ਐੱਨ.ਸੀ.ਏ.ਆਈ.ਏ, ਸਿੱਖਸ ਆਫ਼ ਅਮੈਰਿਕਾ ਅਤੇ ਗੋਲਬਲ ਹਰਿਆਣਾ ਨੇ ਮੈਰੀਲੈਂਡ ’ਚ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ )- ਭਾਰਤ ਦਾ ਅਜ਼ਾਦੀ ਦਿਹਾੜਾ ਜੋ 15 ਅਗਸਤ ਨੂੰ ਮਨਾਇਆ ਜਾਦਾ ਹੈ। ਪਰ ਵਿਦੇਸ਼ਾ ਵਿੱਚ ਕੰਮਾਂ ਕਾਰਾ ਦੇ ਰੁਝੇਵਿਆਂ ਦੇ ਕਾਰਨ ਭਾਰਤੀ ਇਸ ਪ੍ਰੋਗਰਾਮ ਤੇ ਇੱਕ ਮੀਟਿੰਗ ਕਰਕੇ ਇੱਕ ਮਿੱਤੀ ਨਿਯੁੱਕਤ ਕਰਕੇ ਜ਼ਰੂਰ ਮਨਾਉਦੇ ਹਨ। ਇਸ ਤਰ੍ਹਾਂ ਹੀ ਐੱਨ.ਸੀ.ਏ.ਆਈ.ਏ, ਸਿੱਖਸ ਆਫ਼ ਅਮੈਰਿਕਾ ਅਤੇ ਗੋਲਬਲ ਹਰਿਆਣਾ ਵਲੋਂ ਹਰ ਸਾਲ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ ਪੋਟੋਮੈਕ ਸਿਟੀ ਦੇ ਜੂਲੀਆ ਬਾਈਡਮੈਨ ’ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮੌਂਟਗੁਮਰੀ ਕਾਉਂਟੀ ਦੇ ਐਕਜ਼ੀਕਿਊਟਿਵ ਮਾਰਕ ਐਲਰਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਜਦਕਿ ਭਾਰਤੀ ਦੂਤਾਵਾਸ ਤੋਂ ਜਿਗਰ ਰਾਵਲ ਅਤੇ ਰਾਜੀਵ ਅਹੂਜਾ ਪਹੁੰਚੇ। ਉਹਨਾਂ ਤੋਂ ਇਲਾਵਾ ਮੈਰੀਲੈਂਡ ਸਟੇਟ ਦੇ ਕਈ ਸੈਨੇਟਰਾਂ ਨੇ ਵੀ ਭਾਰਤੀ ਅਜ਼ਾਦੀ ਦੇ ਜਸ਼ਨਾਂ ’ਚ ਭਾਗ ਲਿਆ। ਇਸ ਮੌਕੇ ਮਾਰਕ ਐਲਰਿਚ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਕਿਉਂਕਿ ਉਹ ਪਿਛਲੇ ਸਾਲ ਬਿਜ਼ਨੈੱਸ ਡੈਲੀਗੇਸ਼ਨ ਲੈ ਕੇ ਭਾਰਤ ਗਏ ਸਨ। ਉਹਨਾਂ ਤੋਂ ਇਲਾਵਾ ਤਿੰਨ ਐਵਾਰਡ ਕਮਿਉਨਿਟੀ ਸਰਵਸਿਜ਼ ਲਈ ਦਿੱਤੇ ਗਏ ਜਿਹਨਾਂ ਵਿਚ ਨਗੇਂਦਰ ਮਾਧਵਨ, ਮਯੂਰ ਮੋਦੀ ਅਤੇ ਜ਼ਫਰ ਇਕਬਾਲ ਦੇ ਨਾਮ ਸ਼ਾਮਿਲ ਸਨ।ਇਸ ਮੌਕੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਬੋਲਦਿਆਂ ਕਿਹਾ ਕਿ ਭਾਰਤ ਦੀ ਅਜ਼ਾਦੀ ਦਾ ਦਿਹਾੜਾ ਕੋਈ ਆਮ ਘਟਨਾ ਨਹੀਂ ਸੀ, ਇਹ ਸੈਂਕੜੇ ਸਾਲਾਂ ਦੀ ਜੱਦੋ-ਜਹਿਦ, ਕੁਰਬਾਨੀਆਂ ਅਤੇ ਸ਼ਹਾਦਤਾਂ ਤੋਂ ਬਾਅਦ ਮਿਲੀ ਸੀ। ਅਸੀਂ ਅੱਜ ਦੇ ਦਿਨ ਦੇਸ਼ ਦੀ ਅਜ਼ਾਦੀ ਲਈ ਯੋਗਦਾਨ ਪਾਉਣ ਵਾਲੇ ਹਰ ਯੋਧੇ ਨੂੰ ਸਲਾਮ ਕਰਦੇ ਹਾਂ ਅਤੇ ਸਮੂਹ ਭਾਰਤੀਆਂ ਨੂੰ ਇਸ ਦਿਨ ਦੀ ਵਧਾਈ ਦਿੰਦੇ ਹਾਂ। ਉਹਨਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਭਾਰਤੀਆਂ ਨੇ ਪੂਰੇ ਵਿਸ਼ਵ ਵਿਚ ਉੱਚ- ਪੱਧਰੀ ਪ੍ਰਾਪਤੀਆਂ ਕੀਤੀਆਂ ਹਨ ਜਿਹਨਾਂ ਵਿਚ ਅਮਰੀਕਾ ਵਰਗੇ ਮੁਲਕ ਵਿਚ ਵੱਡੀਆਂ ਵੱਡੀਆਂ ਕੰਪਨੀਆਂ ਦੇ ਸੀ.ਈ.ਓ. ਭਾਰਤੀ ਲੱਗੇ ਹੋਏ ਹਨ। ਅਮਰੀਕਾ ’ਚ ਚੋਣਾਂ ਹੋਣ ਜਾ ਰਹੀਆਂ ਹਨ, ਇਹਨਾਂ ਚੋਣਾਂ ਵਿਚ ਕਿਸਮਤ ਅਜਮਾਉਣ ਜਾ ਰਹੇ ਉਮੀਦਵਾਰਾਂ ਉਹ ਭਾਵੇਂ ਅਮਰੀਕਨ ਹੋਣ ਜਾਂ ਭਾਰਤੀ ਮੂਲ ਦੇ, ਉਹਨਾਂ ਦੀ ਮਦਦ ਲਈ ਸਾਨੂੰ ਛੋਟਿਆਂ ਛੋਟਿਆਂ ਦੀ ਜਗਾ ਵੱਡੇ ਵੱਡੇ ਫੰਡ ਰੇਜ਼ਿੰਗ ਕਰਨੇ ਚਾਹੀਦੇ ਹਨ ਤਾਂ ਕਿ ਉਹਨਾਂ ਦਾ ਜ਼ਿਆਦਾ ਅਸਰ ਪਵੇ। ਉਹਨਾਂ ਕਿਹਾ ਕਿ ਅਮਰੀਕਾ ਵਸਦੀ ਭਾਰਤੀ ਕਮਿਉਨਿਟੀ ਦੀਆਂ ਮੰਗਾਂ ਉਹਨਾਂ ਅੱਗੇ ਰੱਖੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਰਕਾਰ ਵਿਚ ਜਾ ਕੇ ਉਹਨਾਂ ’ਤੇ ਕੰਮ ਕਰਨ।
ਇਸ ਸਮਾਗਮ ਵਿਚ ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸ਼ੰਮੀ ਸਿੰਘ ਵਾਈਸ ਪ੍ਰਧਾਨ, ਗੁਰਿੰਦਰ ਸੇਠੀ, ਜਸਵਿੰਦਰ ਜੌਨੀ, ਮਨਿੰਦਰ ਸੇਠੀ, ਵਰਿੰਦਰ ਸਿੰਘ, ਛਤਰ ਸਿੰਘ, ਹਰਜੀਤ ਚੰਢੋਕ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਕਰਨ ਸਿੰਘ, ਪ੍ਰਭਜੋਤ ਬੱਤਰਾ, ਸੁਰਿੰਦਰਪਾਲ ਸਿੰਘ, ਰੁਪਿੰਦਰ ਸੂਰੀ (ਸਾਰੇ ਡਾਇਰੈਕਟਰ) ਵੀ ਵਿਸ਼ੇਸ਼ ਤੌਰ ’ਤੇ ਸਮਾਗਮ ਵਿਚ ਸ਼ਾਮਿਲ ਹੋਏ। ਇਸ ਸਮਾਗਮ ਵਿਚ ਲਗਭਗ 225 ਮਹਿਮਾਨ ਸ਼ਾਮਿਲ ਹੋਏ ਜਿਹਨਾਂ ਨੂੰ ਰਾਤ ਦਾ ਖਾਣਾ ਵੀ ਦਿੱਤਾ ਗਿਆ।
Comments (0)