ਰਾਜਨੀਤੀ ‘ਚ ਭਾਰਤੀ ਫਿਲਮਾਂ ਦਾ ਮੋਦੀ-ਟਰੇਲਰ

ਰਾਜਨੀਤੀ ‘ਚ ਭਾਰਤੀ ਫਿਲਮਾਂ ਦਾ ਮੋਦੀ-ਟਰੇਲਰ
ਮੋਦੀ 'ਤੇ ਬਣਾਈ ਗਈ ਫਿਲਮ ਦੀ ਝਲਕ

ਸਿਰਫ ਕਲਾ ਦੇ ਪੱਖ ਤੋਂ ਦੇਖਿਆਂ ਫਿਲਮਾਂ ਮਨੋਰੰਜਨ ਦਾ ਸਾਧਨ ਹੁੰਦੀਆਂ ਹਨ ਪਰ ‘ਕਲਾ ਜੀਵਨ ਲਈ’ ਦੇ ਪੱਖ ਤੋਂ ਇਹ ਸਿੱਖਿਆਦਾਇਕ ਵੀ ਹੁੰਦੀਆਂ ਹਨ। ਹਰ ਇਨਸਾਨ ਭਲੀ ਭਾਂਤ ਜਾਣੂੰ ਹੈ ਕਿ ਫਿਲਮਾਂ ’ਚ ਫਿਲਮਾਇਆ ਗਿਆ ਸਭ ਕੁਝ ਕਾਲਪਨਿਕ ਤੇ ਯਥਾਰਥ ਤੋਂ ਕੋਹਾਂ ਦੂਰ ਹੁੰਦੈ ਪਰ ਫਿਰ ਵੀ ਸਭ ਦੀ ਦਿਲਚਸਪੀ ਫਿਲਮ ਵਿਚ ਐਨੀ ਬਣ ਜਾਂਦੀ ਹੈ ਕਿ ਉਹ ਫਿਲਮ ਵੇਖਦਿਆਂ ਉਸ ਨਾਲ ਧੁਰ ਤੱਕ ਜੁੜ ਜਾਂਦੇ ਹਨ। ਕੀ ਖਾਣਾ, ਕੀ ਪੀਣੈ, ਕੀ ਪਾਉਣਾ ਹੈ, ਅੱਜ ਕੱਲ੍ਹ ਇਹ ਸਭ ਫਿਲਮਾਂ ‘ਤੇ ਹੀ ਨਿਰਭਰ ਹੁੰਦਾ ਜਾ ਰਿਹੈ, ਇੱਥੇ ਹੀ ਬਸ ਨਹੀਂ, ਕਿਸੇ ਦੀ ਧੀ ਭੈਣ ਨੂੰ ਕਿਵੇਂ ਛੇੜਨਾ ਏ, ਕਿਵੇਂ ਮਾਂ ਬਾਪ ਤੋਂ ਬਾਗੀ ਹੋਣਾ, ਕਿਸੇ ਦੀ ਤਿਜ਼ੌਰੀ ‘ਤੇ ਕਿਵੇਂ ਹੱਥ ਸਾਫ਼ ਕਰਨੇ ਹਨ, ਕਿਵੇਂ ਕਿਸੇ ਦਾ ਕਤਲ ਕਰਨਾ, ਸਬੂਤ ਕਿਵੇਂ ਮਿਟਾਉਣੇ ਹਨ, ਇਸ ਸਭ ਕਾਸੇ ਲਈ ਟ੍ਰੇਨਿੰਗ ਸਕੂਲ ਦੀ ਤਰ੍ਹਾਂ ਹਨ ਬਹੁਤੀਆਂ ਫਿਲਮਾਂ। 

ਦੱਬੇ ਕੁਚਲੇ ਲੋਕਾਂ ਲਈ ਹਾਅ ਦਾ ਨਾਹਰਾ ਮਾਰਨ ਅਤੇ ਉਨ੍ਹਾਂ ਦੀ ਬਦਤਰ ਜ਼ਿੰਦਗੀ ਦੇ ਬਿਖੜੇ ਪੈਂਡਿਆਂ ਨੂੰ ਪਰਦੇ ‘ਤੇ ਦਿਖਾਉਣ ਅਤੇ ਸਮਾਜਿਕ ਬੁਰਾਈਆਂ ਤੋਂ ਲੋਕਾਂ ਨੂੰ ਰੂਬਰੂ ਕਰਵਾਉਣ ਵਾਲੀਆਂ ਫਿਲਮਾਂ ਮੁੱਠੀ ਭਰ ਕੁ ਹੀ ਹਨ ਪਰ ਹਨ ਜ਼ਰੂਰ। ਜਾਂ ਇਹ ਕਹਿ ਲਓ ਕਿ ਕੁਝ ‘ਸਿਰਫਿਰੇ’ ਨਿਰਮਾਤਾ ਤੇ ਨਿਰਦੇਸ਼ਕ ਅਜੋਕੀ ਹਨੇਰੀ ‘ਚ ਵੀ ਉਲਟ ਤੁਰ ਰਹੇ ਨੇ। ਅਫਸੋਸ ਕਿ ਇਨ੍ਹਾਂ ਦੀ ਗਿਣਤੀ ਦਿਨੋਂ ਦਿਨ ਹੋਰ ਘਟ ਰਹੀ ਹੈ। ਬਹੁਗਿਣਤੀ ਇੱਕੋ ਵਹਿਣ ’ਚ ਵਹਿ ਰਹੇ ਹਨ। ਬੌਲੀਵੁੱਡ ਦੇ ਤਿੰਨ ਸੁਪਰ ਸਟਾਰ ਖਾਨ ਭਾਰਤੀ ਸਿਨੇਮੇ ਦੇ ਅਜੋਕੇ ਰੁਝਾਨਾਂ ਦੀ ਪੈਰਵਾਈ ਕਰਦੇ ਹਨ। ਸਲਮਾਨ ਖਾਨ ਬਹੁਤਾ ਕਰ ਕੇ ਸਿਰਫ ਪੈਸਾ ਕਮਾਉਣ ਵਾਲੀਆਂ ਫਿਲਮਾਂ ਦਾ ਹੀਰੋ ਹੈ। ਸ਼ਾਹਰੁਖ ਖਾਨ ਦੋਵੇਂ ਬੇੜੀਆਂ ਦਾ ਸ਼ਾਹ-ਅਸਵਾਰ ਬਣਿਆ ਹੋਇਆ ਹੈ ਅਤੇ ਆਮਿਰ ਖਾਨ ਸਾਰਥਿਕ ਫਿਲਮਾਂ ਬਣਾਉਣ ਵਾਲਿਆਂ ਦੀ ਪਹਿਲੀ ਤੇ ਸਫਲ ਪਸੰਦ ਹੈ। ਅਫ਼ਸੋਸ ਕਿ ਸਾਡੀਆਂ ਬਹੁਤੀਆਂ ਫਿਲਮਾਂ ਵਾਲੇ ਯੁਵਾ ਪੀੜ੍ਹੀ ਦੀ ਨਕੇਲ ਹੀ ਆਪਣੇ ਹੱਥ ਵਿਚ ਸਮਝਣ ਲੱਗੇ ਹਨ, ਜੋ ਮਰਜ਼ੀ ਦਿਖਾਓ, ਜਨਤਾ ਉਹੀ ਵੇਖੇਗੀ ਤੇ ਓਹੀ ਫੈਸ਼ਨ ਕਰੇਗੀ। 

ਇਹ ਅੱਜ ਦੇ ਜ਼ਮਾਨੇ ਦਾ ਕੌੜਾ ਸੱਚ ਵੀ ਹੈ। ਫਿਲਮਾਂ ਦੇ ਪ੍ਰਭਾਵ ਨੂੰ ਕਬੂਲ ਕਰ ਕੇ ਹੀ ਹੈ ਸਮਾਜ ਅੱਜ ਕੱਲ ਚੱਲ ਰਿਹਾ ਹੈ। ਖਾਣਾ-ਪੀਣਾ, ਪਾਉਣਾ, ਪਰਚਣਾ ਬਹੁਤ ਕੁਝ ਫਿਲਮਾਂ ‘ਤੇ ਅਧਾਰਿਤ ਹੋ ਰਿਹਾ ਹੈ। ਜੋ ਟੈਲੀਵੀਜ਼ਨ ਤੇ ਸਿਨੇਮਾ ਦਿਖਾਉਂਦਾ ਹੈ, ਉਹੀ ਕੁਝ ਅਸੀਂ ਖਾਂਦੇ, ਪਾਉਂਦੇ ਅਤੇ ਵਰਤਦੇ ਹਾਂ। ਮਜ਼ਾਲ ਏ ਕਿ ਜੇ ਛੋਟਾ ਬੱਚਾ ਵੀ ਕਿਸੇ ਹੋਰ ਟੌਫ਼ੀ ਨੂੰ ਖਾ ਲਵੇ। ਕਿਸੇ ਪਦਾਰਥ ਦੀ ਮਸ਼ਹੂਰੀ ਆਉਂਦੇ ਸਾਰ ਹੀ ਲੋਕ ਦੁਕਾਨ ‘ਤੇ ਉਸ ਉਤਪਾਦ ਨੂੰ ਲੈਣ ਪੁੱਜ ਜਾਂਦੇ ਹਨ। ਜੇ ਐਨਾ ਸਭ ਕੁਝ ਹੁਣ ਫਿਲਮਾਂ ਨੇ, ਟੈਲੀਵੀਜ਼ਨ ਨੇ ਆਪਣੇ ਵੱਸ ਵਿਚ ਕਰ ਲਿਐ ਤੇ ਫਿਰ ਰਾਜਨੀਤੀ ਇਸ ਤੋਂ ਕਿਵੇਂ ਵਿਰਵੀ ਰਹਿ ਸਕਦੀ ਹੈ। 

ਭਾਰਤ ਦੀ ਬਦਕਿਸਮਤੀ ਵੇਖੋ ਕਿ ਇਸ ਦੇਸ਼ ਦੇ ਸੱਤਾ ਘਮਸਾਣ ਵਿਚ ਅੱਜ ਇਕ ਫਿਲਮ ਵੱਡਾ ਮੁੱਦਾ ਬਣ ਗਈ ਹੈ। ਇਹ ਸਾਡੀ ਰਾਜਨੀਤੀ ਦੇ ਨਿਘਾਰ ਦੀ ਜਿਊਂਦੀ ਜਾਗਦੀ ਮਿਸਾਲ ਹੈ। ਇਸ ਤੋਂ ਵੱਧ ਨਿਘਾਰ ਰਾਜਨੀਤੀ ਵਿਚ ਕਦੋਂ ਆਵੇਗਾ। ਤੁਅੱਜ਼ਬ ਇਹ ਹੈ ਕਿ ਅੱਜ ਰਾਜਸੀ ਪਾਰਟੀਆਂ ਲੋਕਾਂ ਨੂੰ ਆਪੋ ਆਪਣੀ ਕਾਰਗੁਜ਼ਾਰੀ ਫਿਲਮਾਂ ਰਾਹੀਂ ਵਿਖਾਉਣਾ ਚਾਹੁੰਦੀਆਂ ਹਨ, ਜਦੋਂ ਕਿ ਇਨ੍ਹਾਂ ਦੇ ਕੀਤੇ ਕੰਮ ਅਵਾਮ ਦੇ ਮੂੰਹੋਂ ਬੋਲਣੇ ਚਾਹੀਦੇ ਹਨ। ਇਨ੍ਹਾਂ ਨੇਤਾਵਾਂ ਨੂੰ ਹੁਣ ਚੋਣਾਂ ਦੌਰਾਨ ਲੋਕਾਂ ਦੇ ਸਨਮੁਖ ਹੁੰਦਿਆਂ ਕਹਿਣਾ ਪੈ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਫਿਲਮ ਆਉਣ ‘ਤੇ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ। 

ਅਜਿਹੇ ਆਗੂਆਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਪ੍ਰਧਾਨ ਮੰਤਰੀ ਵੀ ਇੱਥੇ ਹੀ ਨੇ ਤੇ ਲੋਕ ਵੀ ਇੱਥੇ ਹੀ ਨੇ, ਫਿਰ ਦੱਸਣ ਲਈ ਫਿਲਮ ਕਿਉਂ? ਅਜਿਹੇ ਕਿਹੜੇ ਕੰਮ ਨੇ ਜੋ ਜਨਤਾ ਨਹੀਂ ਜਾਣਦੀ। ਪ੍ਰਧਾਨ ਮੰਤਰੀ ਨੇ ਕਿੰਨੇ ਦੇਸ਼ਾਂ ਦਾ ਦੌਰਾ ਕੀਤੈ, ਕਿੰਨੇ ਹਜ਼ਾਰ ਕਰੋੜ ਇਸ ‘ਤੇ ਖਰਚ ਕੀਤੇ, ਕਿੰਨੇ ਕਰੋੜ ਦੀਆਂ ਮੂਰਤੀਆਂ ਲੱਗੀਆਂ ਨੇ ਤੇ ਕਿੰਨੇ ਹੁਣ ਤੱਕ ਸੂਟ ਸਵਾਏ ਨੇ, ਸਾਰਾ ਹਿਸਾਬ ਹੈ ਲੋਕਾਂ ਕੋਲ। ਰਿਕਸ਼ੇ ਵਾਲਾ ਹੋਵੇ ਭਾਵੇਂ ਦਿਹਾੜੀਦਾਰ ਸਭ ਉਂਗਲਾਂ ਦੇ ਪੋਟਿਆਂ ‘ਤੇ ਯਾਦ ਕਰੀ ਫਿਰਦੇ ਨੇ,  ਹੁਣ ਲੋਕ ਅਣਜਾਣ ਨਹੀਂ। 130 ਕਰੋੜ ਦੀ ਅਬਾਦੀ ਵਾਲੇ ਦੇਸ਼ ਵਿਚ ਹੁਣ ਲੋਕਾਂ ਕੋਲ 65 ਕਰੋੜ ਫੋਨ ਹਨ ਅਤੇ ਅੱਧ ਤੋਂ ਜ਼ਿਆਦਾ ਲੋਕ ਸਮਾਰਟ ਫੋਨ ਵਰਤਦੇ ਹਨ। ਫਿਲਮ ਦਾ ਰੌਲਾ ਜਦੋਂ ਚੋਣ ਕਮਿਸ਼ਨਰ ਦੇ ਦਫ਼ਤਰ ਪੁੱਜਾ ਤਾਂ ਉਨ੍ਹਾਂ ਇੱਕ ਵਾਰ ਤਾਂ ਇਸ ਨੂੰ ਹਰੀ ਝੰਡੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਵਲੋਂ ਵਿਰੋਧੀ ਧਿਰ ਦੇ ਜ਼ੋਰ ਦੇਣ ‘ਤੇ ਫਿਰ ਫੈਸਲਾ ਬਦਲਿਆ ਗਿਆ, ਇਸ ‘ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਏ। ਫਿਲਮਾਂ ਬਣਾਓ, ਜੀ ਸਦਕੇ, ਜਿੰਨੀਆਂ ਮਰਜ਼ੀ ਬਣਾਓ ਪਰ ਸਿਆਸੀ ਕਿੜ ਕੱਢਣ ਜਾਂ ਸਿਆਸੀ ਲਾਹਾ ਲੈਣ ਲਈ ਇਸ ਪਲੇਟਫਾਰਮ ਦੀ ਵਰਤੋਂ ਕਰਨਾ ਯੋਗ ਨਹੀਂ। ਉਹ ਵੀ ਐਨ ਚੋਣਾਂ ਮੌਕੇ। ਫਿਲਮ ਬਣਾਓ ਆਪਣੀਆਂ ਚੋਣ ਰੈਲੀਆਂ ਦੀ, ਲੋਕਾਂ ਨਾਲ ਕੀਤੇ ਵਾਅਦਿਆਂ ਦੀ, ਉਸ ਨੂੰ ਖੁਦ ਹੀ ਪੰਜ ਸਾਲ ਵਿਚ ਵਾਰ ਵਾਰ ਵੇਖੋ। ਤੁਹਾਡੇ ਕੀਤੇ ਕੰਮਾਂ ਦੀ ਫਿਲਮ ਜਨਤਾ ਆਪ ਹੀ ਬਣਾ ਲਵੇਗੀ। ਦਮਗਜ਼ੇ ਮਾਰਦਿਆਂ, ਲੰਮੇ ਲੰਮੇ ਮੈਨੀਫੈਸਟੋ ਛਾਪਦਿਆਂ ਅਤੇ ਸਬਜ਼ਬਾਗ ਦਿਖਾਉਂਦਿਆਂ ਨੂੰ ਤਾਂ 70 ਸਾਲ ਹੋ ਗਏ ਹਨ, ਹੁਣ ਅਸਲ ਕੰਮ ਕਰਨ ਵਾਲੀ ਫਿਲਮ ਵਿਖਾਉਣ ਦਾ ਵੇਲਾ ਹੈ ।  ਜੇਕਰ ਕੋਈ ਪਾਰਟੀ ਦੀ ਸਰਕਾਰ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਰਾਹ ਪੈ ਜਾਵੇ, ਫਿਰ ਇਨ੍ਹਾਂ ਨੂੰ ਪਰਚਾਰ ਲਈ ਫਿਲਮਾਂ ਬਣਾਉਣ ਦੀ ਲੋੜ ਨਹੀਂ ਪਵੇਗੀ। ਲੋਕ ਆਪ ਮੁਹਾਰੇ ਹੀ ਇਹਨਾਂ ਨੂੰ ਵੋਟਾਂ ਪਾਉਣਗੇ।  

ਸੁਖਵਿੰਦਰ ਸਿੰਘ ਸਿੱਧੂ
(+91-80541-04573)

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ