ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਨੇ ਦਰਬਾਰ ਸਾਹਿਬ 'ਤੇ ਭਾਰਤੀ ਹਮਲੇ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਮੰਗੀ

ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਨੇ ਦਰਬਾਰ ਸਾਹਿਬ 'ਤੇ ਭਾਰਤੀ ਹਮਲੇ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਮੰਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੈਨੇਡਾ ਦੀ ਰਾਜਨੀਤਕ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ ਵੱਲੋਂ ਜੂਨ 1984 ਵਿਚ ਦਰਬਾਰ ਸਾਹਿਬ ਅਤੇ ਪੰਜਾਬ ਦੇ ਹੋਰ ਗੁਰਦੁਆਰਾ ਸਾਹਿਬ 'ਤੇ ਭਾਰਤ ਵੱਲੋਂ ਕੀਤੇ ਫੌਜੀ ਹਮਲੇ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ। ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਵੱਲੋਂ ਜਾਰੀ ਬਿਆਨ ਦਾ ਪੰਜਾਬੀ ਤਰਜ਼ਮਾ "ਅੰਮ੍ਰਿਤਸਰ ਟਾਈਮਜ਼" ਦੇ ਪਾਠਕਾਂ ਦੇ ਪੜ੍ਹਨ ਹਿੱਤ ਛਾਪ ਰਹੇ ਹਾਂ:

"ਇਸ ਮਹੀਨੇ, ਨਿਊ ਡੈਮੋਕਰੈਟਸ ਦਰਬਾਰ ਸਾਹਿਬ ਅਤੇ ਪੰਜਾਬ ਦੇ ਹੋਰ ਦਰਜਨਾਂ ਗੁਰਦੁਆਰਾ ਸਾਹਿਬ 'ਤੇ ਭਾਰਤ ਸਰਕਾਰ ਵੱਲੋਂ ਕੀਤੇ ਹਮਲੇ ਦੀ 36ਵੀਂ ਵਰ੍ਹੇਗੰਢ ਮਨਾ ਰਹੇ ਹਾਂ।

ਮੈਂ ਨਿਜੀ ਤੌਰ 'ਤੇ ਉਹਨਾਂ ਸਭ ਲੋਕਾਂ ਦੇ ਦਰਦ ਵਿਚ ਸ਼ਰੀਕ ਹੋਣਾ ਚਾਹੁੰਦਾ ਹਾਂ ਜਿਹਨਾਂ ਦੇ ਆਪਣੇ ਸਰਕਾਰ ਵੱਲੋਂ ਕੀਤੇ ਇਸ ਹਮਲੇ ਵਿਚ ਮਾਰੇ ਗਏ ਅਤੇ ਜਿਹੜੇ ਇਸ ਤੋਂ ਬਾਅਦ ਸਰਕਾਰ ਵੱਲੋਂ ਕੀਤੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ।

ਨਿਊ ਡੈਮੋਕਰੈਟਸ ਇਸ ਕਤਲੇਆਮ ਦੇ ਪੀੜਤਾਂ ਦੀ ਪੀੜਾ ਦੇ ਨਿਸ਼ਾਨਾਂ ਨੂੰ ਯਾਦ ਕਰਦਿਆਂ ਇਹਨਾਂ ਘਟਨਾਵਾਂ ਦੀ ਪੂਰਨ ਜਾਂਚ ਲਈ ਉੱਠਦੀਆਂ ਅਵਾਜ਼ਾਂ ਨਾਲ ਖੜ੍ਹੇ ਹਨ। ਸਰਕਾਰ ਵੱਲੋਂ ਇਸ ਹਮਲੇ ਮੌਕੇ ਮੀਡੀਆ 'ਤੇ ਲਾਈਆਂ ਗਈਆਂ ਪੂਰਨ ਪਾਬੰਦੀਆਂ, ਬੇਦੋਸ਼ੇ ਆਮ ਲੋਕਾਂ ਦੇ ਕਤਲਾਂ ਅਤੇ ਗ੍ਰਿਫਤਾਰੀਆਂ, ਸਿੱਖ ਰੈਫਰੈਂਸ ਲਾਇਬਰੇਰੀ ਦੀ ਸਾਜਿਸ਼ੀ ਸਾੜ-ਫੂਕ ਅਤੇ ਮਨੁੱਖੀ ਹੱਕਾਂ ਤੇ ਮਨੁੱਖਤਾਵਾਦੀ ਸੰਸਥਾਵਾਂ ਜਿਵੇਂ ਰੈਡ ਕਰਾਸ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਹੱਕ ਰਿਪੋਰਟਰਸ ਦੀ ਪਹੁੰਚ ਨੂੰ ਰੋਕਣ ਦੀਆਂ ਕਾਰਵਾਈਆਂ ਦਾ ਸੱਚ ਸਾਹਮਣੇ ਲਿਆਉਣ ਲਈ ਮਨੁੱਖੀ ਹੱਕ ਸੰਸਥਾਵਾਂ ਵੱਲੋਂ ਚੁੱਕੀ ਜਾਂਦੀ ਮੰਗ ਦਾ ਅਸੀਂ ਸਮਰਥਨ ਕਰਦੇ ਹਾਂ। 

ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਜ਼ੁਲਮਾਂ ਦਾ ਜਵਾਬ ਮੰਗੀਏ, ਇਹਨਾਂ ਲਈ ਜ਼ਿੰਮੇਵਾਰੀ ਤੈਅ ਕਰੀਏ ਅਤੇ ਇਸ ਜ਼ੁਲਮੀ ਹਮਲੇ ਦੀਆਂ ਯਾਦਾਂ ਦੇ ਅਹਿਸਾਸ ਨਾਲ ਜੀਅ ਰਹੇ ਕੈਨੈਡੀਅਨ ਅਤੇ ਗੈਰ-ਕੈਨੇਡੀਅਨ ਲੋਕਾਂ ਵੱਲੋਂ ਇਨਸਾਫ ਦੀ ਮੰਗ ਕਰੀਏ। 

ਇਸ ਮਹੀਨੇ, ਜਦੋਂ ਕੈਨੇਡੀਅਨ ਜੂਨ 1984 ਦੀਆਂ ਘਟਨਾਵਾਂ ਨੂੰ ਯਾਦ ਕਰ ਰਹੇ ਹਨ. ਅਸੀਂ ਇਹਨਾਂ ਘਟਨਾਵਾਂ ਵਿਚ ਹੱਦੋਂ ਵੱਧ ਹਿੰਸਾ ਦਾ ਸ਼ਿਕਾਰ ਹੋਏ ਪੀੜਤ ਲੋਕਾਂ ਅਤੇ ਪਰਿਵਾਰਾਂ ਨੂੰ ਯਾਦ ਕਰਦਿਆਂ ਇਨਸਾਫ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਉਹਨਾਂ ਨੂੰ ਸਿਜਦਾ ਕਰਦੇ ਹਾਂ। "

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।