈਟਾਗਰੀ ਦਾ ਗੈਂਗਸਟਰ ਸੀ ਤੇ ਪੰਜਾਬ ਪੁਲਸ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ। ਭੁੱਲਰ ’ਤੇ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਵਿਚ ਵੀ ਅਨੇਕਾਂ ਮਾਮਲੇ ਦਰਜ ਸਨ। ਜੈਪਾਲ ਭੁੱਲਰ ਦੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਵੀ ਗੂੜ੍ਹੇ ਸੰਬੰਧ ਸਨ ਅਤੇ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਤੋਂ ਬਾਅਦ ਭੁੱਲਰ ਉਨ੍ਹਾਂ ਦੇ ਗੈਂਗ ਨੂੰ ਚਲਾ ਰਿਹਾ ਸੀ। ਗੈਂਗਸਟਰ ਸੁੱਖਾ ਕਾਹਲਵਾਂ ਤੇ ਰੌਕੀ ਫਾਜ਼ਿਲਕਾ ਕਤਲ ਕਾਂਡ ਵਿਚ ਵੀ ਭੁੱਲਰ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ।
 
ਖੇਡ ਦੇ ਮੈਦਾਨ ਤੋਂ ਜੁਰਮ ਦੀ ਦੁਨੀਆਂ ਤੱਕ
ਜੈਪਾਲ ਭੁੱਲਰ ਕਿਸੇ ਸਮੇਂ ਖੇਡ ਦੀ ਦੁਨੀਆ ਵਿੱਚ ਚਮਕਦਾ ਸਿਤਾਰਾ ਸੀ। ਹੈਮਰ ਥਰੋ ਅਤੇ ਸ਼ੌਟਪੁੱਟ ਦੀ ਖੇਡ ਵਿੱਚ ਜੈਪਾਲ ਭੁੱਲਰ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਸੀ ਜਿਸ ਦੇ ਲਈ ਉਹ ਮਿਹਨਤ ਵੀ ਕਰ ਰਿਹਾ ਸੀ।ਗੁਰਸ਼ਾਦ ਸਿੰਘ ਉਰਫ਼ ਸ਼ੇਰਾ ਖੁੱਬਣ ਅਤੇ ਜੈਪਾਲ ਦੋਵੇਂ ਹੀ ਇੱਕੋ ਖੇਡ ਕਰਦੇ ਸਨ ਅਤੇ ਇਸ ਲਈ ਦੋਵਾਂ ਨੇ ਜਿੰਮ ਵੀ ਇੱਕ ਹੀ ਜੁਆਇਨ ਕੀਤਾ ਹੋਇਆ ਸੀ।ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਕੁਝ ਸਮਾਂ ਪਹਿਲਾਂ ਇੱਕ ਟੀਵੀ ਇੰਟਰਵਿਊ ਦੌਰਾਨ ਦੱਸਿਆ ਕਿ ਜਿੰਮ ਦੇ ਵਿੱਚ ਹੀ ਜੈਪਾਲ ਦਾ ਮੇਲ ਕੁਝ ਅਜਿਹੇ ਮੁੰਡਿਆਂ ਨਾਲ ਹੋਇਆ ਜਿੰਨਾ ਦਾ ਸਬੰਧ ਜੁਰਮ ਦੀ ਦੁਨੀਆ ਨਾਲ ਸੀ। ਜੈਪਾਲ ਉੱਤੇ ਪਹਿਲਾਂ ਕੇਸ ਲੁਧਿਆਣਾ ਵਿਖੇ ਕਿਸੇ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹੋਇਆ ਸੀ। ਇਸ ਮਾਮਲੇ ਨੂੰ ਲੈ ਕੇ ਜੈਪਾਲ ਜੇਲ੍ਹ ਵਿੱਚ ਰਿਹਾ ਅਤੇ ਕੁਝ ਸਮੇਂ ਬਾਅਦ ਜ਼ਮਾਨਤ ਉੱਤੇ ਘਰ ਆ ਗਿਆ।ਪਰਿਵਾਰ ਦੀ ਕੋਸ਼ਿਸ਼ਾਂ ਦੇ ਬਾਵਜੂਦ ਜੈਪਾਲ ਆਪਣੇ ਆਪ ਨੂੰ ਜ਼ਿਆਦਾ ਦੇਰ ਜੁਰਮ ਤੋਂ ਦੂਰ ਨਾ ਰੱਖ ਸਕਿਆ ਅਤੇ ਹੌਲੀ-ਹੌਲੀ ਫਿਰ ਤੋਂ ਉਹ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਹੋ ਗਿਆ।ਜੈਪਾਲ ਦੇ ਪਿਤਾ ਮੁਤਾਬਕ ਇੱਕ ਮਾਮਲੇ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਜੈਪਾਲ ਅਤੇ ਸ਼ੇਰੇ ਦੀ ਮੁਲਾਕਾਤ ਉੱਥੇ ਪਹਿਲਾਂ ਤੋਂ ਬੰਦ ਜਸਵਿੰਦਰ ਸਿੰਘ ਰੋਕੀ ਨਾਲ ਹੋਈ। ਰੋਕੀ ਦਾ ਸਬੰਧ ਫ਼ਾਜ਼ਿਲਕਾ ਨਾਲ ਸੀ ਤੇ ਜੈਪਾਲ ਤੇ ਸ਼ੇਰੇ ਦਾ ਫ਼ਿਰੋਜ਼ਪੁਰ ਨਾਲ ਇਸ ਕਰ ਕੇ ਤਿੰਨਾਂ ਦੀ ਦੋਸਤੀ ਗੂੜੀ ਹੋ ਗਈ।
ਹਾਲਾਂਕਿ ਪਰਿਵਾਰ ਨੇ ਜੈਪਾਲ ਨੂੰ ਜੁਰਮ ਦੀ ਦੁਨੀਆ ਤੋਂ ਵਾਪਸ ਲਿਆਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿੱਚੋਂ ਬਾਹਰ ਨਹੀਂ ਨਿਕਲ ਪਾਇਆ।ਵਿੱਕੀ ਗੌਂਡਰ, ਜੈਪਾਲ ਭੁੱਲਰ ਅਤੇ ਸ਼ੇਰਾ ਖੁੱਬਣ ਤਿੰਨੇ ਜੁਰਮ ਦੀ ਦੁਨੀਆ ਵਿੱਚ ਹੌਲੀ-ਹੌਲੀ ਵੱਡੇ ਨਾਮ ਬਣਦੇ ਗਏ।ਇਨ੍ਹਾਂ ਤਿੰਨਾਂ ਦਾ ਸਬੰਧ ਖੇਡ ਦੀ ਦੁਨੀਆ ਨਾਲ ਰਿਹਾ ਹੈ। ਪਰ ਖੇਡ ਦੇ ਮੈਦਾਨ ਦੀ ਥਾਂ ਇਹ ਕ੍ਰਾਈਮ ਦੀ ਦੁਨੀਆ ਵਿੱਚ ਜ਼ਿਆਦਾ ਸਰਗਰਮ ਹੋਏ ਗਏ।ਪਹਿਲਾਂ ਸ਼ੇਰਾ ਖੁੱਬਣ ਤੇ ਫਿਰ ਵਿੱਕੀ ਗੌਂਡਰ ਤੋਂ ਬਾਅਦ ਆਖ਼ਰਕਾਰ ਜੈਪਾਲ ਭੁੱਲਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।
 
ਜੈਪਾਲ ਭੁੱਲਰ ਦੀ ਹਿਸਟਰੀ ਸ਼ੀਟ
ਪੰਜਾਬ ਪੁਲਿਸ ਮੁਤਾਬਕ ਜੈਪਾਲ, ਸਾਲ 2014 ਤੋਂ ਫਰਾਰ ਸੀ ਅਤੇ ਇਨ੍ਹਾਂ ਸਾਰੇ ਸਾਲਾਂ ਦੌਰਾਨ ਉਸ ਨੇ ਕਈ ਜੁਰਮ ਕੀਤੇ ਅਤੇ ਉਹ 25 ਤੋਂ ਵੱਧ ਸਨਸਨੀਖੇਜ਼ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।ਪੁਲਿਸ ਮੁਤਾਬਕ ਜਦੋਂ ਸ਼ੇਰਾ ਖੁੱਬਣ ਨਾਮਕ ਨੌਜਵਾਨ, ਜਿਸ ਬਾਰੇ ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਉਹ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ, 2012 ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।ਸ਼ੇਰਾ ਖੁੱਬਣ ਅਤੇ ਜੈਪਾਲ ਦੋਵੇਂ ਦੋਸਤ ਸਨ। ਸ਼ੇਰੇ ਦੇ ਮਾਰੇ ਜਾਣ ਬਾਰੇ ਜੈਪਾਲ ਨੂੰ ਸ਼ੱਕ ਸੀ ਕਿ ਰੌਕੀ ਫਾਜ਼ਿਲਕਾ ਨੇ ਸ਼ੇਰੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ।30 ਅਪ੍ਰੈਲ 2016 ਵਿੱਚ ਜੈਪਾਲ ਨੇ ਸੋਲਨ ਨੇੜੇ ਜਸਵਿੰਦਰ ਸਿੰਘ ਉਰਫ਼ ਰੌਕੀ ਫਾਜ਼ਿਲਕਾ ਦਾ ਕਤਲ ਕਰ ਦਿੱਤਾ।ਜੈਪਾਲ ਨੇ ਬਕਾਇਦਾ ਫੇਸਬੁੱਕ ਉੱਤੇ ਰੋਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਇਸ ਨੂੰ ਸ਼ੇਰੇ ਦਾ ਬਦਲਾ ਕਰਾਰ ਦਿੱਤਾ।ਪੁਲਿਸ ਮੁਤਾਬਕ 2017 ਵਿੱਚ ਜੈਪਾਲ ਨੇ ਚਿਤਕਾਰਾ ਯੂਨੀਵਰਸਿਟੀ ਨੇੜੇ ਪਟਿਆਲਾ ਹਾਈਵੇ ਉੱਤੇ ਇੱਕ ਨਕਦੀ ਲਿਜਾ ਰਹੀ ਵੈਨ ਵਿੱਚੋਂ 1.3 ਕਰੋੜ ਰੁਪਏ ਅਤੇ ਰੋਪੜ ਵਿੱਚ ਏ.ਟੀ.ਐੱਮ ਲੋਡਿੰਗ ਵੈਨ ਵਿਚੋਂ 35 ਲੱਖ ਰੁਪਏ ਲੁੱਟੇ।ਇਸ ਤੋਂ ਬਾਆਦ 15 ਮਈ ਨੂੰ ਜੈਪਾਲ ਅਤੇ ਉਸ ਦੇ ਸਾਥੀਆਂ ਨੇ ਜਗਰਾਓਂ ਵਿੱਚ ਪੰਜਾਬ ਪੁਲਿਸ ਦੇ ਦੋ ਏਐਸਆਈਜ਼ ਨੂੰ ਗੋਲੀ ਮਾਰ ਦਿੱਤੀ।
 ਮਾਰੇ ਗਏ ਗੈਂਗਸਟਰ ਜੱਸੀ ਦੇ ਘਰਦਿਆਂ ਨੇ ਝੂਠਾ ਪੁਲੀਸ ਮੁਕਾਬਲਾ ਦਸਿਆ 
ਪੰਜਾਬ ਅਤੇ ਕਲੱਕਤਾ ਪੁਲਸ ਵੱਲੋਂ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦੇ ਖਰੜ ਵਿਖੇ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਸਪ੍ਰੀਤ ਦੇ ਘਰ 'ਚ ਗਮ ਦਾ ਮਾਹੌਲ ਬਣਿਆ ਹੋਇਆ ਹੈ । ਜਸਪ੍ਰੀਤ ਦੇ ਘਰ ਆਏ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਦੱਸਿਆ ਕਿ ਪੰਜਾਬ ਪੁਲਸ ਨੇ ਜਸਪ੍ਰੀਤ ਜੱਸੀ ਅਤੇ ਜੈਪਾਲ ਭੁੱਲਰ ਦਾ ਐਨਕਾਊਂਟਰ ਕਰਕੇ ਸਹੀ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਮੌਕੇ ਰਿਸ਼ਤੇਦਾਰਾਂ ਵੱਲੋਂ ਮੀਡੀਆ 'ਤੇ ਵੀ ਸਵਾਲ ਚੁੱਕੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਮੀਡੀਆ ਆਪਣੀ ਸਹੀ ਭੂਮਿਕਾ ਨਿਭਾਉਂਦੀ ਤਾਂ ਸ਼ਾਇਦ ਅੱਜ ਉਨ੍ਹਾਂ ਦਾ ਦੋਸਤ ਉਨ੍ਹਾਂ ਦੇ ਨਾਲ ਹੁੰਦਾ। ਜਸਪ੍ਰੀਤ ਦੇ ਦੋਸਤਾਂ ਨੇ ਕਿਹਾ ਕਿ ਗਲਤ ਫ਼ਹਿਮੀਆਂ ਦੇ ਕਰਕੇ ਜਸਪ੍ਰੀਤ ਜ਼ੁਰਮ ਦੀ ਇਸ ਦੁਨੀਆ 'ਚ ਅੱਗੇ ਵੱਧਦਾ ਗਿਆ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ।ਜਸਪ੍ਰੀਤ ਦੇ ਘਰ ਪੁੱਜੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਜੇਕਰ ਜਸਪ੍ਰੀਤ ਵੀ ਪੁਲਸ ਅੱਗੇ ਆਤਮ ਸਮਰਪਣ ਕਰ ਦਿੰਦਾ ਤਾਂ ਉਸ 'ਤੇ ਕੇਸ ਚੱਲ ਪੈਂਦਾ ਪਰ ਪਰਿਵਾਰ ਨੂੰ ਇਹ ਦਿਨ ਨਾ ਦੇਖਣਾ ਪੈਂਦਾ। ਜਸਪ੍ਰੀਤ ਦੇ ਘਰ 'ਚ ਉਸ ਦੀ ਮਾਂ ਅਤੇ ਭੈਣ ਹਨ, ਜਦੋਂ ਕਿ ਪਿਤਾ ਦੀ ਮੌਤ ਹੋ ਚੁੱਕੀ ਹੈ। ਜਸਪ੍ਰੀਤ ਦੀ ਪਤਨੀ ਨੂੰ ਵੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।