ਜੂਨ '84 ਦਾ ਖੂਨੀ ਘਲੂਘਾਰਾ ਵੱਡਾ ਦੁਖਾਂਤ ਤੇ ਖ਼ਾਲਸਾ ਪੰਥ ਦਾ ਭਵਿੱਖ

ਜੂਨ '84 ਦਾ ਖੂਨੀ ਘਲੂਘਾਰਾ ਵੱਡਾ ਦੁਖਾਂਤ  ਤੇ ਖ਼ਾਲਸਾ ਪੰਥ ਦਾ ਭਵਿੱਖ

ਪ੍ਰੋ. ਬਲਵਿੰਦਰਪਾਲ ਸਿੰਘ
9815700916

ਸਿੱਖਾਂ ਦੇ ਇਤਿਹਾਸ ਵਿਚ ਘੱਲੂਘਾਰੇ ਪਹਿਲਾਂ ਵੀ ਵਾਪਰੇ ਹਨ ਪ੍ਰੰਤੂ ਜੂਨ '84 ਦਾ ਖ਼ੂਨੀ ਘੱਲੂਘਾਰਾ ਪਿਛਲੇ ਵਾਪਰੇ ਘੱਲੂਘਾਰਿਆਂ ਨਾਲੋਂ ਕਿਤੇ ਵੱਧ ਭਿਆਨਕ ਅਤੇ ਦੁਖਾਂਤਕ ਇਸ ਲਈ ਸੀ, ਕਿਉਂਕਿ ਇਹ ਆਜ਼ਾਦ ਭਾਰਤ ਦੇ ਵਿਚ ਆਜ਼ਾਦੀ ਦੇ ਲਈ ਕੁਰਬਾਨੀ ਦੇਣ ਵਾਲੀ ਸਿੱਖ ਕੌਮ ਨਾਲ ਵਾਪਰਿਆ। ਇਸ ਭਿਅੰਕਰ ਘੱਲੂਘਾਰੇ ਦਾ ਸੰਤਾਪ ਖ਼ਾਲਸਾ ਪੰਥ ਹਾਲੇ ਵੀ ਭੋਗ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਭਾਜਪਾ, ਖੱਬੇ ਪੱਖੀ ਤੇ ਹੋਰ ਬਹੁਤ ਸਾਰੀਆਂ ਰਾਸ਼ਟਰਵਾਦੀ ਪਾਰਟੀਆਂ ਸਿੱਖ ਪੰਥ ਦੇ ਵਿਰੋਧ ਵਿਚ ਖੜੀਆਂ ਰਹੀਆਂ। ਭਗਵੇਂਵਾਦੀ ਜਥੇਬੰਦੀਆਂ ਇਸ ਸਾਕੇ ਦੀ ਖ਼ੁਸ਼ੀ ਮਨਾਉਂਦੇ ਹੋਏ ਲੱਡੂ ਵੰਡਦੀਆਂ ਰਹੀਆਂ ਤੇ ਹੁਣ ਵੀ ਇਸ ਦਿਹਾੜੇ ਦੌਰਾਨ ਸਿੱਖਾਂ ਦੇ ਜ਼ਖ਼ਮਾਂ ਉੱਪਰ ਲੂਣ ਭੂਕਦੀਆਂ ਹਨ। ਭਾਜਪਾ ਨੇਤਾ ਐਲਕੇ ਅਡਵਾਨੀ ਨੇ ਆਪਣੀ ਜੀਵਨ ਕਥਾ 'ਮਾਈ ਕੰਟਰੀ ਮਾਈ ਲਾਈਫ' ਵਿਚ ਲਿਖਿਆ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਜ਼ੋਰ ਪਾ ਕੇ ਕਿਹਾ ਸੀ ਕਿ ਜਲਦੀ ਤੋਂ ਜਲਦੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕੀਤਾ ਜਾਵੇ। 

ਯਾਦ ਰਹੇ ਕਿ ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲੇ ਦੀ ਵਿਉਂਤਬੰਦੀ ਬਹੁਤ ਵੱਡੀ ਪੱਧਰ 'ਤੇ ਕਈ ਮਹੀਨੇ ਪਹਿਲਾਂ ਤੋਂ ਹੀ ਹੋ ਚੁੱਕੀ ਸੀ। ਪਹਾੜੀ ਇਲਾਕੇ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ, ਇਸ ਉੱਪਰ ਫੌਜੀ ਅਪਰੇਸ਼ਨ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਬਰਤਾਨੀਆ ਸਰਕਾਰ ਤੋਂ ਵੀ ਇਸ ਮੰਤਵ ਲਈ ਸਲਾਹਕਾਰ ਮੰਗਵਾਏ ਗਏ ਸਨ ਜਿਨ੍ਹਾਂ ਨੇ ਖ਼ੁਫ਼ੀਆ ਤੌਰ 'ਤੇ ਦਰਬਾਰ ਸਾਹਿਬ ਜਾ ਕੇ ਪੂਰਾ ਸਰਵੇਖਣ ਕਰ ਕੇ, ਭਾਰਤ ਸਰਕਾਰ ਨੂੰ ਅਪਣੀ ਸਲਾਹ ਪੇਸ਼ ਕੀਤੀ ਸੀ। ਇਸ ਸੰਬੰਧੀ ਸਾਰੇ ਸਬੂਤ ਸਾਹਮਣੇ ਆ ਚੁੱਕੇ ਹਨ, ਪਰ ਉਨ੍ਹਾਂ ਦਾ ਅਜੇ ਵੀ ਅਧਿਐਨ ਕਰਨਾ ਬਾਕੀ ਹੈ। ਹੈਰਾਨੀ ਦਾ ਵਿਸ਼ਾ ਹੈ ਕਿ ਭਾਰਤ ਦੀ ਪ੍ਰਧਾਨ ਮੰਤਰੀ ਇਕ ਪਾਸੇ ਪੰਜਾਬ ਸਮੱਸਿਆ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਮੀਟਿੰਗਾਂ ਕਰ ਰਹੀ ਸੀ ਤੇ ਦੂਸਰੇ ਪਾਸੇ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰ ਦਿੱਤਾ ਤੇ ਇਹੋ ਜਿਹੇ ਖਤਰਨਾਕ ਹਾਲਾਤ ਜਾਣ ਬੁੱਝ ਕੇ ਬਣਾਏ ਗਏ ਤਾਂ ਜੋ ਸਿੱਖ ਪੰਥ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਸਕੇ। 

ਆਈਕੇ ਗੁਜਰਾਲ ਨੇ ਮੀਡੀਆ ਵਿਚ  ਸਾਫ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਦਾ ਅਕਾਲੀਆਂ ਨਾਲ ਸਮਝੌਤਾ ਕਰਨ ਦਾ ਕੋਈ ਇਰਾਦਾ ਹੀ ਨਹੀਂ ਸੀ। 2 ਜੂਨ 1984 ਨੂੰ ਜਦੋਂ ਕਿ ਦਰਬਾਰ ਸਾਹਿਬ ਨੂੰ ਚਾਰੇ ਪਾਸਿਉਂ ਫ਼ੌਜਾਂ ਨੇ ਘੇਰ ਲਿਆ ਸੀ ਅਤੇ ਫ਼ਾਇਰਿੰਗ ਸ਼ੁਰੂ ਹੋ ਚੁੱਕੀ ਸੀ, ਤਾਂ ਵੀ ਪ੍ਰਧਾਨ ਮੰਤਰੀ ਨੇ ਇਕ ਟੈਲੀਵਿਜ਼ਨ ਸੰਦੇਸ਼ ਦੁਆਰਾ ਅਕਾਲੀਆਂ ਨੂੰ ਗੱਲਬਾਤ ਦਾ ਸੱਦਾ ਦੇਣ ਦਾ ਨਾਟਕ ਰਚਿਆ ਤਾਂ ਜੋ ਦੁਨੀਆਂ ਨੂੰ ਗੁਮਰਾਹ ਕੀਤਾ ਜਾ ਸਕੇ। ਸਿੱਖਾਂ ਨਾਲ ਟਕਰਾਓ ਤੇ ਦਰਬਾਰ ਸਾਹਿਬ ਉੱਪਰ ਹਮਲੇ ਦਾ ਵਿਚਾਰ ਇੰਦਰਾ ਪਹਿਲਾਂ ਹੀ ਬਣਾ ਚੁੱਕੀ ਸੀ, ਕਿਉਂਕਿ ਇੰਦਰਾ ਵਲੋਂ ਲਗਾਈ ਐਮਰਜੈਂਸੀ ਦਾ ਵਿਰੋਧ ਸਿੱਖਾਂ ਨੇ ਵੱਡੇ ਪੱਧਰ 'ਤੇ ਕੀਤਾ ਸੀ। ਇਸੇ ਕਰਕੇ ਇੰਦਰਾ ਨੂੰ ਐਮਜਰੈਂਸੀ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ। ਇਸ ਹਾਰ ਨੂੰ ਇੰਦਰਾ ਬਰਦਾਸ਼ਤ ਨਹੀਂ ਕਰ ਸਕੀ, ਜਿਸ ਵਿਚੋਂ ਇਹ ਘੱਲੂਘਾਰਾ ਨਿਕਲਿਆ। ਇਸ ਘੱਲੂਘਾਰੇ ਦੇ ਜਨਮ ਦਾ ਇਹ ਵੀ ਕਾਰਨ ਸੀ ਕਿ ਇੰਦਰਾ ਹਿੰਦੂਤਵ ਦੀ ਰਚਨਾ ਕਰਕੇ ਤੇ ਸਿੱਖ ਕੌਮ ਨੂੰ ਅੱਤਵਾਦੀ ਐਲਾਨ ਕੇ ਫੌਜੀ ਅਪਰੇਸ਼ਨ ਕਰਕੇ ਆਪਣੀ ਸੱਤਾ ਕਾਇਮ ਰੱਖਣਾ ਚਾਹੁੰਦੀ ਸੀ। ਹਾਲਾਂਕਿ ਸੰਨ 1982 ਦੌਰਾਨ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਮੋਰਚਾ ਬਹੁਤ ਹੀ ਸ਼ਾਂਤਮਈ ਮੋਰਚਾ ਸੀ ਜਿਸ ਵਿਚ ਤਕਰੀਬਨ ਦੋ ਲੱਖ ਦੇ ਕਰੀਬ ਸਿੱਖ ਜੇਲ੍ਹਾਂ ਵਿਚ ਗਏ ਸਨ। ਪਰ ਇੰਦਰਾ ਗਾਂਧੀ ਨੇ ਇਸ ਨੂੰ ਅੱਤਵਾਦ ਨਾਲ ਜੋੜ ਕੇ ਇਹ ਫਿਰਕੂ ਖੇਡ ਖੇਡੀ। ਇਕ ਸਾਜ਼ਿਸ਼ ਤਹਿਤ ਅਧੀਨ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਗੁਰੂ ਅਰਜਨ ਦੇਵ ਦੀ ਸ਼ਹਾਦਤ ਵਾਲੇ  6 ਜੂਨ ਦਾ ਦਿਨ ਜਾਣ ਬੁਝ ਕੇ ਚੁਣਿਆ ਗਿਆ ਤਾਂ ਜੋ ਉੱਥੇ ਇਕੱਠੀਆਂ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਹਮਲੇ ਦੌਰਾਨ ਮਸ਼ੀਨ ਗੰਨਾਂ, ਹੈਲੀਕਾਪਟਰਾਂ, ਟੈਂਕਾਂ ਤੇ ਰਾਕਟਾਂ ਦੀ ਵਰਤੋਂ ਕੀਤੀ ਗਈ। ਅਕਾਲ ਤਖ਼ਤ ਢਹਿ ਢੇਰੀ ਕੀਤਾ ਗਿਆ। ਤਕਰੀਬਨ ਹਜ਼ਾਰਾਂ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਮੌਕੇ ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਨਾਲ ਲੜਨ ਵਾਲਿਆਂ ਦੀ ਗਿਣਤੀ ਤਾਂ ਪੰਜਾਹ ਤੋਂ ਲੈ ਕੇ ਸੌ ਦੇ ਕਰੀਬ ਹੀ ਦਸੀ ਜਾਂਦੀ ਹੈ। ਪਰ ਸੁਆਲ ਇਹ ਹੈ ਕਿ ਏਨੀ ਕੁ ਗਿਣਤੀ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਏਨਾ ਵੱਡਾ ਫੌਜੀ ਅਪਰੇਸ਼ਨ ਕਿਉਂ ਕੀਤਾ ਗਿਆ? ਸਿੱਖ ਰੈਂਫ਼ਰੈਂਸ ਲਾਇਬਰੇਰੀ ਨੂੰ ਸਾੜ ਕੇ ਸੁਆਹ ਕਰ ਦਿਤਾ ਗਿਆ। ਹੁਣ ਤੱਕ ਇਹ ਸਾਹਿਤਕ ਖਜ਼ਾਨਾ ਵਾਪਸ ਨਹੀਂ ਕੀਤਾ ਗਿਆ। ਦਰਬਾਰ ਸਾਹਿਬ ਦੇ ਨਾਲ ਪੰਜਾਬ ਵਿਚ 72 ਹੋਰ ਗੁਰਦਵਾਰਿਆਂ ਉਪਰ ਵੀ ਭਾਰਤੀ ਫ਼ੌਜ ਨੇ ਇੰਦਰਾ ਸਰਕਾਰ ਦੇ ਹੁਕਮ ਅਨੁਸਾਰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਇਨ੍ਹਾਂ ਗੁਰਦਵਾਰਿਆਂ ਅੰਦਰ ਕੋਈ ਖਾੜਕੂ ਮੋਜੂਦ ਨਹੀਂ ਸੀ। ਪਰ ਉੱਥੇ ਵੀ ਸਿੱਖ ਸੰਗਤਾਂ ਨੂੰ ਜ਼ਲੀਲ ਕੀਤਾ ਗਿਆ ਤੇ ਫੌਜ ਵਲੋਂ ਤਸ਼ੱਦਦ ਢਾਹਿਆ ਗਿਆ। ਮਨੁੱਖੀ ਅਧਿਕਾਰਾਂ ਦਾ ਜੋ ਘਾਣ 84 ਤੋਂ ਬਾਅਦ ਪੰਜਾਬ ਵਿਚ ਹੋਇਆ, ਝੂਠੇ ਪੁਲੀਸ ਮੁਕਾਬਲੇ ਹੋਏ, ਲਾਵਾਰਸ ਲਾਸ਼ਾਂ ਦਾ ਕੇਸ ਮਨੁੱਖੀ ਅਧਿਕਾਰਾਂ ਦੇ ਨੇਤਾ ਜਸਵੰਤ ਸਿੰਘ ਖਾਲੜਾ ਨੇ ਲਿਆਂਦਾ ਉਸ ਦੀ ਮਿਸਾਲ ਸਾਰੇ ਭਾਰਤ ਵਿਚ ਨਹੀਂ ਮਿਲਦੀ। ਆਖਿਰ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਵਾਰਸ ਲਾਸ਼ ਬਣਾ ਦਿੱਤਾ ਗਿਆ। ਇਹ ਭਾਰਤੀ ਜਮਹੂਰੀਅਤ ਦਾ ਕਤਲ ਸੀ। ਅੱਜ ਤੱਕ ਸਿੱਖ ਕੌਮ ਇਸ ਘੱਲੂਘਾਰੇ ਕਾਰਨ ਬੇਗਾਨਗੀ ਦਾ ਅਹਿਸਾਸ ਕਰ ਰਹੀ ਹੈ।

ਵਰਣਨਯੋਗ ਹੈ ਕਿ ਪੰਜਾਬੀ ਸਾਹਿਤਕਾਰਾਂ ਨੇ ਇਸ ਘਟਨਾ ਦਾ ਯਥਾਰਥਕ ਪੱਖ ਆਪਣੀ ਲਿਖਤਾਂ ਵਿਚ ਕਦੇ ਵੀ ਪੇਸ਼ ਨਹੀਂ ਕੀਤਾ ਤੇ ਉਹ ਸਰਕਾਰੀ ਇਨਾਮਾਂ ਪਦਮ ਸ੍ਰੀ, ਪਦਮ ਵਿਭੂਸ਼ਨ ਵਰਗੇ ਪੁਰਸਕਾਰਾਂ ਦੀ ਝਾਕ ਵਿਚ ਆਪਣੀਆਂ ਜਮੀਰਾਂ ਵੇਚਦੇ ਰਹੇ। ਗ਼ੈਰਾਂ ਤੋਂ ਇਲਾਵਾ ਸਾਡੇ ਆਪਣੇ ਪੰਥਕ ਆਗੂਆਂ ਨੇ ਵੀ ਇਸ ਘੱਲੂਘਾਰੇ ਦੌਰਾਨ ਪੰਥ ਨਾਲ ਧੋਖਾ ਕੀਤਾ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਥ ਦੀ ਸੋਚ ਤੋਂ ਪਰੇ ਜਾ ਕੇ ਲੰਗੜਾ ਲੂਲਾ ਰਾਜੀਵ-ਲੌਂਗੋਵਾਲ ਸਮਝੌਤਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਗੁਰੂ ਨਾਨਕ ਪੰਥ ਦੀ ਸੋਚ ਦੇ ਉਲਟ ਭੁਗਤਦੇ ਰਹੇ ਤੇ ਸੱਤਾ ਪ੍ਰਾਪਤੀ ਦੇ ਲਈ ਕੇਂਦਰ ਸਰਕਾਰ ਖਾਸ ਕਰਕੇ ਭਾਜਪਾ ਦੇ ਅਧੀਨ ਰਾਜਨੀਤੀ ਕਰਦੇ ਰਹੇ। ਨਿਰੰਕਾਰੀ ਕਾਂਡ, ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ, ਸੌਦਾ ਸਾਧ, ਦਰਿਆਈ ਪਾਣੀ ਦੇ ਮਸਲੇ ਇਸ ਗੱਲ ਦੇ ਗਵਾਹ ਹਨ ਕਿ ਬਾਦਲ ਪਰਿਵਾਰ ਦੀ ਨਿਸ਼ਠਾ ਪੰਥ ਪ੍ਰਤੀ ਕਦਾਚਿਤ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਤੌਰ 'ਤੇ ਭੋਗ ਪੈਣਾ ਅਤੇ ਰਾਜਾਂ ਦੀ ਖੁਦਮੁਖਤਿਆਰੀ ਢਾਂਚੇ ਤੋਂ ਪਰੇ ਹੱਟਣਾ ਪੰਥ ਲਈ ਇਕ ਹੋਰ ਵੱਡਾ ਦੁਖਾਂਤ ਹੈ। ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਨਾ ਉਭਰਨ ਦੇਣਾ ਬਾਦਲ ਦਲ ਦੀ ਸਿਧਾਂਤਹੀਣੀ ਸਿਆਸਤ ਦਾ ਹਿੱਸਾ ਸੀ ਤੇ ਹੈ। ਅਜੇ ਸਿੱਖ ਇਤਿਹਾਸਕਾਰਾਂ ਤੇ ਲੇਖਕਾਂ ਨੇ ਇਸ ਬਾਰੇ ਬਹੁਤ ਕੁਝ ਲਿਖਣਾ ਹੈ ਤੇ ਬਹੁਤ ਤੱਥ ਸਾਹਮਣੇ ਆਉਣੇ ਬਾਕੀ ਹਨ। ਦਰਬਾਰ ਸਾਹਿਬ, ਅੰਮ੍ਰਿਤਸਰ ਗੁਰੂ ਨਾਨਕ ਪੰਥ ਦੀ ਰੂਹ ਵਿਚ ਵਸਦਾ ਹੈ। ਇਸ ਦੇ ਸਾਹਮਣੇ ਝੂਲਦੇ ਦੋ ਨਿਸ਼ਾਨ ਸਿੱਖ ਗੁਰੂਆਂ ਦੀ ਮੀਰੀ-ਪੀਰੀ ਵਿਚਾਰਧਾਰਾ ਦੇ ਮੂੰਹ ਬੋਲਦੇ ਪ੍ਰਤੀਕ ਹਨ, ਜੋ ਖ਼ਾਲਸਾ ਪੰਥ ਨੂੰ ਆਪਣੀ ਪ੍ਰਭੂਸੱਤਾ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। ਪਰ ਇਨ੍ਹਾਂ ਨਿਸ਼ਾਨ ਸਾਹਿਬ ਦੇ ਬਸੰਤੀ ਤੋਂ ਭਗਵੇਂ ਕਰ ਦਿੱਤੇ ਜਾਣੇ ਸਿੱਖ ਕੌਮੀਅਤ ਦਾ ਭਗਵਾਂਕਰਨ ਵੱਲ ਪੁੱਟੇ ਕਦਮ ਹਨ। ਬਾਦਲ ਪਰਿਵਾਰ ਦੀ ਗੁਰੂ ਗ੍ਰੰਥ ਸਾਹਿਬ ਅੱਗੇ ਹਾਜ਼ਰੀ ਨਾ ਹੋ ਕੇ ਭਗਵੇਂਵਾਦ ਦੇ ਕੈਂਪ ਨਾਲ ਗੱਠਜੋੜ ਕਰਨਾ ਸਿੱਖ ਜਗਤ ਲਈ ਵੱਡੇ ਦੁਖਾਂਤ ਸਿਰਜਦਾ ਹੈ। ਦਰਬਾਰ ਸਾਹਿਬ ਵਿਖੇ ਗੋਲੀਆਂ ਦਾ ਨਿਸ਼ਾਨ ਮਿਟਾ ਦੇਣੇ ਇਸੇ ਦਿਸ਼ਾ ਵਲ ਕਦਮ ਸੀ ਕਿ ਸਿੱਖ ਇਹ ਸਾਕਾ ਭੁੱਲ ਜਾਣ। ਪਰ ਸਿੱਖ ਸਿਧਾਂਤ, ਸਿੱਖ ਪਰੰਪਰਾ, ਸਿੱਖ ਫਿਲਾਸਫੀ ਤੇ ਸਿੱਖ ਇਤਿਹਾਸ ਲਗਾਤਾਰ ਸਿੱਖ ਜਗਤ ਦੀ ਅਗਵਾਈ ਕਰ ਰਹੇ ਹਨ, ਜਿਸ ਤਹਿਤ ਏਨਾ ਵੱਡਾ ਦੁਖਾਂਤ ਭੁੱਲ ਜਾਣਾ ਅਸੰਭਵ ਹੈ। ਏਨੀ ਗੱਲ ਜ਼ਰੂਰ ਹੈ ਕਿ ਸਿੱਖ ਆਪਣੀ ਸੰਗਤ ਰੂਪੀ ਜਮਾਤ ਨਹੀਂ ਸਿਰਜ ਸਕੇ ਤੇ ਨਾ ਹੀ ਇਸ ਤੋਂ ਬਾਅਦ ਗੁਰਮਤਿ ਪੱਖੀ ਰਾਜਨੀਤੀ ਵਲ ਵੱਧ ਸਕੇ ਹਨ, ਜਿਸ ਦੇ ਇਸ਼ਾਰੇ ਗੁਰੂ ਅਰਜਨ ਦੇਵ ਜੀ ਨੇ ਹਲੇਮੀ ਰਾਜ ਦੇ ਰੂਪ ਵਿਚ ਕੀਤੇ ਹਨ। ਜਾਤੀਵਾਦ, ਕਰਮਕਾਂਡ, ਸਿੱਖ ਸਿਧਾਂਤਾਂ ਦਾ ਬ੍ਰਾਹਮਣੀਕਰਨ ਤੇ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਹਲੇਮੀ ਰਾਜ ਦੇ ਸੰਕਲਪ ਵਿਚ ਵੱਡੀ ਰੁਕਾਵਟ ਹਨ। ਮੁਗਲ ਹਕੂਮਤ ਤੋਂ ਲੈ ਕੇ ਧਾੜਵੀ  ਨਾਦਰ ਸ਼ਾਹ, ਅਬਦਾਲੀ ਅੰਰਗੇਜ਼ ਦਰਬਾਰ ਸਾਹਿਬ ਦੇ ਮਹੱਤਵ ਨੂੰ ਹਮੇਸ਼ਾ ਜਾਣਦੇ ਰਹੇ ਹਨ।

ਇਸੇ ਕਰਕੇ ਦਰਬਾਰ ਸਾਹਿਬ 'ਤੇ ਹਮਲੇ ਹੁੰਦੇ ਰਹੇ ਤੇ ਕਬਜ਼ੇ ਵੀ ਹੁੰਦੇ ਰਹੇ। ਅੰਗਰੇਜ਼ ਰਾਜ ਦੌਰਾਨ ਸਿੱਖੀ ਤੋਂ ਬੇਮੁੱਖ ਹੋਏ ਮਹੰਤਾਂ, ਪੁਜਾਰੀਆਂ ਦਾ ਦਰਬਾਰ ਸਾਹਿਬ ਤੇ ਗੁਰਧਾਮਾਂ ਉੱਪਰ ਕਬਜ਼ਾ ਕਰਵਾ ਦਿੱਤਾ ਗਿਆ ਤਾਂ ਜੋ ਆਜ਼ਾਦੀ ਤੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਗੁਰਧਾਮਾਂ ਰਾਹੀਂ ਨਾ ਹੋ ਸਕੇ। ਇਹੀ ਘਾੜਤਾਂ ਹੁਣ ਘੜੀਆਂ ਜਾ ਰਹੀਆਂ ਹਨ ਅਤੇ ਸੱਤਾ ਦੀ ਲਾਲਚੀ ਸਿੱਖ ਲੀਡਰਸ਼ਿਪ  ਨਾਲ ਇਨ੍ਹਾਂ ਦਾ ਗੱਠਜੋੜ ਹੈ। ਅੰਗਰੇਜ਼ ਕਾਲ ਦੌਰਾਨ ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਨੇ ਗੁਰਧਾਮਾਂ ਨੂੰ ਆਜ਼ਾਦ ਕਰਵਾ ਕੇ ਗੁਰੂ ਨਾਨਕ ਪੰਥ ਨੂੰ ਰਾਜਨੀਤਕ ਤੇ ਧਾਰਮਿਕ ਪੱਖ ਤੋਂ ਮਜ਼ਬੂਤ ਕੀਤਾ ਸੀ, ਪਰ ਅੱਜ ਸਿੱਖ ਦਿਸ਼ਾਹੀਣ ਹਨ, ਕਿਉਂਕਿ ਸਿਧਾਂਤਕ ਅਗਵਾਈ ਕਰਨ ਵਾਲੀ ਨਾ ਉਨ੍ਹਾਂ ਕੋਲ ਬੁੱਧੀਜੀਵੀ ਜਮਾਤ ਤੇ ਨਾ ਸਿਆਸੀ ਜਮਾਤ ਹੈ। 36 ਸਾਲ ਬੀਤ ਜਾਣ 'ਤੇ ਵੀ ਸਿੱਖਾਂ ਦੇ ਮਨਾਂ ਵਿਚ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਵਿਰੁਧ ਰੋਸ ਲਗਾਤਾਰ ਬਣਿਆ ਹੋਇਆ ਹੈ। ਸਿੱਖਾਂ ਦੇ ਜ਼ਖ਼ਮਾਂ ਤੇ ਮਰਹਮ ਲਾਉਣ ਦਾ ਕੋਈ ਵੀ ਯਤਨ ਨਹੀਂ ਕੀਤਾ ਗਿਆ। ਅਹਿਮ ਸਵਾਲ ਇਹ ਉਠਦਾ ਹੈ ਕਿ ਅੱਜ ਦੀ ਸਥਿਤੀ ਵਿਚ ਜਦੋਂ ਸਿਖਾਂ ਦਾ ਸੰਗਠਨ ਨਹੀਂ ਹੈ ਤਾਂ ਉਸ ਮੌਕੇ ਸਿੱਖ ਪੰਥ ਨੂੰ ਆਪਣੀ ਆਵਾਜ਼ ਕਿਵੇਂ ਬੁਲੰਦ ਕਰਨੀ ਚਾਹੀਦੀ ਹੈ ਤੇ ਕਿਵੇਂ ਸਿਆਸੀ ਤੌਰ 'ਤੇ ਪੰਜਾਬ ਦੀ ਅਗਵਾਈ ਕਰਦਿਆਂ ਵਿਸ਼ਵ ਵਿਚ ਰੋਲ ਨਿਭਾਉਣਾ ਚਾਹੀਦਾ ਹੈ। ਜੂਨ 1984 ਦੇ ਖ਼ੂਨੀ ਸਾਕੇ ਨਾਲ ਸਬੰਧਿਤ ਸਾਰੇ ਖ਼ੁਫ਼ੀਆ ਦਸਤਾਵੇਜ਼ ਰਲੀਜ਼ ਕਰਵਾ ਕੇ, ਇਸ ਘਟਨਾ ਦੀ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਖੜਾ ਕੀਤਾ ਜਾਣਾ ਚਾਹੀਦਾ ਹੈ। ਦਰਬਾਰ ਸਾਹਿਬ ਅੰਦਰ ਸ਼ਹੀਦ ਹੋਏ ਸਾਰੇ ਸਿੱਖਾਂ ਦੀ ਲਿਸਟ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਨਿਰਪੱਖ ਜਾਂਚ ਵਲ ਵਧਿਆ ਜਾ ਸਕੇ। ਇੰਗਲੈਂਡ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਬ੍ਰਿਟਿਸ਼ ਸਰਕਾਰ ਨੂੰ ਵੀ ਅਪੀਲ ਕਰ ਕੇ ਪਤਾ ਲਗਾਏ ਕਿ ਇੰਗਲੈਂਡ ਦਾ ਇਸ ਸਾਕੇ ਵਿਚ ਕੀ ਰੋਲ ਸੀ। 

ਗੁਰੂ ਨਾਨਕ ਪੰਥ ਨੂੰ ਇਸ ਸੰਕਟ ਦੌਰਾਨ ਆਪਣੀ ਜ਼ਿੰਮੇਵਾਰੀ ਤੈਅ ਕਰਦਿਆਂ ਹੋਇਆਂ ਮਜ਼ਬੂਤ ਸਿਆਸੀ ਸੰਗਠਨ ਉਸਾਰਨ ਦੀ ਅਤਿਅੰਤ ਲੋੜ ਹੈ, ਜਿਸ ਦੀ ਪਹੁੰਚ ਵਿਸ਼ਵ ਪੱਧਰ 'ਤੇ ਹੋਵੇ।  ਇਹ ਦੁਖਾਂਤ ਉਦੋਂ ਸਦੀਵੀ ਹੋ ਜਾਂਦੇ ਹਨ, ਜਦੋਂ ਸਾਡੀ ਗੁਰਦੁਆਰਾ ਸੰਸਥਾ, ਰਾਜਨੀਤੀ, ਆਰਥਿਕਤਾ, ਵਿੱਦਿਆ, ਸੱਭਿਆਚਾਰ, ਸਿੱਖ ਰਾਜਨੀਤਕ ਤੇ ਪ੍ਰਭੂ ਸੱਤਾ ਦਾ ਮਾਡਲ ਅਤੇ ਸਮੁੱਚੇ ਸਿੱਖ ਸੰਸਥਾਵਾਂ ਕਮਜ਼ੋਰ ਹੋ ਜਾਣ ਤੇ ਉਨ੍ਹਾਂ ਵਿਚ ਸੁਧਾਰ ਦੇ ਤੇ ਸੰਗਠਨ ਕਰਨ ਦੇ ਯਤਨ ਨਾ ਕੀਤੇ ਜਾਣ। ਖ਼ਾਲਸਾ ਪੰਥ ਕੋਲ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਸਿੱਖ ਫਿਲਾਸਫ਼ੀ ਤੋਂ ਸੇਧ ਪ੍ਰਾਪਤ ਕਰਦੀ ਆਪਣੀ ਵਿਸ਼ਵ ਪੱਧਰੀ ਸੋਚ ਹੋਣੀ ਚਾਹੀਦੀ ਹੈ। ਕੌਮੀ ਲੋੜਾਂ ਅਨੁਕੂਲ ਪੰਜਾਬ ਤੋਂ ਭਾਰਤ ਅਤੇ ਦੂਰ-ਦੁਰਾਡੇ ਦੇਸ਼ਾਂ ਵਿਚ ਸਿੱਖ ਧਰਮ ਦਾ ਸੁਨੇਹਾ ਦੇਣ ਵਾਲੇ ਗੁਰਦੁਆਰਿਆਂ, ਧਰਮ-ਕੇਂਦਰਾਂ ਅਤੇ ਧਾਰਮਿਕ ਸੰਸਥਾਵਾਂ ਕੋਲ ਸਪੱਸ਼ਟ ਸਾਂਝਾ ਕੌਮੀ ਏਜੰਡਾ ਅਤੇ ਸਦੀਵੀਂ ਪ੍ਰਚਾਰ ਨੀਤੀ ਹੋਣੀ ਜ਼ਰੂਰੀ ਹੈ। ਇਨ੍ਹਾਂ ਹੀ ਲੀਹਾਂ ਉੱਤੇ ਸਿੱਖ ਪੰਥ ਦਾ ਜੀਵਨ ਦੀਆਂ ਸਾਰੀਆਂ ਸੰਸਥਾਵਾਂ ਦਾ ਗੁਰਮਤਿ ਮਾਡਲ ਅਨੁਸਾਰ ਨੀਤੀਤੰਤਰ ਉਸਾਰਨਾ ਜ਼ਰੂਰੀ ਹੈ। ਸਿੱਖ ਪੰਥ ਦੀ ਰਾਜਨੀਤਿਕ-ਸੱਤਾ ਨੀਤੀ, ਆਰਥਿਕ ਨੀਤੀ, ਗੁਰਮਤਿ ਗਿਆਨ ਤੇ ਬੌਧਿਕ ਨੀਤੀ, ਸੱਭਿਆਚਾਰਕ ਨੀਤੀ, ਵਿਦੇਸ਼ ਨੀਤੀ, ਖੇਡ ਨੀਤੀ, ਮੀਡੀਆ ਨੀਤੀ, ਸਿੱਖ ਨੌਜਵਾਨੀ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਜੀਵਨ ਸੁਰੱਖਿਆ ਯਕੀਨੀ ਬਣਾਉਂਦਿਆਂ ਉਨ੍ਹਾਂ ਦੇ ਸਿਰਜਣਾਤਮਿਕ ਕਾਰਜਾਂ ਵਿਚ ਯੋਗਦਾਨ ਸਬੰਧੀ ਨੀਤੀ ਤਿਆਰ ਕਰਨੀ ਚਾਹੀਦੀ ਹੈ। ਗੁਰਦੁਆਰੇ  ਸਿੱਖੀ ਦੇ ਸਕੂਲ ਵਜੋਂ ਸਥਾਪਤ ਹੋਣੇ ਚਾਹੀਦੇ ਹਨ। ਜਿੰਨਾ ਚਿਰ ਤੱਕ ਅਸੀਂ ਸਿੱਖ ਸਭਿਆਚਾਰ ਉਸਾਰਨ ਵਲ ਧਿਆਨ ਨਹੀਂ ਦੇਵਾਂਗੇ ਤੇ ਹਲੇਮੀ ਰਾਜ ਤਹਿਤ ਆਪਣੀ ਪ੍ਰਭੂ ਸੱਤਾ ਨਹੀਂ ਉਸਾਰੇਗਾ, ਓਨਾ ਚਿਰ ਤੱਕ ਸਿੱਖ ਘੱਲੂਘਾਰੇ ਦੇ ਦੁਖਾਂਤ ਸਾਡੇ ਜਖ਼ਮ ਬਣਦੇ ਰਹਿਣਗੇ। ਹੋ ਸਕਦਾ ਹੈ ਕਿ ਹੋਲੀ ਹੋਲੀ ਅਸੀਂ ਕਮਜ਼ੋਰ ਹੁੰਦੇ ਇਨ੍ਹਾਂ ਨੂੰ ਭੁੱਲ ਵੀ ਜਾਈਏ, ਪਰ ਜਦੋਂ ਅਸੀਂ ਆਪਣੇ ਗਿਆਨ ਸਿਲੇਬਸਾਂ ਨਾਲ ਲੈਸ ਹੋਵਾਂਗੇ ਤਾਂ ਹੀ ਸਾਡਾ ਭਵਿੱਖ ਉਜਵਲ ਹੋ ਸਕੇਗਾ। 

ਗੁਰੂ ਗ੍ਰੰਥ ਸਾਹਿਬ ਵਿਚਲਾ ਹਲੇਮੀ ਰਾਜ ਇਹੋ ਹੀ ਉਹ ਮਾਡਲ ਹੈ ਜਿਸ ਦੀ ਪੂੰਜੀਵਾਦ, ਸਮਾਜਵਾਦ, ਸਾਮਵਾਦ, ਇਸਲਾਮਿਕ ਸ਼ਰੀਅਤ ਅਤੇ ਹਿੰਦੂਤਵ ਤੋਂ ਬਦਲਵੀਂ ਪ੍ਰਭੂ ਸੱਤਾ ਪ੍ਰਬੰਧ ਦੀ ਅੱਜ ਵਿਸ਼ਵ ਮਾਨਵ ਸੱਭਿਅਤਾ ਨੂੰ ਲੋੜ ਹੈ। ਇਸ ਸੰਬੰਧ ਵਿਚ ਡੂੰਘੀ ਵਿਆਖਿਆ ਕਰਨ ਦੇ ਨਾਲ ਸੰਗਤੀ ਪੱਧਰ 'ਤੇ ਅਭਿਆਸ ਜਾਰੀ ਰੱਖਣ ਦੀ ਲੋੜ ਹੈ। ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਵੱਸਦਾ ਸਿੱਖ ਭਾਈਚਾਰਾ ਅਤੇ ਗੁਰੂ ਨਾਨਕ ਨਾਮ ਲੇਵਾ ਵਰਗਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਜੋ ਪੰਜਾਬੀ ਭਾਈਚਾਰੇ ਨੂੰ ਇਕਮੁੱਠ ਕਰਕੇ ਵਿਸ਼ਾਲ ਸੰਗਠਨ ਸਿਰਜਿਆ ਜਾਵੇ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ ਤੇ ਖ਼ਾਲਸਾ ਪੰਥ ਵਿਸ਼ਵ ਪੱਧਰ ਦਾ ਸਭਿਅਕ ਮਾਡਲ ਵਜੋਂ ਉਭਰ ਕੇ ਸਾਹਮਣੇ ਆ ਸਕੇ। ਇਸ ਸੰਬੰਧੀ ਸਾਨੂੰ ਸੰਗਠਨ ਸਿਰਜ ਕੇ ਵਿਸ਼ਾਲਤਾ ਨਾਲ ਵਿਸ਼ਵ ਪੱਧਰ 'ਤੇ ਆਪਣੀ ਰਾਜਨੀਤੀ ਦਾ ਅਭਿਆਸ ਕਰਨ ਦੀ ਲੋੜ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।