ਸਾਨਫਰਾਂਸਿਸਕੋ ਵਿਖੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਘੱਲੂਘਾਰਾ '84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ

ਸਾਨਫਰਾਂਸਿਸਕੋ ਵਿਖੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਘੱਲੂਘਾਰਾ '84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ

ਸਾਨਫਰਾਂਸਿਸਕੋ, (ਹੁਸਨ ਲੜੋਆ ਬੰਗਾ): ਸ਼ਹੀਦਾਂ ਦੇ ਸਿਰਤਾਜ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਜੂਨ-1984 ਵਿਚ ਹੋਏ ਫੌਜੀ ਹਮਲੇ ਦੀ 35ਵੀਂ ਵਰ੍ਹੇ ਗੰਢ ਮਨਾਉਂਦਿਆਂ ਹੋਇਆਂ ਕੈਲੀਫੋਰਨੀਆ ਦੇ ਪ੍ਰਸਿੱਧ ਸ਼ਹਿਰ ਸਾਨਫਰਾਂਸਿਸਕੋ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਕੌਮੀ ਪੀੜ ਨੂੰ ਮਹਿਸੂਸ ਕਰਦਿਆਂ ਪਰਦੇਸਾਂ ਵਿੱਚ ਬੈਠੇ ਹੋਏ ਵੀ ਹਲੇਮੀ ਰਾਜ ਭਾਗ ਦੀ ਪ੍ਰਾਪਤੀ ਦੇ ਅਹਿਦ ਨੂੰ ਦ੍ਰਿੜਾਇਆ। ਪਹਾੜਾਂ ਤੋਂ ਉੱਚੀਆਂ ਇਮਾਰਤਾਂ ਤੇ ਇਨ੍ਹਾਂ ਇਮਾਰਤਾਂ ਵਿਚ ਕੰਮ ਕਰਦੇ ਅਜਨਬੀ ਲੋਕ ਤੇ ਥੱਲੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵਿਚਰਦੇ ਲੋਕਾਂ 'ਚ ਅਜਨਬੀ ਲੋਕਾਂ ਦਾ ਭਾਰੀ ਇਕੱਠ ਜਿਵੇਂ ਅਜਿਹੇ ਹਾਲਾਤ ਨੂੰ ਹੀ ਰੂਪਮਾਨ ਕਰ ਰਿਹਾ ਸੀ ਕਿ ਕਿਵੇਂ ਦਰਬਾਰ ਸਾਹਿਬ 'ਤੇ ਭਰ ਗਰਮੀ ਵਿਚ ਕਹਿਰ ਦਾ ਹਮਲਾ ਹੋਇਆ ਸੀ। ਨਹੀਂ ਸੀ ਵੇਖਿਆ। ਸਾਨਫਰਾਂਸਿਸਕੋ ਦੇ ਡਾਊਨ ਟਾਊਨ ਵਿਚ ਸਜਾਏ ਗਏ ਸ਼ਹੀਦਾਂ ਨੂੰ ਸਮਰਪਤਿ ਨਗਰ ਕੀਰਤਨ ਵਿਚ ਵੱਖ-ਵੱਖ ਗੁਰੁਦੁਆਰਾ ਸਾਹਿਬਾਨਾਂ ਦੀਆਂ ਸੰਗਤਾਂ ਤੇ ਕਮੇਟੀਆਂ ਭਾਰੀ ਗਿਣਤੀ ਵਿਚ ਸ਼ਾਮਲ ਹੋਈਆਂ। 

ਹਰ ਵਰ੍ਹੇ ਦੀ ਤਰ੍ਹਾਂ ਐਤਕੀਂ ਵੀ ਇਸ ਸਮਾਗਮ ਵਿਚ 21 ਗੁਰਦੁਆਰਿਆਂ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਤਰ੍ਹਾਂ ਇਹ ਹੁਣ ਤੱਕ ਦਾ ਸਭ ਤੋਂ ਵੱਧ ਗੁਰਦੁਆਰਿਆਂ ਦੀ ਸ਼ਮੂਲੀਅਤ ਵਾਲਾ ਪ੍ਰੋਗਰਾਮ ਬਣ ਗਿਆ। ਇਸ ਨਗਰ ਕੀਰਤਨ ਨੇ ਸੈਕਿੰਡ ਸਟਰੀਟ ਤੋਂ ਸ਼ੁਰੂ ਹੋ  ਕੇ ਸਿਵਕ ਸੈਂਟਰ ਤੇ ਸਮਾਪਤੀ ਕੀਤੀ, ਜਿਥੇ ਭਾਰੀ ਦੀਵਾਨ ਸਜਾਏ ਗਏ। ਸੰਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਇਸ ਨਗਰ ਕੀਰਤਨ ਦੀ ਅਗਵਾਈ ਵੱਡੇ ਨਗਾਰੇ ਤੇ ਪੰਜਾਂ ਪਿਆਰਿਆਂ ਨੇ ਕੀਤੀ। ਸਾਨਫਰਾਂਸਿਸਕੋ ਵਾਸੀਆਂ ਨੇ ਮੁਫ਼ਤ ਵਿਚ ਵੰਡਿਆ ਗਿਆ ਪੈਂਫ਼ਲਿਟ ਬੜੀ ਗੌਰ ਨਾਲ ਪੜ੍ਹਿਆ ਜਿਸ ਦਾ ਸਿਰਲੇਖ ਸੀ 'ਅਸੀਂ ਇੱਥੇ ਕਿਉਂ ਹਾਂ'।

 

 

 

 

 

 

 

ਭਾਰੀ ਦੀਵਾਨ ਦੌਰਾਨ ਅਰਦਾਸ ਉਪਰੰਤ ਸਮੇਂ ਦੇ ਲਿਹਾਜ ਨਾਲ ਸ. ਅਵਤਾਰ ਸਿੰਘ ਜੋ ਕੈਨੇਡਾ ਤੋਂ ਆਏ ਹੋਏ ਸਨ, ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰਾਂ ਰਾਹੀਂ ਯਹੂਦੀ ਕੌਮ ਦਾ ਸਿੱਖ ਕੌਮ ਨਾਲ ਤੁਲਨਾਤਮਿਕ ਅਧਿਐਨ ਕੀਤਾ। ਉਨ੍ਹਾਂ ਵਿਦਵਾਨ ਲੇਖਕਾਂ, ਜਿਨ੍ਹਾਂ ਨੇ ਯਹੂਦੀਆਂ ਦੇ ਸੰਘਰਸ਼ ਤੋਂ ਮਤਭੇਦਾਂ ਦੀ ਤਰਾਸਦੀ ਬਿਆਨ ਕੀਤੀ, ਵਿਚ ਪ੍ਰੋ. ਅਰਜਨ ਰੱਪਾ ਦੁਰਾਈ ਦਾ ਵਿਸ਼ੇਸ਼ ਜ਼ਿਕਰ ਕੀਤਾ, ਇਵੇਂ ਹੀ ਉਨ੍ਹਾਂ ਕਿਹਾ ਕਿ ਸਿੱਖਾਂ ਉਤੇ ਜਿੰਨੇ ਵੀ ਹਮਲੇ ਹੋਏ, ਯਹੂਦੀਆਂ ਵਾਂਗ ਹੀ ਉਹ ਚੈਲੰਜ ਕੀਤੇ ਗਏ ਪਰ ਚੈਲਿੰਜ ਤੋਂ ਬਾਅਦ ਹੁਣ ਤੱਕ ਕਾਊਂਟਰ ਨਿਰੇਟਿਵ ਨਹੀਂ ਲੱਭਿਆ ਤੇ ਇਕੱਲਾ ਸੰਘਰਸ਼ ਹੀ ਲਹਿਰ ਨੂੰ ਅੱਗੇ ਨਹੀਂ ਲਿਜਾ ਸਕਦਾ। ਉਨ੍ਹਾਂ ਯਹੂਦੀ ਲੇਖਕ ਡਾ. ਲੀਓ ਪੈਸ਼ੇਕਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਯਹੂਦੀ ਬਾਰਡਰ ਗਾਰਡਜ਼ ਤੇ ਕਾਊਂਟਰ ਨਿਰੇਟਿਵ ਦੇ ਫਾਰਮੂਲੇ ਨੂੰ ਲੈ ਕੇ ਚੱਲੇ। ਇਸ ਤੋਂ ਇਲਾਵਾ ਡਾ.ਅਮਰਜੀਤ ਸਿੰਘ ਨੇ ਕਿਹਾ ਕਿ ਚੰਦੂ ਤੇ ਗੰਗੂ ਦੀ ਸੋਚ ਨਹੀਂ ਬਦਲੀ ਸਿਰਫ ਨਾਂ ਹੀ ਬਦਲੇ ਹਨ। ਇਸ ਦੇ ਨਾਲ ਹੀ ਸਾਡੀ ਸੋਚ ਨੂੰ ਬਦਲਣਾ ਪਵੇਗਾ, ਕਿਉਂਕਿ ਅਸੀਂ ਇਨ੍ਹਾਂ ਲੋਕਾਂ 'ਤੇ ਸਦੀਆਂ ਤੋਂ ਵਿਸ਼ਵਾਸ਼ ਕਰਦੇ ਰਹੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਰ੍ਹੇ ਉਸ ਸਮੇਂ ਕੁਝ ਹੋਰ ਹੋ ਹੀ ਨਹੀਂ ਸਕਦਾ ਸੀ। ਇਸ ਮੌਕੇ ਭਾਈ ਰੇਸ਼ਮ ਸਿੰਘ ਤੇ ਇਨਸਾਫ਼ ਦੇ ਬੁਲਾਰੇ ਬਚਿੱਤਰ ਸਿੰਘ ਤੇ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਭਜੋਤ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰ ਰੱਖੇ। ਸਟੇਜ ਦੀ ਕਾਰਵਾਈ ਸ. ਦਵਿੰਦਰ ਸਿੰਘ ਨੇ ਸੰਭਾਲੀ।

ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਸਤਿਕਾਰ ਸਹਿਤ ਸਨਮਾਨ ਦਿੱਤਾ ਗਿਆ। ਗੱਤਕੇ ਦਾ ਵੀ ਸੰਗਤਾਂ ਨੇ ਆਨੰਦ ਮਾਣਿਆ। ਐਤਕੀਂ ਥੋੜਾ ਗਰਮੀ ਨੇ ਸੰਗਤਾਂ ਨੂੰ ਤੰਗ ਜ਼ਰੂਰ ਕੀਤਾ ਪਰ ਸਿੱਖ ਸੰਗਤਾਂ ਵਿਚ ਪੰਚਮ ਪਾਤਿਸ਼ਾਹ ਅਤੇ ਸਾਕਾ ਦਰਬਾਰ ਸਾਹਿਬ ਦੇ ਸ਼ਹੀਦ ਸਿੰਘਾਂ-ਸਿੰਘਣੀਆਂ ਲਈ ਪਿਆਰ ਤੇ ਸਤਿਕਾਰ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਅੰਤ ਵਿਚ ਗੁਰਦੂਆਰਾ ਸਾਹਿਬ ਫਰੀਮੌਂਟ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਸਮੂਹ ਸੰਗਤਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦਾ ਕੋਟਾਨ ਕੋਟਿ ਧੰਨਵਾਦ ਕਰਦਿਆਂ ਹੋਇਆਂ ਰਹਿ ਗਈਆਂ ਕਮੀਆਂ ਪੇਸ਼ੀਆਂ ਲਈ ਖਿਮਾਂ ਮੰਗੀ ਗਈ ਅਤੇ ਅੱਗੇ ਤੋਂ ਵੀ ਸੰਗਤਾਂ ਕੋਲੋਂ ਇਸੇ ਤਰ੍ਹਾਂ ਦੇ ਭਰਪੂਰ ਸਹਿਯੋਗ ਦੀ ਆਸ ਕੀਤੀ ਗਈ।