ਨਕੋਦਰ ਸਾਕਾ 1986: ਹਾਈ ਕੋਰਟ ਨੇ ਜੱਜ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਭਾਗ ਮੰਗਿਆ
ਚੰਡੀਗੜ੍ਹ: ਨਕੋਦਰ ਵਿਖੇ 1986 ਵਿਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ 'ਤੇ ਭਾਰਤੀ ਸੁਰੱਖਿਆ ਬਲਾਂ ਵਲੋਂ ਗੋਲੀ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਦੇ ਇਨਸਾਫ ਲਈ ਹਾਈ ਕੋਰਟ ਵਿਚ ਪਾਈ ਗਈ ਅਪੀਲ 'ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਭਾਗ ਮੰਗ ਲਿਆ ਹੈ।
ਨਕੋਦਰ ਸਾਕੇ ਦੇ ਸ਼ਹੀਦਾਂ ’ਚੋਂ ਇਕ ਦੇ ਪਿਤਾ ਬਲਦੇਵ ਸਿੰਘ ਵਲੋਂ ਦਾਇਰ ਅਪੀਲ ’ਤੇ ਸੁਣਵਾਈ ਕਰਦਿਆਂ ਜਸਟਿਸ ਮਹਾਬੀਰ ਸਿੰਘ ਸਿੰਧੂ ਨੇ ਉਸਦੇ ਵਕੀਲ ਐੱਚ.ਸੀ. ਅਰੋੜਾ ਨੂੰ ਜਾਂਚ ਰਿਪੋਰਟ ਦਾ ਦੂਜਾ ਭਾਗ ਬੈਂਚ ਅੱਗੇ ਰੱਖਣ ਲਈ ਆਖਿਆ ਹੈ। ਬਲਦੇਵ ਸਿੰਘ ਵਲੋਂ ਮਾਮਲੇ ਦੀ ਜਾਂਚ ਸਬੰਧੀ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਦੀ ਮੰਗ ਕੀਤੀ ਗਈ ਸੀ। ਅਪੀਲਕਰਤਾ ਦੇ ਵਕੀਲ ਅਨੁਸਾਰ ਉਸ ਵੇਲੇ ਜ਼ਿਲ੍ਹਾ ਮੈਜਿਸਟ੍ਰੇਟ ਦਰਬਾਰਾ ਸਿੰਘ ਗੁਰੂ ਸਨ ਜਦਕਿ ਐੱਸਐੱਸਪੀ ਮੁਹੰਮਦ ਇਜ਼ਹਾਰ ਆਲਮ ਅਤੇ ਐੱਸਪੀ (ਅਪਰੇਸ਼ਨਜ਼) ਅਸ਼ਵਨੀ ਕਮੁਾਰ ਸ਼ਰਮਾ ਸਨ।
ਵਕੀਲ ਅਰੋੜਾ ਨੇ ਅਦਾਲਤ ਨੂੰ ਦੱਸਿਆ ਕਿ ਨਕੋਦਰ ਦੇ ਗੁਰਦੁਆਰੇ ਵਿੱਚ 2 ਫਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਅਗਨ ਭੇਟ ਕਰ ਦਿੱਤੇ ਗਏ ਸਨ। ਘਟਨਾ ਤੋਂ ਦੋ ਦਿਨ ਬਾਅਦ ਸਿੱਖ ਸੰਗਤਾਂ ਨੇ ਨਕੋਦਰ ਵਿੱਚ ਰੋਸ ਮਾਰਚ ਕੀਤਾ ਸੀ, ਜਿਸ ਦੌਰਾਨ ਅਸ਼ਵਨੀ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ’ਤੇ 300 ਗੋਲੀਆਂ ਚਲਾਈਆਂ ਸਨ। ਗੋਲੀ ਕਾਂਡ ਵਿੱਚ ਚਾਰ ਸਿੱਖ ਨੌਜਵਾਨ ਸ਼ਹੀਦ ਹੋਏ ਸਨ। ਉਸ ਵੇਲੇ ਦੀ ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਨਿਯੁਕਤ ਕਰਕੇ ਰਿਪੋਰਟ ਦੇਣ ਲਈ ਆਖਿਆ ਸੀ। ਭਾਵੇਂ ਉਸੇ ਵਰ੍ਹੇ ਜਾਂਚ ਕਮਿਸ਼ਨੇ ਨੇ ਰਿਪੋਰਟ ਦੇ ਦਿੱਤੀ ਸੀ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਅਦਾਲਤ ਨੇ ਹੁਣ ਜਾਂਚ ਰਿਪੋਰਟ ਦਾ ਦੂਜਾ ਭਾਗ ਦੇਣ ਲਈ ਆਖਿਆ ਹੈ, ਜਿਸ ਵਿੱਚ ਹਲਫਨਾਮੇ ਅਤੇ ਸਬੂਤ ਲੱਗੇ ਹੋਏ ਹਨ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)