ਮੋਦੀ ਦੀ ਰਾਜਨੀਤੀ ਲੋਕਤੰਤਰ ਲਈ ਖਤਰਨਾਕ

ਮੋਦੀ ਦੀ ਰਾਜਨੀਤੀ ਲੋਕਤੰਤਰ ਲਈ ਖਤਰਨਾਕ

ਸਮਾਜ ਤੇ ਰਾਜਨੀਤੀ ਦੇ ਵਿਕਾਸ ਬਾਰੇ ਸੋਚਣ ਤੇ ਕਰਨ ਦੀ ਲੋੜ,
ਮਨੁੱਖਤਾਵਾਦੀ  ਹੋਣਾ ਹੀ ਆਪਣੇ ਆਪ ਵਿਚ ਸਮੂਹਕਤਾ ਦਾ ਚਿੰਨ੍ਹ ਹੈ।
ਬਦਲ ਰਹੇ ਜ਼ਮਾਨੇ ਨੂੰ ਸਮਝੋ, ਕਰਾਂਤੀ ਦੀ ਸੰਭਾਵਨਾ ਇਸ ਦੌਰ ਵਿਚ ਬਹੁਤ ਹੈ।


ਕਨਹਈਆ ਕੁਮਾਰ

ਸਾਨੂੰ ਬਦਲਵੀਂ ਸਿਆਸਤ ਬਾਰੇ ਸੋਚਣ ਦੀ ਜ਼ਰੂਰਤ ਹੈ। ਸਾਡੇ ਦੇਸ਼ ਵਿਚ ਸਿਆਸੀ ਬਦਲ ਨਹੀਂ ਹੈ ਪਰ ਬਦਲਵੀਂ ਸਿਆਸਤ ਬਾਰੇ ਸੋਚਣ ਦੀ ਲੋੜ ਹੈ। ਇਹ ਗੱਲ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਅੱਜ ਦੀ ਰਾਜਨੀਤਕ ਸਮੱਸਿਆ 'ਤੇ ਜੇਕਰ ਅਸੀਂ ਵਿਚਾਰ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਦੁਨੀਆ ਦੀ ਤੇ ਦੇਸ਼ ਦੀ ਅਰਥ ਵਿਵਸਥਾ ਅਤੇ ਸਮਾਜ ਨੂੰ ਸਮਝੇ ਬਿਨਾ ਇਸ ਸਮੱਸਿਆ ਨੂੰ ਨਹੀਂ ਸਮਝ ਸਕਦੇ। ਕਾਰਲ ਮਾਰਕਸ ਨੇ ਜੋ ਕਿਤਾਬ ਲਿਖੀ 'ਕੈਪੀਟਲ' ਮੈਨੂੰ ਨਹੀਂ ਲਗਦਾ ਕਿ ਮਾਰਕਸ ਦਾ ਨਾਂਅ ਲੈਣ ਵਾਲੇ ਮਾਰਕਸਵਾਦੀ ਵੀ ਉਸ ਕਿਤਾਬ ਨੂੰ ਪੜ੍ਹ ਸਕੇ ਹੋਣਗੇ? ਉਸ ਦੇ ਵਿਚਾਰ ਐਨੇ ਜਟਿਲ ਹਨ ਕਿ ਉਸ ਨੂੰ ਪੜ੍ਹਨਾ ਅਤੇ ਸਮਝਣਾ ਐਨਾ ਅਸਾਨ ਨਹੀਂ ਹੈ। ਏਥੇ ਤਾਂ ਅਰਥ ਸ਼ਾਸ਼ਤਰ ਦਾ ਨਾਂ ਲੈਂਦਿਆਂ ਹੀ ਲੋਕਾਂ ਨੂੰ ਨੀਂਦ ਆਉਣ ਲੱਗ ਜਾਂਦੀ ਹੈ। ਸਾਨੂੰ ਅਸਾਨ ਗੱਲਾਂ ਪਸੰਦ ਹਨ। ਪੂਰੀ ਦੀ ਪੂਰੀ ਮਾਨਵ ਸਭਿਅਤਾ ਦਾ ਵਿਕਾਸ ਹੀ ਜਟਿਲ ਵਸਤੂਆਂ ਨੂੰ ਅਸਾਨ ਬਣਾਉਣ ਲਈ ਹੁੰਦਾ ਹੈ। ਹਰ ਸਮਾਜ ਆਪਣੀਆਂ ਜਟਿਲ ਪ੍ਰਸਥਿਤੀਆਂ ਵਿਚੋਂ ਨਿਕਲ ਕੇ ਅਸਾਨ ਪ੍ਰਸਥਿਤੀਆਂ ਵਿਚ ਜਾਣਾ ਚਾਹੁੰਦਾ ਹੈ। ਪਰ ਜਿਸ ਨੂੰ ਅਸੀਂ ਅਸਾਨ ਸਮਝਦੇ ਹਾਂ ਕੀ ਉਹ ਅਸਾਨ ਹੁੰਦੀਆਂ ਹਨ! ਨਹੀਂ? ਜੇਕਰ ਅਸੀਂ ਦਵੰਦਆਤਮਕ ਤਰੀਕੇ ਨਾਲ ਸੋਚੀਏ ਤਾਂ ਜੋ ਜਟਿਲ ਹੈ, ਉਹ ਅਸਾਨ ਵੀ ਹੈ ਤੇ ਜੋ ਅਸਾਨ ਹੈ ਉਹ ਜਟਿਲ ਵੀ ਹੈ। ਉਸ ਦਾ ਇਕ ਪੱਖ ਜੇਕਰ ਉਸ ਨੂੰ ਅਸਾਨ ਬਣਾ ਰਿਹਾ ਹੈ ਤਾਂ ਦੂਜਾ ਪੱਖ ਉਸ ਦੀ ਜਟਿਲਤਾ ਨੂੰ ਸਾਹਮਣੇ ਲੈ ਕੇ ਆਉਂਦਾ ਹੈ।
ਜਿਵੇਂ ਹਰੀ ਕ੍ਰਾਂਤੀ ਨਾਲ ਭੁੱਖਮਰੀ ਦੀ ਸਮੱਸਿਆ ਤਾਂ ਖਤਮ ਹੋ ਗਈ ਪਰ ਕੈਂਸਰ ਦੀ ਸਮੱਸਿਆ ਸ਼ੁਰੂ ਹੋ ਗਈ। ਜੋ ਪਹਿਲਾਂ ਭੁੱਖ ਨਾਲ ਮਰ ਰਹੇ ਸਨ ਹੁਣ ਅੰਨ ਖਾ ਕੇ ਜੋ ਕੈਂਸਰ ਹੋ ਰਿਹਾ ਹੈ, ਉਸ ਨਾਲ ਮਰ ਰਹੇ ਹਨ। ਜੋ  ਦਵੰਦ ਹੈ , ਉਸ ਦੀ ਪਹੁੰਚ ਨਾਲ ਜੇਕਰ ਅਸੀਂ ਦੁਨੀਆ ਨੂੰ ਵੇਖਣਾ ਸ਼ੁਰੂ ਕਰੀਏ ਤਾਂ ਮੈਨੂੰ ਨਹੀਂ ਲਗਦਾ ਕਿ ਸਾਨੂੰ ਨਿਰਾਸ਼ ਹੋਣ ਦੀ ਲੋੜ ਹੈ। ਨਾ-ਉਮੀਦੀ ਮੈਨੂੰ ਕਿਤੇ ਵੀ ਨਜ਼ਰ ਹੀ ਨਹੀਂ ਆਉਂਦੀ, ਉਹ ਇਸ ਲਈ ਕਿ ਸਾਡੇ ਲਿਖਣ, ਕਹਿਣ ਜਾਂ ਬੋਲਣ ਨਾਲ ਕੁਝ ਨਹੀਂ ਹੁੰਦਾ ਹੈ। ਸਾਡੇ ਵੱਲੋਂ ਕੋਈ ਕਾਰਜ ਕਰ ਦੇਣ ਨਾਲ ਸਾਰਾ ਕੁਝ ਹੋ ਜਾਵੇਗਾ, ਅਜਿਹਾ ਮੈਂ ਨਹੀਂ ਸੋਚਦਾ। ਪਰ ਇਕ ਗੱਲ ਹੋਰ ਹੈ, ਸਮਾਜ ਦਾ ਇਕ ਪੱਖ ਹੈ, ਵਿਗਿਆਨ ਦਾ ਇਕ ਪੱਖ ਹੈ ਕਿ ਜੇਕਰ ਤੁਸੀਂ ਗੇਂਦ ਨੂੰ ਰੋਕਣ ਲਈ ਬੱਲਾ ਲੈ ਕੇ ਖੜ੍ਹੇ ਹੋ ਤਾਂ ਜੇਕਰ ਤੁਸੀਂ ਬੱਲਾ ਨਹੀਂ ਚੁੱਕੋਗੇ ਤਾਂ ਗੇਂਦ ਤੁਹਾਡੇ ਕੋਲੋਂ ਦੀ ਨਿਕਲ ਜਾਵੇਗੀ। ਜੇਕਰ ਤੁਸੀਂ ਉਸ ਨੂੰ ਹਿੱਟ ਕਰੋਗੇ ਤਾਂ ਗੇਂਦ ਬਾਊਂਡਰੀ ਤੋਂ ਬਾਹਰ ਵੀ ਜਾ ਸਕਦੀ ਹੈ। ਇਸ ਲਈ ਸਮਾਜ ਵਿਚ ਮਨੁੱਖ ਦੀ ਭੂਮਿਕਾ ਨੂੰ ਮੈਂ ਨਜ਼ਰ ਅੰਦਾਜ਼ ਨਹੀਂ ਸਮਝਦਾ। ਮੈਂ ਇਕ ਵਿਅਕਤੀ ਦੀ ਗੱਲ ਨਹੀਂ ਕਰਦਾ, ਮੈਂ ਸਮੂਹ ਮਨੁੱਖਾਂ ਦੀ ਗੱਲ ਕਰ ਰਿਹਾ ਹਾਂ। ਮਨੁੱਖਤਾਵਾਦੀ  ਹੋਣਾ ਹੀ ਆਪਣੇ ਆਪ ਵਿਚ ਸਮੂਹਕਤਾ ਦਾ ਚਿੰਨ੍ਹ ਹੈ। ਅੱਜ ਦੀ ਰਾਜਨੀਤੀ ਦਾ, ਸਮਾਜ ਦਾ, ਵਿਗਿਆਨ ਦਾ ਤੇ ਦਰਸ਼ਨ ਦਾ  ਅੰਤਰ ਵਿਰੋਧ ਇਹੀ ਹੈ ਕਿ ਵਿਅਕਤੀ ਸਮੂਹ ਦੇ ਸਾਹਮਣੇ ਖੜ੍ਹਾ ਹੋ ਗਿਆ ਹੈ। ਸਮੂਹ ਵਿਅਕਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੈ ਜਾਂ ਵਿਅਕਤੀ ਸਮੂਹ ਦੇ ਖ਼ਿਲਾਫ਼ ਹੈ, ਇਸ ਦਾ ਨਿਰਣਾ ਕਰ ਸਕਣਾ ਮੁਸ਼ਕਲ ਹੈ। ਵਿਸ਼ਵੀਕਰਨ (ਗਲੋਬਲਾਈਜੇਸ਼ਨ) ਦੀ ਦੁਨੀਆ ਨੂੰ ਲੋੜ ਹੈ ਜਾਂ ਵਿਸ਼ਵੀਕਰਨ ਕਾਰਨ ਅੱਜ ਵਿਅਕਤੀ ਇਸ ਵਿਚ ਫ਼ਸ ਰਿਹਾ ਹੈ। ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਮੁੱਚਤਾ ਵਿਚ ਸਮਝੇ ਬਿਨਾ ਬਦਲਵੀਂ ਸਿਆਸਤ ਨਹੀਂ ਦਿਖਾਈ ਦੇ ਰਹੀ। ਦੁਨੀਆ ਦੀ ਅਰਥ ਵਿਵਸਥਾ ਵਿਚ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ 'ਤੇ ਮੈਂ ਚਾਨਣਾ ਪਾਉਣਾ ਚਾਹੁੰਦਾ ਹਾਂ। ਭਾਵੇਂ ਕਿ ਮੈਂ ਅਰਥ ਸ਼ਾਸ਼ਤਰ ਦਾ ਵਿਦਿਆਰਥੀ ਨਹੀਂ ਹਾਂ ਪਰ ਲੋੜ ਕਾਰਨ ਮੈਂ ਅਰਥ ਸ਼ਾਸ਼ਤਰ ਪੜ੍ਹਨ ਲੱਗਾ ਹਾਂ। ਉਦਯੋਗਿਕ ਕ੍ਰਾਂਤੀ ਤੋਂ ਬਾਅਦ ਜੋ ਹਰੀ ਕ੍ਰਾਂਤੀ ਵਿਚ ਵਿਕਾਸ ਹੋਇਆ ਹੈ, ਉਸ ਨੂੰ ਤੁਸੀਂ ਤਿੰਨ ਭਾਗਾਂ ਵਿਚ ਸਮਝ ਸਕਦੇ ਹੋ। ਜਦੋਂ ਅਸੀਂ ਉਦਯੋਗਿਕ ਕ੍ਰਾਂਤੀ ਦੀ ਗੱਲ ਕਰਦੇ ਹਾਂ ਤਾਂ ਉਸ ਇਤਿਹਾਸਕ ਘਟਨਾ ਤੋਂ ਬਾਅਦ ਬਹੁਤ ਸਾਰੀ ਤਬਦੀਲੀ ਹੋਈ ਸੀ। ਸਭ ਤੋਂ ਪਹਿਲਾਂ ਕਿ ਜੇ ਉਦਯੋਗਿਕ ਕ੍ਰਾਂਤੀ ਨਹੀਂ ਹੋਈ ਹੁੰਦੀ ਤਾਂ ਧਰੁੱਵੀਕਰਨ ਨਹੀਂ ਹੋਣਾ ਸੀ। ਧਰੁੱਵੀਕਰਨ ਨਾ ਹੋਇਆ ਹੁੰਦਾ ਤਾਂ ਭਾਰਤ ਵਿਚ ਅੱਜ ਜੋ ਰਾਸ਼ਟਰਵਾਦ ਦਾ ਉਪਦੇਸ਼ ਦਿੱਤਾ ਜਾ ਰਿਹਾ ਹੈ, ਉਹ ਪੈਦਾ ਹੀ ਨਹੀਂ ਸੀ ਹੋਣਾ। ਰਾਸ਼ਟਰ ਜਿਸ ਢਾਂਚੇ ਵਿਚ ਹੈ, ਉਹ ਢਾਂਚਾ ਹੀ ਨਹੀਂ ਬਣ ਸਕਣਾ ਸੀ। ਦੁਨੀਆ ਜਿਸ ਤਰ੍ਹਾਂ ਪੂੰਜੀਵਾਦੀ ਵਾਲੀ ਬਣਤਰ ਵਿਚੋਂ ਲੰਘੀ ਹੈ, ਜੇਕਰ ਪਹਿਲੀ ਸੰਸਾਰ ਜੰਗ ਨਾ ਹੁੰਦੀ, ਦੂਜੀ ਸੰਸਾਰ ਜੰਗ ਨਾ ਹੁੰਦੀ। ਨਾਗਾਸਾਕੀ ਤੇ ਹੀਰੋਸ਼ੀਮਾ ਵਿਚ ਪਰਮਾਣੂ ਬੰਬ ਨਾ ਡਿੱਗਦੇ। ਬਸਤੀਵਾਦੀ ਵਿਰੋਧੀ ਮੁਹਿੰਮ ਨਾ ਚੱਲਦੀ। ਸਮਾਨਤਾ ਦਾ ਵਿਚਾਰ ਨਾ ਆਉਂਦਾ, ਨਿਆਂ ਅਤੇ ਆਜ਼ਾਦੀ ਦਾ  ਵਿਚਾਰ ਨਾ ਆਉਂਦਾ। ਮਸਲਾ ਇਹ ਹੈ ਕਿ ਜੇਕਰ ਅੱਜ ਲੋਕਤੰਤਰ ਖਤਰੇ ਵਿਚ ਹੈ, ਧਰਮ ਨਿਰਪੱਖਤਾ ਖ਼ਤਰੇ ਵਿਚ ਹੈ ਤਾਂ ਰਾਸ਼ਟਰਵਾਦ ਵੀ ਖਤਰੇ ਵਿਚ ਹੈ, ਅਜਿਹਾ ਕਿਵੇਂ ਮੰਨਿਆ ਜਾ ਸਕਦਾ ਹੈ। ਗਲੋਬਲਾਈਜੇਸ਼ਨ ਦੇ ਹੁੰਦਿਆਂ ਨੈਸ਼ਨਲ ਸਟੇਟ ਬਚਿਆ ਰਹਿ ਜਾਵੇਗਾ? ਰਾਸ਼ਟਰਵਾਦ ਬਚਿਆ ਰਹਿ ਜਾਵੇਗਾ? ਇਸ ਲਈ ਇਹ ਕਹਿਣ ਵਾਲੇ ਲੋਕ ਆਪਣੇ ਹੀ ਅੰਤਰ ਵਿਰੋਧ ਵਿਚ ਫਸ ਜਾਂਦੇ ਹਨ। ਉਹ ਦੁਨੀਆ ਨੂੰ ਇਹ ਕਹਿੰਦੇ ਹਨ ਕਿ ਅਸੀਂ ਭਾਰਤ ਨੂੰ ਵਿਕਸਤ ਦੇਸ਼ ਬਣਾਵਾਂਗੇ। ਕਿਵੇਂ ਬਣਾਉਣਗੇ? ਕਿਸਾਨਾਂ ਦੀਆਂ ਆਤਮ ਹੱਤਿਆਵਾਂ ਕਰਵਾ ਕੇ? ਇਸ ਦੇਸ਼ ਦੀ ਇੰਡਸਟ੍ਰੀ ਬੰਦ ਕਰਕੇ? ਇਸ ਦੇਸ਼ ਦੇ ਲੋਕ ਹਿਜ਼ਰਤ ਕਰਦੇ ਰਹਿਣ। ਬਿਹਾਰ ਦੇ ਲੋਕ ਹਿਜ਼ਰਤ ਕਰਕੇ ਪੰਜਾਬ ਆਉਣ ਤੇ ਪੰਜਾਬ ਦੇ ਵਿਦਿਆਰਥੀ ਹਿਜ਼ਰਤ ਕਰਕੇ ਕਨੇਡਾ, ਆਸਟ੍ਰੇਲੀਆ ਜਾਣ? ਕੀ ਇਸ ਤਰ੍ਹਾਂ ਭਾਰਤ ਵਿਕਸਤ ਬਣੇਗਾ? ਇਕੌਨਮੀ ਵਿਚ ਜਿਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਹਨ, ਉਸ ਵਿਚ ਦੁਨੀਆ ਦੀ ਇਸ ਗੱਲ ਨੂੰ ਸਮਝ ਲਓ, ਚਾਹੇ ਤੁਸੀਂ ਟਰੇਡ ਯੂਨੀਅਨ ਅੰਦੋਲਨ ਦੀ ਗੱਲ ਕਰ ਲਓ,… ਰੂਸੀ ਇਨਕਲਾਬ ਦੀ ਗੱਲ ਕਰ ਲਓ,… ਲਿਬਰਲ ਮੂਵਮੈਂਟ ਦੀ ਗੱਲ ਕਰ ਲਓ,… ਤੁਸੀਂ ਆਈਡੈਂਟਟੀ ਪੌਲੀਟਿਕਸ ਦੀ ਗੱਲ ਕਰ ਲਓ,… ਲੈਫਟ ਮੂਵਮੈਂਟ ਦੀ ਗੱਲ ਕਰ ਲਓ,… ਅੰਬੇਡਕਰ ਮੂਵਮੈਂਟ ਦੀ ਗੱਲ ਕਰ ਲਓ, … ਇਨ੍ਹਾਂ ਸਾਰਿਆਂ ਦਾ ਸਬੰਧ ਉਦਯੋਗਿਕ ਕ੍ਰਾਂਤੀ ਨਾਲ ਜੁੜਿਆ ਹੋਇਆ ਹੈ। ਉਦਯੋਗਿਕ ਕ੍ਰਾਂਤੀ ਵਿਚ ਅਜਿਹਾ ਕੀ ਪਿਆ ਹੈ ਕਿ ਅੱਜ ਜੋ ਆਰਥਕ ਬਦਲਾਵ ਆ ਰਹੇ ਹਨ, ਉਸ ਨੂੰ ਉਦਯੋਦਿਕ ਬਦਲਾਵ ਤੋਂ ਅਲੱਗ ਮੰਨਾਗੇ। ਉਤਪਾਦਨ ਕਲਪਨਾ ਤੋਂ ਵੱਡੀ ਮਾਤਰਾ ਵਿਚ ਹੋਣ ਲੱਗਾ ਹੈ। ਜਦੋਂ ਉਤਪਾਦਨ ਵਧੇਗਾ ਤਾਂ ਸੁਭਾਵਕ ਹੈ ਕਿ ਉਨ੍ਹਾਂ ਨੂੰ ਵੇਚਣ ਲਈ ਬਾਜ਼ਾਰ ਦੀ ਲੋੜ ਪਵੇਗੀ। ਪਹਿਲਾਂ ਜਦੋਂ ਤੁਸੀਂ ਹੱਥ ਨਾਲ ਘਾਹ ਕੱਟਦੇ ਸੀ,… ਫਿਰ ਮਸ਼ੀਨ ਨਾਲ ਕੱਟਣ ਲੱਗੇ। ਫਿਰ ਮਸ਼ੀਨ ਨੂੰ ਹੱਥ ਨਾਲ ਚਲਾਉਣ ਲੱਗੇ। ਫਿਰ ਘਾਹ ਕੱਟਣ ਵਾਲੀ ਮਸ਼ੀਨ ਨੂੰ ਇਕ ਹੋਰ ਮਸ਼ੀਨ ਚਲਾਉਣ ਲੱਗ ਪਈ। ਜਦੋਂ ਇਕ ਵਾਰ ਮਸ਼ੀਨ ਚੱਲ ਪਵੇਗੀ ਤਾਂ ਬਹੁਤ ਸਾਰੇ ਘਾਹ ਦੀ ਲੋੜ ਪਵੇਗੀ,… ਨਹੀਂ ਤਾਂ ਖ਼ਾਲੀ ਮਸ਼ੀਨ ਚੱਲੇਗੀ। ਸੋ ਮਸ਼ੀਨ ਦੀ ਲੋੜ ਪੂਰੀ ਕਰਨ ਲਈ ਬਹੁਤ ਸਾਰੇ ਕੱਚੇ ਮਾਲ ਦੀ ਲੋੜ ਪੈਣ ਲੱਗ ਪਈ। ਬਹੁਤ ਸਾਰੇ ਕੱਚੇ ਮਾਲ ਦੀ ਵੀ ਲੋੜ ਪੈਣ ਲੱਗੀ ਤੇ ਤਿਆਰ ਹੋਏ ਮਾਲ ਨੂੰ ਵੇਚਣ ਲਈ ਬਾਜ਼ਾਰ ਦੀ ਵੀ ਲੋੜ ਹੈ। ਇਹ ਵਰਤਾਰਾ ਉਦਯੋਗਿਕ ਕ੍ਰਾਂਤੀ ਵਿਚ ਹੋਇਆ। ਇਥੇ ਸੰਸਕ੍ਰਿਤੀ ਅਤੇ ਧਰਮ ਸਾਰਾ ਕੁਝ ਨਹੀਂ ਹੁੰਦਾ। ਸੰਸਕ੍ਰਿਤੀ ਅਤੇ ਧਰਮ ਨੂੰ ਇਸ ਬਦਲਾਅ ਨਾਲ ਕਦਮ ਮਿਲਾ ਕੇ ਚੱਲਣਾ ਪੈਂਦਾ ਹੈ, ਨਹੀਂ ਤਾਂ ਉਹ ਖਤਮ ਹੋ ਜਾਵੇਗਾ। ਇਸਾਈ ਤੇ ਕ੍ਰਿਸ਼ਚੈਨਟੀ ਦਾ ਜੋ ਡਿਸਕੋਰਸ ਹੈ, ਉਸ ਵਿਚ ਇਹ ਆਇਆ ਕਿ ਸਮੁੰਦਰੀ ਯਾਤਰਾ ਕਰਨਾ ਪਾਪ ਨਹੀਂ ਹੈ, ਇਸ ਲਈ ਮੋਦੀ ਜੀ ਦਾ ਪਾਕਿਸਤਾਨ ਜਾਣਾ ਪਾਪ ਨਹੀਂ ਹੈ, ਕਿਉਂਕਿ ਇਹ ਬਾਜ਼ਾਰ ਦੀ ਲੋੜ ਹੈ। ਇਕ ਪਾਸੇ ਤੁਸੀਂ ਕਹੋਗੇ ਕਿ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ, ਦੂਜੇ ਪਾਸੇ ਤੁਹਾਨੂੰ ਪਤਾ ਹੈ ਕਿ ਇਹ ਨਹੀਂ ਬਣ ਸਕਣਾ। ਬਾਜ਼ਾਰ ਉਦੋਂ ਤਕ ਹੀ ਤੁਹਾਨੂੰ ਬਦਮਿਜਾਜ਼ੀ ਕਰਨ ਦੀ ਇਜਾਜ਼ਤ ਦਿੰਦਾ ਹੈ ਜਦੋਂ ਤਕ ਉਹ ਸੰਕਟ ਵਿਚ ਹੈ। ਜਿਸ ਦਿਨ ਉਸ ਦੇ ਸਬੰਧ ਬਣ ਜਾਣਗੇ ਤਾਂ ਕਹੇਗਾ ਕਿ ਬਕਵਾਸ ਬੰਦ ਕਰੋ ਤੇ ਜਾਓ ਪਾਕਿਸਤਾਨ ਨਾਲ ਵਪਾਰਕ ਸਬੰਧ ਬਣਾਓ। ਅਸੀਂ ਉਥੇ ਜਾ ਕੇ ਵੀ ਆਪਣਾ ਉਤਪਾਦਕ ਮਾਲ ਵੇਚਣਾ ਹੈ। ਇਹ ਬਹੁਤ ਸਿੱਧੀ ਜਿਹੀ ਧਾਰਨਾ ਹੈ। ਇਸ ਨੂੰ ਸਮਝਣ ਦੀ ਲੋੜ ਹੈ।
ਪਹਿਲਾਂ ਸਿਆਸਤ ਵਿਚ ਯਥਾਰਥ ਤੋਂ ਧਾਰਨਾ ਬਣਦੀ ਸੀ। ਹੁਣ ਸਿਆਸਤ ਵਿਚ ਧਾਰਨਾ ਤੋਂ ਸੋਸ਼ਲ ਯਥਾਰਥਵਾਦ ਬਣਦਾ ਹੈ। ਕਿੰਨੇ ਕੁ ਲੋਕ ਗਏ ਹਨ ਮੁਸਲਮਾਨ ਦੇ ਘਰ ਵਿਚ? ਪਰ ਇਕ ਧਾਰਨਾ ਐਨੀ ਵਾਰ ਦੁਹਰਾਈ ਗਈ ਕਿ ਇਕ ਸਿਆਣੇ ਮਨੁੱਖ ਨੂੰ ਵੀ ਇਹ ਲੱਗਣ ਲੱਗ ਪਿਆ ਕਿ ਮੁਸਲਮਾਨ ਕੱਟੜ ਹੁੰਦੇ ਹਨ। ਮੁਸਲਮਾਨ ਅੱਤਵਾਦੀ ਹੁੰਦੇ ਹਨ। ਮੁਸਲਮਾਨ ਦੇ ਘਰ ਦਾ ਖਾਣਾ ਨਹੀਂ ਖਾਣਾ ਚਾਹੀਦਾ। ਤੁਸੀਂ ਕਿੰਨੇ ਕੁ ਬਿਹਾਰ ਗਏ ਹੋ, ਬਸ ਮਨਾਂ ਵਿਚ ਇਹ ਗੱਲ ਬਿਠਾ ਦਿੱਤੀ ਗਈ ਕਿ ਬਿਹਾਰੀ ਲੋਕ ਮੂਰਖ ਹੁੰਦਾ ਹੈ, ਪੜ੍ਹਦਾ ਲਿਖਦਾ ਨਹੀਂ ਹੈ,… ਮਜ਼ਦੂਰੀ ਕਰਦਾ ਹੈ। ਇਸ ਲਈ ਦਿੱਲੀ ਵਿਚ ਬਿਹਾਰੀ ਸ਼ਬਦ ਹੀ ਗਾਲ੍ਹ ਬਣ ਗਿਆ ਹੈ। ਹੁਣ ਕਿਸੇ ਪੰਜਾਬ ਦੇ ਲੋਕ ਨੂੰ ਪੰਜਾਬੀ ਕਹੋ ਤਾਂ ਉਸ ਨੂੰ ਮਾਣ ਹੋਵੇਗਾ ਪਰ ਬਿਹਾਰੀ ਨੂੰ ਜੇ ਬਿਹਾਰੀ ਕਹੋ ਤਾਂ ਉਹ ਨੂੰ ਲਗਦਾ ਹੈ ਕਿ ਮੈਨੂੰ ਗਾਲ੍ਹ ਕੱਢ ਰਿਹਾ ਹੈ। ਇਹ ਅਸਲੀਅਤ ਹੈ ਜਾਂ ਧਾਰਨਾ ਹੈ। ਸੋ ਸੁਪਰ ਸਟਰੱਕਚਰ ਵੀ ਸਟਰੱਕਚਰ ਨੂੰ ਪ੍ਰਭਾਵਤ ਕਰਦਾ ਹੈ। ਮੇਰੀ ਗੱਲ ਨੂੰ ਤੁਸੀਂ ਕੱਟ ਵੀ ਸਕਦੇ ਹੋ ਤੇ ਇਸ ਨੂੰ ਹੋਰ ਵਿਸਥਾਰ ਵੀ ਦੇ ਸਕਦੇ ਹੋ। ਮੈਂ ਕੋਈ ਫਿਲਾਸਫ਼ਰ ਨਹੀਂ ਹਾਂ।
ਉਦਯੋਗਿਕ ਕ੍ਰਾਂਤੀ ਦੌਰਾਨ ਜਿੰਨੇ ਵੀ ਸਿਆਸੀ ਵਿਚਾਰ ਬਣੇ ਸਨ, ਜਿੰਨੀਆਂ ਵੀ ਸਿਆਸੀ ਸਮਝਦਾਰੀਆਂ ਬਣੀਆਂ ਸਨ; ਮਲਟੀ ਪਾਰਟੀ, ਡੈਮੋਕ੍ਰੇਸੀ, ਫਰੀਡਮ, ਇਕਵੈਲਟੀ, ਸੈਕੂਲਰਇਜ਼ਮ, ਮਲਟੀ ਕਲਚਰਇਜ਼ਮ, ਇਹ ਸਾਰੀਆਂ ਵਸਤੂਆਂ ਇਕੋ ਸਮੇਂ ਸੰਕਟ ਵਿਚ ਆਈਆਂ ਹਨ। ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹੁਣ ਪੋਸਟ ਉਦਯੋਗਿਕ ਸਮੇਂ ਵਿਚੋਂ ਲੰਘ ਰਹੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਪੋਸਟ ਉਦਯੋਗਿਕ ਸਮੇਂ ਵਿਚ ਹਾਂ ਤਾਂ ਇਸ ਲਈ ਨਵੇਂ ਤਰੀਕੇ ਦੇ ਸੋਸ਼ਲ ਐਥਿਕਸ, ਸੋਸ਼ਲ ਮੋਰੈਲਿਟੀ, ਸੋਸ਼ਲ ਸਟਰੱਕਚਰ ਤੇ ਸੋਸ਼ਲ ਐਥਿਕਸ ਦਾ ਵਿਕਾਸ ਹੋਵੇਗਾ। ਸੰਕਟ ਦਾ ਕਾਲ ਇਹ ਹੈ ਕਿ ਪੁਰਾਣਾ ਟੁੱਟਿਆ ਨਹੀਂ, ਨਵਾਂ ਬਣਿਆ ਨਹੀਂ। ਇਸ ਲਈ ਅਸੀਂ ਵਿਚਕਾਰ ਫਸ ਗਏ ਹਾਂ।
ਹੁਣ ਮੈਂ ਨਿੱਕੀਆਂ ਨਿੱਕੀਆਂ ਮੁਸ਼ਕਲਾਂ ਦੀ ਪਛਾਣ ਕਰਾਂਗਾ; ਜਿਵੇਂ ਕਿ ਅੱਜ ਦੇ ਸਮੇਂ ਵਿਚ ਸਾਂਝੇ ਪਰਿਵਾਰ ਬਚੇ ਨਹੀਂ ਹਨ ਕਿਉਂਕਿ ਖੇਤੀ ਨਾਲ ਸਬੰਧਤ ਸਮਾਜ ਨਹੀਂ ਹੈ। ਖੇਤੀ ਵਿਚ ਸਿੱਧੀ ਸਰੀਰਕ ਲੇਬਰ ਬਹੁਤ ਘੱਟ ਹੁੰਦੀ ਜਾ ਰਹੀ ਹੈ। ਮਸ਼ੀਨਾਂ ਨਾਲ ਖੇਤੀ ਹੋ ਰਹੀ ਹੈ। ਹਰੀ ਕ੍ਰਾਂਤੀ ਕਾਰਨ ਅਸੀਂ ਖੁਸ਼ ਵੀ ਬਹੁਤ ਹੋਏ ਹਾਂ। ਸੋ ਸੁਭਾਵਕ ਰੂਪ ਵਿਚ ਨਿੱਜਤਾ ਸਮਾਜ ਵਿਚ ਵਧੇਗੀ। ਖੇਤੀ ਸੈਕਟਰ ਤੇ ਫੈਕਟਰੀਆਂ ਵਿਚ ਇਕ ਸਮਾਂ ਸੀ ਜਦੋਂ ਮਜ਼ਦੂਰ ਢਾਈ-ਢਾਈ ਹਜ਼ਾਰਾਂ ਦੀ ਗਿਣਤੀ ਵਿਚ ਕੰਮ ਕਰਦੇ ਸਨ। ਹੁਣ ਢਾਈ ਲੋਕ ਵੀ ਇਕ ਫੈਕਟਰੀ ਵਿਚ ਕੰਮ ਨਹੀਂ ਕਰਦੇ! ਦੋ-ਚਾਰ ਮਜ਼ਦੂਰਾਂ ਨਾਲ ਸਾਰੀ ਦੀ ਸਾਰੀ ਫੈਕਟਰੀ ਚੱਲਦੀ ਪਈ ਹੈ। ਮਸ਼ੀਨ ਪਹਿਲਾਂ ਬਹੁਤ ਵੱਡੀ ਹੁੰਦੀ ਸੀ,… ਸਮੇਂ ਨਾਲ ਛੋਟੀ, ਹੋਰ ਛੋਟੀ ਹੁੰਦੀ ਗਈ। ਆਈ. ਸੀ. ਦੇ ਆਉਣ ਨਾਲ ਮਸ਼ੀਨ ਐਨੀ ਛੋਟੀ ਹੋ ਗਈ ਕਿ ਹੁਣ ਮਸ਼ੀਨ ਤੁਹਾਡੀ ਜੇਬ੍ਹ ਵਿਚ ਆ ਜਾਂਦੀ ਹੈ। ਤੁਸੀਂ ਇਕ ਟੀਵੀ. ਆਪਣੀ ਜੇਬ੍ਹ ਵਿਚ ਲੈ ਕੇ ਘੁੰਮਦੇ ਹੋ ਕਿ ਨਹੀਂ। ਟ੍ਰਾਂਸਫਰ ਤੋਂ ਜਦੋਂ ਆਈਸੀ. 'ਤੇ ਗੱਲ ਪਹੁੰਚੀ ਤਾਂ ਮਸ਼ੀਨਾਂ ਦਾ ਅਕਾਰ ਲਗਾਤਾਰ ਛੋਟਾ ਹੁੰਦਾ ਗਿਆ। ਮਸ਼ੀਨ ਦਾ ਅਕਾਰ ਜਦੋਂ ਘਟੇਗਾ ਤਾਂ ਫਿਜ਼ੀਕਲ ਲੇਬਰ ਇੰਡਸਟ੍ਰੀ ਵਿਚੋਂ ਘਟਦੀ ਜਾਵੇਗੀ…ਇੰਡਸਟ੍ਰੀਅਲ ਆਈਡੀਆ ਆਫ ਕੁਲੈਕਟਿਵ ਦਾ ਢਹਿ-ਢੇਰੀ ਹੋਣਾ ਸ਼ੁਰੂ ਹੋ ਜਾਵੇਗਾ। ਸੋ, ਇਹ ਡੈਮੋਲੇਸ਼ਨ ਫੈਕਟਰੀ ਅੰਦਰ ਹੋਣੀ ਸ਼ੁਰੂ ਹੋ ਗਈ ਜਿਸ ਨਾਲ ਟਰੇਡ ਯੂਨੀਅਨ ਵੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਜਦੋਂ ਟਰੇਡ ਯੂਨੀਅਨ ਕਮਜ਼ੋਰ ਹੋ ਜਾਵੇਗੀ,… ਕਿਸਾਨ ਅੰਦੋਲਨ ਕਮਜ਼ੋਰ ਹੋ ਜਾਵੇਗਾ ਤਾਂ ਸੁਭਾਵਕ ਹੈ, ਕਿ ਕਿਸਾਨ ਤੇ ਮਜ਼ਦੂਰ 'ਤੇ ਲਿਖੀ ਜਾਣ ਵਾਲੀ ਕਵਿਤਾ, ਕਹਾਣੀ ਤੇ ਨਾਵਲ ਵੀ ਕਮਜ਼ੋਰ ਹੋ ਜਾਵੇਗਾ। ਤੇ ਪ੍ਰਗਤੀਸ਼ੀਲ ਲੇਖਕ ਸੰਘ ਵੀ ਕਮਜ਼ੋਰ ਹੋ ਜਾਵੇਗਾ। ਤੁਸੀਂ ਵੇਖੋ ਕਿ ਫੈਕਟਰੀਆਂ ਵਿਚੋਂ ਮਜ਼ਦੂਰ ਗਾਇਬ,… ਖੇਤਾਂ ਵਿਚੋਂ ਖੇਤੀ ਕਰਨ ਵਾਲੇ ਗਾਇਬ…ਔਰ ਯੂਨੀਵਰਸਿਟੀਆਂ-ਕਾਲਜਾਂ ਵਿਚੋਂ ਵਿਦਿਆਰਥੀ ਗਾਇਬ ਹੋ ਗਏ। ਇਹ ਜੋ ਡਿਸਟੈਂਸ ਲਰਨਿੰਗ ਪ੍ਰੋਸੈਸ ਹੈ, ਇਹ ਕੀ ਹੈ। ਜਦੋਂ ਵਿਦਿਆਰਥੀ ਯੂਨੀਵਰਸਿਟੀ ਵਿਚ ਹੋਵੇਗਾ ਹੀ ਨਹੀਂ ਤਾਂ ਵਿਦਿਆਰਥੀ ਅੰਦੋਲਨ ਕਿਵੇਂ ਹੋਵੇਗਾ? 
ਦੁਨੀਆ ਦੇ ਜਿਸ ਆਰਥਕ ਮਾਡਲ ਨੂੰ ਉਦਯੋਗਿਕ ਕ੍ਰਾਂਤੀ ਨੇ ਪੈਦਾ ਕੀਤਾ, ਅੱਜ ਉਹ ਆਰਥਕ ਮਾਡਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕਾ ਹੈ। ਇਕ ਸੰਕਟ 'ਚੋਂ ਨਿਕਲ ਕੇ, ਦੂਜੇ ਸੰਕਟ ਵਿਚ ਤੇ ਫਿਰ ਤੀਜੇ ਸੰਕਟ ਵਿਚ ਫਸ ਕੇ ਉਹ ਆਪਣਾ ਆਚਰਣ ਹੀ ਗਵਾ ਚੁੱਕਾ ਹੈ। ਅੱਜ ਦੇ ਦੌਰ ਵਿਚ ਕੋਈ ਉਦਯੋਗਪਤੀ ਵੀ ਨਹੀਂ ਮੰਨੇਗਾ ਕਿ ਅਸੀਂ ਉਦਯੋਗਿਕ ਯੁੱਗ ਵਿਚ ਰਹਿ ਰਹੇ ਹਾਂ। ਦਰਅਸਲ, ਅਸੀਂ ਪੋਸਟ ਇੰਡਸਟ੍ਰੀਅਲ ਸੰਸਾਰ ਵਿਚ ਰਹਿ ਰਹੇ ਹਾਂ।
ਇਹ ਮੰਨ ਕੇ ਚੱਲੋ ਕਿ ਵੱਡੇ ਪੱਧਰ 'ਤੇ ਉਦਪਾਦਨ ਦਾ ਦੌਰ ਚਲਾ ਗਿਆ ਹੈ। ਸਮਾਜ ਦੇ ਸਰਵਾਈਵਲ ਲਈ ਹੀ ਛੋਟੇ ਪੱਧਰ 'ਤੇ ਉਤਪਾਦਨ ਦੀ ਲੋੜ ਹੈ। ਪੰਜਾਬ ਦੇ ਲੋਕਾਂ ਨੂੰ, ਬਿਹਾਰ ਦੇ ਲੋਕਾਂ ਲਈ ਚਾਵਲ ਪੈਦਾ ਕਰਨ ਦੀ ਕੋਈ ਲੋੜ ਨਹੀਂ ਹੈ, ਬਿਹਾਰ ਦੇ ਲੋਕ ਖੁਦ ਆਪਣੀ ਜ਼ਰੂਰਤ ਜੋਗੇ ਚਾਵਲ ਪੈਦਾ ਕਰ ਲੈਣਗੇ। ਦੂਜਾ ਉਹ ਫਾਇਨਾਂਸ ਦੇ ਸੰਕਟ ਵਿਚ ਫਸ ਗਿਆ ਹੈ। ਉਹ ਲਾਗਤ ਨੂੰ ਹੀ ਕੰਟਰੋਲ ਨਹੀਂ ਕਰ ਪਾ ਰਿਹਾ। ਜਿਹੜੀ ਵਸਤੂ ਐਪਲ ਪੰਜਾਹ ਹਜ਼ਾਰ ਵਿਚ ਦੇ ਰਿਹਾ ਹੈ, ਉਹ ਪੰਜ ਹਜ਼ਾਰ ਵਿਚ ਮਿਲ ਰਹੀ ਹੈ। ਜੇਕਰ ਉਹ ਮੌਜੂਦਾ ਕਲਾਸ ਨੂੰ ਆਪਣਾ ਖਪਤਕਾਰ ਬਣਾਉਂਦਾ ਹੈ, ਦੂਜੇ ਲਈ ਮਾਰਕੀਟ ਬਣੀ ਰਹੇਗੀ, ਜਿਸ ਨੂੰ ਉਹ ਕੰਟਰੋਲ ਨਹੀਂ ਕਰ ਰਿਹਾ ਹੈ। ਖਪਤਕਾਰ ਖੁਦ ਹੀ ਉਤਪਾਦਕ ਬਣ ਰਿਹਾ ਹੈ। ਅਜੇ ਇਸ ਦਾ ਏਕਾਧਿਕਾਰ ਦੋ ਚੀਜ਼ਾਂ ਨਾਲ ਕੰਟਰੋਲ ਕੀਤਾ ਜਾਂਦਾ ਹੈ। ਇਕ ਹੈ ਊਰਜਾ, ਦੂਜੀ ਹੈ ਸਪਲਾਈ ਦੀ ਚੇਨ। ਊਰਜਾ ਦੀ ਗੱਲ ਇਹ ਹੈ ਕਿ ਜੇਕਰ ਗਰਿੱਡ ਵਿਚ ਬਿਜਲੀ ਪੈਦਾ ਨਹੀਂ ਹੋਵੇਗੀ ਤਾਂ ਸੋਲਰ ਐਨਰਜੀ ਆਵੇਗੀ। ਊਰਜਾ ਦੇ ਏਕਾਧਿਕਾਰ 'ਤੇ ਦੁਨੀਆ ਦੀ ਵੱਡੀ ਜੰਗ ਚੱਲ ਰਹੀ ਹੈ। ਉਸ ਵੱਡੀ ਊਰਜਾ ਦਾ ਹੀ ਹਿੱਸਾ ਹੈ ਕਿ ਭਾਰਤ ਤੈਅ ਨਹੀਂ ਕਰ ਪਾ ਰਿਹਾ ਕਿ ਅਸੀਂ ਕਿਸ ਧਿਰ ਵੱਲ ਖੜ੍ਹੇ ਹਾਂ।
ਹੁਣ ਮੈਂ ਸਿਆਸੀ ਬਦਲ 'ਤੇ ਆਉਣਾ ਚਾਹੁੰਦਾ ਹਾਂ। ਇਹ ਕਦੇ ਨਾ ਸੋਚੋ ਕਿ ਮੋਦੀ ਜੀ (ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਭਾਸ਼ਣ ਦੇ ਕੇ ਚੋਣਾਂ ਜਿੱਤ ਗਏ ਹਨ। ਭਾਸ਼ਣ ਦੇਣ ਵਾਲੇ ਲੋਕਾਂ ਦੀ ਕੀ ਘਾਟ ਹੈ? ਅਮਿਤਾਬ ਬਚਨ ਵੇਖ ਲਓ ਕਿੰਨਾ ਚੰਗਾ ਭਾਸ਼ਣ ਕਰਦੇ ਹਨ। ਕੀ ਤੁਸੀਂ ਉਸ ਨੂੰ ਪ੍ਰਧਾਨ ਮੰਤਰੀ ਬਣਾ ਦੇਵੋਗੇ? ਨਹੀਂ ਜਨਾਬ,… ਓਪੀਨੀਅਨ ਨੂੰ ਮੈਨੂਪਲੇਟ ਕਰਕੇ ਕਿਵੇਂ ਪੇਸ਼ ਕੀਤਾ ਗਿਆ, ਏਆਈ. ਦੀ ਵਰਤੋਂ ਕਰਕੇ, ਡੈਟਾ ਨੂੰ ਫਰੈਕਚਰ ਕਰਕੇ, ਕਿਸ ਤਰ੍ਹਾਂ ਓਪੀਨੀਅਨ ਨੂੰ ਫਰੈਕਚਰ ਕੀਤਾ ਗਿਆ। ਕਿਸ ਤਰ੍ਹਾਂ ਧਾਰਨਾ ਨੂੰ ਸਥਾਪਤ ਕਰਕੇ ਅਸਲੀਅਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਇਹ ਜਦੋਂ ਹੋ ਗਿਆ ਤਾਂ ਪਤਾ ਚੱਲਿਆ। ਇਹ ਕਿਵੇਂ ਹੋਇਆ ਕਿ ਮਨਮੋਹਨ ਸਿੰਘ (ਸਾਬਕਾ ਪ੍ਰਧਾਨ ਮੰਤਰੀ) ਮਾੜੇ ਹੋ ਗਏ ਤੇ ਮੋਦੀ ਜੀ ਚੰਗੇ ਬਣ ਗਏ। ਕੀ ਹੋਇਆ ਕਿ ਮਨਮੋਹਨ ਸਿੰਘ ਮਾੜੇ ਬਣ ਗਏ? ਇਕ ਸਟੇਜ ਤੋਂ ਬਾਅਦ ਕਾਂਗਰਸ ਵੈਲਫੇਅਰ ਨੂੰ ਛੱਡ ਨਹੀਂ ਸਕਦੀ ਸੀ। ਉਸ ਵਿਚ ਬਹੁਤ ਪਾਪ ਹਨ, ਮੈਂ ਉਸ ਨੂੰ ਡਿਫੈਂਡ ਨਹੀਂ ਕਰਨ ਜਾ ਰਿਹਾ। ਫੇਰ ਜਿਸ ਵਿਰਾਸਤ ਕਾਰਨ ਕਾਂਗਰਸ ਅੱਜ ਜੋ ਹੈ, ਉਸ ਦਾ ਕੀ ਕਰਾਂਗੇ। ਗਾਂਧੀ ਨੂੰ ਮਾਰਨ ਦਾ ਦੋਸ਼ ਸੱਜੇ ਪੱਖੀਆਂ ਉੱਤੇ ਹੈ ਅਤੇ ਗਾਂਧੀ ਨੂੰ ਜਿਉਂਦਾ ਨਾ ਰੱਖਣ ਦਾ ਦੋਸ਼ ਕਾਂਗਰਸ ਉੱਤੇ ਹੈ। ਵਿਖਾਉਣ ਲਈ ਵੀ ਜੇਕਰ ਗਾਂਧੀ ਨੂੰ ਜਿਉਂਦਾ ਰੱਖਣਾ ਹੈ ਤਾਂ ਤੁਸੀਂ ਵੈਲਫੇਅਰਇਜ਼ਮ ਨੂੰ ਕਿਵੇਂ ਡਿਪਾਰਚਰ ਕਰ ਸਕਦੇ ਹੋ? ਜੋ ਆਜ਼ਾਦੀ ਸੰਗਰਾਮ ਦੀ ਵਿਰਾਸਤ ਹੈ, ਉਸ ਨੂੰ ਕਿਵੇਂ ਪਾਰ ਕਰ ਸਕਦੇ ਹੋ? ਇਸ ਲਈ ਦੇਰ ਨਾਲ ਹੀ ਸਹੀ, ਮਨਮੋਹਨ ਸਿੰਘ ਨੇ ਸਿੱਖਾਂ ਤੋਂ ਮਾਫੀ ਮੰਗ ਲਈ ਹੈ, ਮੋਦੀ ਜੀ ਮੁਸਲਮਾਨਾਂ ਤੋਂ ਕਦੀ ਵੀ ਮਾਫ਼ੀ ਨਹੀਂ ਮੰਗਣਗੇ।
ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਹੋਇਆ ਸੀ ਤਾਂ ਲੋਕ ਕਹਿਣ ਲੱਗੇ ਸੀ ਕਿ ਜੇਪੀ. (ਜੈ ਪ੍ਰਕਾਸ਼ ਨਾਰਾਇਣ) ਦਾ ਦੂਜਾ ਅੰਦੋਲਨ ਹੋ ਰਿਹਾ ਹੈ। ਜੇਪੀ. ਦੇ ਪਹਿਲੇ ਅੰਦੋਲਨ ਨਾਲ ਹੀ ਨਵ-ਉਦਾਰਵਾਦ ਦੀ ਸ਼ੁਰੂਆਤ ਹੋਈ ਸੀ, ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਮਾਰਕੀਟ ਇਕਾਨਮੀ ਦੀ ਡਾਇਵਰਸਿਟੀ ਖਤਮ ਕਰ ਰਹੀ ਹੈ। ਇਹ ਖੱਪਾ ਕਿਵੇਂ ਪੂਰਾ ਹੋ ਸਕੇਗਾ ਕਿ ਜਦੋਂ ਮੰਗ ਤੇ ਸਪਲਾਈ ਦਾ ਵਿਵਾਦ ਪੈਦਾ ਹੋ ਗਿਆ। ਪੰਜਾਬ ਵਿਚ ਵੀ ਕੋਕਾ ਕੋਲਾ ਪੀਂਦੇ ਹਨ, ਸਾਡੇ ਬਿਹਾਰ ਵਿਚ ਵੀ ਪੀਂਦੇ ਹਨ। ਬਿਹਾਰ ਵਿਚ ਲੋਕਾਂ ਨੇ ਸੱਤੂ ਪੀਣੇ ਬੰਦ ਕਰ ਦਿੱਤੇ ਤੇ ਪੰਜਾਬ ਵਿਚ ਲੱਸੀ ਪੀਣੀ ਬੰਦ ਕਰ ਦੇਣਗੇ। ਕੀ ਹੁੰਦਾ ਹੈ ਕਿ ਮਾਰਕੀਟ ਜਦੋਂ ਪ੍ਰੋਡਕਟ ਦੀ ਡਾਇਵਰਸਿਟੀ ਦੀ ਮਨੋਪਲੀ ਨੂੰ ਮਾਰ ਦੇਵੇਗਾ ਤਾਂ ਕੀ ਟੀਵੀ. ਸਟੂਡੀਓ ਦੀ ਡਾਇਵਰਸਿਟੀ ਰਹਿ ਜਾਵੇਗੀ ਜੋ ਪ੍ਰਚਾਰਿਆ ਜਾਵੇਗਾ।… ਤੁਸੀਂ ਟੀਵੀ. ਦੇ ਸੀਰੀਅਲ  ਤਾਂ ਵੇਖਦੇ ਹੋਵੋਗੇ, ਉਸ ਵਿਚ ਐਡ ਵੀ ਨਾਲ ਨਾਲ ਚੱਲਦੀ ਹੈ। ਏਥੇ ਤੁਹਾਡਾ ਮਨੋਰੰਜਨ ਮੂਲ ਗੱਲ ਨਹੀਂ ਬਲਕਿ ਐਡ ਮੂਲ ਹੈ। ਬਸ ਉਹੀ ਬਾਜ਼ਾਰ ਦੀ ਮੂਲ ਗੱਲ ਹੈ। ਜੇ ਟੀਵੀ. ਸਟੂਡੀਓ ਦੀ ਡਾਇਵਰਸਿਟੀ ਖਤਮ ਹੋ ਜਾਵੇ ਤਾਂ ਜਮਹੂਰੀਅਤ ਦੀ ਵਿਭਿੰਨਤਾ ਕਿਸ ਆਧਾਰ 'ਤੇ ਰਹੇਗੀ? ਹੁਣ ਹਾਲਾਤ ਇਹ ਹਨ ਕਿ ਸਾਰੀ ਛੋਟੀ ਵੱਡੀ ਇੰਡਸਟ੍ਰੀ ਬੰਦ ਕਰੋ ਤੇ ਸਾਰੀ ਮਾਰਕੀਟ ਕੁਝ ਵਿਦੇਸ਼ਾਂ ਦੇ ਹੱਥਾਂ ਵਿਚ ਦੇਵੋ ਤੇ ਬਦਲੇ 'ਚ ਮੋਟਾ ਚੰਦਾ ਲਓ ਤੇ ਚੋਣਾਂ ਜਿੱਤੋ। ਇਹ ਹੈ ਨੈਕਸਿਸ। ਇਸ ਨੈਕਸਿਸ ਨੂੰ ਜੇਕਰ ਅਸੀਂ ਪਛਾਣ ਨਹੀਂ ਰਹੇ ਹਾਂ ਤਾਂ ਲੜਾਂਗੇ ਕਿਵੇਂ? ਪਹਿਲੀ ਗੱਲ ਕਿ ਤੁਸੀਂ ਸ਼ੁੱਧਤਾਵਾਦ ਤੋਂ ਬਾਹਰ ਆ ਜਾਓ। ਇਹ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦਾ। ਤੁਸੀਂ ਇਹ ਪਛਾਣ ਕਰੋ ਕਿ ਸਹਿਮਤੀ ਦੇ ਕਿਹੜੇ ਬਿੰਦੂ ਹੋ ਸਕਦੇ ਹਨ। ਦੂਜੀ ਗੱਲ ਅੱਜ ਦੀ ਜੋ ਗਠਜੋੜ ਸਿਆਸਤ ਹੈ, ਇਹਦੇ ਲਈ ਨਿੱਜਤਾ ਦੇ ਅਧਿਕਾਰ ਨੂੰ ਮੌਕਲਾ ਕਰਕੇ ਗੱਲ ਅੱਗੇ ਵਧਾਉਣੀ ਪਵੇਗੀ। ਇਹ ਡਿਵਾਇਨ ਥਿਊਰੀ ਹੈ ਕਿ ਬਈ ਇਕ ਸਟੇਟ ਹੈ, ਇਕ ਰਾਜਾ ਹੈ, ਉਸ ਰਾਜੇ ਤੋਂ ਬਾਅਦ  ਉਸ ਦਾ ਪੁੱਤ ਰਾਜਾ ਹੋਵੇਗਾ। ਇਹ ਡਿਵਾਇਨ ਥਿਊਰੀ ਹੈ। ਦੂਜੀ ਹੈ ਕਿ ਨਹੀਂ ਸਟੇਟ ਇਕ ਸੋਸ਼ਲ ਕੰਟਰੈਕਟ ਹੈ। ਇਨਡਿਵਿਜੂਅਲ ਆਪਣੇ ਰਾਇਟ ਨੂੰ ਸਟੇਟ ਨਾਲ ਕੰਪਰੋਮਾਇਜ਼ ਕਰਦਾ ਹੈ। ਸਟੇਟ ਆਪਣੇ ਰਾਇਟ ਨੂੰ ਇਨਡਿਵਿਜੂਅਲ ਨਾਲ ਕੰਪਰੋਮਾਇਜ਼ ਨਹੀਂ ਕਰਦੀ। ਅੱਜ ਉਹ ਦੌਰ ਹੈ ਕਿ ਇਨਡਿਵਿਜੂਅਲ ਦੇ ਰਾਇਟ ਬੇਸਡ ਮੂਵਮੈਂਟ ਹੋਣਗੇ। ਜਦੋਂ ਰਾਇਟ ਬੇਸਡ ਮੂਵਮੈਂਟ ਹੋਵੇਗੀ ਤਾਂ ਸਭ ਤੋਂ ਪਹਿਲਾਂ ਕਮਿਊਨਿਸਟ ਪਾਰਟੀ ਨੂੰ ਬਦਲਣਾ ਪਵੇਗਾ। ਕਿਉਂ ਬਈ ਅਸੀਂ ਪ੍ਰਗਤੀਸ਼ੀਲ ਲੇਖਕ ਸੰਘ ਵਾਲੇ ਹਾਂ, ਤੂੰ ਜਨਵਾਦੀ ਲੇਖਕ ਸੰਘ ਦੇ ਸਮਾਗਮ ਵਿਚ ਕਿਵੇਂ ਗਿਆ? ਇਥੇ ਇਨਡਿਵਿਜੂਅਲ ਦੇ ਅਧਿਕਾਰ ਨੂੰ ਵਧਾਉਣ ਦੀ ਲੜਾਈ ਹੈ। ਕਿਉਂਕਿ ਅਸੀਂ ਪੋਸਟ ਇੰਡਸਟ੍ਰੀਅਲ ਟਾਈਮ ਵਿਚ ਹਾਂ। ਉਦਯੋਗਿਕ ਕਰਾਂਤੀ ਦੌਰ ਦਾ ਜਿਹੜਾ ਕੁਲੈਕਟਿਵ ਆਈਡੀਆ ਸੀ, ਉਹ ਬਦਲ ਗਿਆ ਹੈ। ਇਥੇ ਇਨਡਿਵਿਜੂਅਲ ਦੇ ਰਾਇਟ ਨੂੰ ਸਵੀਕਾਰਦੇ ਹੋਏ ਇਕ ਕੁਲੈਕਟਿਵ ਫੋਰਮ ਦੀ ਲੋੜ ਹੋਵੇਗੀ। ਸਾਰੀਆਂ ਪਾਰਟੀਆਂ ਦੇ ਸਟਰੱਕਚਰ ਨੂੰ ਥੋੜ੍ਹਾ ਬਦਲਣਾ ਪਵੇਗਾ। ਨਿੱਜੀ ਲੋਕਾਂ ਦੇ ਅਧਿਕਾਰ ਨੂੰ ਰਾਜਨੀਤਕ ਲੜਾਈ ਵਿਚ ਕਿਵੇਂ ਬਦਲਣਾ ਹੈ? ਉਸ ਸਿਆਸੀ ਢਾਂਚੇ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ। ਤੇ ਤੀਜਾ ਜਦੋਂ ਉਹ ਜਥੇਬੰਦਕ ਫੋਰਮ ਹੋਵੇਗੀ ਤਾਂ ਤੁਸੀਂ ਸਮਾਜ ਲਈ ਕੰਮ ਕਿਵੇਂ ਕਰੋਗੇ? ਲਾਰਜ ਸਕੇਲ ਪ੍ਰੋਡਕਸ਼ਨ ਦਾ ਦੌਰ ਬਦਲ ਗਿਆ ਹੈ। ਸਮਾਲ ਸਕੇਲ ਮਾਰਕੀਟ ਨੂੰ ਉਤਸ਼ਾਹ ਕਿਵੇਂ ਕਰਨਾ ਹੈ? ਲੋਕਲ ਕੱਚਾ ਮਾਲ, ਲੋਕਲ ਖਪਤ ਪ੍ਰੋਡਕਸ਼ਨ। ਇਹ ਹੋ ਰਿਹਾ ਹੈ। ਲਾਰਜ ਸਕੇਲ ਪ੍ਰੋਡਕਸ਼ਨ ਤੇ ਇਹ ਆਡੀਆ ਆਫ਼ ਗਲੋਬਲਾਈਜੇਸ਼ਨ ਖੁਦ ਹੀ ਆਪਣੀ ਕੰਟਰਾਡਿਕਸ਼ਨ ਵਿਚ ਫਸ ਗਿਆ ਹੈ। ਓਬਾਮਾ (ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ) ਦੀ ਕੰਟਰਾਡਿਕਸ਼ਨ ਨੇ ਮੌਜੂਦਾ ਰਾਸ਼ਟਰਪਤ ਡੋਨਲਡ ਟਰੰਪ ਨੂੰ ਪੈਦਾ ਕੀਤਾ ਤੇ ਮਨਮੋਹਨ ਦੀ ਕੰਟਰਾਡਿਕਸ਼ਨ ਨੇ ਮੋਦੀ ਨੂੰ ਪੈਦਾ ਕੀਤਾ, ਇਹ ਸੱਚ ਹੈ।
ਨਵੇਂ ਟੂਲ ਦੀ ਵਰਤੋਂ ਕਰਕੇ, ਜਿਵੇਂ ਚੀਨ ਕਰ ਰਿਹਾ ਹੈ, ਜੋ ਲੋਕਲ ਮਾਰਕੀਟ ਹੈ, ਉਸ 'ਚ ਲੋਕਲ ਪ੍ਰੋਡਕਸ਼ਨ ਹੋਵੇ,… ਲੋਕਲ ਸਪਲਾਈ ਹੋਵੇ। ਜਦੋਂ ਅਸੀਂ ਆਪਣੀ ਆਰਥਕ ਸਮੱਸਿਆ ਨੂੰ ਹੱਲ ਕਰ ਲਵਾਂਗੇ ਫਿਰ ਵੇਖਾਂਗਾ ਕਿ ਕੀ ਕਰਨਾ ਹੈ? ਸਾਡੇ ਪੈਸਟੀਸਾਇਡ ਨਾਲ ਤਿਆਰ ਕੀਤਾ ਹੋਇਆ ਫ਼ਲ ਤੇ ਅੰਨ ਨਹੀਂ ਬਲਕਿ ਔਰਗੈਨਿਕ ਤਰੀਕੇ ਨਾਲ ਤਿਆਰ ਕੀਤਾ ਹੋਇਆ ਅੰਨ ਤੇ ਫ਼ਲ ਹੋਵੇ। ਇਹ ਜੋ ਨਵੇਂ ਟੂਲਜ਼ ਹਨ, ਉਸ ਦੀ ਵਰਤੋਂ ਕਰੋ। ਸਾਡੇ ਜੋ ਅੰਤਰਰਾਸ਼ਟਰੀ ਉਤਪਾਦਨ ਹਨ, ਉਨ੍ਹਾਂ ਨੂੰ ਇੰਟਰਨੈਸ਼ਨਲ ਸਟੈਂਡਰਡ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇੰਡੀਆ ਦੀ ਪੱਤੀ, ਇੰਡੀਆ ਦੀ ਲੀਚੀ,… ਸਾਰੇ ਫੇਲ੍ਹ ਹਨ। ਕੋਕਾ ਕੋਲਾ ਏਥੇ ਵੀ ਪੀ ਲਓ ਤੇ ਕਨੇਡਾ, ਅਮਰੀਕਾ ਵੀ ਪੀ ਲਓ। ਤੁਹਾਨੂੰ ਸਵਾਦ ਦਾ ਪਤਾ ਲੱਗ ਜਾਵੇਗਾ। ਸਮਾਲ ਸਕੇਲ ਤੇ ਮੀਡੀਅਮ ਸਕੇਲ ਦੀ ਇੰਡਸਟ੍ਰੀ ਨੂੰ ਡਿਵੈਲਪ ਕੀਤੇ ਬਿਨਾਂ ਅਸੀਂ ਆਰਥਕ ਸੰਕਟ 'ਚੋਂ ਬਾਹਰ ਨਹੀਂ ਆ ਸਕਦੇ।
ਅੱਜ ਦੇ ਦੌਰ ਵਿਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਇਸ ਵਿਚ ਵਿਅਕਤੀ ਦੇ ਜੋ ਨਿੱਜੀ ਅਧਿਕਾਰ ਹਨ, ਉਨ੍ਹਾਂ ਨੂੰ ਸਵੀਕਾਰਦੇ ਹੋਏ ਇਕ ਸਹਿਮਤੀ ਬਣਾਉਣੀ ਪਵੇਗੀ। ਅੱਜ ਦੇ ਦੌਰ ਵਿਚ ਰਾਜਨੀਤੀ ਵਿਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਬੇਸ਼ੱਕ ਆਰਥਕ ਸਮੱਸਿਆ ਨੂੰ ਹੱਲ ਕਰਦੇ ਹੋ, ਭਾਰਤ ਦੇ ਸੰਵਿਧਾਨ ਵਿਚਲੀਆਂ ਗੱਲਾਂ ਨੂੰ ਲਾਗੂ ਕਰਨਾ ਹੀ ਬਦਲਵੀਂ ਸਿਆਸਤ ਦਾ ਫਿਨੋਮੀਨਾ ਹੈ। ਅਸੀਂ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਲਾਗੂ ਕਰਕੇ ਇਕ ਬੇਹਤਰ ਭਾਰਤ ਬਣਾ ਸਕੀਏ। ਸਭ ਤੋਂ ਪਹਿਲਾਂ ਤਾਂ ਇਕ ਖੁੱਲ੍ਹੀ ਬਹਿਸ ਸ਼ੁਰੂ ਕਰਨ ਦੀ ਲੋੜ ਹੈ। ਅਸੀਂ ਕਿਸੇ ਨਾਲ ਕਿੰਨੇ ਵੀ ਅਸਹਿਮਤ ਹੋਈਏ, ਅਸੀਂ ਤੁਹਾਡੀ ਅਸਹਿਮਤੀ ਦੇ ਅਧਿਕਾਰ ਦੇ ਨਾਲ ਖੜ੍ਹੇ ਹਾਂ। ਜੇਕਰ ਕੁਝ ਵੀ ਸਮਝ ਨਹੀਂ ਆ ਰਿਹਾ ਤਾਂ ਚੌਕ ਵਿਚ ਖੜ੍ਹੇ ਹੋ ਕੇ ਰੋਣਾ ਸ਼ੁਰੂ ਕਰ ਦਿਓ,… ਜੇ ਕੋਈ ਪੁੱਛੇ ਤਾਂ ਕਹੋ ਕਿ ਮੇਰਾ ਦੇਸ਼ ਖਤਰੇ ਵਿਚ ਹੈ। ਕੋਈ ਪੁੱਛਣ ਹੀ ਨਹੀਂ ਆਉਂਦਾ, ਜਦੋਂ ਤੱਕ ਅਸੀਂ ਰੋਂਦੇ ਨਹੀਂ। ਪਰ ਸੰਵਾਦ ਸ਼ੁਰੂ ਕਰੋ। ਲੇਖਕ ਹੋ ਤਾਂ ਲਿਖੋ। ਨਾਟਕ ਕਰ ਸਕਦੇ ਹੋ ਤਾਂ ਨਾਟਕ ਕਰੋ। ਬੋਲ ਸਕਦੇ ਹੋ ਤਾਂ ਭਾਸ਼ਣ ਦੇਵੋ। ਜੇ ਕੁਝ ਵੀ ਸਮਝ ਨਹੀਂ ਆ ਰਿਹਾ ਤੇ ਜੋ ਲੇਖਕ ਨੇ ਕੁਝ ਲਿਖਿਆ ਹੈ, ਉਸ ਦੀਆਂ ਪੰਜ ਦਸ ਕਾਪੀਆਂ ਫੋਟੋ ਸਟੇਟ ਕਰਕੇ ਵੰਡ ਦਿਓ।… ਹੱਥ 'ਤੇ ਹੱਥ ਰੱਖ ਕੇ ਨਾ ਬੈਠੋ। ਸਿਆਸੀ ਬਦਲ ਏਹੀ ਹੈ ਕਿ ਇਸ ਦੇਸ਼ ਦੇ ਲੋਕਾਂ ਦਾ ਪੇਟ ਭਰੇ ਤੇ ਆਜ਼ਾਦੀ ਨਾਲ ਉਹ ਰਹਿ ਸਕਣ। ਆਜ਼ਾਦੀ ਨਾਲ ਉਹ ਕੁਝ ਵੇਖ ਸਕਣ। ਜ਼ਮਾਨਾ ਤੇਜ਼ੀ ਨਾਲ ਬਦਲ ਰਿਹਾ ਹੈ। ਉਸ ਬਦਲ ਰਹੇ ਜ਼ਮਾਨੇ ਨੂੰ ਸਮਝੋ, ਕਰਾਂਤੀ ਦੀ ਸੰਭਾਵਨਾ ਇਸ ਦੌਰ ਵਿਚ ਬਹੁਤ ਹੈ। ਇਨ੍ਹਾਂ ਪਲਾਂ ਨੂੰ ਸਾਂਭਣ ਦੀ ਲੋੜ ਹੈ। ਸਮਾਂ ਬਦਲੇਗਾ ਤੇ ਇਸ ਵਿਚ ਅਸੀਂ ਜ਼ਰੂਰ ਜਿੱਤਾਂਗੇ। 'ਗੇਂਦ' ਬਹੁਤ ਤੇਜ਼ੀ ਨਾਲ ਤੁਹਾਡੇ ਵੱਲ ਆ ਰਹੀ ਹੈ ਤੇ ਆਪਣੇ 'ਬੱਲੇ' ਨਾਲ ਇਸ 'ਤੇ ਜ਼ੋਰ ਨਾਲ ਹਿੱਟ ਮਾਰੋ ਤੇ 'ਗੇਂਦ' ਨਿਸ਼ਚੇ ਹੀ ਬਾਉਂਡਰੀ ਤੋਂ ਬਾਹਰ ਜਾਵੇਗੀ।