ਮਾਮਲਾ ਕਿਸਾਨ ਮੋਰਚੇ ਵਿਚ ਬਲਾਤਕਾਰ ਦਾ  ਕਿਸਾਨ ਨੇਤਾ ਯੋਗੇਂਦਰ ਯਾਦਵ ਸਮੇਤ ਮ੍ਰਿਤਕਾ ਦੇ ਸੰਪਰਕ ’ਚ ਆਏ ਸਾਰੇ ਲੋਕਾਂ ਨੂੰ ਨੋਟਿਸ ਜਾਰੀ

ਮਾਮਲਾ ਕਿਸਾਨ ਮੋਰਚੇ ਵਿਚ ਬਲਾਤਕਾਰ ਦਾ  ਕਿਸਾਨ ਨੇਤਾ ਯੋਗੇਂਦਰ ਯਾਦਵ ਸਮੇਤ ਮ੍ਰਿਤਕਾ ਦੇ ਸੰਪਰਕ ’ਚ ਆਏ ਸਾਰੇ ਲੋਕਾਂ ਨੂੰ ਨੋਟਿਸ ਜਾਰੀ
 
*ਪੁਲਸ ਦੀ ਜਾਂਚ ਸ਼ਕੀ,ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਿਰਫ 2 ਲੋਕਾਂ ਨੂੰ ਦੋਸ਼ੀ ਬਣਾਇਆ ਸੀ ਪਰ ਐੱਫ. ਆਈ. ਆਰ. ’ਚ 6 ਦੇ ਨਾਂ ਸ਼ਾਮਲ ਕਿਉਂਂ ਕੀਤੇ
* ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ
ਅੰਮ੍ਰਿਤਸਰ ਟਾਈਮਜ਼ ਬਿਊਰੋ 
ਬਹਾਦੁਰਗੜ੍ਹ– ਟਿਕਰੀ ਬਾਰਡਰ ’ਤੇ ਪ੍ਰਵਾਸੀ ਲੜਕੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ ’ਚ ਪੁਲਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਸ ਵੱਲੋਂ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਇਸ ਕੇਸ ’ਚ ਜਿੱਥੇ ਕਿਸਾਨ ਨੇਤਾ ਯੋਗੇਂਦਰ ਯਾਦਵ ਅਤੇ ਮ੍ਰਿਤਕਾ ਦੇ ਸੰਪਰਕ ’ਚ ਆਏ ਲੋਕਾਂ ਨੂੰ ਪੁੱਛਗਿਛ ਲਈ ਨੋਟਿਸ ਜਾਰੀ ਕੀਤੇ ਹਨ, ਉਥੇ ਹੀ  ਐੱਫ. ਆਈ. ਆਰ. ’ਚ ਸ਼ਾਮਲ ਇਕ ਲੜਕੀ ਤੋਂ ਪੁੱਛਗਿਛ ਵੀ ਕੀਤੀ ਗਈ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ। ਐਸਆਈਟੀ ਨੇ ਸ਼ਹਿਰ ਦੇ ਲਾਈਨਪਾਰ ਖੇਤਰ ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਦੀ ਲੋੜੀਂਦੀ ਮਿਆਦ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਔਰਤ ਦੇ ਇਲਾਜ ਨਾਲ ਸਬੰਧਤ ਰਿਕਾਰਡ ਵੀ ਹਸਪਤਾਲ ਤੋਂ ਤਲਬ ਕੀਤੇ ਗਏ ਹਨ। 
ਦੱਸਣਯੋਗ ਹੈ ਕਿ 12 ਅਪ੍ਰੈਲ ਨੂੰ ਬੰਗਾਲ ਦੀ ਇਕ ਲੜਕੀ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਲਈ ਟਿਕਰੀ ਬਾਰਡਰ ਆਈ ਸੀ। ਬੀਤੀ 30 ਅਪ੍ਰੈਲ ਨੂੰ ਕੋਰੋਨਾ ਕਾਰਨ ਉਸ ਦੀ ਮੌਤ ਹੋ ਗਈ ਸੀ। ਮੌਤ ਤੋਂ ਕੁਝ ਸਮਾਂ ਬਾਅਦ ਲੜਕੀ ਨਾਲ ਗਲਤ ਹਰਕਤ ਹੋਣ ਦੀ ਚਰਚਾ ਸ਼ੁਰੂ ਹੋਈ। ਲੰਘੀ 8 ਮਈ ਨੂੰ ਲੜਕੀ ਦੇ ਪਿਤਾ ਨੇ ਸਿਟੀ ਥਾਣੇ ’ਚ ਸ਼ਿਕਾਇਤ ਦਿੱਤੀ। ਅਨਿਲ, ਅਨੂਪ ਸਮੇਤ 6 ’ਤੇ ਕੇਸ ਦਰਜ ਹੋਇਆ। ਜਿਨ੍ਹਾਂ ’ਚ 2 ਲੜਕੀਆਂ ਵੀ ਸ਼ਾਮਲ ਹਨ। ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਗਠਿਤ ਕੀਤੀ ਗਈ ਹੈ। ਇਸ ਟੀਮ ਦੀ ਅਗਵਾਈ ਡੀ. ਐੱਸ. ਪੀ. ਪਵਨ ਕੁਮਾਰ ਕਰ ਰਹੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਇਸ ਦਰਮਿਆਨ ਬੀਤੇ ਸੋਮਵਾਰ ਨੂੰ ਕਿਸਾਨ ਨੇਤਾਵਾਂ ਵੱਲੋਂ ਇਕ ਵੀਡੀਓ ਜਾਰੀ ਕੀਤਾ ਗਿਆ। ਇਸ ’ਚ ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਿਰਫ 2 ਲੋਕਾਂ ਨੂੰ ਦੋਸ਼ੀ ਬਣਾਇਆ ਸੀ ਪਰ ਐੱਫ. ਆਈ. ਆਰ. ’ਚ 6 ਦੇ ਨਾਂ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ’ਚ 2 ਲੜਕੀਆਂ ਨੇ ਤਾਂ ਇਸ ਕੇਸ ’ਚ ਉਨ੍ਹਾਂ ਦੀ ਮਦਦ ਕੀਤੀ ਹੈ। 
 
ਇਸ ਸੰਬੰਧ ’ਚ  ਡੀ. ਐੱਸ. ਪੀ. ਪਵਨ ਕੁਮਾਰ ਨੇ ਕਿਹਾ ਕਿ ਸ਼ਿਕਾਇਤ ’ਚ 6 ਲੋਕਾਂ ਦੇ ਨਾਂ ਦਿੱਤੇ ਸਨ। ਉਸੇ ਆਧਾਰ ’ਤੇ ਕੇਸ ਦਰਜ ਹੋਇਆ। ਮਾਮਲੇ ’ਚ ਜਾਂਚ ਅੱਗੇ ਵਧਾਉਂਦੇ ਹੋਏ ਮ੍ਰਿਤਕਾ ਦੇ ਸੰਪਰਕ ’ਚ ਆਏ ਯੋਗੇਂਦਰ ਯਾਦਵ ਅਤੇ ਹੋਰ ਲੋਕਾਂ ਨੂੰ ਨੋਟਿਸ ਦਿੱਤੇ ਗਏ। ਐੱਫ. ਆਈ. ਆਰ. ’ਚ ਜਿਨ੍ਹਾਂ ਦੇ ਨਾਂ ਸ਼ਾਮਲ ਹਨ, ਉਨ੍ਹਾਂ ਨੂੰ ਵੀ ਨੋਟਿਸ ਜਾਰੀ ਹੋਏ। ਇਨ੍ਹਾਂ ’ਚੋਂ ਇਕ ਲੜਕੀ ਬੀਤੇ ਮੰਗਲਵਾਰ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਆ ਗਈ ਹੈ। ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਅਜੇ ਤੱਕ ਪੁੱਛਗਿਛ ’ਚ ਮ੍ਰਿਤਕਾ ਦੇ ਨਾਲ ਸਿਰਫ ਛੇੜਛਾੜ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਰਹੀ ਗੱਲ ਜਾਂਚ ’ਚ ਸ਼ਾਮਲ ਲੜਕੀ ਦੀ ਗ੍ਰਿਫਤਾਰੀ ਦੀ ਤਾਂ, ਪੁੱਛਗਿਛ ਦੌਰਾਨ ਜੋ ਤੱਥ ਮਿਲਦੇ ਹਨ ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਹੋਵੇਗੀ। ਫਿਲਹਾਲ ਇਸ ਨੇ ਦੱਸਿਆ ਹੈ ਕਿ ਇਹ ਬੰਗਾਲ ਗਈ ਸੀ ਪਰ 7 ਅਪ੍ਰੈਲ ਨੂੰ ਵਾਪਸ ਆ ਗਈ ਸੀ। ਬਾਕੀ ਸਾਰੇ 12 ਅਪ੍ਰੈਲ ਨੂੰ ਆਏ ਸਨ। ਮੁਲਜ਼ਮ ਅਨਿਲ ਅਤੇ ਅਨੂਪ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 3 ਟੀਮਾਂ ਇਸ ਕੰਮ ’ਚ ਜੁਟੀਆਂ ਹਨ। 
 
ਮਹਿਲਾ ਕਮਿਸ਼ਨ ਘੋਖਣ ਲਗੀ ਮਾਮਲਾ
 
ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਅੰਦੋਲਨਕਾਰੀ ਕਿਸਾਨਾਂ ਦੇ ਟਿੱਕਰੀ ਬਾਰਡਰ 'ਤੇ ਪੱਛਮੀ ਬੰਗਾਲ ਦੀ ਇੱਕ ਨੌਜਵਾਨ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਕੇਸ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਝੱਜਰ ਦੇ ਐਸਪੀ ਨੂੰ ਪੱਤਰ ਲਿਖ ਕੇ ਜਾਂਚ ਦੀ ਪ੍ਰਗਤੀ ਰਿਪੋਰਟ ਮੰਗੀ ਹੈ। ਇਸ ਕੇਸ ਵਿੱਚ, ਔਰਤ ਦੇ ਪਿਤਾ ਦਾ ਕਹਿਣਾ ਹੈ ਕਿ ਜਿਨ੍ਹਾਂ ਔਰਤਾਂ ਨੇ ਉਨ੍ਹਾਂ ਦੀ ਲੜਕੀ ਨਾਲ ਗਲਤ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ, ਪੁਲਿਸ ਨੇ ਉਨ੍ਹਾਂ ਨੂੰ ਹੀ ਆਰੋਪੀ ਬਣਾ ਦਿੱਤਾ।  
ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨਾਲ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੋ ਸਵਾਲ ਛੱਡ ਗਈ ਸੀ, ਜਿਸ ਤੋਂ ਬਾਅਦ ਉਹ ਅਤੇ ਉਨ੍ਹਾਂ ਦੀ ਪਤਨੀ ਮਾਨਸਿਕ ਤੌਰ ’ਤੇ ਟੁੱਟ ਚੁੱਕੇ ਸੀ ਅਤੇ ਆਮ ਨਹੀਂ ਹੋ ਪਾ ਰਹੇ ਸੀ। ਉਹ ਆਪਣੇ ਘਰ ਤੋਂ ਹਜ਼ਾਰਾਂ ਮੀਲ ਦੀ ਦੂਰੀ 'ਤੇ ਆ ਚੁੱਕੇ ਹਨ, ਇਸ ਲਈ ਉਹ ਸਮਝ ਨਹੀਂ ਸਕੇ ਕਿ ਧੀ ਨੂੰ ਨਿਆਂ ਦਿਵਾਉਣ ਲਈ ਕਿੱਥੇ ਜਾਣਾ ਹੈ ਅਤੇ ਕਿਸ ਨੂੰ ਮਿਲਣਾ ਹੈ। ਜਦੋਂ ਸੰਯੁਕਤ ਕਿਸਾਨ ਮੋਰਚਾ ਦੇ ਇੱਕ-ਦੋ ਲੀਡਰਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਨੂੰ ਵਿਸ਼ਵਾਸ ਮਿਲਿਆ ਕਿ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਹਿੰਮਤ ਕੀਤੀ ਅਤੇ ਬਹਾਦੁਰਗੜ ਪੁਲਿਸ ਵਿੱਚ ਕੇਸ ਦਰਜ ਕਰਵਾਇਆ ਹੈ। 
ਕਿਸਾਨ ਆਗੂਆਂ ਨੇ ਕਿਹਾ ਕਿ ਦੋਸ਼ੀ ਨੌਜਵਾਨਾਂ ਦੀ ਸੰਸਥਾ ਕਿਸਾਨ ਸੋਸ਼ਲ ਆਰਮੀ, ਕਿਸਾਨ ਅੰਦੋਲਨ ਦੀ ਮੁੱਖ ਸੰਸਥਾ ਦੀ ਮੈਂਬਰ ਨਹੀਂ ਹੈ। ਮੋਰਚੇ ਵੱਲੋਂ ਮੁਲਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਯੋਗਿੰਦਰ ਯਾਦਵ ਨੇ ਉਨ੍ਹਾਂ ਖ਼ਬਰਾਂ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਇਹ ਚਰਚਾ ਹੈ ਕਿ ਟਿਕਰੀ ਬਾਰਡਰ ਦੇ ਮੋਰਚੇ ਵਾਲੀ ਥਾਂ ’ਤੇ ਪੱਛਮੀ ਬੰਗਾਲ ਦੀ ਇਕ ਬੀਬੀ  ਦੇ ਹੋਏ ਜਿਣਸੀ ਸ਼ੋਸ਼ਣ ਤੋਂ ਮੋਰਚਾ ਜਾਣੂ ਸੀ।ਉਨ੍ਹਾਂ ਕਿਹਾ ਕਿ ਕੁੱਝ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਦੋ ਜਾਂ ਤਿੰਨ ਆਗੂਆਂ ਨੂੰ ਇਸ ਬਾਰੇ ਜਾਣਕਾਰੀ ਸੀ ਜਿਸ ਬਾਰੇ ਮੋਰਚੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਯਾਦਵ ਨੇ ਪੁਲੀਸ ਵੱਲੋਂ ਦੋ ਮੁੱਖ ਮੁਲਜ਼ਮਾਂ ਤੋਂ ਇਲਾਵਾ ਚਾਰ ਹੋਰ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ’ਤੇ ਇਤਰਾਜ਼ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਪਿਤਾ ਨੇ ਪਹਿਲਾਂ ਹੀ ਪੁਲੀਸ ਨੂੰ ਕਹਿ ਦਿੱਤਾ ਹੈ ਕਿ ਉਸ ਨੇ ਚਾਰੋਂ ਖ਼ਿਲਾਫ਼ ਕੇਸ ਦਰਜ ਨਹੀਂ ਸੀ ਕਰਵਾਇਆ।  ਯਾਦਵ ਨੇ ਪੁਲੀਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਮੰਗਦਿਆਂ ਕਿਹਾ ਕਿ ਗਵਾਹ ਨੂੰ ਮੁਲਜ਼ਮ ਬਣਾ ਕੇ ਮਾਮਲਾ ਕਮਜ਼ੋਰ ਕੀਤਾ ਜਾਵੇਗਾ। ਲੜਕੀ ਦੇ ਪਿਤਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜਦੋਂ ਉਹ ਆਪਣੀ ਕਰੋਨਾ ਪੀੜਤ ਲੜਕੀ ਨੂੰ ਹਸਪਤਾਲ ਮਿਲਣ ਆਇਆ ਸੀ ਤਾਂ ਉਸ ਨੂੰ ਜਿਣਸੀ ਸ਼ੋਸ਼ਣ ਬਾਰੇ ਪਤਾ ਲੱਗਾ। ਲੜਕੀ ਦੀ ਕਰੋਨਾ ਕਾਰਨ 30 ਅਪਰੈਲ ਨੂੰ ਮੌਤ ਹੋ ਗਈ ਸੀ।ਲੜਕੀ ਦੇ ਪਿਤਾ ਨੇ ਕਿਹਾ ਕਿ ਉਸ ਦੀ ਧੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਇੱਛੁਕ ਸੀ ਪਰ ਜਦੋਂ ਉਸ ਨੂੰ ਲੜਕੀ ਨੂੰ ਕਰੋਨਾ ਹੋਣ ਦੀ ਸੂਚਨਾ ਤਾਂ ਉਹ ਉਸ ਨੂੰ ਮਿਲਣ ਲਈ ਹਸਪਤਾਲ ਆਇਆ, ਜਿੱਥੇ ਉਸ ਨੂੰ ਧੀ ’ਤੇ ਹਮਲਾ ਹੋਣ ਦਾ ਪਤਾ ਲੱਗਾ। ਪਿਤਾ ਨੇ ਕਿਹਾ ਕਿ ਉਸ ਦੀ ਧੀ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਚਿੰਤਤ ਸੀ ਤੇ ਉਸ ਦੇ ਆਖ਼ਰੀ ਸ਼ਬਦ ਸਨ, ‘ਮੈਨੂੰ ਇਨਸਾਫ਼ ਚਾਹੀਦਾ ਹੈ’।
ਉੱਧਰ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਟਿਕਰੀ ਮੋਰਚੇ ’ਤੇ ਔਰਤਾਂ ਲਈ ਖ਼ਾਸ ਤੌਰ ’ਤੇ ਵੱਖਰੇ ਬੰਦੋਬਸਤ ਕੀਤੇ ਗਏ ਹਨ।ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ  ਨੇ  ਕਿਹਾ ਕਿ ਮੋਰਚੇ ‘ਤੇ ਢਿੱਲ ਦਾ ਦੋਸ਼ ਪੀੜਤ ਔਰਤ ਦੇ ਮਾਮਲੇ ਵਿੱਚ ਸਹੀ ਨਹੀਂ ਹੈ। ਪੀੜਤ ਲੜਕੀ ਦੇ ਪਿਤਾ ਨੇ ਮੋਰਚੇ ਦੇ ਨੇਤਾਵਾਂ ਦੇ ਕਹਿਣ 'ਤੇ ਹੀ ਕੇਸ ਦਰਜ ਕਰਵਾਈ। 
ਉਨ੍ਹਾਂ ਕਿਹਾ ਪੀੜਤ ਲੜਕੀ ਦੇ ਪਿਤਾ ਐਫਆਈਆਰ ਦਰਜ ਨਹੀਂ ਕਰਵਾਉਣਾ ਚਾਹੁੰਦੇ ਸਨ, ਪਰ ਸੰਯੁਕਤ ਕਿਸਾਨ ਮੋਰਚਾ ਨੇ ਟਿਕਰੀ ਬਾਰਡਰ ਕਮੇਟੀ ਨੂੰ ਸੂਚਨਾ ਮਿਲਦਿਆਂ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਤੰਬੂ ਉਖਾੜ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜਬਰ ਜਨਾਹ ਦੇ ਕੇਸ ਦਾ ਕੋਈ ਵੀ ਦੋਸ਼ੀ ਕਿਸਾਨ ਲੀਡਰਾਂ ਦੇ ਸੰਪਰਕ ਵਿੱਚ ਨਹੀਂ ਹੈ।