ਸੜਕਾਂ 'ਤੇ ਰੁਲਦਿਆਂ-ਰੁਲਦਿਆਂ ਬੱਚਿਆਂ ਨੂੰ ਜਨਮ ਦੇ ਰਹੀ ਭਾਰਤ-ਮਾਤਾ

ਸੜਕਾਂ 'ਤੇ ਰੁਲਦਿਆਂ-ਰੁਲਦਿਆਂ ਬੱਚਿਆਂ ਨੂੰ ਜਨਮ ਦੇ ਰਹੀ ਭਾਰਤ-ਮਾਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੇ ਪ੍ਰਧਾਨ ਮੰਤਰੀ ਕੋਰੋਨਾਵਾਇਰਸ ਮਹਾਂਮਾਰੀ ਨੂੰ ਭਾਰਤ ਲਈ ਇਕ ਮੌਕਾ ਦਸਦਿਆਂ ਐਲਾਨ ਕਰ ਰਹੇ ਹਨ ਕਿ 21ਵੀਂ ਸਦੀ ਭਾਰਤ ਦੀ ਹੋਵੇਗੀ ਤੇ ਹਰ ਭਾਰਤੀ ਦੇ ਮਾਣ ਕਰਨ ਦੀਆਂ ਗੱਲਾਂ ਕਹਿ ਰਹੇ ਹਨ ਪਰ ਸੜਕਾਂ 'ਤੇ ਰੁਲਦੇ ਭਾਰਤ ਨੂੰ ਸਾਰੀ ਦੁਨੀਆ ਦੇਖ ਰਹੀ ਹੈ। 

ਨਰਿੰਦਰ ਮੋਦੀ ਵੱਲੋਂ ਲੋਕਾਂ ਦੇ ਦੁੱਖ-ਤਕਲੀਫ ਦੀ ਪ੍ਰਵਾਹ ਕੀਤੇ ਬਿਨ੍ਹਾਂ ਇਕ ਦਮ ਲਾ ਦਿੱਤੇ ਗਏ ਲਾਕਡਾਊਨ ਨਾਲ ਰੁਜ਼ਗਾਰ ਤੋਂ ਅਵਾਜ਼ਾਰ ਹੋਏ ਲੋਕ ਆਪਣੇ ਘਰਾਂ ਤੋਂ ਦੂਰ ਆਪਣੇ ਕੰਮ ਵਾਲੀਆਂ ਥਾਵਾਂ 'ਤੇ ਫਸ ਗਏ। ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਇਹ ਮਜ਼ਦੂਰ ਲੋਕ ਭਾਰਤ ਦੀਆਂ ਸੜਕਾਂ 'ਤੇ ਕਈ ਸੈਂਕੜੇ ਕਿਲੋਮੀਟਰ ਦੀ ਲੰਬੀ ਦਰਦ ਭਰੀ ਯਾਤਰਾ ਕਰ ਰਹੇ ਹਨ। 

ਇਸ ਦੌਰਾਨ ਕਈ ਥਾਵਾਂ 'ਤੇ ਔਰਤਾਂ ਨੇ ਇਸ ਔਖੇ ਸਫਰ ਵਿਚ ਹੀ ਸੜਕਾਂ 'ਤੇ ਬੱਚਿਆਂ ਨੂੰ ਜਨਮ ਦੇ ਦਿੱਤਾ ਹੈ। ਜਨਮ ਦੇਣ ਦੀ ਅਸਹਿ ਪੀੜਾ ਵਿਚ ਹੀ ਇਹਨਾਂ ਮਾਵਾਂ ਨੇ ਆਪਣੇ ਨਵਜੰਮੇ ਬੱਚਿਆਂ ਨੂੰ ਛਾਤੀਆਂ ਨਾਲ ਲਾ ਇਸ ਭਰ ਗਰਮੀ ਵਿਚ ਇਹ ਸਫਰ ਤੈਅ ਕੀਤਾ। 

ਜਣੇਪੇ ਦੇ 9ਵੇਂ ਮਹੀਨੇ 'ਚ ਮਜ਼ਦੂਰ ਬੀਬੀ ਨੇ ਮਹਾਰਾਸ਼ਟਰ ਦੇ ਨਾਸਿਕ ਤੋਂ ਮੱਧ ਪ੍ਰਦੇਸ਼ ਦੇ ਸਤਨਾ ਲਈ ਪੈਦਲ ਜਾਂਦਿਆਂ ਬੱਚੇ ਨੂੰ ਸੜਕ 'ਤੇ ਜਨਮ ਦਿੱਤਾ। ਕਾਫ਼ੀ ਸਮੇਂ ਤਕ ਪੈਦਲ ਚੱਲਣ ਤੋਂ ਬਾਅਦ ਔਰਤ ਦੇ ਢਿੱਡ 'ਚ ਦਰਦ ਹੋਇਆ ਤਾਂ ਉਸ ਨੇ ਰਸਤੇ 'ਚ ਹੀ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਬੱਚਾ ਹੋਣ ਤੋਂ ਬਾਅਦ ਉਸ ਮਾਂ ਨੇ ਸਿਰਫ਼ ਦੋ ਘੰਟੇ ਆਰਾਮ ਕੀਤਾ ਅਤੇ ਉਸ ਤੋਂ ਬਾਅਦ ਉਹ ਦੁਬਾਰਾ 150 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਘਰ ਪਹੁੰਚੀ।

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਮਹਾਰਾਸ਼ਟਰ ਦੇ ਨਾਸਿਕ ਤੋਂ ਸਤਨਾ ਵਿੱਚ ਆਪਣੇ ਪਿੰਡ ਵਾਪਸ ਆ ਰਹੀ ਇਸ ਗਰਭਵਤੀ ਪ੍ਰਵਾਸੀ ਔਰਤ ਨੇ ਰਸਤੇ 'ਚ ਇੱਕ ਬੱਚੇ ਨੂੰ ਜਨਮ ਦਿੱਤਾ। ਉਸ ਦੇ ਪਤੀ ਦਾ ਕਹਿਣਾ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਅਸੀਂ 2 ਘੰਟੇ ਅਰਾਮ ਕੀਤਾ ਅਤੇ ਫਿਰ ਅਸੀਂ ਘੱਟੋ-ਘੱਟ 150 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।

MP: A pregnant migrant worker who was walking back to her village in Satna from Nashik in Maharashtra amid #CoronavirusLockdown, delivered a child on the way. Her husband says, "after she gave birth we rested for 2 hours then we walked for at least 150 km." (12.5) pic.twitter.com/WubC97wabz

— ANI (@ANI) May 13, 2020

ਪਿਛਲੇ ਦਿਨੀਂ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ, ਜਿਸ ਵਿੱਚ ਇੱਕ ਔਰਤ ਮਜ਼ਦੂਰ ਚੰਡੀਗੜ੍ਹ ਤੋਂ ਮੱਧ ਪ੍ਰਦੇਸ਼ ਜਾ ਰਹੀ ਸੀ। ਜਦੋਂ ਲਗਭਗ 180 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਔਰਤ ਨੂੰ ਦਰਦ ਹੋਇਆ ਤਾਂ ਉਸ ਨੇ ਸੜਕ ਕੰਢੇ ਆਪਣੇ ਸਾਥੀਆਂ ਦੀ ਮਦਦ ਨਾਲ ਧੀ ਨੂੰ ਜਨਮ ਦਿੱਤਾ ਸੀ। ਜਨਮ ਤੋਂ ਸਿਰਫ ਇੱਕ ਘੰਟੇ ਬਾਅਦ ਉਹ ਆਪਣੇ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਰੱਖ ਕੇ 270 ਕਿਲੋਮੀਟਰ ਪੈਦਲ ਤੁਰ ਕੇ ਅਲੀਗੜ੍ਹ ਪਹੁੰਚੀ। ਇੱਥੇ ਕੁਝ ਦੇਰ ਰੁਕਣ ਤੋਂ ਬਾਅਦ ਉਸ ਨੇ ਮੱਧ ਪ੍ਰਦੇਸ਼ ਤਕ ਲਗਭਗ 1100 ਕਿਲੋਮੀਟਰ ਦਾ ਸਫ਼ਰ ਸ਼ੁਰੂ ਕੀਤਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।