ਮੁਸਲਮਾਨਾਂ ਨੂੰ ਕਤਲ ਕਰਦੀਆਂ ਹਿੰਦੂ ਭੀੜਾਂ ਦੀ ਪਿੱਠ 'ਤੇ ਖੜ੍ਹਾ ਸਰਕਾਰੀ ਤੰਤਰ

ਮੁਸਲਮਾਨਾਂ ਨੂੰ ਕਤਲ ਕਰਦੀਆਂ ਹਿੰਦੂ ਭੀੜਾਂ ਦੀ ਪਿੱਠ 'ਤੇ ਖੜ੍ਹਾ ਸਰਕਾਰੀ ਤੰਤਰ
ਤਬਰੇਜ਼ ਅੰਸਾਰੀ ਦੀ ਕੁੱਟਮਾਰ ਮੌਕੇ ਦੀ ਤਸਵੀਰ

ਚੰਡੀਗੜ੍ਹ: 22 ਵਰ੍ਹਿਆਂ ਦੇ ਮੁਸਲਿਮ ਨੌਜਵਾਨ ਤਬਰੇਜ਼ ਅੰਸਾਰੀ ਨੂੰ 17 ਜੂਨ ਵਾਲੇ ਦਿਨ ਝਾਰਖੰਡ ਵਿੱਚ ਹਿੰਦੂ ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਵੀਡੀਓ ਵੀ ਸਾਹਮਣੇ ਆ ਗਈ ਸੀ ਜਿਸ ਵਿੱਚ ਸਾਫ ਨਜ਼ਰ ਪੈ ਰਿਹਾ ਹੈ ਕਿ ਹਿੰਦੂ ਭੀੜ ਤਬਰੇਜ਼ ਨੂੰ ਜ਼ਬਰਦਸਤੀ "ਜੈ ਸ਼੍ਰੀ ਰਾਮ" ਬੋਲਣ ਲਈ ਕਹਿ ਰਹੀ ਹੈ ਅਤੇ ਕੁੱਟ ਰਹੀ ਹੈ। ਇਸ ਕੁੱਟਮਾਰ ਕਾਰਨ ਤਬਰੇਜ਼ ਦੀ ਮੌਤ ਹੋ ਗਈ ਸੀ। ਪਰ ਹੁਣ ਪੁਲਿਸ ਨੇ ਤਬਰੇਜ਼ ਅੰਸਾਰੀ ਕਤਲ ਮਾਮਲੇ ਵਿੱਚ ਨਾਮਜ਼ਦ 11 ਦੋਸ਼ੀਆਂ ਖਿਲਾਫ ਦਰਜ ਚਾਰਜਸ਼ੀਟ ਵਿਚੋਂ ਕਤਲ ਦੀ ਧਾਰਾ 302 ਹੀ ਹਟਾ ਦਿਤੀ ਹੈ ਤੇ ਬਹਾਨਾ ਬਣਾਇਆ ਹੈ ਕਿ ਡਾਕਟਰਾਂ ਦੀ ਰਿਪੋਰਟ ਮੁਤਾਬਿਕ ਤਬਰੇਜ਼ ਅੰਸਾਰੀ ਦੀ ਮੌਤ ਦਿਲ ਦੀ ਧੜਕਨ ਰੁਕਣ ਕਾਰਨ ਹੋਈ।

ਤਬਰੇਜ਼ ਅੰਸਾਰੀ ਦੀ ਮੌਤ ਨਾਲ ਖਤਮ ਹੋਈ ਇੱਕ ਹੋਰ ਨਿੱਕੀ ਜਾਨ
17 ਜੂਨ ਨੂੰ ਤਬਰੇਜ਼ ਅੰਸਾਰੀ ਨੂੰ ਹਿੰਦੂ ਭੀੜ ਵੱਲੋਂ ਬੇਰਹਿਮੀ ਨਾਲ ਕੁੱਟਿਆ ਗਿਆ ਜਿਸ ਦੌਰਾਨ ਉਸ ਦੇ ਸਿਰ 'ਤੇ ਗਹਿਰੀ ਸੱਟ ਵੱਜੀ। ਇਸ ਤੋਂ ਬਾਅਦ ਤਬਰੇਜ਼ ਦੀ 22 ਜੂਨ ਨੂੰ ਮੌਤ ਹੋ ਗਈ। ਇਸ ਘਟਨਾ ਤੋਂ 2 ਮਹੀਨੇ ਪਹਿਲਾਂ 27 ਅਪ੍ਰੈਲ ਨੂੰ ਤਬਰੇਜ਼ ਦਾ ਵਿਆਹ ਸ਼ਾਹਿਸਤਾ ਨਾਲ ਹੋਇਆ ਸੀ। ਤਬਰੇਜ਼ ਦੀ ਮੌਤ ਤੋਂ ਦੋ ਦਿਨ ਬਾਅਦ ਹੀ ਸ਼ਾਹਿਸਤਾ ਨੂੰ ਪਤਾ ਲੱਗਿਆ ਕਿ ਉਸਦੀ ਕੁੱਖ ਵਿੱਚ ਉਹਨਾਂ ਦਾ ਬੱਚਾ ਹੈ। ਪਰ ਤਬਰੇਜ਼ ਦੀ ਮੌਤ ਦਾ ਸੰਤਾਪ ਭੋਗ ਰਹੀ ਸ਼ਾਹਿਸਤਾ ਦੀ ਕੁੱਖ ਬੱਚੇ ਨੂੰ ਸਾਂਭ ਨਾ ਸਕੀ ਤੇ ਕੁੱਝ ਹਫਤਿਆਂ ਬਾਅਦ ਇਹ ਬੱਚਾ ਆਪਣੇ ਪਿਓ ਦੇ ਮਗਰ ਮਗਰ ਹੀ ਤੁਰ ਗਿਆ। ਤਬਰੇਜ਼ ਨੂੰ ਕੁੱਟਣ ਵਾਲੀ ਹਿੰਦੂ ਭੀੜ ਨੇ ਤਬਰੇਜ਼ ਅੰਸਾਰੀ ਦੀ ਜ਼ਿੰਦਗੀ ਹੀ ਨਹੀਂ ਲਈ ਬਲਕਿ ਇੱਕ ਨਿੱਕੀ ਜਾਨ ਦੀ ਜ਼ਿੰਦਗੀ ਵੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤੀ ਤੇ ਸ਼ਾਹਿਸਤਾ ਦੀ ਜ਼ਿੰਦਗੀ ਦਾ ਜੋ ਨਰਕ ਬਣਿਆ ਉਸ ਦਾ ਕੋਈ ਹਿਸਾਬ ਨਹੀਂ ਲਾਇਆ ਜਾ ਸਕਦਾ। 
ਤਬਰੇਜ਼ ਅੰਸਾਰੀ ਦੀ ਪਤਨੀ ਦੀ ਵਿਆਹ ਵਾਲੇ ਦਿਨ ਦੀ ਤਸਵੀਰ

ਕਾਤਲ ਹਿੰਦੂਆਂ ਨੂੰ ਬਚਾ ਰਿਹਾ ਹੈ ਪੁਲਿਸ ਪ੍ਰਸ਼ਾਸਨ

ਤਬਰੇਜ਼ ਅੰਸਾਰੀ ਦਾ ਕੇਸ ਇਹ ਅਹਿਮ ਉਦਾਹਰਣ ਬਣਦਾ ਨਜ਼ਰ ਆ ਰਿਹਾ ਹੈ ਜਿੱਥੇ ਹਿੰਦੂ ਭੀੜਾਂ ਵੱਲੋਂ ਘੱਟਗਿਣਤੀ ਮੁਸਲਮਾਨਾਂ ਦਾ ਕਤਲ ਕਰਨ ਮਗਰੋਂ ਭਾਰਤ ਦਾ ਸਰਕਾਰੀ ਤੰਤਰ ਇਹਨਾਂ ਕਾਤਲਾਂ ਨੂੰ ਬਚਾਉਣ ਲਈ ਹਰ ਹੀਲਾ ਵਰਤਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਭਾਰਤ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਕਿਉਂਕਿ ਦੋਸ਼ੀਆਂ ਨੂੰ ਸਰਕਾਰੀ ਸ਼ੀਹ ਮਿਲਦੀ ਹੈ। ਇਸ ਮਾਮਲੇ ਵਿੱਚੋਂ ਧਾਰਾ 304 ਹਟਾਉਣ ਨਾਲ ਦੋਸ਼ੀ ਉਮਰ ਕੈਦ ਤੋਂ ਬਚ ਜਾਣਗੇ। 

ਇੱਥੇ ਉਸ ਵਰਤਾਰੇ 'ਤੇ ਨਿਗ੍ਹਾ ਮਾਰਨ ਦੀ ਵੀ ਖਾਸ ਜ਼ਰੂਰਤ ਹੈ ਜੋ ਤਬਰੇਜ਼ ਅੰਸਾਰੀ ਦੀ ਕੁੱਟਮਾਰ ਤੋਂ ਬਾਅਦ ਉਸ ਦੀ ਮੌਤ ਤੱਕ ਵਾਪਰਿਆ। ਜਿੱਥੇ ਹਿੰਦੂ ਭੀੜ ਵੱਲੋਂ ਤਬਰੇਜ਼ ਅੰਸਾਰੀ ਦੀ ਕੁੱਟਮਾਰ ਕਰਕੇ ਉਸਨੂੰ ਜ਼ਖਮੀ ਕੀਤਾ ਗਿਆ ਉੱਥੇ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਤਬਰੇਜ਼ ਅੰਸਾਰੀ ਨੂੰ ਹੀ ਨਿਆਇਕ ਹਿਰਾਸਤ ਵਿੱਚ ਸੁੱਟ ਦਿੱਤਾ ਸੀ। ਪੁਲਿਸ ਦੀ ਹਿਰਾਸਤ ਵਿੱਚ ਹੀ ਤਬਰੇਜ਼ ਅੰਸਾਰੀ ਦੀ 22 ਜੂਨ ਨੂੰ ਮੌਤ ਹੋਈ ਸੀ।