ਸਰਕਾਰਾਂ ਦੇ ਨਾਲ ਸ੍ਰੋਮਣੀ ਕਮੇਟੀ ਨੂੰ ਵੀ ਭੁੱਲਿਆ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਚੇਤਾ

ਸਰਕਾਰਾਂ ਦੇ ਨਾਲ ਸ੍ਰੋਮਣੀ ਕਮੇਟੀ ਨੂੰ ਵੀ ਭੁੱਲਿਆ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਚੇਤਾ

ਖੰਡਰ ਬਣ ਰਿਹਾ ਹੈ ਹਾਅ ਦਾ ਨਾਅਰਾ ਬੁਲੰਦ ਕਰਨ ਵਾਲੇ ਨਵਾਬ ਦਾ ਮਕਬਰਾ

ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਨਾਂਅ 'ਤੇ ਨਹੀਂ ਬਣ ਸਕੀ ਕੋਈ ਅਹਿਮ ਯਾਦਗਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਮਲੇਰਕੋਟਲਾ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਸੂਬਾ ਸਰਹਿੰਦ ਦੀ ਕਚਹਿਰੀ 'ਚ ਹਾਅ ਦਾ ਨਾਅਰਾ ਬੁਲੰਦ ਕਰਦਿਆਂ ਹਕੂਮਤ ਦੇ ਅਣਮਨੁੱਖੀ ਕਾਰੇ ਖ਼ਿਲਾਫ਼ ਬਾਦਸ਼ਾਹ ਔਰੰਗਜ਼ੇਬ ਨੂੰ ਇਸਲਾਮ ਦੀ ਰੌਸ਼ਨੀ 'ਚ ਇਕ ਪੱਤਰ ਲਿਖ ਕੇ ਲਹੂ ਵੀਟਵੀਆਂ ਦੁਸ਼ਮਣੀਆਂ ਦੌਰਾਨ ਵੀ ਇਨਸਾਨੀਅਤ ਭਰੀ ਮਾਨਵੀ ਮਰਿਆਦਾ ਨੂੰ ਕਾਇਮ ਰੱਖਣ ਦਾ ਮਾਣਮੱਤਾ ਇਤਿਹਾਸ ਰਚਣ ਵਾਲੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਜਿੱਥੇ ਸਮੇਂ ਦੀਆਂ ਸਰਕਾਰਾਂ ਨੇ ਪੂਰੀ ਤਰ੍ਹਾਂ ਵਿਸਾਰ ਰੱਖਿਆ ਹੈ ਉਥੇ ਇਤਿਹਾਸ ਅੰਦਰ ਮਲੇਰਕੋਟਲਾ ਦਾ ਨਾਂਅ ਸੁਨਹਿਰੀ ਅੱਖਰਾਂ 'ਚ ਦਰਜ ਕਰਵਾਉਣ ਵਾਲੇ ਆਪਣੇ ਨਵਾਬ ਦੀ ਕੋਈ ਮਾਣਮੱਤੀ ਯਾਦਗਾਰ ਲਈ ਸ੍ਰੋਮਣੀ ਕਮੇਟੀ ਨੇ ਕਈ ਠੋਸ ਉਪਰਾਲਾ ਨਹੀਂ ਕਰ ਸਕੀ। ਮਲੇਰਕੋਟਲਾ ਦੇ ਸਰਹਿੰਦੀ ਗੇਟ ਨੇੜੇ ਉੱਚੀਆਂ ਉੱਚੀਆਂ ਰਿਹਾਇਸ਼ੀ ਇਮਾਰਤਾਂ ਨਾਲ ਘਿਰੇ ਰਿਆਸਤ ਮਲੇਰਕੋਟਲਾ ਦੇ ਨਵਾਬੀ ਖ਼ਾਨਦਾਨ ਨਾਲ ਸੰਬੰਧਿਤ ਸ਼ਾਹੀ ਮਕਬਰਿਆਂ 'ਚ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਖੁੱਲ੍ਹੇ ਅੰਬਰ ਹੇਠ ਕਬਰ ਵੀ ਮੌਜੂਦ ਹੈ ਜਿਸ ਦੁਆਲੇ ਬੇਸ਼ੱਕ ਛੋਟੀ ਛੋਟੀ ਦੀਵਾਰ ਤਾਂ ਕੀਤੀ ਹੋਈ ਹੈ ਪਰ ਇਸ ਕਬਰ ਨੂੰ ਅੱਜ ਤੱਕ ਕੋਈ ਮਾਮੂਲੀ ਜਿਹੀ ਖਿੜਕੀ ਵੀ ਨਸੀਬ ਨਹੀਂ ਹੋ ਸਕੀ। ਵੱਖ-ਵੱਖ ਇਤਿਹਾਸਕ ਸਰੋਤਾਂ ਮੁਤਾਬਿਕ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਛੋਟਾ ਭਰਾ ਨਾਹਰ ਖਾਨ 7 ਦਸੰਬਰ 1705 ਨੂੰ ਚਮਕੌਰ ਦੀ ਜੰਗ 'ਚ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਮਾਰਿਆ ਗਿਆ ਸੀ। ਮਈ 1710 'ਚ ਰੋਪੜ ਨੇੜੇ ਬਹਿਲੋਲਪੁਰ 'ਚ ਸਿੱਖ ਫ਼ੌਜਾਂ ਨਾਲ ਹੋਏ ਯੁੱਧ ਦੌਰਾਨ ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਦੂਜੇ ਭਰਾ ਖ਼ਿਜ਼ਰ ਖ਼ਾਨ ਤੇ ਦੋ ਭਤੀਜੇ ਵੀ ਮਾਰੇ ਗਏ ਅਤੇ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ 'ਚ ਨਵਾਬ ਸ਼ੇਰ ਮੁਹੰਮਦ ਖ਼ਾਨ ਵੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਨਾਲ ਲੜਦਾ ਹੋਇਆ ਮਾਰਿਆ ਗਿਆ। ਮਲੇਰਕੋਟਲਾ ਰਿਆਸਤ ਦੇ ਆਖ਼ਰੀ ਸ਼ਾਸਕ ਨਵਾਬ ਇਫ਼ਤਿਖਾਰ ਅਲੀ ਖ਼ਾਨ ਵਲੋਂ ਮਲੇਰਕੋਟਲਾ ਦੇ ਸ਼ਾਹੀ ਖਾਨਦਾਨ ਬਾਰੇ ਲਿਖੀ ਪੁਸਤਕ 'ਚ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਮੌਤ ਸਾਲ 1712 ਦੇ ਆਖ਼ਰੀ ਦਿਨਾਂ 'ਚ ਕੁੱਝ ਦਿਨ ਬਿਮਾਰ ਰਹਿਣ ਪਿੱਛੋਂ ਦੱਸੀ ਗਈ ਹੈ।                                                                           

ਪ੍ਰਾਪਤ ਜਾਣਕਾਰੀ ਸ਼ਾਹੀ ਮਕਬਰਿਆਂ ਦੀ ਸੇਵਾ ਸੰਭਾਲ ਲਈ ਨਵਾਬ ਵਲੋਂ 80 ਵਿੱਘੇ ਜ਼ਮੀਨ ਰੱਖੀ ਗਈ ਸੀ ਜੋ ਮਹਿਕਮਾ ਮਾਲ ਦੇ ਰਿਕਾਰਡ 'ਚ ਮਕਬਰਾ ਨਵਾਬ ਸਿਕੰਦਰ ਅਲੀ ਖਾਂ ਦੇ ਨਾਂਅ ਦਰਜ ਹੈ। ਮਾਲ ਮਹਿਕਮੇ ਦੇ ਸੂਤਰਾਂ ਮੁਤਾਬਿਕ ਇਸ ਜ਼ਮੀਨ ਦਾ ਇੰਤਕਾਲ ਪੰਜਾਬ ਵਕਫ਼ ਬੋਰਡ ਦੇ ਨਾਂਅ ਦਰਜ ਹੋ ਚੁੱਕਿਆ ਹੈ।

ਸੰਭਾਲ ਦੇ ਨਾਂਅ ਹੇਠ ਕੀਤੇ ਜਾ ਰਹੇ ਹਨ ਕਾਗ਼ਜ਼ੀ ਦਾਅਵੇ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਪੁਰਾਤੱਤਵ ਵਿਭਾਗ ਵਲੋਂ ਇਨ੍ਹਾਂ ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਮਕਬਰੇ ਸਮੇਤ ਸ਼ਾਹੀ ਮਕਬਰਿਆਂ ਦੀ ਵਿਰਾਸਤੀ ਸਥਿਤੀ ਬਰਕਰਾਰ ਰੱਖਣ ਲਈ 2009 'ਚ ਚੰਡੀਗੜ੍ਹ ਦੀ ਇਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ, ਪਰ ਲੋੜੀਂਦੀ ਗਰਾਂਟ ਨਾ ਮਿਲਣ ਕਰਕੇ ਕੰਪਨੀ ਅੱਧ ਵਿਚਾਲਿਓਂ ਹੀ ਕੰਮ ਛੱਡ ਗਈ। ਮਲੇਰਕੋਟਲਾ ਦੀ ਵਿਰਾਸਤ ਨੂੰ ਸੰਭਾਲਣ ਦੇ ਨਾਂਅ ਹੇਠ ਬਣੀਆਂ ਕਈ ਸੰਸਥਾਵਾਂ ਵੀ ਬਿਆਨਬਾਜ਼ੀ ਤੋਂ ਬਗੈਰ ਕੁਝ ਨਹੀਂ ਕਰ ਰਹੀਆਂ।

ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਸਦੀਵੀ ਯਾਦ 'ਚ ਬੇਸ਼ੱਕ ਮਲੇਰਕੋਟਲਾ ਦੀ ਸਿੱਖ ਸੰਗਤ ਵਲੋਂ ਇੱਥੇ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਹੈ ਅਤੇ ਸਾਲ 1989 ਦੌਰਾਨ ਗਵਰਨਰੀ ਰਾਜ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਭਗਤ ਸਿੰਘ ਦੀ ਪਹਿਲਕਦਮੀ 'ਤੇ ਮਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਸਥਾਪਤ ਕਰਕੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਡਾ. ਦਲੀਪ ਕੌਰ ਟਿਵਾਣਾ ਨੂੰ ਇਸ ਦੀ ਪਹਿਲੀ ਮੁਖੀ ਲਗਾਇਆ ਗਿਆ ਸੀ, ਪਰ ਕਿਸੇ ਵੀ ਸਿਆਸੀ ਪਾਰਟੀ ਦੀ ਕਿਸੇ ਵੀ ਸਰਕਾਰ ਵਲੋਂ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਕੋਈ ਯਾਦਗਾਰ ਬਣਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਉਂਝ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਪਣੇ ਆਖ਼ਰੀ ਵਰ੍ਹੇ 'ਚ ਮਲੇਰਕੋਟਲਾ ਵਿਖੇ 'ਨਵਾਬ ਸ਼ੇਰ ਮੁਹੰਮਦ ਖ਼ਾਨ ਸਰਕਾਰੀ ਮੈਡੀਕਲ ਕਾਲਜ' ਦਾ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਨ ਵੱਲ ਕਦਮ ਜ਼ਰੂਰ ਪੁੱਟਿਆ ਸੀ।