ਸ਼ਹੀਦੀ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਮੋਜੂਦ ਬਲਵਿੰਦਰ ਸਿੰਘ ਖੋਜਕੀਪੁਰ ਨਾਲ ਖਾਸ ਮੁਲਾਕਾਤ

ਸ਼ਹੀਦੀ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਮੋਜੂਦ ਬਲਵਿੰਦਰ ਸਿੰਘ ਖੋਜਕੀਪੁਰ ਨਾਲ ਖਾਸ ਮੁਲਾਕਾਤ

ਅੰਮ੍ਰਿਤਸਰ ਟਾਈਮਜ ਫੀਚਰ ਸਰਵਿਸ

ਘੱਲੂਘਾਰਾ ਜੂਨ 1984 ਮੌਕੇ ਦਰਬਾਰ ਸਾਹਿਬ ਵਿਖੇ ਮੋਜੂਦ ਭਾਈ ਬਲਵਿੰਦਰ ਸਿੰਘ ਖੋਜਕੀਪੁਰ ਉਰਫ ਫੌਜੀ ਨਾਲ ਅੰਮ੍ਰਿਤਸਰ ਟਾਈਮਜ਼ ਲਈ ਬਲਵਿੰਦਰਪਾਲ ਸਿੰਘ ਵੱਲੋਂ ਖਾਸ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦਾ ਲਿਖਤੀ ਰੂਪ ਅਸੀਂ ਇੱਥੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ:

ਸੁਆਲ-ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਦਰਬਾਰ ਸਾਹਿਬ ਵਿਚ ਸੀ ਤਾਂ ਅੰਦਰ ਕੀ ਵਾਪਰਿਆ?
ਜੁਆਬ-4 ਜੂਨ ਅੰਮ੍ਰਿਤ ਵੇਲੇ ਜਦੋਂ ਕਿ ਦਰਬਾਰ ਸਾਹਿਬ ਵਿੱਚ ਕੀਰਤਨ ਦੀਆਂ ਮਧੁਰ-ਧੁਨਾਂ ਸੁਣਾਈ ਦੇ ਰਹੀਆਂ ਸਨ। ਸੋਮਵਾਰ 4 ਜੂਨ 1984 ਨੂੰ ਦਰਬਾਰ ਸਾਹਿਬ ਵੱਲ ਫੌਜ ਨੇ ਮੋਰਟਰ ਤੇ ਲਾਈਟ ਮਸ਼ੀਨ ਗੰਨਾਂ ਨਾਲ ਜਬਰਦਸਤ ਫਾਇਰਿੰਗ ਸਵੇਰੇ 4 ਵਜੇ ਬਿਨਾਂ ਕਿਸੇ ਚੇਤਾਵਨੀ ਦੇ ਸ਼ੁਰੂ ਕਰ ਦਿੱਤੀ। ਪਰਕਰਮਾ ਵਿਚ ਇਸ਼ਨਾਨ ਕਰ ਰਹੀਆਂ ਸੰਗਤਾਂ ਗੋਲੀਆਂ ਲੱਗਣ ਕਾਰਨ ਡਿਗਨ ਲੱਗ ਪਈਆਂ। ਜਰਨਲ ਸ਼ੁਬੇਗ ਸਿੰਘ ਨੇ ਦਰਬਾਰ ਸਾਹਿਬ ਸਮੂਹ ਦੀਆਂ ਉਚੀਆ ਬਿਲਡਿੰਗਾਂ ਤੇ ਚਾਰੇ ਪਾਸੇ ਪੱਕੀ ਮੋਰਚਾਬੰਦੀ ਕੀਤੀ ਹੋਈ ਸੀ। ਹੇਠ ਕਮਰਿਆਂ ਵਿੱਚੋਂ ਵੀ ਖਾੜਕੂਆ ਵੱਲੋਂ ਫਾਇਰਿੰਗ ਹੋ ਰਹੀ ਸੀ। ਥੋੜ੍ਹੇ ਸਮੇਂ ਵਿੱਚ ਹੀ ਇਹ ਗੋਲਾਬਾਰੀ ਤੇਜ਼ ਹੁੰਦੀ ਚਲੀ ਗਈ। ਲੜੀਵਾਰ ਲਾਲ ਗੋਲਿਆਂ ਨਾਲ ਅਕਾਸ਼ ਲਾਲ ਹੋ ਗਿਆ ਸੀ। ਇਹ ਗੋਲੇ ਮਾਰਟਰ ਗੰਨਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਭਾਰਤੀ ਫੌਜ ਵੱਲੋਂ ਵਰ੍ਹਾਏ ਜਾ ਰਹੇ ਸਨ। ਫੌਜ ਵੱਲੋਂ ਘੰਟਾ ਘਰ ਵਾਲੇ
ਪਾਸਿਉਂ ਆਸ-ਪਾਸ ਦੇ ਮਕਾਨਾਂ ਤੋਂ ਫਾਇਰਿੰਗ ਹੋ ਰਹੀ ਸੀ। ਇਨ੍ਹਾਂ ਵਿੱਚੋਂ ਕਈ ਮਕਾਨ ਬਹੁ-ਮੰਜ਼ਿਲੀ ਸਨ ਜੋ ਦਰਬਾਰ ਸਾਹਿਬ ਕੰਪਲੈਕਸ ਨਾਲੋਂ ਵੀ ਉ¤ਚੇ ਸਨ। ਇਨ੍ਹਾਂ ਮਕਾਨਾਂ ਦੀ ਛੱਤ ਤੋਂ ਪਰਕਰਮਾ, ਅਕਾਲ ਤਖ਼ਤ ਸਾਹਿਬ ਦੇ ਆਸ-ਪਾਸ ਦੇ ਮਕਾਨਾਂ ਨੂੰ ਬੜੀ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅਚਾਨਕ 4 ਵੱਜ ਕੇ 15 ਮਿੰਟ ’ਤੇ ਅਕਾਲ ਤਖ਼ਤ ਸਾਹਿਬ ’ਤੇ ਭਾਰੀ ਧਮਾਕਾ ਹੋਇਆ। ਇਹ ਤੋਪ ਜਾਂ ਮਿਜਾਈਲ ਦਾ ਗੋਲਾ ਵੱਜਿਆ ਸੀ। ਅਕਾਲ ਤਖ਼ਤ ਦੀ ਸਾਰੀ ਬਿਲਡਿੰਗ ਹਿੱਲ ਗਈ। ਇਸ ਸਮੇਂ ਮੈਂ ਸੰਤ ਭਿੰਡਰਾਂਵਾਲਿਆਂ ਨਾਲ ਅਕਾਲ ਤਖ਼ਤ ਸਾਹਿਬ ਵਿਖੇ ਸਾਂ। ਭਾਈ ਅਮਰੀਕ ਸਿੰਘ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਜਨਰਲ ਸੁਬੇਗ ਸਿੰਘ ਤੇ ਹੋਰ 20-22 ਸਿੰਘ ਇਸੇ ਮੋਰਚੇ ’ਤੇ ਡਟੇ ਹੋਏ ਸਨ।

ਹੈਲੀਕਾਪਟਰ ਸਾਡੇ ਸਿਰਾਂ ’ਤੇ ਮੰਡਰਾ ਰਹੇ ਸਨ। ਗੋਲਿਆਂ ਤੇ ਗੋਲੀਆਂ ਦਾ ਮੀਂਹ ਵਰ ਰਿਹਾ ਸੀ। ਜਨਰਲ ਸੁਬੇਗ ਸਿੰਘ ਦੇ ਹੱਥ ਵਿੱਚ ਕਾਰਬਾਈਨ ਸੀ ਤੇ ਇੱਕ ਸੋਟੀ ਸੀ। ਇਨ੍ਹਾਂ ਨੇ ਅਕਾਲ ਤਖ਼ਤ ਦੇ ਸੱਜੇ ਪਾਸੇ ਬੁੰਗਾ ਸ਼ੇਰ ਸਿੰਘ ਦੇ ਉ¤ਤੇ ਮੋਰਚਾਬੰਦੀ ਕੀਤੀ ਹੋਈ ਸੀ। ਇਥੇ ਵਰਣਨਯੋਗ ਹੈ ਕਿ ਫੌਜ ਦਾ ਸਭ ਤੋਂ ਵੱਧ ਨੁਕਸਾਨ ਇਸ ਮੋਰਚੇ ਨੇ ਕੀਤਾ। ਅਕਾਲ ਤਖ਼ਤ ਸਾਹਿਬ ਦੇ ਚੱਪੇ-ਚੱਪੇ ਉਤੇ ਸੰਤ ਭਿੰਡਰਾਂਵਾਲਿਆਂ ਸਮੇਤ ਸਮੁੱਚਾ ਜੱਥਾ ਪੁਜ਼ੀਸ਼ਨਾਂ ਲਈ ਬੈਠਾ ਸੀ। ਇਨ੍ਹਾਂ ਕੋਲ ਐਸਐਲਆਰ, 303 ਰਾਈਫਲ ਅਤੇ ਹੋਰ ਸਾਧਾਰਨ ਹਥਿਆਰ ਸਨ। ਸੰਤ ਭਿੰਡਰਾਂਵਾਲਿਆਂ ਨਾਲ ਤਕਰੀਬਨ ਚਾਰ ਦਰਜਨ ਦੇ ਕਰੀਬ ਸਿੰਘ ਸਨ ਜਿਨ੍ਹਾਂ ਵਿੱਚ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਵੀ ਸ਼ਾਮਲ ਸਨ। ਸੰਤ ਜਰਨੈਲ ਸਿੰਘ ਹੁਰੀਂ ਕਹਿ ਰਹੇ ਸਨ, ‘‘ਸ਼ਾਬਾਸ਼ ਸਿੰਘੋ, ਜੀਂਦੇ ਜੀਅ ਦੁਸ਼ਮਣ ਦੇ ਪੈਰ ਪਰਕਰਮਾ ਵਿੱਚ ਨਹੀਂ ਪੈਣ ਦੇਣੇ, ਹੱਥ ਖੜ੍ਹੇ ਨਹੀਂ ਕਰਨੇ ਤੇ ਸ਼ਹੀਦੀਆਂ
ਪਾਉਣੀਆਂ ਹਨ।

ਅਸੀਂ ਅਕਾਲ ਤਖ਼ਤ ਸਾਹਿਬ ਦੀ ਥੱਲੇ ਮੰਜ਼ਿਲ ਵਲ ਅੰਦਰਲੇ ਕਮਰਿਆਂ ਵਿਚ ਨਵੇਂ ਮੋਰਚੇ ਵੀ ਬਣਾਏ ਹੋਏ ਸਨ। ਸਾਰੇ ਮੋਰਚਿਆਂ ਤੋਂ ਫੌਜ ਨੂੰ ਮੁਕਾਬਲਾ ਦਿੱਤਾ ਜਾ ਰਿਹਾ ਸੀ।ਪੰਜ ਜੂਨ ਦੌਰਾਨ ਸਵੇਰੇ ਸਾਢੇ ਪੰਜ ਵਜੇ ਅਚਨਚੇਤੇ ਫੌਜ ਵਲੋਂ ਚਲਾਈ ਗੋਲੀ ਜਨਰਲ ਸੁਬੇਗ ਸਿੰਘ ਦੀ ਛਾਤੀ ਵਿਚ ਆ ਵੱਜੀ। ਮੈਂ ਸੰਤਾਂ ਦੇ ਨਾਲ ਜਨਰਲ ਸੁਬੇਗ ਸਿੰਘ ਕੋਲ ਖਲੌਤਾ ਸਾਂ। ਜਰਨਲ ਸੁਬੇਗ ਸਿੰਘ ਥੱਲੇ ਡਿੱਗ ਪਏ ਤੇ ਮੈਂ ਉਨ੍ਹਾਂ ਨੂੰ ਸਹਾਰਾ ਦੇ ਕੇ ਥੱਲਵੀਂ ਮੰਜ਼ਲ ਵਿਚ ਲੈ ਗਿਆ। ਸੰਤਾਂ ਨੇ ਜਨਰਲ ਸੁਬੇਗ ਸਿੰਘ ਦਾ ਸਿਰ ਆਪਣੀ ਗੋਂਦ ਵਿਚ ਰੱਖ ਲਿਆ। ਪਿਆਰ ਨਾਲ ਪਲੋਸਿਆ ਕਿ ਜਨਰਲ ਸਾਹਿਬ ਤੁਸੀਂ ਸਾਨੂੰ ਇਕੱਲਿਆ ਛੱਡ ਕੇ ਚੱਲੇ ਹੋ। ਤੁਸੀਂ ਸਾਡੇ ਨਾਲ ਧੋਖਾ ਕੀਤਾ। ਸਾਡਾ ਤਾਂ ਵਚਨ ਇਕੱਠਿਆ ਸ਼ਹਾਦਤ ਪਾਉਣ ਦਾ ਸੀ। ਜਨਰਲ ਸੁਬੇਗ ਸਿੰਘ ਮੁਸਕਰਾ ਕੇ ਥੋੜ੍ਹੀ ਪੀੜਾ ਨਾਲ ਕਹਿਣ ਲੱਗੇ ਕਿ ਬਾਬਿਓ ਅਸੀਂ ਆਪਣਾ ਵਚਨ ਨਿਭਾਅ ਚੱਲੇ ਹਾਂ, ਬੱਸ ਏਨਾ ਹੀ ਸਾਥ ਸੀ। ਇਹ ਕਹਿ ਕੇ ਉਹ ਚਲ ਵਸੇ। ਸੰਤ ਇਹ ਕਹਿ ਕੇ ਉ¤ਠ ਪਏ ਕਿ ਜਨਰਲ ਸਾਹਿਬ ਅਸੀਂ ਵੀ ਤੁਹਾਡੇ ਮਗਰ ਆਏ। ਉਹ ਉਪਰਲੀ ਮੰਜ਼ਲ ਵਲ ਸਾਨੂੰ ਲੈ ਕੇ ਚਲ ਪਏ। ਉਪਰੋਂ ਹੈਲੀਕਾਪਟਰ ਦੇ ਮੰਡਰਾਉਣ ਦੀਆਂ ਆਵਾਜ਼ਾਂ ਵੀ ਆ ਰਹੀਆਂ ਸਨ। ਕਈ ਸਿੰਘ ਜੂਝਦੇ ਸ਼ਹੀਦ ਹੋ ਗਏ ਸਨ ਤੇ ਕਈ ਫੱਟੜ ਹੋਏ ਪਏ ਸਨ। ਪਰ ਇਥੇ ਇਨ੍ਹਾਂ ਦੀ ਕੋਈ ਮੱਲ੍ਹਮ ਪੱਟੀ ਕਰਨ ਵਾਲਾ ਨਹੀਂ ਸੀ। ਪਰ ਗੁਰੂ ਸਾਹਿਬ ਦੀ ਏਨੀ ਕ੍ਰਿਪਾ ਸੀ ਕਿ ਗੋਲੀਆਂ ਨਾਲ ਫੱਟੜ ਹੋਣ ਵਾਲੇ ਸਿੰਘ ਵੀ ਲੜਨ ਵਾਲਿਆਂ ਨੂੰ ਹੌਂਸਲਾ ਦੇ ਰਹੇ ਸਨ ਕਿ ਤਕੜੇ ਹੋ ਕੇ ਲੜੋ। ਸਿੰਘਾਂ ਦੀਆਂ ਲਾਸ਼ਾਂ ਮੋਰਚਿਆਂ ਵਿਚ ਪਈਆਂ ਸਨ ਪਰ ਉ¤ਥੇ ਸਾਡਾ ਮਨ ਵੀ ਸ਼ਾਇਦ ਪੱਥਰ ਦਾ ਹੋ ਗਿਆ ਸੀ। ਇੰਝ ਲੱਗ ਰਿਹਾ ਸੀ ਕਿ ਜਿਵੇਂ ਅਸੀਂ ਚਮਕੌਰ ਦੀ ਗੜ੍ਹੀ ਵਿਚ ਜੰਗ ਲੜ ਰਹੇ ਹੋਈਏ। ਗੱਲ ਸਿੱਧੀ ਸੀ, ਲੜਨਾ ਤੇ ਮਰਨਾ। ਪੰਜ ਜੂਨ ਸੱਤ ਵਜੇ ਰਾਤ ਦੌਰਾਨ ਸਾਰੇ ਦਰਬਾਰ ਸਾਹਿਬ ਕੰਪਲੈਕਸ ਅਤੇ ਆਸ-ਪਾਸ ਦੀਆਂ ਬਿਲਡਿੰਗਾਂ ਦੀ ਬਿਜਲੀ ਕੱਟ ਦਿੱਤੀ ਗਈ। ਰਾਤ ਦੇ ਹਨੇਰੇ ਦੇ ਵਿੱਚ ਫੌਜੀਆਂ ਨੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀਆਂ ਉ¤ਚੀਆਂ ਬਿਲਡਿੰਗਾਂ ਵਿੱਚ ਮੋਰਚੇ ਸਾਂਭ ਲਏ। ਪਤਾ ਲੱਗਾ ਕਿ 5 ਜੂਨ ਦੌਰਾਨ ਫੌਜ ਦੇ ਕਬਜ਼ੇ ਵਿੱਚ ਆਉਣ ਵਾਲੀ ਪਹਿਲੀ ਬਿਲਡਿੰਗ ਗੁਰੂ ਰਾਮਦਾਸ ਸਰਾਂ ਸੀ। ਇਥੇ ਹੀ ਟੈਂਕ ਲੰਗਰ ਦੇ ਸਾਹਮਣਿਓਂ ਪਰਕਰਮਾ ਵਿੱਚ ਦਾਖਲ ਹੋਏ ਸਨ। ਇੱਥੇ ਸਿੰਘਾਂ ਨੇ ਬਖਤਰਬੰਦ ਗੱਡੀਆਂ ਉਡਾ ਦਿੱਤੀਆਂ ਸਨ। ਬਾਬਾ ਠਾਰਾ ਸਿੰਘ ਇਸੇ ਮੋਰਚੇ ’ਤੇ ਲੰਗਰ ਕੋਲ ਸ਼ਹੀਦ ਹੋ ਚੁੱਕੇ ਸਨ।

ਪੰਜ ਤਰੀਕ ਦੀ ਰਾਤ ਨੂੰ ਕੋਈ ਪੌਣੇ ਦਸ ਵਜੇ ਇੱਕ ਛੋਟਾ ਟੈਂਕ ਪਰਕਰਮਾ ਵਿੱਚ ਦਾਖਲ ਹੋਇਆ। ਅਗਲੇ ਦਿਨ ਇੱਕ ਟੈਂਕ ਬਾਬਾ ਦੀਪ ਸਿੰਘ ਵਾਲੀ ਛਬੀਲ ਪਾਸ, ਦੋ ਟੈਂਕ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਥਾਨ ਲੰਘ ਕੇ ਅੱਗੇ ਅਤੇ ਇੱਕ ਛੋਟਾ ਟੈਂਕ ਜੋ ਪਹਿਲਾਂ ਦਾਖਲ ਹੋਇਆ ਸੀ, ਉਹ ਬਾਬਾ ਸਵਾਇਆ ਸਿੰਘ ਦੀ ਛਬੀਲ ਕੋਲ ਖੜ੍ਹਾ ਸੀ। ਪਹਿਲਾਂ ਜ਼ਹਿਰੀਲੀ ਗੈਸ ਇੱਕ ਗੋਲਾ ਅਕਾਲ ਤਖ਼ਤ ਸਾਹਿਬ ਤੇ ਸੁੱਟਿਆ ਗਿਆ , ਜਿਸ ਦਾ ਅਸਰ ਸਾਡੇ ਕਮਰਿਆਂ ਤੱਕ ਵੀ ਹੋਇਆ। ਸਾਡੇ ਨੱਕ ਨੂੰ ਗੈਸ ਚੜ੍ਹਨ ਲੱਗ ਪਈ। ਅਸੀਂ ਮੂੰਹ ਢੱਕ ਲਏ ਸਨ। ਫਿਰ ਇਹਨਾਂ ਟੈਂਕਾਂ ਨੇ ਸਾਰੀ ਰਾਤ ਗੋਲਾਬਾਰੀ ਕੀਤੀ। 

ਸੰਤ ਭਿੰਡਰਾਂਵਾਲਿਆਂ ਦੇ ਸਿਰ ’ਤੇ ਬਸੰਤੀ ਦਸਤਾਰ ਬੰਨ੍ਹੀ ਹੋਈ ਸੀ ਅਤੇ ਹੱਥ ਵਿੱਚ ਥਾਮਸਨ ਗੰਨ ਸੀ। 6 ਜੂਨ ਦੌਰਾਨ ਰਾਤ 11 ਵਜੇ ਟੈਂਕ ਅਤੇ ਬਖਤਰਬੰਦ ਗੱਡੀਆਂ ਸਰਾਂ ਵਾਲੇ ਪਾਸਿਓਂ ਅੰਦਰ ਦਰਬਾਰ ਸਾਹਿਬ ਵਲ ਆ ਰਹੀਆਂ ਸਨ। ਅਕਾਲ ਤਖ਼ਤ ਸਾਹਿਬ ਦੇ ਕਈ ਗੁੰਬਦ ਤੋਪਾਂ ਦੇ ਗੋਲਿਆਂ ਨਾਲ ਢਹਿ ਗਏ ਸਨ ਤੇ ਅਕਾਲ ਤਖ਼ਤ ਸਾਹਿਬ ਸਮੇਤ ਆਸਪਾਸ ਦੀ ਇਮਾਰਤ ਦੇ ਕਾਫੀ ਹਿੱਸੇ ਵਿਚ ਅੱਗ ਲੱਗੀ ਹੋਈ ਸੀ। ਭਾਵੇਂ ਲੜਨ ਵਾਲੇ ਸਿੰਘ ਬਹੁਤ ਘੱਟ ਸਨ, ਪਰ ਸਿੰਘਾਂ ਦੀ ਮੋਰਚਾਬੰਦੀ ਤੇ ਬਹਾਦਰੀ ਕਾਰਨ ਇਸ ਹਮਲੇ ਦੌਰਾਨ ਫ਼ੌਜ ਦਾ ਵੀ ਬਹੁਤ ਵੱਡਾ ਜਾਨੀ-ਮਾਲੀ ਨੁਕਸਾਨ ਕੀਤਾ ਸੀ।

6 ਜੂਨ ਸਵੇਰੇ ਭਾਈ ਸਵਰਨ ਸਿੰਘ, ਦਲਬੀਰ ਸਿੰਘ ਅਭਿਆਸੀ ਅਕਾਲ ਤਖ਼ਤ ਸਾਹਿਬ ਦੇ ਮੋਰਚੇ ਵਲ ਆ ਰਹੇ ਸਨ, ਉਹ ਦਰਬਾਰ ਸਾਹਿਬ ਦੇ ਸਾਹਮਣੇ ਵਾਲੀ ਦੁੱਖ ਭੰਜਨੀ ਦੇ ਨੇੜੇ ਛਬੀਲ ਦੇ ਕੋਲ ਸ਼ਹੀਦ ਹੋ ਗਏ। ਅੱਤ ਦੀ ਗਰਮੀ ਪੈ ਰਹੀ ਸੀ। ਪਿਆਸ ਲੱਗੀ ਹੋਈ ਸੀ, ਪਰ ਪੀਣ ਨੂੰ ਪਾਣੀ ਨਹੀਂ ਸੀ। ਤਿੰਨ ਦਿਨ ਤੋਂ ਪ੍ਰਸ਼ਾਦਾ ਨਹੀਂ ਸੀ ਛਕਿਆ। ਸਿਰਫ਼ ਛੋਲੇ ਫੱਕੇ ਮਾਰ ਕੇ ਗੁਜ਼ਾਰਾ ਕਰ ਰਹੇ ਸਾਂ, ਪਰ ਉਹ ਵੀ ਮੁੱਕ ਗਏ ਸਨ। ਤਿੰਨ ਜੂਨ ਤੋਂ ਲੈ ਕੇ ਛੇ ਜੂਨ ਤੱਕ ਲਗਾਤਾਰ ਤਿੰਨ ਦਿਨ ਤੇ ਤਿੰਨ ਰਾਤਾਂ ਜੁਝਾਰੂ ਸਿੰਘਾਂ ਵਲੋਂ ਫੌਜ ਦੇ ਕਹਿਰੀ ਹਮਲਿਆਂ ਨੂੰ ਪਛਾੜ ਕੇ ਰੱਖਿਆ ਗਿਆ। ਕਈ ਕਮਾਂਡੋਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਪਰਕਰਮਾ ਉਨ੍ਹਾਂ ਲਈ ਕਤਲਗਾਹ ਸਾਬਤ ਹੋਈ।

ਅਖ਼ੀਰ ਛਿਥੇ ਪਏ ਫੌਜੀ ਕਮਾਂਡਰਾਂ ਵਲੋਂ ਛੇ ਜੂਨ ਦੀ ਸਵੇਰ ਨੂੰ ਅਕਾਲ ਤਖਤ ਸਾਹਿਬ ’ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਅਤੇ ਗੋਲੇ ਮਾਰ ਮਾਰ ਕੇ ਅਕਾਲ ਤਖਤ ਸਾਹਿਬ ਦੇ ਗੁੰਬਦਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਹੁਣ ਸਿਰਫ਼ ਸੰਤ ਭਿੰਡਰਾਂਵਾਲਿਆਂ ਕੋਲ ਗਿਣਤੀ ਦੇ ਜੁਝਾਰੂ ਹੀ ਰਹਿ ਗਏ ਸਨ, ਉਹ ਵੀ ਲਗਭਗ ਜ਼ਖ਼ਮੀ ਹਾਲਤ ਵਿਚ। ਅੰਤ ਇਨ੍ਹਾਂ ਸੰਤ ਭਿੰਡਰਾਂਵਾਲਿਆਂ ਵਲੋਂ ਅਰਦਾਸਾ ਸੋਧ ਕੇ ਭਾਰਤੀ ਫੌਜ ਨਾਲ ਨੰਗੇ ਧੜ ਲੜਨ ਦਾ ਫੈਸਲਾ ਕੀਤਾ ਗਿਆ। ਜਦੋਂ ਅਸੀਂ ਪਰਿਕਰਮਾ ਵਲ ਆਏ ਤਾਂ ਅਨੇਕਾਂ ਸਿੰਘਾਂ ਦੀਆਂ ਲਾਸ਼ਾਂ ਪਈਆਂ ਵੇਖੀਆਂ, ਖੂਨ ਡੁੱਲ੍ਹਿਆ ਪਿਆ ਸੀ, ਪਰਿਕਰਮਾ ਲਾਲ ਹੋਈ ਪਈ ਸੀ ਅਤੇ ਵਰਾਂਡਿਆਂ ਵਾਲੇ ਕਈ ਕਮਰਿਆਂ ਨੂੰ ਅੱਗ ਲੱਗੀ ਹੋਈ ਸੀ। ਦੂਰੋਂ ਫੌਜ ਵੀ ਦਿਖਾਈ ਦੇ ਰਹੀ ਸੀ। ਸੰਤਾਂ ਦੀ ਅਗਵਾਈ ਵਿਚ ਅਸੀਂ ਦਰਬਾਰ ਸਾਹਿਬ ਦੇ ਬਾਹਰ ਦਰਸ਼ਨੀ ਡਿਊੜੀ ’ਤੇ ਮੱਥਾ ਟੇਕਿਆ।


ਬਲਵਿੰਦਰ ਸਿੰਘ ਖੋਜਕੀਪੁਰ ਦੀ 1984 ਮੌਕੇ ਦੀ ਤਸਵੀਰ (ਖੱਬੇ); ਹੁਣ ਦੀ ਤਸਵੀਰ (ਸੱਜੇ)

6 ਜੂਨ ਦੌਰਾਨ ਸਵੇਰੇ 9 ਵਜੇ ਦੇ ਕਰੀਬ ਸੰਤ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਤੇ ਥੋੜੇ ਜਿਹੇ ਹੋਰ ਸਿੰਘ ਫਾਇਰਿੰਗ ਕਰਦੇ ਹੋਏ ਬਾਹਰ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨਾਂ ਕੋਲ ਪਹੁੰਚ ਗਏ। ਅਕਾਲ ਤਖ਼ਤ ਸਾਹਿਬ ਤੇ ਦਰਸ਼ਨੀ ਡਿਉੜੀ ਦੇ ਸਾਹਮਣੇ ਭਿਆਨਕ ਯੁੱਧ ਹੋਇਆ। ਭਾਈ ਅਮਰੀਕ ਸਿੰਘ ਮੀਰੀ-ਪੀਰੀ ਨਿਸ਼ਾਨ ਸਾਹਿਬ ਕੋਲ ਸ਼ਹੀਦ ਹੋ ਗਏ। ਇਕ ਗੋਲਾ ਅਚਨਚੇਤ ਵੱਜਿਆ। ਸਾਨੂੰ ਨਹੀਂ ਪਤਾ ਕਿ ਕੌਣ ਕਿੱਥੇ ਸੀ, ਪਰ ਸੰਤਾਂ ਨਾਲ ਮੈਂ ਸੀ। ਸੰਤ ਗੋਲੇ ਨਾਲ ਸ਼ਹੀਦ ਹੋ ਗਏ। ਤੁਸੀਂ ਸੰਤਾਂ ਦੀ ਦੇਹ ਦੀ ਫੋਟੋ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ। ਇਕ ਗੋਲੀ ਮੈਨੂੰ ਵੀ ਲੱਗੀ, ਮੈਂ ਥੱਲੇ ਡਿੱਗ ਪਿਆ। ਉਸ ਤੋਂ ਬਾਅਦ ਮੈਂ ਫੌਜੀ ਹਸਪਤਾਲ ਅੰਮ੍ਰਿਤਸਰ ਵਿਚ ਆਪਣੇ ਆਪ ਨੂੰ ਬੈਡ ’ਤੇ ਪਿਆ ਅਨੁਭਵ ਕੀਤਾ।

ਸੁਆਲ-ਦਰਬਾਰ ਸਾਹਿਬ ਵਿਚ ਕਿਸੇ ਪੱਤਰਕਾਰ ਨਾਲ ਵੀ ਮੁਲਾਕਾਤ ਹੋਈ ?
ਜੁਆਬ-ਦਰਬਾਰ ਸਾਹਿਬ ਸਮੂਹ ਨੂੰ ਜਦੋਂ ਫ਼ੌਜ ਨੇ ਘੇਰੇ ਵਿਚ ਲੈ ਲਿਆ ਤਾਂ ਇਕ ਪੱਤਰਕਾਰ ਸੁਭਾਸ਼ ਕਿਰਪੇਕਰ ਜੋ 3 ਜੂਨ ਨੂੰ ਸੰਤ ਭਿੰਡਰਾਂਵਾਲਿਆਂ ਨੂੰ ਮਿਲਿਆ, ਉਸ ਨੇ ਪੁਛਿਆ ਕਿ ਕੀ ਉਹ ਮੌਤ ਤੋਂ ਡਰਦੇ ਹਨ। ਸੰਤ ਭਿੰਡਰਾਂਵਾਲਿਆਂ ਨੇ ਉ¤ਤਰ ਦਿੱਤਾ, ‘‘ਮੌਤ ਤੋਂ ਡਰਨ ਵਾਲਾ ਸਿੱਖ ਨਹੀਂ ਹੋ ਸਕਦਾ।’’ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਕਤਲਾਂ ਲਈ ਜ਼ਿੰਮੇਵਾਰ ਨਹੀਂ ਸਨ ਜਿਨ੍ਹਾਂ ਕਾਰਨ ਫ਼ੌਜ ਦਰਬਾਰ ਸਾਹਿਬ ਦੇ ਬੂਹੇ ਆ ਖੜੀ ਹੋਈ ਸੀ। ਜਦੋਂ ਕਿਰਪੇਕਰ ਨੇ ਪੁਛਿਆ ਕਿ ਹਿੰਸਾ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ‘‘ਉਨ੍ਹਾਂ ਨੂੰ ਪੁੱਛੋ ਜਿਨ੍ਹਾਂ ਉ¤ਤੇ ਇਸ ਦੀ ਜ਼ਿੰਮੇਵਾਰੀ ਆਉਂਦੀ ਹੈ। ਉਸ ਨੇ ਫਿਰ ਪੁਛਿਆ, ‘‘ਤੁਸੀਂ ਕੀ ਸਮਝਦੇ ਹੋ ਕਿ ਸਿੱਖ ਇਸ ਦੇਸ਼ ਵਿਚ ਨਹੀਂ ਰਹਿ ਸਕਦੇ? ਸੰਤ ਜੀ ਨੇ ਉ¤ਤਰ ਦਿੱਤਾ, ‘‘ਹਾਂ ਉਹ ਨਾ ਭਾਰਤ ਅੰਦਰ ਰਹਿ ਸਕਦੇ ਹਨ, ਨਾ ਭਾਰਤ ਦੇ ਨਾਲ। ਜੇ ਬਰਾਬਰ ਦੇ ਸਮਝ ਕੇ ਚਲਣ ਤਾਂ ਸੰਭਵ ਹੋ ਸਕਦਾ ਹੈ। ਪਰ ਸੱਚੀ ਗੱਲ ਆਖਾਂ ਤਾਂ ਅਜਿਹਾ ਹੋਣਾ ਸੰਭਵ ਲੱਗਦਾ ਨਹੀਂ। ਇਹ ਸੰਤਾਂ ਦੀ ਆਖਰੀ ਇੰਟਰਵਿਊ ਸੀ।

ਸੁਆਲ-ਕਿੱਥੇ ਕਿੱਥੇ ਮੋਰਚੇ ਲੱਗੇ ਸਨ?
ਜੁਆਬ-ਗੁਰੂ ਰਾਮ ਦਾਸ ਸਰਾਂ ਅਕਾਲ ਰੈਸਟ ਹਾਉਸ, ਪਾਣੀ ਵਾਲੀ ਟੈਂਕੀ ਤੇ ਭਾਈ ਹਰਮਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਾਲੇ ਸਨ। ਗੁਰੂ ਰਾਮਦਾਸ ਲੰਗਰ ਅਤੇ ਦੀਵਾਨ ਮੰਜੀ ਸਾਹਿਬ ਹਾਲ ਤੇ ਜਥੇਦਾਰ ਬਾਬਾ ਥਾਰਾ ਸਿੰਘ, ਜਥੇਦਾਰ ਭਾਈ ਰਾਮ ਸਿੰਘ ਸੁਲਤਾਨਪੁਰੀ, ਜਥੇਦਾਰ ਬਾਈ ਗੁਰਮੇਲ ਸਿੰਘ (ਹਜੂਰ ਸਾਹਿਬ ਕਾਰ ਸੇਵਾ ਵਾਲਿਆਂ) ਦੀ ਅਗਵਾਈ ਵਿੱਚ ਅਤੇ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ।

ਅਖਾੜਾ ਬ੍ਰਹਮ ਬੂਟਾ ਅਤੇ ਦੋਵੇਂ ਬੁਰਜ ਰਾਮਗੜੀਆ ਵਾਲੇ,ਤੇ ਜਥੇਦਾਰ ਭਾਈ ਦਲਬੀਰ ਸਿੰਘ ਅਭਿਆਸੀ ਦੀ ਅਗਵਾਈ ਵਿੱਚ ਭਾਈ ਸਵਰਨ ਸਿੰਘ ਰੋਡੇ (ਸੰਤਾਂ ਦੇ ਭਤੀਜੇ) ਭਾਈ ਮੇਜਰ ਸਿੰਘ ਨਾਗੋਕੇ, ਭਾਈ ਕੁਲਵੰਤ ਸਿੰਘ ਭੰਡ, ਭਾਈ ਸਾਹਿਬ ਸਿੰਘ, ਰਾਗੀ ਭਾਈ ਸੁਰਜੀਤ ਸਿੰਘ ਭੰਡ, ਰਾਗੀ ਭਾਈ ਦਿਆਲ ਸਿੰਘ, ਭਾਈ ਸ਼ਾਮ ਸਿੰਘ, ਭਾਈ ਸੁਰਿੰਦਰ ਸਿੰਘ ਨਾਗੋਕੇ, ਭਾਈ ਬਲਵਿੰਦਰ ਸਿੰਘ ਨਾਗੋਕੇ ਅਤੇ ਦਮਦਮੀ ਟਕਸਾਲ ਦੇ ਅਤੇ ਕਾਰ-ਸੇਵਾ ਦੇ ਸਿੰਘਾਂ ਦੇ ਨਾਲ ਘੰਟਾ ਘਰ, ਜਿਲ੍ਹਿਆਂ ਵਾਲੇ ਬਾਗ਼ ਵਾਲੇ ਪਾਸੇ, ਜਥੇਦਾਰ ਭਾਈ ਜੋਗਿੰਦਰ ਸਿੰਘ ਫੌਜੀ ਚੱਕ ਰਾਜੂ ਵਾਲੇ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ। ਗੁਰਦੁਆਰਾ ਥੜਾ ਸਾਹਿਬ ਅਤੇ ਮੀਰੀ-ਪੀਰੀ ਨਿਸ਼ਾਨ ਸਾਹਿਬਾਂ ਵਾਲੀ ਦਰਸਨੀ ਡਿਉਢੀ ’ਤੇ ਜਥੇਦਾਰ ਭਾਈ ਅਨੋਖ ਸਿੰਘ ਉਬੋਕੇ, ਜਥੇਦਾਰ ਭਾਈ ਲਾਭ ਸਿੰਘ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਦੇ ਹੋਰ ਸਿੰਘ ਨਾਲ ਸਨ। ਅਕਾਲ ਤਖਤ ਸਾਹਿਬ ਦੇ ਥੜਾ ਸਾਹਿਬ ਦੇ ਵਿਚਕਾਰ ਵਾਲੀ ਉਚੀ ਇਮਾਰਤ ਤੇ ਜਥੇਦਾਰ ਬਾਈ ਜੋਗਿੰਦਰ ਸਿੰਘ ਰੋਡੇ, ਬਾਈ ਪਰਸਾ ਸਿੰਘ (ਰੋਡਿਆਂ ਵਾਲੇ) ਅਤੇ ਭਾਈ ਕਾਬਲ ਸਿੰਘ ਉਰਫ ਨਿਰੰਤਰ ਸਿੰਘ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਦੇ ਭਾਈ ਇਕਬਾਲ ਸਿੰਘ, ਭਾਈ ਜਗਦੀਸ਼ ਸਿੰਘ, ਭਾਈ ਬੁੱਧ ਸਿੰਘ ਤੇ ਹੋਰ ਸਿੰਘਾਂ ਨਾਲ।

ਅਕਾਲ ਤਖਤ ਸਾਹਿਬ ’ਤੇ ਮਹਾਂਪੁਰਖਾਂ ਸੰਤ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਜੋ ਸਾਰਿਆਂ ਮੋਰਚਿਆਂ ਵਿੱਚ ਤਾਲ ਮੇਲ ਰੱਖ ਰਹੇ ਸਨ, ਭਾਈ ਗੁਰਮੁਖ ਸਿੰਘ (ਗੜਵਈ), ਭਾਈ ਰਛਪਾਲ ਸਿੰਘ (ਸੰਤਾਂ ਦੇ ਪੀ ਏ) ਭਾਈ ਦਾਰਾ ਸਿੰਘ ਪੂਨੀਆ (ਸੰਤਾਂ ਦੇ ਡਰਾਈਵਰ) ਭਾਈ ਤਰਲੋਚਨ ਸਿੰਘ ਫ਼ੌਜੀ (ਲੱਧੂਵਾਲ) ਬਾਪੂ ਜਗੀਰ ਸਿੰਘ (ਸੰਤਾਂ ਦੇ ਵੱਡੇ ਭਾਈ ਸਾਹਿਬ), ਭਾਈ ਸੰਤੋਖ ਸਿੰਘ (ਟੇਪਾਂਵਾਲੇ) ਭਾਈ ਹਰਚਰਨ ਸਿੰਘ ਮੁਕਤਾ ਜੀ, ਭਾਈ ਰਾਮ ਸਿੰਘ ਬੋਲਾ (ਛੋਟਾ ਗੜਵਈ) ਭਾਈ ਮੋਹਨ ਸਿੰਘ(ਛੋਟਾ ਗੜਵਈ) ਭਾਈ ਗੁਰਮੁਖ ਸਿੰਘ ਮਹਾਪੁਰਖਾਂ ਦਾ (ਡਰਾਈਵਰ ਭੂਰਿਆ ਵਾਲਾ) ਭਾਈ ਪ੍ਰੀਤਮ ਸਿੰਘ ਪ੍ਰੀਤਾ (ਫਤੂਢੀਂਗਾ), ਭਾਈ ਹਰਵਿੰਦਰ ਸਿੰਘ(ਸ਼ੈਤਾਨ ਮਨਾਵਾ) ਭਾਈ ਗੁਰਜੀਤ ਸਿੰਘ (ਹਰੀਹਰ ਝੋਕ ਵਾਲੇ) ਆਦਿ ਹੋਰ ਕਾਫ਼ੀ ਸਿੰਘ ਸਨ।

ਨਵੀਂ ਦਰਸ਼ਨੀ ਡਿਉਡੀ ਤੇ ਜਥੇਦਾਰ ਭਾਈ ਰਸਾਲ ਸਿੰਘ ਆਰਫ਼ਕੇ ਦੀ ਅਗਵਾਈ ਵਿੱਚ ਭਾਈ ਸੁਖਦੇਵ ਸਿੰਘ ਭੱਠਲ, ਭਾਈ ਕਰਤਾਰ ਸਿੰਘ ਭੱਠਲ, ਭਾਈ ਜਸਵਿੰਦਰ ਸਿੰਘ ਡਰੋਲੀ,ਭਾਈ ਰਣਧੀਰ ਸਿੰਘ ਮਹਾਂਕਾਲ, ਭਾਈ ਜਰਨੈਲ ਸਿੰਘ ਬੂਅ, ਭਾਈ ਅਜਾਇਬ ਸਿੰਘ ਭਾਊ, ਭਾਈ ਹੀਰਾ ਸਿੰਘ ਅਤੇ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ। ਅੱਗੇ ਛਬੀਲ ਤੇ ਜਥੇਦਾਰ ਬਾਈ ਸ਼ੇਰ ਸਿੰਘ ਫ਼ੌਜੀ ਕਾਰ-ਸੇਵਾ ਵਾਲੇ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਦੇ ਨਾਲ। ਆਟਾ ਮੰਡੀ ਘੰਟਾ ਘਰ ਤੇ ਜਥੇਦਾਰ ਗਿਆਨੀ ਮੋਹਰ ਸਿੰਘ ਦੀ ਅਗਵਾਈ ਵਿੱਚ ਅਤੇ ਭਾਈ ਸਤਿੰਦਰਪਾਲ ਸਿੰਘ ਪੀ ਟੀ (ਸਿੱਖ ਸਟੂਡੈੰਟ ਫੈਡਰੇਸਨ)ਅਤੇ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ।

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਨੇੜੇ ਭਾਈ ਹਰਬੰਸ ਸਿੰਘ ਪੱਪੂ ਵਾਲੇ ਚੁਬਾਰੇ ’ਤੇ ਅਤੇ ਦੀਵਾਨ ਮੰਜੀ ਸਾਹਿਬ ਵਾਲੀ ਸਾਈਡ ਦੀ ਅਗਵਾਈ ਜਥੇਦਾਰ ਭਾਈ ਗੁਰਨਾਮ ਸਿੰਘ, ਭਾਈ ਅਮਰਜੀਤ ਸਿੰਘ ਜੀ ਖੇਮਕਰਨ ਵਾਲੇ ਅਤੇ ਭਾਈ ਉ¤ਜਲ ਸਿੰਘ ਜੀ (ਮਲਸੀਹਾਂ), ਭਾਈ ਜਗੀਰ ਸਿੰਘ ਮਹੰਤ, ਭਾਈ ਮਹਾਂ ਸਿੰਘ (ਉਰਫ ਹਰਭਜਨ ਸਿੰਘ) ਅਤੇ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ ਸਾਰੀ ਮੋਰਚਾ ਬੰਦੀ ਕਰਕੇ ਭਾਰਤੀ ਫੌਜਾਂ ਦਾ ਮੁਕਾਬਲਾ ਕਰ ਰਹੇ ਸਨ,ਜਨਰਲ ਸੁਬੇਗ ਸਿੰਘ ਜੀ ਨੇ ਲਗਾਤਾਰ ਜ਼ਿੰਮੇਵਾਰ ਸਿੰਘਾਂ ਨਾਲ ਸਾਰਾ ਸੰਪਰਕ ਰਖਿਆ ਹੋਇਆ ਸੀ।

ਸੁਆਲ-ਤੁਸੀਂ ਕਿਵੇਂ ਜੇਲ੍ਹ ਪਹੁੰਚੇ?
ਜੁਆਬ-ਅਖੀਰ ਸਾਨੂੰ ਨਾਭਾ ਜੇਲ੍ਹ ਲਿਆਂਦਾ ਗਿਆ। ਪਰ ਇੱਥੇ ਨਾਭਾ ਜੇਲ੍ਹ ਦੇ ਅੰਦਰ ਹੀ ਅੱਠ ਚੱਕੀਆਂ ਵਿੱਚ ਇਨਟੈਰੋਗੇਸ਼ਨ ਸੈਂਟਰ ਖੋਲ੍ਹ ਲਏ। ਸਾਰੀਆਂ ਏਜੰਸੀਆਂ ਨੇ ਇੱਥੇ ਆ ਕੇ ਫਿਰ ਕੈਂਪਾਂ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ । ਇੱਥੇ ਜਦੋਂ ਹਟੇ ਤਾਂ ਸਾਡੇ ’ਤੇ ਰਿਮਾਂਡਾਂ ਦੀ ਵਾਰੀ ਆਈ ਅਨੇਕਾਂ ਕੇਸ ਸਾਡੇ ’ਤੇ ਪਾ ਦਿੱਤੇ ਅਤੇ ਦੋ ਸਾਲ ਵਾਸਤੇ ਐਨਐਸਏ ਲਗਾ ਦਿੱਤੀ। ਇੱਥੇ ਇਸ ਤੋਂ ਪਹਿਲਾਂ ਸਾਡੀਆਂ ਮੁਲਾਕਾਤਾਂ ਕਰਵਾਈਆਂ ਗਈਆਂ ਤਾਂ ਸਾਡੇ ਘਰ ਵਾਲਿਆਂ ਨੂੰ ਪਤਾ ਚੱਲਿਆ ਕਿ ਅਸੀਂ ਠੀਕ-ਠਾਕ ਹਾਂ।

ਅਜੇ ਰਿਮਾਂਡਾਂ ਤੋਂ ਵਿਹਲੇ ਹੋਏ ਹੀ ਸਾਂ ਕਿ ‘ਲੱਧਾ ਕੋਠੀ’ ਸੰਗਰੂਰ ਸਾਨੂੰ ਫਿਰ ਦੁਬਾਰਾ ਏਜੰਸੀਆਂ ਨੇ ਪੁੱਛ - ਗਿੱਛ ਸ਼ੁਰੂ ਕਰ ਦਿੱਤੀ । 2-3 ਗੱਲਾਂ ਮੁੱਖ ਤੌਰ ’ਤੇ ਪੁੱਛਦੇ ਸਨ ਕਿ ਸੰਤਾਂ ਕੋਲ ਹਥਿਆਰ ਕਿੱਥੋਂ ਆਉਂਦੇ ਸਨ ਤੇ ਤੁਹਾਡੇ ਵਿੱਚ ਕਿਹੜੇ ਕਿਹੜੇ ਲੜਾਈ ਲੜਦੇ ਸਨ ਅਤੇ ਜੋ ਐਕਸ਼ਨ ਹੁੰਦੇ ਸਨ ਉਨ੍ਹਾਂ ਵਿੱਚ ਕਿਹੜੇ ਕਿਹੜੇ ਆਦਮੀ ਸਨ ? ਪਰ ਸਾਡਾ ਇਹੋ ਬਿਆਨ ਰਿਹਾ ਕਿ ਅਸੀਂ ਕਿਸੇ ਨੂੰ ਨਹੀਂ ਜਾਣਦੇ ਫਿਰ ਸਾਨੂੰ ਪਤਾ ਲੱਗਾ ਕਿ 60 ਸਿੰਘਾਂ ਨੂੰ ਜੋਧਪੁਰ ਭੇਜਣ ਦੀ ਸਕੀਮ ਹੈ ਅਤੇ ਉਨ੍ਹਾਂ ਦੀਆਂ ਲਿਸਟਾਂ ਵੀ ਬਣ ਚੁੱਕੀਆਂ ਸਨ। ਇਸ ਸਮੇਂ ਦੌਰਾਨ ਅਕਤੂਬਰ ਵਿੱਚ ਗੁਰੂ ਦੇ ਲਾਲਾਂ ਨੇ ਇੰਦਰਾਂ ਨੂੰ ਸੋਧ ਦਿੱਤਾ। 379 ਸਿੰਘਾਂ ਨੂੰ ਬਗ਼ਾਵਤ ਦੇ ਕੇਸ ਵਿੱਚ ਫਿਟ ਕੀਤਾ ਗਿਆ ਅਤੇ ਜੋਧਪੁਰ ਜੇਲ੍ਹ ਜੋ ਸਪੈਸ਼ਲ ਸਾਡੇ ਵਾਸਤੇ ਤਿਆਰ ਕਰਵਾਈ ਸੀ ਭੇਜ ਦਿੱਤਾ ਗਿਆ। ਸਾਨੂੰ ਪਟਿਆਲੇ ਤੋਂ ਹਵਾਈ ਜਹਾਜ਼ ਰਾਹੀਂ ਮੂੰਹ ’ਤੇ ਬੁਰਕੇ ਪਾ ਕੇ ਲਿਜਾਇਆ ਗਿਆ। ਜੋਧਪੁਰ ਜੇਲ੍ਹ ਅੰਦਰ ਹੀ ਕੋਰਟ ਬਣਾਈ ਗਈ ਸੀ। ਇੱਥੇ ਅਸੀਂ ਸਾਢੇ ਪੰਜ ਸਾਲ ਕੱਟੇ ਤੇ ਅਖੀਰ 1989 ਵਿਚ ਸਾਡੇ ’ਤੇ ਪਿਆ ਬਗਾਵਤ ਦਾ ਕੇਸ ਵਾਪਸ ਹੋ ਗਿਆ। ਇਸ ਤੋਂ ਬਾਅਦ ਅਸੀਂ ਪੰਜਾਬ ਵਿਚ ਜ਼ਮਾਨਤਾਂ ਕਰਵਾ ਕੇ ਰਿਹਾਅ ਹੋ ਗਏ।

ਸੁਆਲ-ਕੀ ਕਹਿਣਾ ਚਾਹੁੰਦੇ ਹੋ ਇਸ ਫੌਜੀ ਹਮਲੇ ਬਾਰੇ?
ਜੁਆਬ-ਇਹ ਟੱਕਰ ਸਰਾਸਰ ਬੇਮੇਚੀ ਸੀ, ਨਫ਼ਰੀ ਦੇ ਹਿਸਾਬ ਨਾਲ ਅਤੇ ਅਸਲੇ ਤੇ ਹਥਿਆਰਾਂ ਦੀ ਕੁਆਲਟੀ ਪੱਖੋਂ ਕੋਈ ਮੁਕਾਬਲਾ ਨਹੀਂ ਸੀ। ਇਕ ਪਾਸੇ ਦੁਨੀਆਂ ਦੀਆਂ ਸ਼ਕਤੀਸ਼ਾਲੀ ਫੌਜਾਂ ਵਿਚੋਂ ਗਿਣੀ ਜਾਂਦੀ ਭਾਰਤੀ ਫੌਜ ਸੀ, ਜਿਸ ਕੋਲ ਟੈਂਕ, ਬਖਤਰਬੰਦ ਗੱਡੀਆਂ, ਹਵਾਈ ਜਹਾਜ਼, ਹੈਲੀਕਾਪਟਰ ਤੇ ਭਾਰੀ ਤੋਪਖਾਨਾ ਸੀ। ਭਾਰਤੀ ਫੌਜ ਦੀਆਂ ਕੁਲ ਮਿਲਾ ਕੇ ਸੱਤ ਡਵੀਜ਼ਨਾਂ ਨੂੰ ਲੜਾਈ ਲਈ ਲਾਮਬੰਦ ਕੀਤਾ ਗਿਆ ਸੀ। ਇਕੱਲੇ ਦਰਬਾਰ ਸਾਹਿਬ ’ਤੇ ਹਮਲੇ ਦੀ ਕਾਰਵਾਈ ਵਿਚ ਹੀ ਘੱਟੋ ਘੱਟ 15 ਹਜ਼ਾਰ ਫੌਜੀ ਜਵਾਨ ਸਿੱਧਾ ਹਿੱਸਾ ਲੈ ਰਹੇ ਸਨ। ਦੂਜੇ ਪਾਸੇ ਗਿਣਤੀ ਦੇ ਜੁਝਾਰੂ ਸਿੰਘ ਸਨ। ਜਿਨ੍ਹਾਂ ਦੀ ਨਫ਼ਰੀ ਕਿਸੇ ਤਰ੍ਹਾਂ ਸਵਾ ਸੌ ਤੋਂ ਵਧ ਨਹੀਂ ਸੀ ਅਤੇ ਉਨ੍ਹਾਂ ਕੋਲ ਉਂਗਲਾਂ ਤੇ ਗਿਣਨ ਜੋਗੀਆਂ ਹਲਕੀਆਂ ਮਸ਼ੀਨਗੰਨਾਂ ਸਨ। ਦਰਮਿਆਨੀ ਜਾਂ ਭਾਰੀ ਮਸ਼ੀਨਗੰਨ ਇਕ ਵੀ ਨਹੀਂ ਸੀ। ਨਾ-ਮਾਤਰ ਰਾਕਟ ਲਾਂਚਰ ਸਨ। ਬਾਕੀ ਸਾਧਾਰਨ ਕਿਸਮ ਦੀਆਂ ਰਾਈਫਲਾਂ ਤੇ ਹੱਥ ਗੋਲਿਆਂ (ਗਰਨੇਡ) ਤੋਂ ਬਿਨਾਂ ਉਨ੍ਹਾਂ ਕੋਲ ਹੋਰ ਹਥਿਆਰ ਨਹੀਂ ਸਨ। ਪਰ ਸਿੰਘਾਂ ਦੇ ਨੈਤਿਕ ਪੱਖ ਵਾਲਾ ਪੱਲੜਾ ਫੌਜੀਆਂ ਨਾਲੋਂ ਕਿਤੇ ਵੱਧ ਭਾਰੂ ਸੀ। ਇਸੇ ਲਈ ਉਹ ਭਾਰਤੀ ਫੌਜ ਉਪਰ ਭਾਰੂ ਪਏ ਰਹੇ।’

ਸੁਆਲ-ਤੁਸੀਂ ਦਮਦਮੀ ਟਕਸਾਲ ਵਿਚ ਕਦੋਂ ਸ਼ਾਮਲ ਹੋਏ ਸੀ?
ਜੁਆਬ-ਜਦੋਂ 1978 ਕਾਂਡ ਹੋਇਆ ਤਾਂ ਸੰਤ ਗ੍ਰਿਫ਼ਤਾਰ ਹੋਏ ਸਨ ਤਾਂ ਮੈਂ ਦਮਦਮੀ ਟਕਸਾਲ ਮਹਿਤਾ ਚੌਂਕ ਹੀ ਸਾਂ ਤੇ ਉਸ ਤੋਂ ਬਾਅਦ ਕਦੇ ਵੀ ਸੰਤਾਂ ਦਾ ਸਾਥ ਨਹੀਂ ਛੱਡਿਆ ਸੀ। ਮੇਰਾ ਪਿੰਡ ਖੋਜੀਕਪੁਰ ਜਲਾਲਾਬਾਦ ਅੰਮ੍ਰਿਤਸਰ ਕੋਲ ਹੈ। ਮੈਂ ਬੀਏ ਤੱਕ ਪੜ੍ਹਿਆ ਹਾਂ। ਪਿੰਡ ਦਾ ਸਰਪੰਚ ਰਹਿ ਚੁੱਕਾ ਹਾਂ। ਫੌਜ ਵਿਚ ਵੀ ਨੌਕਰੀ ਕੀਤੀ ਹੈ।

ਸੁਆਲ-ਸੰਤਾਂ ਦੀ ਸ਼ਹੀਦੀ ਕਿਉਂ ਲੁਕਾਈ ਗਈ?
ਜੁਆਬ-ਇਹ ਪੰਥ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਸੰਤਾਂ ਦੀ ਸ਼ਹਾਦਤ ਨੂੰ ਰੋਲਿਆ ਗਿਆ ਹੈ। ਉਸ ਸਮੇਂ ਦੌਰਾਨ ਜਦੋਂ ਅਸੀਂ ਜੇਲ੍ਹ ਵਿਚ ਸਾਂ ਤਾਂ ਇਹ ਕਿਹਾ
ਗਿਆ ਕਿ ਸੰਤ ਪਾਕਿਸਤਾਨ ਚਲੇ ਗਏ ਹਨ। ਇਹ ਸਾਰਾ ਸਰਕਾਰੀ ਚਾਲਾਂ ਅਧੀਨ ਬਾਬਾ ਠਾਕੁਰ ਸਿੰਘ ਕੋਲੋਂ ਕੁਹਾਇਆ ਗਿਆ। ਹਾਲਾਂ ਕਿ ਸਭ ਨੂੰ ਪਤਾ ਹੈ ਕਿ ਸੰਤ ਸ਼ਹੀਦ ਹੋ ਚੁੱਕੇ ਹਨ। ਮੈਂ ਵੱਡਾ ਗਵਾਹ ਹਾਂ ਸੰਤਾਂ ਦੀ ਸ਼ਹਾਦਤ ਦਾ। ਜਥੇਦਾਰ ਮਹਾਲੋ ਵੀ ਮੰਨਦੇ ਸਨ ਕਿ ਸੰਤ ਸ਼ਹੀਦ ਹੋ ਗਏ।

ਸੁਆਲ-ਅਕਾਲੀ ਰਾਜਨੀਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਜੁਆਬ-36 ਸਾਲਾਂ ਵਿਚ ਨਿਆਂ ਤਾਂ ਲਿਆ ਨਹੀਂ, ਪਰ ਅਕਾਲੀ ਸਿਆਸਤਦਾਨਾਂ ਨੇ ਸਾਕਾ ਨੀਲਾ ਤਾਰਾ ਦੇ ਦਰਦ ਨੂੰ ਆਪਣੀ ਚੜ੍ਹਤ ਲਈ ਇਕ ਮੌਕੇ ਵਜੋਂ ਹੀ ਵਰਤਿਆ ਅਤੇ ਫਿਰ ਉਸ ਤੋਂ ਬਾਅਦ ਦਰਾੜਾਂ ਅਜਿਹੀਆਂ ਪਈਆਂ ਕਿ ਉਹ ਆਪ ਹੀ ਸਮਝ ਨਹੀਂ ਰਹੇ ਕਿ ਪੰਥਕ ਹੋਣ ਦਾ ਮਤਲਬ ਕੀ ਹੈ। ਜੇ 1984 ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਉਹ ਸਿੱਖਾਂ ਵਾਸਤੇ ਨਹੀਂ ਸੀ, ਉਹ ਪੰਜਾਬ ਦੇ ਹੱਕਾਂ ਵਾਸਤੇ ਸੀ। ਪੰਜਾਬ ਦੇ ਪਾਣੀ, ਪੰਜਾਬੀ ਭਾਸ਼ਾ, ਪੰਜਾਬ ਦੀ ਰਾਜਧਾਨੀ ਮੰਗਾਂ ਤਾਂ ਪੰਜਾਬ ਹਿੱਤਾਂ ਲਈ ਸਨ। ਅਸੀਂ ਕੀ ਅਪਰਾਧ ਕੀਤਾ ਸੀ ਕਿ ਫੌਜ ਨੇ ਸਾਡੇ ਅਸਥਾਨ ’ਤੇ ਹਮਲਾ ਕੀਤਾ।

ਮੇਰਾ ਇਕਲੌਤਾ ਪੁੱਤਰ ਗੁਲਜਾਰ ਸਿੰਘ ਵੀ ਇਸ ਘੱਲੂਘਾਰੇ ਤੋਂ ਬਾਅਦ 14 ਅਪ੍ਰੈਲ 1992 ਦੌਰਾਨ ਸ਼ਹੀਦ ਹੋ ਚੁੱਕਾ ਹੈ। ਜਰਨੈਲ ਸਿੰਘ ਬੂਹ ਇਕ ਘਰ ਠਹਿਰਿਆ ਹੋਇਆ ਸੀ, ਉ¤ਥੇ ਮੇਰਾ ਬੇਟਾ ਵੀ ਮੌਜੂਦ ਸੀ। ਪੁਲੀਸ ਦਾ ਘੇਰਾ ਪੈ ਗਿਆ ਮੁਕਾਬਲੇ ਦੌਰਾਨ ਜਰਨੈਲ ਸਿੰਘ ਬੂਹ ਨਾਲ ਉਹ ਵੀ ਸ਼ਹੀਦ ਹੋ ਗਿਆ। ਪੁਲੀਸ ਮੈਨੂੰ ਤੰਗ ਕਰਦੀ ਰਹੀ, ਪਰ ਮੈਂ ਅਡੋਲ ਰਿਹਾ। ਘੱਲੂਘਾਰਾ ’84 ਹੁਣ ਸਾਡੇ ਸਿਆਸਤਦਾਨਾਂ ਲਈ ਕੋਈ ਪੰਥਕ ਮਸਲਾ ਨਹੀਂ, ਕੇਵਲ ਆਉਂਦੀਆਂ ਚੋਣਾਂ ਵਿਚ ਵੋਟਾਂ ਬਟੋਰਨ ਦਾ ਇਕ ਤਰੀਕਾ ਹੀ ਹੈ ਬਸ। ਸਾਕਾ ਨੀਲਾ ਤਾਰਾ ਦੌਰਾਨ ਫ਼ੌਜ ਵਲੋਂ ਸਿੱਖ ਲਾਇਬਰੇਰੀ ਵਿਚੋਂ ਚੁਕੀਆਂ ਗਈਆਂ ਇਤਿਹਾਸਕ ਪੁਸਤਕਾਂ ਅਤੇ ਹੱਥਲਿਖਤ ਗ੍ਰੰਥਾਂ ਦਾ ਸੱਚ ਵੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਕਿਹਾ ਤਾਂ ਇਹ ਵੀ ਜਾਂਦਾ ਕਿ ਫ਼ੌਜ ਨੇ ਸਭ ਕੁੱਝ ਵਾਪਸ ਕਰ ਦਿੱਤਾ, ਪਰ ਸ਼੍ਰੋਮਣੀ ਕਮੇਟੀ ਇਸ ਤੋਂ ਨਾਂਹ ਕਰ ਰਹੀ ਹੈ। ਅੱਜ ਦੇ ਪੰਜਾਬ ਦੇ ਹਾਲਾਤ ਵਿਚ ਅਜਿਹੀ ਗਿਰਾਵਟ ਆਈ ਹੈ ਕਿ ਅੱਜ ਕੋਈ ਵੀ ਪੰਜਾਬ ਦੇ ਹੱਕਾਂ ਅਧਿਕਾਰਾਂ ਦੀ ਗੱਲ ਹੀ ਨਹੀਂ ਕਰਦਾ। ਪੰਜਾਬ ਦੀ ਰਾਜਧਾਨੀ ਮੰਗਣ ਵਾਲਾ ਕੋਈ ਨਹੀਂ ਬਚਿਆ। ਪੰਜਾਬ ਵਿਚ ਜਦ ਨਾਂ ਦੀ ‘ਪੰਥਕ’ ਸਰਕਾਰ ਸੀ, ਉਸ ਵਕਤ ਵੀ ਪੰਜਾਬ ਪੁਲਿਸ ਨੇ ਨਿਹੱਥੇ ਸਿੱਖਾਂ ਉਤੇ ਗੋਲੀਆਂ ਚਲਾਈਆਂ। ਉਸ ਮਗਰੋਂ ਨਿਆਂ ਵੀ ਸਿਆਸੀ ਗੇਂਦ ਬਣ ਕੇ ਰਹਿ ਗਿਆ ਹੈ। ਪੰਥ ਵਿਰੋਧੀ ਬਾਬੇ ਸੌਦਾ ਸਾਧ, ਨੂਰਮਹਿਲੀਏ, ਨਿਰੰਕਾਰੀਏ ਅਕਾਲੀ ਸਰਕਾਰਾਂ ਦੌਰਾਨ ਪਲੇ। 36 ਸਾਲ ਪਹਿਲਾਂ ਪੰਜਾਬੀ ਕਿਰਦਾਰ ਵਿਚ ਏਨੀ ਜ਼ਬਰਦਸਤ ਗਿਰਾਵਟ ਸ਼ੁਰੂ ਹੋਈ ਸੀ ਜਿਸ ਨੂੰ ਵੇਖ ਕੇ ਕੁਰਬਾਨੀਆਂ ਦੇਣ ਵਾਲਿਆਂ ਦੀਆਂ ਰੂਹਾਂ ਜ਼ਰੂਰ ਕੰਬਦੀਆਂ ਹੋਣਗੀਆਂ। ਮੈਂ ਇਸ ਸਮੇਂ ਰੀੜ ਦੀ ਹੱਡੀ ਟੁੱਟਣ ਕਰਕੇ ਮੰਜੇ ’ਤੇ ਪਿਆ ਹਾਂ। 2012 ਦੌਰਾਨ ਐਕਸੀਡੈਂਟ ਕਾਰਨ ਇਹ ਹੱਡੀ ਟੁੱਟ ਗਈ ਸੀ। ਮੇਰੀ 30-32 ਕਿਲ੍ਹੇ ਜ਼ਮੀਨ ਸੀ, ਅੱਜ ਮੇਰੇ ਕੋਲ ਕੁਝ ਨਹੀਂ ਹੈ। ਮੈਂ ਕਿਸੇ ਕੋਲ ਹੱਥ ਨਹੀਂ ਅੱਡੇ ਹਨ। ਪੰਥ ਦੀ ਚੜ੍ਹਦੀ ਕਲਾ ਚਾਹੁੰਦਾ ਹਾਂ।