20 ਅਕਤੂਬਰ ਤੋਂ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਜਾਣ ਲਈ ਨਾਂ ਦਰਜ ਕਰਵਾਉਣ ਦੀ ਹੋਵੇਗੀ ਸ਼ੁਰੂਆਤ

20 ਅਕਤੂਬਰ ਤੋਂ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਜਾਣ ਲਈ ਨਾਂ ਦਰਜ ਕਰਵਾਉਣ ਦੀ ਹੋਵੇਗੀ ਸ਼ੁਰੂਆਤ

ਡੇਰਾ ਬਾਬਾ ਨਾਨਕ: ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਖੋਲ੍ਹੇ ਜਾ ਰਹੇ ਲਾਂਘੇ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਸਰਕਾਰ ਦੇ ਉੱਚ ਅਫਸਰ ਨੇ ਕਿਹਾ ਹੈ ਕਿ ਸੰਗਤਾਂ ਲਾਂਗੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਲਈ 20 ਅਕਤੂਬਰ ਤੋਂ ਆਪਣੇ ਨਾਂ ਦਰਜ ਕਰਵਾ ਸਕਦੀਆਂ ਹਨ। ਇਹ ਨਾਂ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੀ ਆਨਲਾਈਨ ਵੈਬਸਾਈਟ 'ਤੇ ਦਰਜ ਕਰਵਾਏ ਜਾ ਸਕਣਗੇ।

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਭਾਰਤ ਦੀ ਲੈਂਡ ਪੋਰਟ ਅਥਾਰਟੀ ਦੇ ਚੇਅਰਮੈਨ ਗੋਵਿੰਦ ਮੋਹਨ ਨੇ ਦੱਸਿਆ ਕਿ ਪ੍ਰਤੀ ਦਿਨ ਲਾਂਘੇ ਰਾਹੀਂ ਜਾਣ ਵਾਲੀਆਂ ਸੰਗਤਾਂ ਦੀ ਗਿਣਤੀ 5,000 ਸੀਮਤ ਹੋਣ ਕਾਰਨ "ਪਹਿਲਾਂ ਆਓ, ਪਹਿਲਾਂ ਪਾਓ" ਦੀ ਨੀਤੀ ਤਹਿਤ ਕ੍ਰੰਵਾਰ ਨਾਂ ਦਰਜ ਕਰਾਉਣ ਵਾਲਿਆਂ ਨੂੰ ਲਾਂਘੇ ਤੋਂ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। 

ਪਾਸਪੋਰਟ 'ਤੇ ਨਹੀਂ ਲੱਗੇਗਾ ਪਾਕਿਸਤਾਨੀ ਵੀਜ਼ਾ
ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਪਾਸਪੋਰਟ ਜ਼ਰੂਰੀ ਚਾਹੀਦਾ ਹੈ ਪਰ ਇਸ ਪਾਸਪੋਰਟ 'ਤੇ ਪਾਕਿਸਤਾਨ ਦੇ ਵੀਜ਼ੇ ਦੀ ਮੋਹਰ ਨਹੀਂ ਲੱਗੇਗੀ। 

ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਨੂੰ ਭਾਰਤ ਦੇ ਗ੍ਰਹਿ ਸਕੱਤਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਤੇ ਪਾਕਿਸਤਾਨ ਅਤੇ ਭਾਰਤ ਸਰਕਾਰਾਂ ਦਰਮਿਆਨ ਇਹ ਗੱਲਬਾਤ ਮੁਕੰਮਲ ਹੋ ਚੁੱਕੀ ਹੈ। 

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਮੰਗ ਚੁੱਕੀ ਜਾ ਰਹੀ ਸੀ ਕਿ ਲਾਂਘੇ ਰਾਹੀਂ ਜਾਣ ਵਾਸਤੇ ਪਾਸਪੋਰਟ ਅਤੇ ਵੀਜ਼ੇ ਦੀਆਂ ਸ਼ਰਤਾਂ ਖਤਮ ਕੀਤੀਆਂ ਜਾਣ।

ਇਸ ਤੋਂ ਇਲਾਵਾ ਇਹ ਵੀ ਨੀਤੀ ਬਣਾਈ ਜਾ ਰਹੀ ਹੈ ਜਿਸ ਨਾਲ ਇਕ ਵਿਅਕਤੀ ਸਾਲ ਵਿੱਚ ਇੱਕ ਵਾਰ ਹੀ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਸਕਦਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।