ਮੈਕਸਿਕੋ ਨੇ ਅਮਰੀਕਾ ਦਾਖਲ ਹੋਣ ਦੀ ਤਾਕ 'ਚ ਬੈਠੇ 311 ਭਾਰਤੀ ਨਾਗਰਿਕਾਂ ਨੂੰ ਦਿੱਲੀ ਵਾਪਸ ਭੇਜਿਆ

ਮੈਕਸਿਕੋ ਨੇ ਅਮਰੀਕਾ ਦਾਖਲ ਹੋਣ ਦੀ ਤਾਕ 'ਚ ਬੈਠੇ 311 ਭਾਰਤੀ ਨਾਗਰਿਕਾਂ ਨੂੰ ਦਿੱਲੀ ਵਾਪਸ ਭੇਜਿਆ
ਸੰਕੇਤਕ ਤਸਵੀਰ

ਮੈਕਸਿਕੋ: ਅਮਰੀਕਾ ਵੱਲੋਂ ਪਾਏ ਜਾ ਰਹੇ ਦਬਾਅ ਦੇ ਚਲਦਿਆਂ ਮੈਕਸਿਕੋ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਰੁਕ ਕੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦੀ ਸਰਹੱਦ ਪਾਰ ਕਰਨ ਦੀ ਤਾਕ ਵਿੱਚ ਬੈਠੇ ਹੋਏ 311 ਭਾਰਤੀ ਨਾਗਰਿਕਾਂ ਨੂੰ ਵਪਿਸ ਦਿੱਲੀ ਭੇਜ ਦਿੱਤਾ ਹੈ।

ਮੈਕਸੀਕੋ ਦੇ ਪ੍ਰਵਾਸ ਨਾਲ ਜੁੜੇ ਮਹਿਕਮੇ ਨੈਸ਼ਨਲ ਮਾਈਗਰੇਸ਼ਨ ਇੰਸਟੀਚਿਊਟ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਿਹੜੇ ਭਾਰਤੀ ਨਾਗਰਿਕਾਂ ਕੋਲ ਮੈਕਸਿਕੋ ਵਿੱਚ ਰੁਕਣ ਦਾ ਕਾਨੂੰਨੀ ਹੱਕ ਨਹੀਂ ਸੀ, ਉਹਨਾਂ ਨੂੰ ਸਰਕਾਰ ਵੱਲੋਂ ਨਵੀਂ ਦਿੱਲੀ ਡਿਪੋਰਟ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਜੂਨ ਮਹੀਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇ ਮੈਕਸੀਕੋ ਨੇ ਉਸਦੀ ਸਰਹੱਦ ਪਾਰ ਕਰਕੇ ਅਮਰੀਕਾ ਦਾਖਲ ਹੁੰਦੇ ਗੈਰਕਾਨੂੰਨੀ ਪਰਵਾਸੀਆਂ ਨੂੰ ਨਾ ਰੋਕਿਆ ਤਾਂ ਮੈਕਸੀਕੋ ਤੋਂ ਅਮਰੀਕਾ ਆਉਂਦੇ ਸਮਾਨ 'ਤੇ ਟੈਕਸ ਵਧਾ ਦਿੱਤਾ ਜਾਵੇਗਾ।

ਦੱਸ ਦਈਏ ਕਿ ਮੈਕਸੀਕੋ ਵਾਲੇ ਪਸਿਓਂ ਸਰਹੱਦ ਪਾਰ ਕਰਕੇ ਅਮਰੀਕਾ ਦਾਖਲ ਹੋਣ ਦਾ ਦੌਰ ਲੰਬੇ ਸਮੇਂ ਤੋਂ ਚਲਦਾ ਆ ਰਿਹਾ ਹੈ ਤੇ ਅਮਰੀਕਾ ਦੇ ਮੋਜੂਦਾ ਰਾਸ਼ਟਰਪਤੀ ਟਰੰਪ ਨੇ ਆਪਣੇ ਚੋਣ ਵਾਅਦਿਆਂ ਵਿੱਚ ਇਕ ਵੱਡਾ ਵਾਅਦਾ ਇਸ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਦਾ ਕੀਤਾ ਸੀ। ਇਸ ਲਈ ਜਿੱਥੇ ਟਰੰਪ ਵਪਾਰਕ ਧਮਕੀਆਂ ਰਾਹੀਂ ਮੈਕਸੀਕੋ ਸਰਕਾਰ 'ਤੇ ਦਬਾਅ ਬਣਾਉਣ ਵਿੱਚ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ ਉੱਥੇ ਹੀ ਉਹਨਾਂ ਮੈਕਸੀਕੋ-ਅਮਰੀਕਾ ਸਰਹੱਦ 'ਤੇ ਇੱਕ ਉੱਚੀ ਕੰਧ ਉਸਾਰਨ ਦਾ ਵੀ ਐਲਾਨ ਕੀਤਾ ਹੈ।  

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।