ਮਾਂ-ਬੋਲੀ ਤੋਂ ਦੂਰ ਹੋਣ ਦਾ ਮੇਰਾ ਦੁਖਾਂਤ

ਮਾਂ-ਬੋਲੀ ਤੋਂ ਦੂਰ ਹੋਣ ਦਾ ਮੇਰਾ ਦੁਖਾਂਤ

ਸਭਿਆਚਾਰ ਤੇ ਭਾਸ਼ਾ

ਕੁਝ ਸਮਾਂ ਪਹਿਲਾਂ ਮੈਂ ਇਕ ਤੁਰਕੀ-ਬਰਤਾਨਵੀ ਲੇਖਕਾ ਦੁਆਰਾ ਲਿਖੀ ਕਿਤਾਬ ਪੜ੍ਹੀ ਜਿਸ ਦੇ ਅੰਤ ਵਿਚ ਉਸ ਨੇ ਅੰਗਰੇਜ਼ੀ ਵਿਚ ਸੁਪਨੇ ਲੈਣ ਬਾਰੇ ਲਿਖਿਆ ਸੀ। ਲੇਖਕਾ ਕਹਿੰਦੀ ਸੀ ਕਿ ਤੁਰਕੀ ਦੇ ਲੋਕ ਉਸ ਦੀ ਬਹੁਤ ਆਲੋਚਨਾ ਕਰਦੇ ਹਨ ,ਕਿਉਂਕਿ ਉਹ ਆਪਣੀਆਂ ਕਿਤਾਬਾਂ ਨੂੰ ਅੰਗਰੇਜ਼ੀ ਵਿਚ ਲਿਖਦੀ ਹੈ, ਨਾ ਕਿ ਆਪਣੀ ਮਾਂ-ਬੋਲੀ ਵਿਚ। ਉਹ ਕਹਿੰਦੀ ਕਿ ਮੈਂ ਯਤਨ ਕਰਦੀ ਹਾਂ ਕਿ ਆਪਣੀ ਅੰਗਰੇਜ਼ੀ ਵਿਚ ਲਿਖੀ ਕਿਤਾਬ ਦਾ ਅਨੁਵਾਦ ਕਿਸੇ ਤੁਰਕੀ ਵਿਚ ਮਾਹਿਰ ਵਿਅਕਤੀ ਤੋਂ ਕਰਵਾਏ ਅਤੇ ਫਿਰ ਉਸ ਅਨੁਵਾਦ ਨੂੰ ਆਪਣਾ ਰੂਪ ਦੇਵੇ ਪਰ ਖ਼ੁਦ ਤੁਰਕੀ ਵਿਚ ਲਿਖਣਾ ਅਸੰਭਵ ਕੰਮ ਹੈ। ਉਹ ਆਖਦੀ ਹੈ ਕਿ ਜੋ ਅਲਫਾਜ਼ ਉਹ ਅੰਗਰੇਜ਼ੀ ਵਿਚ ਵਰਤ ਸਕਦੀ ਹੈ, ਤੁਰਕੀ ਦੀ ਭਾਸ਼ਾ ਵਿਚ ਨਹੀਂ। ਮੈਨੂੰ ਉਸ ਲੇਖਕਾ ਦੀ ਸਮੱਸਿਆ ਵਿਚ ਆਪਣੀ ਝਲਕ ਨਜ਼ਰ ਆਉਂਦੀ ਹੈ।

ਸਕੂਲ ਵਿਚ ਮੈਂ ਦਸਵੀਂ ਤਕ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਦਾ ਗਿਆਨ ਲਿਆ ਅਤੇ ਕਾਲਜ ਆ ਕੇ ਮੈਨੂੰ ਪੰਜਾਬੀ ਅਤੇ ਅੰਗਰੇਜ਼ੀ ਨੂੰ ਕੁਝ ਹੋਰ ਸਮਾਂ ਪੜ੍ਹਨ ਦਾ ਮੌਕਾ ਮਿਲਿਆ। ਪਰ ਸਕੂਲ ਤੋਂ ਲੈ ਕੇ ਹੁਣ ਤਕ, ਜਦ ਮੈਂ ਖ਼ੁਦ ਇਕ ਪੱਤਰਕਾਰੀ ਦੀ ਅਧਿਆਪਕ ਹਾਂ, ਮੈਨੂੰ ਹਮੇਸ਼ਾ ਮੇਰੀ ਪੰਜਾਬੀ ਨਾਲ ਸਾਂਝ ਅਧੂਰੀ ਲੱਗਦੀ ਰਹੀ ਹੈ। ਮੈਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਸਾਰਾ ਦਿਨ ਪੰਜਾਬੀ ਹੀ ਬੋਲਦੀ ਅਤੇ ਸੁਣਦੀ ਹਾਂ ਪਰ ਫਿਰ ਵੀ ਜਦੋਂ ਲਿਖਣ ਦੀ ਗੱਲ ਆਉਂਦੀ ਹੈ ਤਾਂ ਦਿਮਾਗ ਅੰਗਰੇਜ਼ੀ ਭਾਸ਼ਾ ਵਿਚ ਵਾਕ ਬਣਾਉਣੇ ਸ਼ੁਰੂ ਕਰ ਦਿੰਦਾ ਹੈ। ਮੈਂ ਇਹ ਨਹੀਂ ਆਖਦੀ ਕਿ ਮੈਂ ਅੰਗਰੇਜ਼ੀ ਵਿਚ ਲਿਖਣ ਵਿਚ ਨਿਪੁੰਨ ਹਾਂ। ਕਈ ਵਾਰ, ਕਈ ਸ਼ਬਦ, ਕਈ ਥਾਂ ਉੱਤੇ ਰੁਕ ਜਾਂਦੇ ਹਨ ਅਤੇ ਮੈਨੂੰ ਆਪਣੇ ਦਿਮਾਗ ਉੱਤੇ ਜ਼ੋਰ ਲਗਾਉਣ ਅਤੇ ਇੰਟਰਨੈਟ ਦੀ ਮਦਦ ਲੈਣੀ ਪੈਂਦੀ ਹੈ। ਜੇਕਰ ਮੈਂ ਪੰਜਾਬੀ ਜਾਂ ਹਿੰਦੀ ਵਿਚ ਕੁਝ ਲਿਖਣਾ ਚਾਹਾਂ ਤਾਂ ਅਕਸਰ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਜਦੋਂ ਵੀ ਪੰਜਾਬੀ ਵਿਚ ਕੁਝ ਲਿਖਿਆ ਛਪਵਾਉਣ ਬਾਰੇ ਸੋਚਦੀ ਹਾਂ ਤਾਂ ਮੈਨੂੰ ਇਹ ਤੌਖਲਾ ਹੁੰਦਾ ਹੈ ਕਿ ਮੈਂ ਆਪਣੀ ਮਾਂ-ਬੋਲੀ ਨਾਲ ਇਨਸਾਫ਼ ਨਹੀਂ ਕਰ ਪਾਵਾਂਗੀ।

ਜਦੋਂ ਮੈਂ ਪਹਿਲੀ ਵਾਰ ਪੰਜਾਬੀ ਵਿਚ ਕੁਝ ਲਿਖਿਆ ਸੀ ਤਾਂ ਉਹ ਇਸ ਕਰਕੇ ਸੀ ਕਿਉਂਕਿ ਉਸ ਹੱਡਬੀਤੀ ਘਟਨਾ ਦਾ ਕਿਸੇ ਹੋਰ ਭਾਸ਼ਾ ਵਿਚ ਅਨੁਵਾਦ ਕਰ ਕੇ ਦੱਸਣਾ ਸਹੀ ਨਹੀਂ ਲੱਗ ਰਿਹਾ ਸੀ। ਉਸ ਨਾਲ ਦਗਾ ਕਰਨ ਜਿਹਾ ਜਾਪ ਰਿਹਾ ਸੀ। ਉਸ ਮੌਕੇ ਤੋਂ ਬਾਅਦ ਵੀ ਮੈਂ ਪੰਜਾਬੀ ਵਿਚ ਕਾਫ਼ੀ ਵਾਰ ਕੁਝ ਲਿਖਣ ਦਾ ਸੋਚਿਆ ਤੇ ਯਤਨ ਕੀਤਾ ਪਰ ਮੇਰੇ ਲਫ਼ਜ਼ਾਂ ਦਾ ਦਰਿਆ ਜਿਵੇਂ ਸੁੱਕ ਜਾਂਦਾ ਹੈ। ਲਿਖਣ ਵੇਲੇ ਪੰਜਾਬੀ ਮੈਨੂੰ ਮੇਰੀ ਮਾਂ-ਬੋਲੀ ਨਹੀਂ ,ਸਗੋਂ ਮਤਰੇਈ ਮਾਂ ਵਾਂਗ ਜਾਪਦੀ ਹੈ। ਮੇਰੇ ਨਾਲ ਦੇ ਕਈ ਸਹਿਯੋਗੀ, ਸਹਿਪਾਠੀ ਅਤੇ ਸਾਥੀ ਹਨ ਜੋ ਪੰਜਾਬੀ ਵਿਚ ਆਪਣੇ ਵਿਚਾਰਾਂ ਦਾ ਵਰਣਨ ਬਹੁਤ ਹੀ ਸੋਹਣੇ ਢੰਗ ਨਾਲ ਕਰਦੇ ਹਨ ਜਿਸ ਨੂੰ ਪੜ੍ਹ ਕੇ ਮਨ ਖ਼ੁਸ਼ ਹੋ ਜਾਂਦਾ ਹੈ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਮੈਂ ਦੁਬਾਰਾ ਕਲਮ ਚੁੱਕਦੀ ਹਾਂ ਅਤੇ ਪੰਜਾਬੀ ਵਿਚ ਲਿਖਣ ਦੀ ਕੋਸ਼ਿਸ਼ ਕਰਦੀ ਹਾਂ ਪਰ ਏਦਾਂ ਲੱਗਦਾ ਹੈ ਜਿਵੇਂ ਮੇਰੇ ਅੱਖਰਾਂ ਦਾ, ਵਾਕਾਂ ਦਾ ਕੋਈ ਭਾਵ ਹੀ ਨਹੀਂ ਨਿਕਲ ਰਿਹਾ। ਜਿਵੇਂ ਮੇਰੇ ਮਨ ਵਿਚ ਜੋ ਵਿਚਾਰ ਹਨ ਉਨ੍ਹਾਂ ਨੂੰ ਮੈਂ ਕਾਗਜ਼ ਉੱਤੇ ਉਤਾਰਨ ਵਿਚ ਸਫਲ ਨਹੀਂ ਹੋ ਪਾ ਰਹੀ ਹਾਂ। ਪੰਜਾਬੀ ਮੇਰੀ ਮਾਤ ਭਾਸ਼ਾ ਹੈ ਪਰ ਮੈਨੂੰ ਇਸ ਨੇ ਕਦੇ ਪੂਰੀ ਤਰ੍ਹਾਂ ਅਪਣਾਇਆ ਨਹੀਂ। ਇਸ ਲਈ ਮੈਂ ਖ਼ੁਦ ਨੂੰ ਕਸੂਰਵਾਦ ਸਮਝਦੀ ਹਾਂ।ਮੇਰੇ ਅੰਦਾਜ਼ੇ ਮੁਤਾਬਕ ਇਸ ਦੇ ਕਈ ਕਾਰਨ ਹੋ ਸਕਦੇ ਹਨ। ਮੈਂ ਆਪਣੀ ਸਾਰੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਅੰਗਰੇਜ਼ੀ ਮਾਧਿਅਮ ਵਿਚ ਕੀਤੀ ਹੈ ਅਤੇ ਹਮੇਸ਼ਾ ਸਾਹਿਤਕ ਕਿਤਾਬਾਂ ਪੜ੍ਹਨ ਦੀ ਰੁਚੀ ਅੰਗਰੇਜ਼ੀ ਵਿਚ ਵੱਧ ਰਹੀ ਹੈ। ਪੰਜਾਬੀ ਭਾਸ਼ਾ ਦੇ ਸਾਹਿਤ ਨਾਲ ਮੇਰਾ ਜ਼ਿਆਦਾ ਰਾਬਤਾ ਨਹੀਂ ਹੋਇਆ ਹੈ। ਇਹ ਵੀ ਇਕ ਕਾਰਨ ਹੈ ਕਿ ਮੈਂ ਪੰਜਾਬੀ ਭਾਸ਼ਾ ਦੀ ਸਲੈਂਗ ਸ਼ਬਦਾਵਲੀ ਤੋਂ ਜਾਣੂ ਨਹੀਂ ਹਾਂ। ਇਸ ਤਰ੍ਹਾਂ ਹੀ ਮੇਰਾ ਪੰਜਾਬੀ ਗਾਣੇ, ਸੰਗੀਤ ਅਤੇ ਫਿਲਮਾਂ ਵੱਲ ਵੀ ਰੁਝਾਨ ਘੱਟ ਹੀ ਰਿਹਾ ਹੈ। ਇਨ੍ਹਾਂ ਦੋਨਾਂ ਗੱਲਾਂ ਦਾ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਮੈਂ ਸ਼ੁਰੂ ਤੋਂ ਹੀ ਸ਼ਹਿਰਾਂ ਵਿਚ ਰਹੀ ਹਾਂ। ਮੇਰੇ ਮਾਂ-ਪਿਓ ਨੇ ਵੀ ਆਪਣਾ ਵਧੇਰੇ ਸਮਾਂ ਸ਼ਹਿਰਾਂ ਵਿਚ ਬਿਤਾਇਆ ਹੈ। ਪਿੰਡਾਂ ਦੀ ਜ਼ਿੰਦਗੀ ਅਤੇ ਪਿੰਡਾਂ ਦੀ ਜੀਵਨ-ਸ਼ੈਲੀ ਨਾਲ ਮੇਰਾ ਵਾਸਤਾ ਬਹੁਤ ਘੱਟ ਪਿਆ ਹੈ ਅਤੇ ਇਹ ਇਕ ਵੱਡਾ ਕਾਰਨ ਹੈ ਜੋ ਮੈਂ ਮੰਨਦੀ ਹਾਂ ਕਿ ਪੰਜਾਬੀ ਦਾ ਮੇਰੇ ਨਾਲ ਸਾਥ ਅਤੇ ਮੇਰਾ ਪੰਜਾਬੀ ਨਾਲ ਸਾਥ ਅਜੇ ਵੀ ਬਿਖੜਾ ਜਾਪਦਾ ਹੈ। ਮੈਂ ਆਪਣੇ ਵਿਚਾਰਾਂ ਅਤੇ ਜਜ਼ਬਾਤ ਨੂੰ ਲਿਖਤੀ ਰੂਪ ਵਿਚ ਪ੍ਰਦਰਸ਼ਿਤ ਕਰਨ ਵਿਚ ਅਸਫਲ ਰਹਿੰਦੀ ਹਾਂ।

ਅਧਿਆਪਨ ਵਿਚ ਆਉਣ ਤੋਂ ਬਾਅਦ ਮੇਰੀ ਪੰਜਾਬੀ ਬੋਲਣ ਅਤੇ ਲਿਖਣ ਵਿਚ ਕਾਫ਼ੀ ਸੁਧਾਰ ਆਇਆ ਹੈ। ਇਸ ਦਾ ਸਿਹਰਾ ਮੇਰੇ ਉਨ੍ਹਾਂ ਵਿਦਿਆਰਥੀਆਂ ਨੂੰ ਜਾਂਦਾ ਹੈ ਜਿਹੜੇ ਪੰਜਾਬੀ ਮਾਧਿਅਮ ਦੇ ਸਨ ਅਤੇ ਜਿਨ੍ਹਾਂ ਕਾਰਨ ਮੈਂ ਆਪਣੇ ਵਿਸ਼ੇ ਨੂੰ ਪੰਜਾਬੀ ਵਿਚ ਪੜ੍ਹਨਾ-ਪੜ੍ਹਾਉਣਾ, ਸਮਝਣਾ-ਸਮਝਾਉਣਾ ਸ਼ੁਰੂ ਕੀਤਾ। ਮੇਰੇ ਹਿਸਾਬ ਨਾਲ ਕਿਸੇ ਵੀ ਭਾਸ਼ਾ ਨੂੰ ਅਪਨਾਉਣ ਲਈ ਜ਼ਰੂਰੀ ਹੈ ਉਸ ਦੇ ਸਾਹਿਤ ਤੋਂ ਜਾਣੂ ਹੋਣਾ ਤਾਂ ਜੋ ਆਪਣੇ ਭਾਵ ਜ਼ਾਹਰ ਕਰਨ ਸਮੇਂ ਭਾਸ਼ਾ ਤੁਹਾਡੇ ਦਿਮਾਗ ਵਿਚ ਅਲਫ਼ਾਜ਼ਾਂ ਦੀ ਰੌਸ਼ਨੀ ਦਾ ਚਾਨਣ ਪਾ ਸਕੇ। ਹੁਣ ਮੈਂ ਕੋਸ਼ਿਸ਼ ਕਰਦੀ ਹਾਂ ਕਿ ਪੰਜਾਬੀ ਵਿਚ ਕੋਈ ਨਾ ਕੋਈ ਲੇਖ, ਕਵਿਤਾ ਜਾਂ ਕਿਤਾਬ ਪੜ੍ਹਾਂ ਤਾਂ ਜੋ ਲਿਖਣ ਸਮੇਂ ਮੈਨੂੰ ਪੰਜਾਬੀ ਅੰਗਰੇਜ਼ੀ ਵਾਂਗ ਸ਼ਬਦਾਂ ਦਾ ਇਕ ਲਗਾਤਾਰ ਵਰ੍ਹਦਾ ਹੋਇਆ ਝਰਨਾ ਲੱਗੇ। ਹੌਲੀ-ਹੌਲੀ ਮੈਂ ਆਪਣੀ ਪੰਜਾਬੀ ਨਾਲ ਸਾਂਝ ਵਧਾਉਣ ਦੀ ਅਤੇ ਉਸ ਨੂੰ ਪੂਰੀ ਤਰ੍ਹਾਂ ਅਪਨਾਉਣ ਦੀ ਕੋਸ਼ਿਸ਼ ਕਰਦੀ ਰਹਾਂਗੀ।

       ਜਸਲੀਨ ਸੇਠੀ