ਭਾਜਪਾ  ਦੇ ਹਕ ਵਿਚ ਭੁਗਤਿਆ ਪ੍ਰਸ਼ਾਂਤ ਕਿਸ਼ੋਰ

ਭਾਜਪਾ  ਦੇ ਹਕ ਵਿਚ ਭੁਗਤਿਆ ਪ੍ਰਸ਼ਾਂਤ ਕਿਸ਼ੋਰ

ਦਰਪਣ ਝੂਠ ਨਹੀਂ ਬੋਲਦਾ

ਭਾਜਪਾ  ਦੇ ਹਕ ਵਿਚ ਭੁਗਤਿਆ ਪ੍ਰਸ਼ਾਂਤ ਕਿਸ਼ੋਰ‘

ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਅਜਕਲ ਕਾਂਗਰਸ ਦੀ ਸਿਆਸੀ ਮਦਦ ਕਰਨ ਦੀ ਥਾਂ ਭਾਜਪਾ ਦੀ ਤਾਰੀਫਾਂ ਦੇ ਪੁਲ ਬੰਨ ਰਹੇ ਹਨ।ਬੀਤੇ ਦਿਨੀਂ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਭਾਰਤੀ ਸਿਆਸਤ ਦੇ ਕੇਂਦਰ ਵਿਚ ਰਹੇਗੀ ਅਤੇ ਉਹ ਅਗਲੇ ਕਈ ਦਹਾਕਿਆਂ ਤੱਕ ਕਿਤੇ ਵੀ ਜਾਣ ਵਾਲੀ ਨਹੀਂ ਹੈ।  ਕਿਸ਼ੋਰ ਗੋਆ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨੂੰ ਜਿਤਾਉਣ ਦੇ ਕੰਮ ਵਿਚ ਜੁਟੇ ਹੋਏ ਹਨ। ਉਨ੍ਹਾਂ ਰਾਹੁਲ ਗਾਂਧੀ ਦੇ ਉਸ ਬਿਆਨ ’ਤੇ ਵੀ ਚੁਟਕੀ ਲਈ ਜਿਸ ਵਿਚ ਕਾਂਗਰਸ ਆਗੂ ਨੇ ਕਿਹਾ ਸੀ ਕਿ ਲੋਕ ਭਾਜਪਾ ਨੂੰ ਫੌਰੀ ਸੱਤਾ ਤੋਂ ਲਾਂਭੇ ਕਰ ਦੇਣਗੇ। ਗੋਆ ਵਿਚ ਨਿੱਜੀ ਬੈਠਕ ਨੂੰ ਸੰਬੋਧਨ ਕਰਨ ਸਬੰਧੀ ਪ੍ਰਸ਼ਾਂਤ ਕਿਸ਼ੋਰ ਦੀ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਵੀਡੀਓ ’ਚ ਕਿਸ਼ੋਰ ਇਹ ਆਖਦਾ ਸੁਣਾਈ ਦੇ ਰਿਹਾ ਹੈ,‘‘ਭਾਜਪਾ ਭਾਰਤੀ ਸਿਆਸਤ ਦਾ ਧੁਰਾ ਬਣਦੀ ਜਾ ਰਹੀ ਹੈ। ਜਿਵੇਂ ਕਾਂਗਰਸ ਪਹਿਲੇ 40 ਸਾਲਾਂ ’ਚ ਜਿੱਤ ਜਾਂ ਹਾਰ ਰਹੀ ਸੀ, ਉਸੇ ਤਰ੍ਹਾਂ ਭਾਜਪਾ ਕਿਤੇ ਵੀ ਜਾਣ ਵਾਲੀ ਨਹੀਂ ਹੈ।  ਤੁਸੀਂ ਇਸ ਝਾਂਸੇ ’ਚ ਨਾ ਆਵੋ ਕਿ ਲੋਕ ਗੁੱਸੇ ਵਿਚ ਹਨ ਅਤੇ ਉਹ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ।’’ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਇਹ ਹੋ ਸਕਦਾ ਹੈ ਕਿ ਮੋਦੀ ਲਾਂਭੇ ਹੋ ਜਾਣ ਪਰ ਭਾਜਪਾ ਕਿਤੇ ਵੀ ਜਾਣ ਵਾਲੀ ਨਹੀਂ ਹੈ। ‘ਕਾਂਗਰਸ ਨੂੰ ਅਗਲੇ ਕਈ ਦਹਾਕਿਆਂ ਤੱਕ ਉਸ ਨਾਲ ਜੂਝਣਾ ਪਵੇਗਾ।’ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘‘ਰਾਹੁਲ ਗਾਂਧੀ ਨਾਲ ਸਮੱਸਿਆ ਇਹ ਹੈ ਕਿ ਉਹ ਸੋਚਦਾ ਹੈ ਕਿ ਕੁਝ ਸਮੇਂ ਦੀ ਗੱਲ ਹੈ ਅਤੇ ਲੋਕ ਮੋਦੀ ਨੂੰ ਲਾਂਭੇ ਕਰ ਦੇਣਗੇ। ਇੰਜ ਨਹੀਂ ਹੋਵੇਗਾ।’’ ਪ੍ਰਸ਼ਾਂਤ ਕਿਸ਼ੋਰ ਨੇ ਇਸ ਸਾਲ ਦੇ ਸ਼ੁਰੂ ਵਿਚ ਪੱਛਮੀ ਬੰਗਾਲ ਅਤੇ ਤਾਮਿਲ ਨਾਡੂ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਕ੍ਰਮਵਾਰ ਟੀਐੱਮਸੀ ਤੇ ਡੀਐੱਮਕੇ ਦੀ ਚੋਣ ਰਣਨੀਤੀ ਬਣਾਈ ਸੀ ਜਿਸ ਕਾਰਨ ਦੋਵੇਂ ਪਾਰਟੀਆਂ ਨੂੰ ਜਿੱਤ ਨਸੀਬ ਹੋਈ ਸੀ। ਟੀਐੱਮਸੀ ਨੇ ਅਗਲੇ ਸਾਲ ਫਰਵਰੀ ’ਚ ਹੋਣ ਵਾਲੀਆਂ ਗੋਆ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਗੋਆ ਕਾਂਗਰਸ ਨੇ ਟੀਐੱਮਸੀ ’ਤੇ ਦੋਸ਼ ਲਾਇਆ ਹੈ ਕਿ ਉਹ ਹੁਕਮਰਾਨ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਧਰਮ ਨਿਰਪੱਖ ਵੋਟਾਂ ਵੰਡਣ ਦੇ ਇਰਾਦੇ ਨਾਲ ਸੂਬੇ ਵਿਚ ਚੋਣਾਂ ਲੜ ਰਹੀ ਹੈ। ਗੋਆ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਗਿਰੀਸ਼ ਸ਼ੋਡਨਕਰ ਨੇ ਕਿਹਾ ਕਿ ਟੀਐੱਮਸੀ ਨੂੰ ਗੋਆ ਵਿਚ ਚੋਣਾਂ ਲੜਾਉਣ ਪਿੱਛੇ ਅਮਿਤ ਸ਼ਾਹ ਅਤੇ ਈਡੀ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਦਿੱਤੇ ਗਏ ਬਿਆਨ ਨਾਲ ਹੁਣ ਟੀਐੱਮਸੀ ਦੇ ਇਰਾਦੇ ਜੱਗ ਜ਼ਾਹਿਰ ਹੋ ਗਏ ਹਨ। ਭਾਜਪਾ ਤਰਜਮਾਨ ਰਾਜਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਆਸਤ ਬਦਲ ਕੇ ਰੱਖ ਦਿੱਤੀ ਹੈ ਅਤੇ ਉਹ ਲੋਕਾਂ ਤੋਂ ਮਿਲੇ ਫੀਡਬੈਕ ਦੇ ਆਧਾਰ ’ਤੇ ਸਰਕਾਰ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਅਜਿਹਾ ਕੁਝ ਵੀ ਨਵਾਂ ਨਹੀਂ ਕਿਹਾ ਹੈ ਜੋ ਮੁਲਕ ਨੂੰ ਪਤਾ ਨਾ ਹੋਵੇ।ਪ੍ਰਸ਼ਾਂਤ ਦੀ ਬਦਲਦੀ ਸੁਰ ਤੋਂ ਕਾਂਗਰਸ ਕਾਫੀ ਨਿਰਾਸ਼ ਹੈ।                               ਬੰਗਲਾ ਦੇਸ਼ ਦੀ ਹਿੰਦੂ ਵਿਰੋਧੀ ਫ਼ਿਰਕੂ ਹਿੰਸਾ

ਅਕਤੂਬਰ ਵਿਚ ਦੁਰਗਾ ਪੂਜਾ ਦੌਰਾਨ ਬੰਗਲਾਦੇਸ਼ ਵਿਚ ਹਿੰਦੂਆਂ ਵਿਰੁੱਧ ਫ਼ਿਰਕੂ ਹਿੰਸਾ ਭੜਕੀ ਅਤੇ ਪੂਜਾ ਪੰਡਾਲਾਂ, ਮੰਦਰਾਂ, ਹਿੰਦੂ ਭਾਈਚਾਰੇ ਦੀਆਂ ਦੁਕਾਨਾਂ ਆਦਿ ਨੂੰ ਨਿਸ਼ਾਨਾ ਬਣਾਇਆ ਗਿਆ। ਕੱਟੜਪੰਥੀ ਮੁਸਲਮਾਨ ਜਥੇਬੰਦੀਆਂ ਦੁਆਰਾ ਉਕਸਾਈਆਂ ਭੀੜਾਂ ਨੇ ਥਾਂ ਥਾਂ ’ਤੇ ਹਮਲੇ ਕੀਤੇ ਅਤੇ ਇਸ ਹਿੰਸਾ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਈ ਅਤੇ ਲਗਭਗ 150 ਫੱਟੜ ਹੋਏ। ਬਾਕੀ ਥਾਵਾਂ ’ਤੇ ਹੁੰਦੀ ਫ਼ਿਰਕੂ ਹਿੰਸਾ ਵਾਂਗ ਬੰਗਲਾਦੇਸ਼ ਦੇ ਚਿਟਾਗਾਂਗ ਖੇਤਰ ਵਿਚ ਇਹ ਅਫ਼ਵਾਹ ਫੈਲਾਈ ਗਈ ਕਿ ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ਕੁਰਾਨ ਦੀ ਬੇਅਦਬੀ ਕੀਤੀ ਗਈ ਹੈ। ਬੰਗਲਾਦੇਸ਼ ਪੁਲੀਸ ਅਤੇ ਸੁਰੱਖਿਆ ਦਲਾਂ ਨੇ ਲਗਭਗ 4,000 ਲੋਕਾਂ ਵਿਰੁੱਧ ਕੇਸ ਦਰਜ ਕਰਕੇ 400 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।  ਬੰਗਲਾਦੇਸ਼ ਵਿਚ ਹਿੰਦੂ ਘੱਟਗਿਣਤੀ ਵਿਰੁੱਧ ਹਿੰਸਾ ਹੁੰਦੀ ਰਹੀ ਹੈ। ਇਸ ਦੇ ਨਤੀਜੇ ਵਜੋਂ ਹਿੰਦੂਆਂ ਦੀ ਗਿਣਤੀ ਜੋ ਵੰਡ ਤੋਂ ਬਾਅਦ 27 ਫ਼ੀਸਦੀ ਸੀ, ਘਟ ਕੇ 8.5 ਫ਼ੀਸਦੀ ਰਹਿ ਗਈ ਹੈ।ਬੰਗਲਾਦੇਸ਼ ਵਿਚ ਹਿੰਦੂਆਂ ਵਿਰੁੱਧ ਹੋਈ ਹਿੰਸਾ ਦਾ ਇਵਜ਼ਾਨਾ ਭਾਰਤ ਅਤੇ ਨੇਪਾਲ ਵਿਚ ਰਹਿੰਦੇ ਮੁਸਲਮਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਖ਼ਬਰਾਂ ਅਨੁਸਾਰ ਪਿਛਲੇ ਕੁਝ ਦਿਨਾਂ ਵਿਚ ਤ੍ਰਿਪੁਰਾ ਵਿਚ ਕੱਟੜਪੰਥੀ ਜਥੇਬੰਦੀਆਂ ਦੀ ਅਗਵਾਈ ਵਿਚ ਭੜਕੀਆਂ ਭੀੜਾਂ ਨੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਮਸਜਿਦਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸਾਰੀ ਦੁਨੀਆ ਵਿਚ ਹਰ ਭਾਈਚਾਰੇ ਦੀਆਂ ਕੱਟੜਪੰਥੀ ਜਥੇਬੰਦੀਆਂ ਨੂੰ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ ਬਹੁਤ ਰਾਸ ਆਉਂਦੀਆਂ ਹਨ।  ਕੱਟੜਪੰਥੀ ਜਥੇਬੰਦੀਆਂ ਹਮੇਸ਼ਾ ਇਸ ਤਾਕ ਵਿਚ ਰਹਿੰਦੀਆਂ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਬੰਗਲਾਦੇਸ਼ ਵਿਚ ਫ਼ਿਰਕੂ ਹਿੰਸਾ ਭੜਕਾਈ ਜਾਵੇ; 2013 ਵਿਚ ਵੀ ਜਮਾਤ-ਏ-ਇਸਲਾਮੀ ਅਤੇ ਹੋਰ ਕੱਟੜਪੰਥੀ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ ਹਿੰਸਕ ਕਾਰਵਾਈਆਂ ਕੀਤੀਆਂ ਸਨ। ਅਜਿਹੀ ਰਣਨੀਤੀ ਭਾਰਤ ਦੀਆਂ ਕੱਟੜਪੰਥੀ ਜਥੇਬੰਦੀਆਂ ਨੂੰ ਵੀ ਬਹੁਤ ਰਾਸ ਆਉਂਦੀ ਹੈ ਜਿਹੜੀਆਂ ਇਨ੍ਹਾਂ ਘਟਨਾਵਾਂ ਨੂੰ ਭਾਰਤ ਵਿਚ ਮੁਸਲਮਾਨ ਭਾਈਚਾਰੇ ਵਿਰੁੱਧ ਘਿਰਣਾ ਭਰਿਆ ਪ੍ਰਚਾਰ ਕਰਨ ਅਤੇ ਹਿੰਸਾ ਭੜਕਾਉਣ ਲਈ ਵਰਤਦੀਆਂ ਹਨ।                                                   

ਫੇਸਬੁੱਕ ਦਾ  ਭਗਵਾਂਕਰਨ 

ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਆਰ ਐੱਸ ਐੱਸ ਦੀ ਨਫ਼ਰਤੀ ਵਿਚਾਰਧਾਰਾ ਨੂੰ ਫੈਲਾਉਣ ਲਈ ਉਸ ਦੀ ਪੂਰੀ ਮਦਦ ਕਰਦੇ ਰਹੇ ਹਨ । ਬੀਤੇ ਮਈ ਮਹੀਨੇ ਵਿੱਚ ਆਪਣੀ ਨੌਕਰੀ ਛੱਡ ਦੇਣ ਵਾਲੀ ਇੱਕ ਫੇਸਬੁੱਕ ਕਰਮਚਾਰੀ ਨੇ 3 ਅਕਤੂਬਰ ਨੂੰ ਇੱਕ ਭੇਂਟ-ਵਾਰਤਾ ਵਿੱਚ ਕਿਹਾ ਕਿ ਕਿਸ ਤਰ੍ਹਾਂ ਫੇਸਬੁਕ ਤੇ ਇਸ ਨਾਲ ਜੁੜੇ ਦੂਜੇ ਪਲੇਟਫਾਰਮ ਭਾਰਤ ਵਿੱਚ ਭਾਜਪਾ ਦੀ ਨਫ਼ਰਤੀ ਮੁਹਿੰਮ ਤੇ ਮੁਸਲਮਾਨਾਂ ਵਿਰੁੱਧ ਘਿ੍ਣਾ ਫੈਲਾਉਣ ਵਾਲੀ ਪ੍ਰਚਾਰ ਸਮਗਰੀ ਨੂੰ ਨਜ਼ਰਅੰਦਾਜ਼ ਕਰਦੇ ਰਹੇ ਹਨ ।ਫਰਾਂਸੈਸ ਹੌਗੇਨ ਨਾਂਅ ਦੀ ਫੇਸਬੁਕ ਦੀ ਸਾਬਕਾ ਪ੍ਰਬੰਧਕ ਨੇ ਆਪਣੇ ਦੋਸ਼ਾਂ ਦੀ ਪ੍ਰਮਾਣਕਤਾ ਲਈ ਕੰਪਨੀ ਦੇ ਕਾਪੀ ਕੀਤੇ ਦਸਤਾਵੇਜ਼ਾਂ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ । ਉਸ ਨੇ ਇਸ ਸੰਬੰਧੀ ਬਰਤਾਨਵੀ ਤੇ ਅਮਰੀਕੀ ਸਾਂਸਦਾਂ ਨੂੰ ਸੰਬੋਧਨ ਕਰਦਿਆਂ ਫੇਸਬੁਕ ਉੱਤੇ ਗੰਭੀਰ ਦੋਸ਼ ਲਾਏ ਹਨ ।ਭਾਰਤ ਫੇਸਬੁਕ ਦਾ ਸਭ ਤੋਂ ਵੱਡਾ ਬਜ਼ਾਰ ਹੈ, ਜਿਥੇ ਇਸ ਦੇ 37 ਕਰੋੜ ਗਾਹਕ ਹਨ । 'ਨਿਊਯਾਰਕ ਟਾਈਮਜ਼' ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਹੌਗੇਨ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ ਦੱਸਦੇ ਹਨ ਕਿ ਫੇਸਬੁਕ ਕਿਵੇਂ ਭਾਰਤ ਵਿੱਚ ਨਫ਼ਰਤੀ ਭਾਸ਼ਣਾਂ, ਹਿੰਸਾ ਉਤੇ ਜਸ਼ਨ ਮਨਾਉਣ ਤੇ ਅਫ਼ਵਾਹਾਂ ਫੈਲਾਉਣ ਵਾਲੀਆਂ ਸੂਚਨਾਵਾਂ ਨੂੰ ਰੋਕਣ ਤੋਂ ਟਾਲਾ ਵਟਦੀ ਰਹੀ ਹੈ ।ਇਸ ਸੰਬੰਧੀ ਖੋਜੀ ਪੱਤਰਕਾਰਾਂ ਨੇ ਉਨ੍ਹਾਂ ਸਮੂਹਾਂ ਤੇ ਪੰਨਿਆਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ, ਜਿਹੜੇ ਭੜਕਾਊ ਤੇ ਮੁਸਲਿਮ ਵਿਰੋਧੀ ਸਮਗਰੀ ਨਾਲ ਭਰੇ ਹੋਏ ਹਨ। ਇਨ੍ਹਾਂ ਰਿਪੋਰਟਾਂ ਵਿੱਚ ਤਿੰਨ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ, ਜਿਨ੍ਹਾਂ ਦੌਰਾਨ ਫੇਸਬੁਕ ਉਤੇ ਨਫ਼ਰਤੀ ਸਮਗਰੀ ਦਾ ਬੋਲਬਾਲਾ ਰਿਹਾ ।ਇਨ੍ਹਾਂ ਵਿੱਚ ਪਹਿਲੀ ਘਟਨਾ ਸੀ ਏ ਏ ਵਿਰੁੱਧ ਛਿੜੇ ਅੰਦੋਲਨ ਦੀ ਹੈ, ਜਦੋਂ ਹਿੰਦੂਤਵੀਆਂ ਨੇ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਫੇਸਬੁਕ ਦਾ ਸਹਾਰਾ ਲਿਆ ।ਦੂਜੀ ਘਟਨਾ ਦਿੱਲੀ ਵਿੱਚ ਦੰਗੇ ਭੜਕਾਉਣ ਦੀ ਹੈ, ਜਿਸ ਵਿੱਚ 50 ਤੋਂ ਵੱਧ ਵਿਅਕਤੀ ਮਾਰੇ ਗਏ ਤੇ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਕੀਤਾ ਗਿਆ ।ਤੀਜੀ ਘਟਨਾ ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦੌਰ ਦੀ ਹੈ, ਜਦੋਂ ਇਸ ਲਈ ਤਬਲੀਗੀ ਜਮਾਤ ਨੂੰ ਜ਼ਿੰਮੇਵਾਰ ਬਣਾ ਕੇ ਮੁਸਲਮਾਨਾਂ ਵਿਰੁੱਧ ਨਫ਼ਰਤ ਭੜਕਾਈ ਗਈ ।ਫਰਾਂਸੈਸ ਹੌਗੇਨ ਨੇ ਬਰਤਾਨਵੀ ਸਾਂਸਦਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਸ ਨੇ ਫੇਸਬੁਕ ਦੇ ਸਮਾਜ ਉਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਕੰਪਨੀ ਨੂੰ ਸੁਚੇਤ ਵੀ ਕੀਤਾ, ਪਰ ਉਹ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੋਈ, ਕਿਉਂਕਿ ਅਜਿਹਾ ਕਰਨ ਨਾਲ ਉਸ ਦੇ ਮੁਨਾਫ਼ੇ ਨੂੰ ਸੱਟ ਵੱਜਦੀ ਸੀ ।ਫਰਾਂਸੈਸ ਹੌਗੇਨ ਦੇ ਪ੍ਰਗਟਾਵਿਆਂ ਤੋਂ ਬਾਅਦ ਅਮਰੀਕਾ ਤੇ ਬਰਤਾਨੀਆ ਸਮੇਤ ਵੱਖ-ਵੱਖ ਸਰਕਾਰਾਂ ਨੇ ਇਸ ਬਿਮਾਰੀ ਨੂੰ ਰੋਕਣ ਲਈ ਨਿਯਮ ਬਣਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ, ਪਰ ਸਾਡੇ ਦੇਸ਼ ਦੀ ਭਾਜਪਾ ਸਰਕਾਰ ਨੇ ਚੁੱਪ ਧਾਰੀ ਹੋਈ ਹੈ, ਕਿਉਂਕਿ ਇਹ ਉਸ ਦੀ ਫਿਰਕੂ ਵਿਚਾਰਧਾਰਾ ਲਈ ਲਾਹੇਵੰਦਾ ਹੈ ।ਇਨ੍ਹਾਂ ਖੁਲਾਸਿਆਂ ਤੋਂ ਬਾਅਦ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਹੈ ਕਿ ਭਾਰਤ ਵਿੱਚ ਫੇਸਬੁਕ ਭਾਜਪਾ ਦੇ ਸਹਿਯੋਗੀ ਵਜੋਂ ਕੰਮ ਕਰ ਰਹੀ ਹੈ । ਉਨ੍ਹਾ ਕਿਹਾ ਕਿ ਭਾਰਤ ਵਿੱਚ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਫੇਸਬੱਕ ਦੀ ਭੂਮਿਕਾ ਦੀ ਸੰਯੁਕਤ ਸੰਸਦੀ ਕਮੇਟੀ ਰਾਹੀਂ ਜਾਂਚ ਕਰਾਈ ਜਾਣੀ ਚਾਹੀਦੀ ਹੈ ।ਉਨ੍ਹਾ ਕਿਹਾ ਕਿ ਫੇਸਬੁਕ ਭਾਰਤ ਵਿੱਚ ਫਰਜ਼ੀ ਪੋਸਟਾਂ ਰਾਹੀਂ ਲੋਕਾਂ ਦੀ ਰਾਇ ਬਦਲ ਕੇ ਲੋਕਤੰਤਰ ਨੂੰ ਕਮਜ਼ੋਰ ਕਰ ਰਿਹਾ ਹੈ । ਉਨ੍ਹਾਂਂ ਕਿਹਾ ਕਿ ਭਾਜਪਾ ਤੇ ਉਸ ਨਾਲ ਜੁੜੀਆਂ ਸੰਸਥਾਵਾਂ ਦੀ ਫੇਸਬੁਕ ਦੇ ਕੰਮਕਾਜ ਵਿੱਚ ਡੂੰਘੀ ਘੁਸਪੈਠ ਹੋ ਚੁੱਕੀ ਹੈ । ਉਨ੍ਹਾ ਕਿਹਾ ਕਿ ਸਰਕਾਰ ਨੂੰ ਇਸ ਸੰਬੰਧੀ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ।ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਤਕ ਜਾਣ ਵਾਲੀ ਜਹਾਜ਼ ਸੇਵਾ ਬੰਦਬੇਸ਼ੱਕ ਇਹ ਸੇਵਾ ਬੰਦ ਕਰ ਦਿੱਤੀ ਗਈ ਹੈ ਪਰ ਏਅਰ ਇੰਡੀਆ ਦੀ ਇੰਟਰਨੈੱਟ ਮੀਡੀਆ ਟੀਮ ਹਾਲੇ ਵੀ ਲੋਕਾਂ ਨੂੰ ਇਸ ਸੇਵਾ ਦਾ ਫ਼ਾਇਦਾ ਲੈਣ ਲਈ ਪ੍ਰੇਰਿਤ ਕਰ ਰਹੀ ਹੈ। 

ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਤਕ ਜਾਣ ਵਾਲੀ ਜਹਾਜ਼ ਸੇਵਾ ਬੰਦ 

ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਤਕ ਜਾਣ ਵਾਲੀ ਜਹਾਜ਼ ਸੇਵਾ ਬੰਦ ਕਰਕੇ ਸਿਖ ਜਗਤ ਨਾਲ ਵਿਤਕਰਾ ਕੀਤਾ  ਹੈ। 30 ਅਕਤੂਬਰ ਨੂੰ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਆਖ਼ਰੀ ਉਡਾਣ ਰਵਾਨਾ ਹੋਈ। ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਸਿਰਫ਼ ਇੱਕੋ ਉਡਾਣ ਜਾਂਦੀ ਹੁੰਦੀ ਸੀ। ਪਿਛਲੇ ਹਫ਼ਤੇ ਅਚਾਨਕ ਏਅਰ ਇੰਡੀਆ ਨੇ ਇਨ੍ਹਾਂ ਸਥਾਨਾਂ ਲਈ ਬੁਕਿੰਗ ਲੈਣੀ ਬੰਦ ਕਰ ਦਿੱਤੀ ਸੀ। ਇਸ ਗੱਲ ਦਾ ਅੰਮ੍ਰਿਤਸਰ ਵਿਕਾਸ ਮੰਚ ਨੇ ਵਿਰੋਧ ਕੀਤਾ ਹੈ। ਉੱਥੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਸੇਵਾ ਨੂੰ ਬੰਦ ਨਾ ਕੀਤਾ ਜਾਵੇ। ਦੋਵਾਂ ਸ਼ਹਿਰਾਂ ਦੀ ਏਅਰ ਕੁਨੈਕਟੀਵਿਟੀ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਧਾਰਮਿਕ ਸ਼ਹਿਰ ਹੈ। ਬੇਸ਼ੱਕ ਇਹ ਸੇਵਾ ਬੰਦ ਕਰ ਦਿੱਤੀ ਗਈ ਹੈ ਪਰ ਏਅਰ ਇੰਡੀਆ ਦੀ ਇੰਟਰਨੈੱਟ ਮੀਡੀਆ ਟੀਮ ਹਾਲੇ ਵੀ ਲੋਕਾਂ ਨੂੰ ਇਸ ਸੇਵਾ ਦਾ ਫ਼ਾਇਦਾ ਲੈਣ ਲਈ ਪ੍ਰੇਰਿਤ ਕਰ ਰਹੀ ਹੈ। ਇੰਟਰਨੈੱਟ ਮੀਡੀਆ ’ਤੇ ਇਸ ਦਾ ਵਿਰੋਧ ਹੋ ਰਿਹਾ ਹੈ, ਲੋਕ ਟ੍ਰੋਲ ਕਰ ਰਹੇ ਹਨ ਕਿ ਜਹਾਜ਼ ਸੇਵਾ ਤਾਂ ਬੰਦ ਕਰ ਦਿੱਤੀ ਗਈ ਹੈ ਕੀ ਉਹ ਸੁਪਨੇ ਦੇ ਜਹਾਜ਼ ਵਿਚ ਉਡ ਕੇ ਜਾਣਗੇ। ਦਰਅਸਲ, ਭਾਰਤ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਟਾਟਾ ਸੰਨਜ਼ ਲਿਮਟਿਡ ਦੇ ਹਵਾਲੇ ਕੀਤਾ ਜਾ ਰਿਹਾ ਹੈ। ਹਾਲਾਂਕਿ ਸੰਭਾਵਨਾ ਹੈ ਕਿ ਟਾਟਾ ਇਸ ਉਡਾਣ ਨੂੰ ਰੀ-ਸ਼ਡਿਊਲ ਕਰ ਕੇ ਚਲਾ ਸਕਦੀ ਹੈ। ਅੰਮ੍ਰਿਤਸਰ ਤੋਂ ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ ਨੂੰ ਨਾਂਦੇੜ ਤਕ ਜਹਾਜ਼ ਸੇਵਾ ਚਲਾਈ ਜਾਂਦੀ ਹੈ। ਇਸ ਦੀ ਬੁਕਿੰਗ ਨਵੰਬਰ ਤੋਂ ਹਟਾ ਦਿੱਤੀ ਗਈ ਹੈ। ਇਹ ਦਿੱਲੀ ਤੋਂ ਉਡਾਣ ਭਰਦੀ ਸੀ ਤੇ ਫਿਰ ਅੰਮ੍ਰਿਤਸਰੋਂ ਸਵੇਰੇ 6.50 ਵਜੇ ਨਾਂਦੇੜ ਸਾਹਿਬ ਲਈ ਰਵਾਨਾ ਹੁੰਦੀ ਹੈ। ਇਸ ਨਾਲ ਅੰਮ੍ਰਿਤਸਰ-ਨਾਂਦੇੜ ਵਿਚਾਲੇ ਸਿਰਫ਼ ਢਾਈ ਘੰਟੇ ਵਿਚ ਪੂਰੀ ਹੁੰਦੀ ਹੈ।