ਮਹਾਰਾਸ਼ਟਰ ਵਿਚ ਮੋਦੀ ਦੀ ਚਾਣਕਿਆ ਨੀਤੀ ਸਫਲ ,ਸ਼ਿਵ ਸੈਨਾ ਸ਼ਿੰਦੇ ਵੀ ਹੋਈ ਗੋਡਿਆਂ ਭਾਰ

ਮਹਾਰਾਸ਼ਟਰ ਵਿਚ ਮੋਦੀ ਦੀ ਚਾਣਕਿਆ ਨੀਤੀ ਸਫਲ ,ਸ਼ਿਵ ਸੈਨਾ ਸ਼ਿੰਦੇ ਵੀ ਹੋਈ ਗੋਡਿਆਂ ਭਾਰ

ਨਵੀਂ ਵਜ਼ਾਰਤ ਦਾ ਸਹੁੰ ਚੁੱਕ ਸਮਾਗਮ 5 ਦਸੰਬਰ ਨੂੰ ਹੋਵੇਗਾ

*ਮੋਦੀ-ਸ਼ਾਹ ਦੀ ਕਿ੍ਪਾ ਨਾਲ ਬਣੇਗਾ ਮੁੱਖ ਮੰਤਰੀ

ਮਹਾਰਾਸ਼ਟਰ ਅਸੰਬਲੀ ਚੋਣਾਂ ਦੇ ਨਤੀਜੇ ਨਿਕਲਿਆਂ ਨੂੰ ਹਫਤੇ ਤੋਂ ਵੱਧ ਸਮਾਂ ਹੋ ਗਿਆ ਹੈ ।ਭਾਜਪਾ, ਸ਼ਿਵ ਸੈਨਾ (ਸ਼ਿੰਦੇ) ਤੇ ਐੱਨ ਸੀ ਪੀ (ਅਜੀਤ ਪਵਾਰ) ਦੀ ਸੱਤਾਧਾਰੀ ਮਹਾਯੁਤੀ ਨੇ 288 ਵਿੱਚੋਂ 230 ਸੀਟਾਂ ਜਿੱਤ ਕੇ ਜ਼ਬਰਦਸਤ ਸਫਲਤਾ ਹਾਸਲ ਕੀਤੀ ਹੈ ਪਰ ਅਜੇ ਤੱਕ ਮੁੱਖ ਮੰਤਰੀ ਨਹੀਂ ਬਣਾ ਸਕੀ ।ਹੁਣ ਭਾਜਪਾ ਦੇ ਸੂਬਾਈ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਐਲਾਨਿਆ ਹੈ ਕਿ ਨਵੀਂ ਵਜ਼ਾਰਤ ਦਾ ਸਹੁੰ ਚੁੱਕ ਸਮਾਗਮ 5 ਦਸੰਬਰ ਨੂੰ ਹੋਵੇਗਾ ।ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ ।ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਨਿਕਲੇ ਸਨ ਤੇ 5 ਦਸੰਬਰ ਤੱਕ 12 ਦਿਨ ਹੋ ਜਾਣਗੇ ।ਪਹਿਲਾਂ ਕਿਹਾ ਜਾ ਰਿਹਾ ਸੀ ਕਿ ਏਕਨਾਥ ਸ਼ਿੰਦੇ ਦੀ ਪਾਰਟੀ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਬਣਾਉਣ ‘ਤੇ ਅੜੀ ਹੋਈ ਹੈ, ਕਿਉਂਕਿ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਕਾਰਨ ਹੀ ਮਹਾਯੁਤੀ ਨੂੰ ਏਨੀ ਵੱਡੀ ਸਫਲਤਾ ਮਿਲੀ ਹੈ । 132 ਸੀਟਾਂ ਜਿੱਤਣ ਵਾਲੀ ਭਾਜਪਾ, ਜਿਸ ਨੂੰ ਆਪਣੇ ਤੌਰ ‘ਤੇ ਬਹੁਮਤ ਬਣਾਉਣ ਲਈ ਸਿਰਫ 13 ਸੀਟਾਂ ਦੀ ਹੀ ਲੋੜ ਹੈ, ਦੇ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਾਜਪਾ ਦਾ ਹੀ ਬਣਨਾ ਚਾਹੀਦਾ ਹੈ । ਹੁਣ ਤੱਕ ਦੀਆਂ ਖਬਰਾਂ ਵਿੱਚ ਦਵਿੰਦਰ ਫੜਨਵੀਸ ਦਾ ਨਾਂ ਹੀ ਸਭ ਤੋਂ ਅੱਗੇ ਹੈ, ਜਿਹੜੇ ਕਿ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਤੇ ਏਕਨਾਥ ਸ਼ਿੰਦੇ ਦੀ ਮਦਦ ਨਾਲ ਊਧਵ ਠਾਕਰੇ ਦੀ ਸਰਕਾਰ ਡੇਗ ਕੇ ਆਪਣੀ ਭਾਈਵਾਲੀ ਵਾਲੀ ਸਰਕਾਰ ਬਣਾਉਣ ਖਾਤਰ ਉਪ ਮੁੱਖ ਮੰਤਰੀ ਬਣਨ ਲਈ ਮਜਬੂਰ ਹੋਏ ਸਨ ।

ਮੁੰਬਈ ਵਿੱਚ ਜਦ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਤਾਂ ਤਿੰਨਾਂ ਆਗੂਆਂ ਦੀ ਬੀਤੇ ਵੀਰਵਾਰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੱਡ-ਅੱਡ ਮੀਟਿੰਗ ਹੋਈ | ਇਸ ਤੋਂ ਬਾਅਦ ਰਾਤ ਨੂੰ ਤਿੰਨੇ ਮੁੰਬਈ ਪਰਤ ਆਏ ਅਤੇ ਅਗਲੇ ਦਿਨ ਸ਼ੁੱਕਰਵਾਰ ਫਿਰ ਮੀਟਿੰਗ ਕਰਨੀ ਸੀ ।ਪਰ ਸ਼ਿੰਦੇ ਅਚਾਨਕ ਸਾਤਾਰਾ ਜ਼ਿਲ੍ਹੇ ਵਿੱਚ ਆਪਣੇ ਪਿੰਡ ਚਲੇ ਗਏ । ਉਨ੍ਹਾਂ ਦੇ ਸ਼ਨੀਵਾਰ ਪਰਤ ਆਉਣ ਦੀ ਆਸ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਗਲਾ ਜ਼ਿਆਦਾ ਖਰਾਬ ਹੋਣ ਕਰਕੇ ਉਹ ਲੇਟ ਪਰਤਣਗੇ ।ਖਬਰਾਂ ਇਹ ਵੀ ਹਨ ਕਿ ਉਹ ਪਿੰਡ ਵਿੱਚ ਸ਼ਰਦ ਪਵਾਰ ਦੀ ਪਾਰਟੀ ਦੇ ਆਗੂ ਨੂੰ ਮਿਲੇ ਹਨ । ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਸ਼ਿੰਦੇ ਨੂੰ ਉਪ ਮੁੱਖ ਮੰਤਰੀ ਜਾਂ ਕੇਂਦਰ ਵਿੱਚ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਹੈ ਪਰ ਸ਼ਿੰਦੇ ਦਿੱਲੀ ਜਾਣ ਦੇ ਇੱਛੁਕ ਨਹੀਂ ।

ਹੁਣ ਭਾਜਪਾ ਦੇ ਦਬਾਅ ਅਧੀਨ ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਹਿ ਦਿਤਾ ਹੈ ਕਿ ਸੂਬੇ ਦੇ ਨਵੇਂ ਮੁੱਖ ਮੰਤਰੀ ਬਾਰੇ ਫ਼ੈਸਲਾ ਭਾਜਪਾ ਕਰੇਗੀ ਅਤੇ ਉਹ ਇਸ ਦਾ ਪੂਰਾ ਸਮਰਥਨ ਕਰਨਗੇ। ਉਨ੍ਹਾਂ ਕਿਹਾ ਸੀ ਕਿ ਸਰਕਾਰ ਬਣਾਉਣ ਨੂੰ ਲੈ ਕੇ ਮਹਾਯੁਤੀ ਦੇ ਭਾਈਵਾਲਾਂ ’ਚ ਕੋਈ ਮਤਭੇਦ ਨਹੀਂ ਹੈ। ਸਰਕਾਰ ਬਣਾਉਣ ਬਾਰੇ ਗੱਲਬਾਤ ਚੱਲ ਰਹੀ ਹੈ ਅਤੇ ਸਾਰੇ ਫੈਸਲੇ ਮਹਾਯੁਤੀ ਦੇ ਤਿੰਨੋਂ ਭਾਈਵਾਲ ਸ਼ਿਵ ਸੈਨਾ, ਭਾਜਪਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਵੱਲੋਂ ਸਹਿਮਤੀ ਨਾਲ ਲਏ ਜਾਣਗੇ।

ਭਾਜਪਾ ਆਗੂ ਰਾਓਸਾਹਿਬ ਦਾਨਵੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਦਾ ਨਾਮ ਤੈਅ ਕਰ ਲਿਆ ਗਿਆ ਹੈ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਇਸ ਦੀ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ। 

ਮੋਦੀ-ਸ਼ਾਹ ਦੀ ਜੋੜੀ ਬਾਰੇ ਇਹ ਮਸ਼ਹੂਰ ਹੈ ਕਿ ਜਿਹੜੇ ਰਾਜ ਵਿੱਚ ਮੁੱਖ ਮੰਤਰੀ ਬਣਨ ਨੂੰ 72 ਘੰਟੇ ਤੋਂ ਵੱਧ ਲਗਦੇ ਹਨ, ਉੱਥੇ ਉਹ ਨਵੇਂ ਚਿਹਰੇ ਨੂੰ ਹੀ ਮੌਕਾ ਦਿੰਦੇ ਹਨ । ਅਪਣੇ ਅਗੇ ਸਿਰ ਚੁਕਣ ਵਾਲੇ ਮਿੱਤਰ ਨੂੰ ਵੀ ਗੋਡਿਆਂ ਭਾਰ ਕਰ ਦਿੰਦੇ ਹਨ।ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇ ਓਡੀਸ਼ਾ ਵਿੱਚ ਮੁੱਖ ਮੰਤਰੀ ਚੁਣਨ ਵਿੱਚ ਦੇਰ ਹੋਈ ਸੀ ਤੇ ਸਭ ਥਾਈਂ ਨਵੇਂ ਚਿਹਰੇ ਹੀ ਕੁਰਸੀ ‘ਤੇ ਬਿਠਾਏ ਗਏ ।2017 ਵਿੱਚ ਯੂ ਪੀ ਵਿਚ ਕੇਸ਼ਵ ਪ੍ਰਸਾਦ ਮੌਰੀਆ ਤੇ ਮਨੋਜ ਸਿਨਹਾ ਵਰਗਿਆਂ ਦੇ ਨਾਵਾਂ ਦੀ ਚਰਚਾ ਸੀ ਪਰ 9 ਦਿਨ ਬਾਅਦ ਯੋਗੀ ਆਦਿੱਤਿਆ ਨਾਥ ਮੁੱਖ ਮੰਤਰੀ ਐਲਾਨ ਦਿੱਤੇ ਗਏ ।

ਦਰਅਸਲ ਫੜਨਵੀਸ ਆਰ ਐੱਸ ਐੱਸ ਦੀ ਪਸੰਦ ਹਨ ਅਤੇ ਮੋਦੀ-ਸ਼ਾਹ ਜੋੜੀ ਆਰ ਐੱਸ ਐੱਸ ਦੀ ਪਸੰਦ ਦੀ ਥਾਂ ਆਪਣੀ ਪਸੰਦ ਦਾ ਮੁੱਖ ਮੰਤਰੀ ਬਣਾ ਕੇ ਹੀ ਖੁਸ਼ ਹੁੰਦੀ ਹੈ ।ਬ੍ਰਾਹਮਣ ਫੜਨਵੀਸ ਤੋਂ ਬਾਅਦ ਵਿਨੋਦ ਤਾਵੜੇ, ਪੰਕਜਾ ਮੁੰਡੇ, ਸੂਬਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਤੇ ਕੇਂਦਰੀ ਮੰਤਰੀ ਮੁਰਲੀਧਰ ਮੋਹੋਲ ਦੇ ਨਾਵਾਂ ਦੀ ਵੀ ਚਰਚਾ ਹੈ ।ਤਾਵੜੇ ਸ਼ਾਹ ਦੇ ਕਰੀਬੀ ਹਨ ਤੇ ਮਰਾਠਾ ਭਾਈਚਾਰੇ ਵਿੱਚੋਂ ਆਉਂਦੇ ਹਨ, ਜਿਨ੍ਹਾਂ ਦਾ ਮਹਾਰਾਸ਼ਟਰ ਦੀ ਸਿਆਸਤ ਵਿੱਚ ਵੱਡਾ ਦਖਲ ਹੁੰਦਾ ਹੈ । ਪੰਕਜਾ ਓ ਬੀ ਸੀ ਵਿਚੋਂ ਹੈ ਤੇ ਐਤਕੀਂ ਮਹਾਰਾਸ਼ਟਰ ਵਿੱਚ ਭਾਜਪਾ ਨੂੰ ਮਹਿਲਾਵਾਂ ਦੀ ਵੱਡੀ ਹਮਾਇਤ ਮਿਲੀ ਹੈ ।ਮੁਰਲੀਧਰ ਮੋਹੋਲ ਦਾ ਨਾਂ ਸਭ ਤੋਂ ਉੱਤੇ ਦੱਸਿਆ ਜਾ ਰਿਹਾ ਹੈ । ਉਹ ਪੁਣੇ ਤੋਂ ਪਹਿਲੀ ਵਾਰ ਸਾਂਸਦ ਬਣੇੇ ਤੇ ਕੇਂਦਰ ਵਿੱਚ ਕੈਬਨਿਟ ਮੰਤਰੀ ਬਣਾ ਦਿੱਤੇ ਗਏ |।ਕਈ ਸਾਲ ਤੱਕ ਪੁਣੇ ਦੇ ਮੇਅਰ ਰਹੇ ਹਨ ।