ਅਮਰੀਕਾ, ਬਰਤਾਨੀਆ ਅਤੇ ਫਰਾਂਸ ਨੇ ਮਸੂਦ ਅਜ਼ਹਰ ਨੂੰ ਕਾਲੀ ਸੂਚੀ ਵਿਚ ਸ਼ਾਮਿਲ ਕਰਨ ਲਈ ਕਿਹਾ
ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਜੰਗ ਲੱਗਣ ਦੇ ਹਾਲਾਤਾਂ ਨੇ ਸਾਰੀ ਦੁਨੀਆ ਵਿਚ ਹਿੱਲਜੁਲ ਕਰ ਦਿੱਤੀ ਹੈ। ਬੀਤੇ ਦਿਨੀਂ ਭਾਰਤ ਅਤੇ ਪਾਕਿਸਤਾਨ ਵਲੋਂ ਇਕ ਦੂਜੇ 'ਤੇ ਕੀਤੇ ਹਵਾਈ ਹਮਲਿਆਂ ਤੋਂ ਬਾਅਦ ਹੁਣ ਇਹਨਾਂ ਹਾਲਾਤਾਂ ਲਈ ਸ਼ੁਰੂਆਤੀ ਘਟਨਾ ਬਣੇ ਪੁਲਵਾਮਾ ਹਮਲੇ ਦੀ ਜਿੰਮੇਵਾਰੀ ਲੈਣ ਵਾਲੇ ਜੈਸ਼-ਏ-ਮੋਹਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਕਾਲੀ ਸੂਚੀ ਵਿਚ ਸ਼ਾਮਿਲ ਕਰਨ ਲਈ ਅਮਰੀਕਾ, ਬਰਤਾਨੀਆ ਅਤੇ ਫਰਾਂਸ ਵਲੋਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਗਈ ਹੈ।
ਅਮਰੀਕਾ, ਬਰਤਾਨੀਆ ਅਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਦੇ 15 ਮੈਂਬਰੀ ਸੁਰੱਖਿਆ ਕੌਂਸਲ ਦੀ ਸੈਂਕਸ਼ਨ ਕਮੇਟੀ ਨੂੰ ਕਿਹਾ ਹੈ ਕਿ ਮਸੂਦ ਅਜ਼ਹਰ ਨੂੰ ਕਾਲੀ ਸੂਚੀ ਵਿਚ ਸ਼ਾਮਿਲ ਕੀਤਾ ਜਾਵੇ। ਖ਼ਬਰ ਅਜੈਂਸੀ ਰਿਊਟਰਸ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਸ ਮਤੇ 'ਤੇ 13 ਮਾਰਚ ਤਕ ਇਤਰਾਜ਼ ਦਿੱਤੇ ਜਾ ਸਕਦੇ ਹਨ।
ਗੌਰਤਲਬ ਹੈ ਕਿ ਜਦੋਂ 2017 ਵਿਚ ਮਸੂਦ ਅਜ਼ਹਰ ਦਾ ਨਾਂ ਕਾਲੀ ਸੂਚੀ ਵਿਚ ਸ਼ਾਮਿਲ ਕਰਨ ਦਾ ਮਤਾ ਲਿਆਂਦਾ ਗਿਆ ਸੀ ਤਾਂ ਚੀਨ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਕਾਲੀ ਸੂਚੀ ਵਿਚ ਕਿਸੇ ਨੂੰ ਸ਼ਾਮਿਲ ਕਰਨ ਲਈ ਨਿਯਮ ਸਾਫ ਸਪਸ਼ਟ ਲਿਖੇ ਗਏ ਹਨ ਸਿਰਫ ਉਨ੍ਹਾਂ ਦੇ ਅਧਾਰ 'ਤੇ ਹੀ ਕਿਸੇ ਨੂੰ ਕਾਲੀ ਸੂਚੀ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।
Comments (0)