ਪੰਥ-ਪੰਜਾਬ ਦੇ ਹਿੱਤਾਂ ਨੂੰ ਪ੍ਰਨਾਈ ਲੀਡਰਸ਼ਿਪ ਹੋਵੇ

ਪੰਥ-ਪੰਜਾਬ ਦੇ ਹਿੱਤਾਂ ਨੂੰ ਪ੍ਰਨਾਈ ਲੀਡਰਸ਼ਿਪ ਹੋਵੇ

ਮਨਜੀਤ ਸਿੰਘ ਟਿਵਾਣਾ

ਦੇਸ-ਪੰਜਾਬ ਦੇ ਮੱਥੇ 'ਤੇ ਇਤਿਹਾਸ ਨੇ ''ਨਿੱਤ-ਮੁਹਿੰਮਾਂ” ਦੀ ਇਬਾਰਤ ਲਿਖ ਕੇ ਚਿਰੋਕਣੀ ਟੰਗੀ ਹੋਈ ਹੈ। ਨਾਲ ਹੀ ਇਸ ਧਰਤੀ ਦੇ ਜਾਇਆਂ ਨੂੰ ਸਿੱਖ ਗੁਰੂਆਂ ਦੀ ਲਾਸਾਨੀ ਤੇ ਰੂਹਾਨੀ ਬਰਕਤ ਵਿਚੋਂ ਮਿਲੀ ਚੜ੍ਹਦੀਕਲਾ ਦੀ ਗੁੜ੍ਹਤੀ ਨੇ ਸਮੇਂ ਦੇ ਵੱਡੇ-ਵੱਡੇ ਤੂਫਾਨਾਂ ਨੂੰ ਡੱਕਣ ਦਾ ਜਿਗਰਾ ਵੀ ਬਖਸ਼ਿਆ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਦੀ ਹੋਣੀ ਨੂੰ ''ਫੌਜਾਂ ਜਿੱਤ ਕੇ ਹਾਰ ਜਾਣ” ਦਾ ਸਰਾਪ ਵੀ ਲੱਗਿਆ ਹੈ ਜੋ ਮਗਰੋਂ ਲਹਿਣ ਦਾ ਨਾਂ ਨਹੀਂ ਲੈ ਰਿਹਾ। ਇਸ ਸਰਾਪ ਦੀ ਨਿਸ਼ਾਨਦੇਹੀ ਕਦੇ ਪੰਜਾਬ ਦੇ ਦਰਦ ਨੂੰ ਧੁਰ ਅੰਦਰ ਤਕ ਮਹਿਸੂਸ ਕਰਨ ਵਾਲੇ ਸ਼ਾਇਰ ਸ਼ਾਹ ਮੁਹੰਮਦ ਨੇ 'ਜੰਗਨਾਮਾ ਹਿੰਦ-ਪੰਜਾਬ' ਵਿਚ ਕੀਤੀ ਸੀ। ਮਾਹਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਆਗੂ ਰਹਿਤ ਹੋਈ ਜਾਂਬਾਜ਼ ਖਾਲਸਾ ਫੌਜ ਵੱਲੋਂ ਯੁੱਧ ਵਿਚ ਅੰਗਰੇਜ਼ਾਂ ਦੀ ਫੌਜ ਨੂੰ ਹਰਾ ਦੇਣ ਦੇ ਬਾਵਜੂਦ ਪੱਲੇ ਪਈ ਗੁਲਾਮੀ ਨੂੰ ਕਵੀ ਨੇ ''ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ” ਦੇ ਅਜਿਹੇ ਬੋਲ ਦਿੱਤੇ ਕਿ ਉਸ ਵੇਲੇ ਦੇ ਜਿੱਤ ਕੇ ਹਾਰ ਜਾਣ ਵਾਲੇ ਪੰਜਾਬ ਦਾ ਦਰਦ ਇਨ੍ਹਾਂ ਚੰਦ ਬੋਲਾਂ ਵਿਚ ਸਿਮਟ ਗਿਆ। ਅੱਜ ਵੀ ਹਾਲਾਤ ਕੋਈ ਬਹੁਤੇ ਵੱਖਰੇ ਨਹੀਂ ਹਨ। ਗੋਰਿਆਂ ਦੀ ਗੁਲਾਮੀ ਨੂੰ ਫਾਂਸੀਆਂ ਉਤੇ ਝੂਲ ਕੇ, ਕਾਲੇ ਪਾਣੀਆਂ ਦੀਆਂ ਜੇਲ੍ਹਾਂ ਵਿਚ ਤਸੀਹੇ ਝੱਲ ਕੇ ਤੇ ਗੋਲੀਆਂ ਖਾ ਕੇ ਗਲੋਂ ਲਾਹ ਦੇਣ ਵਾਲੀ ਕੌਮ ਦੇ ਪੱਲੇ ਸੰਨ ਸੰਤਾਲੀ ਵਿਚ ਕਾਲਿਆਂ ਦੀ ਗੁਲਾਮੀ ਪੈ ਗਈ। ਫੌਜਾਂ ਇਕ ਵਾਰ ਮੁੜ ਜਿੱਤ ਕੇ ਹਾਰ ਗਈਆਂ। 
ਜੂਨ ਤੇ ਨਵੰਬਰ ਚੌਰਾਸੀ ਦੇ ਘੱਲੂਘਾਰਿਆਂ ਨੇ ਪੰਜਾਬ ਨੂੰ ਅਧਮੋਇਆ ਕਰ ਛੱਡਿਆ। ਉਪਰੋਂ ਦੁਸ਼ਮਣ ਡਾਢਾ ਉਹ ਟੱਕਰਿਆ ਜਿਸ ਦੀ ਫਿਤਰਤ ਹੀ ਹਮੇਸ਼ਾ ਬੁੱਕਲ ਵਿਚ ਵੜ ਕੇ ਮਾਰਨ ਦੀ ਰਹੀ ਹੈ। ਸਾਹਮਣਿਓਂ ਵਾਰ ਕਰਨ ਵਾਲੇ ਨੂੰ ਦੂਣਾ ਹੋ ਕੇ ਟੱਕਰਨ ਵਾਲਾ ਪੰਥ-ਪੰਜਾਬ ਛੁਪ ਕੇ ਮਾਰਨ ਵਾਲਿਆਂ ਮੂਹਰੇ ਬੇਵੱਸ ਹੋ ਕੇ ਰਹਿ ਗਿਆ ਪ੍ਰਤੀਤ ਹੁੰਦਾ ਹੈ। ਜਮਹੂਰੀਅਤ ਦਾ ਨਕਾਬ ਪਾ ਕੇ ਪੰਜਾਬ ਨੂੰ ਲੁੱਟਣ-ਕੁੱਟਣ ਤੇ ਜੜ੍ਹੋਂ ਪੁੱਟਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। 
ਅੱਜ ਹਾਲਾਤ ਇਥੇ ਆਣ ਖੜ੍ਹੇ ਹਨ ਕਿ ਸਾਨੂੰ ਗਲਾਂ ਵਿਚ ਬਲਦੇ ਟਾਇਰ ਪਾ ਕੇ ਮਾਰਨ ਵਾਲੇ ਕਹਿ ਰਹੇ ਹਨ ਕਿ ''ਹੂਆ ਤੋ ਹੂਆ”। ਪੰਜਾਬ ਦੇ ਕੁਦਰਤੀ ਸਰਮਾਏ ਪਾਣੀਆਂ ਨੂੰ ਲੁੱਟਣ ਵਾਲੇ ਕਹਿ ਰਹੇ ਹਨ ਕਿ ਅਸੀਂ ਅੱਗੇ ਨੂੰ ਵੀ ਇਹੋ ਕਰਾਂਗੇ ਤੇ ਸ਼ਰੇਆਮ ਆਪਣੇ ਚੋਣ ਮੈਨੀਫੈਸਟੋ ਵਿਚ ਲਿਖ ਕੇ ਐਲਾਨ ਕਰਦੇ ਹਨ। ਪੰਜਾਬ ਦੇ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲਿਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨਾ ਤਾਂ ਇਕ ਪਾਸੇ ਉਨ੍ਹਾਂ ਨੂੰ ਚਿੱਟੇ ਦਿਨ ਵਜ਼ੀਰੀਆਂ ਮਿਲੀਆਂ ਹਨ। ਗੁਰੂ ਗ੍ਰੰਥ ਸਾਹਿਬ ਦੇ ਪੰਨੇ ਫਾੜ ਕੇ ਗਲੀਆਂ ਵਿਚ ਖਿਲਾਰੇ ਗਏ ਪਰ ਦੋਸ਼ੀਆਂ ਦਾ ਕੋਈ ਕੁਝ ਨਾ ਵਿਗਾੜ ਸਕਿਆ। 
ਸਿਆਸੀ ਆਗੂਆਂ 'ਤੇ ਆਮ ਲੋਕਾਂ ਦਾ ਭਰੋਸਾ ਟੁੱਟ ਚੁੱਕਾ ਹੈ ਪਰ ਵੋਟਾਂ ਦੇ ਦਿਨਾਂ 'ਚ ਇਹ ਜਿਸ ਤਰ੍ਹਾਂ ਦੀ ਖੇਡ ਖੇਡਦੇ ਹਨ, ਆਮ ਜਨਤਾ ਮੁੜ ਇਨ੍ਹਾਂ ਦੇ ਜਾਲ ਵਿਚ ਜਾ ਫਸਦੀ ਹੈ। ਰਾਜਨੀਤੀ ਕਿਸੇ ਸੇਵਾ ਜਾਂ ਮਿਸ਼ਨ ਦੀ ਥਾਂ ਸਵਾਰਥ ਤੇ ਸਿਰਫ ਸੱਤਾ ਹਾਸਲ ਕਰਨ ਦੀ ਖੇਡ ਬਣ ਕੇ ਰਹਿ ਗਈ ਹੈ। ਪੰਥ ਤੇ ਪੰਜਾਬ ਕੋਲ ਉਚੇ ਕਿਰਦਾਰ ਵਾਲੇ ਆਗੂਆਂ ਦਾ ਕਾਲ ਪਿਆ ਹੋਇਆ ਨਜ਼ਰ ਆ ਰਿਹਾ ਹੈ। ਸਿਰਫ਼ ਵੋਟਾਂ ਦੀ ਸਿਆਸਤ ਅਤੇ ਬਿਪਰਵਾਦੀ ਰਾਜ ਪ੍ਰਬੰਧ ਵਿਚ ਸੱਤਾ ਦੀ ਹਿੱਸੇਦਾਰੀ ਲੈਣ ਦੀ ਭਾਵਨਾ ਆਪਣਾ ਨਿੱਜੀ ਤੇ ਸਕੇ-ਸੋਧਰਿਆਂ ਦਾ ਤੋਰੀ-ਫੁਲਕਾ ਚਲਦਾ ਰੱਖਣ ਦੀ ਕਸਰਤ ਤਾਂ ਹੋ ਸਕਦੀ ਹੈ ਪਰ ਕੌਮ ਨੂੰ ਬਿਪਰਵਾਦ ਦੇ ਜੱਫੇ ਵਿਚੋਂ ਨਹੀਂ ਕੱਢ ਸਕਦੀ। 
ਜਿਸ ਤਰ੍ਹਾਂ ਲੋਕ ਸਭਾ ਚੋਣਾਂ ਵੇਲੇ ਲੋਕ ਆਗੂਆਂ ਨੂੰ ਸਵਾਲ ਕਰਨ ਲੱਗੇ ਹਨ, ਪੰਥ-ਪੰਜਾਬ ਦੇ ਦੁਸ਼ਮਣਾਂ ਨੂੰ ਕਾਲੀਆਂ ਝੰਡੀਆਂ ਦਿਖਾ ਰਹੇ ਹਨ, ਉਸ ਤੋਂ ਸਮਾਂ ਅੰਗੜਾਈ ਲੈਂਦਾ ਵਿਖਾਈ ਦੇ ਰਿਹਾ ਹੈ। ਪੰਜਾਬ ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ ਵਿਚ ਨਵਾਂ ਰੁਝਾਨ ਦਿਖ ਰਿਹਾ ਹੈ। ਵੋਟਰ ਖੁੱਲ੍ਹੇਆਮ ਨਰਾਜ਼ਗੀ ਜ਼ਾਹਿਰ ਕਰਨ ਲੱਗੇ ਹਨ। ਆਗੂਆਂ ਤੋਂ ਜਵਾਬ ਮੰਗੇ ਜਾ ਰਹੇ ਹਨ। ਇਸ ਸਭ ਦੇ ਵਿਚ ਹੀ ਭਾਰਤ ਦੇ ਮੌਜੂਦਾ ਬਹੁਗਿਣਤੀ ਪੱਖੀ ਲੋਕਤੰਤਰ ਦੀ ਕਿਸਮ ਉਤੇ ਵੀ ਸਵਾਲ ਉਠਣੇ ਸ਼ੁਰੂ ਹੋਏ ਹਨ। ਸਭ ਜਾਣਦੇ ਹਨ ਕਿ ਇਥੇ ਲੋਕਤੰਤਰ ਦੇ ਨਾਮ ਉਤੇ ਇਕ ਢੌਂਗ ਹੀ ਚਲਿਆ ਆ ਰਿਹਾ ਹੈ। ਦੇਸ਼ ਵਿਚ ਆਜ਼ਾਦੀ ਤੋਂ ਬਾਅਦ ਹੀ ਧਾਰਮਿਕ, ਭਾਸ਼ਾਈ ਘੱਟ ਗਿਣਤੀਆਂ, ਦਲਿਤਾਂ ਅਤੇ ਹੋਰ ਪੱਛੜੀਆਂ ਜਾਤਾਂ ਨੂੰ ਦਬਾ ਕੇ ਰੱਖਣ ਵਾਸਤੇ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਵਹਾਰ ਕੀਤਾ ਜਾਂਦਾ ਹੈ। ਚੋਣ ਮਨੋਰਥ ਪੱਤਰ ਨੂੰ ਵੀ ਕਾਨੂੰਨੀ ਦਾਇਰੇ ਵਿਚ ਲਿਆਉਣ ਦੀ ਮੰਗ ਉਠ ਰਹੀ ਹੈ।
ਇਸ ਵਰਤਾਰੇ ਤੋਂ ਸਾਡੇ ਆਗੂ ਬਹੁਤ ਪ੍ਰੇਸ਼ਾਨ ਹਨ। ਸਵਾਲ ਪੁੱਛਣ ਵਾਲਿਆਂ ਦੀ ਕੁੱਟਮਾਰ ਹੋਣ ਲੱਗੀ ਹੈ। ਅਸਲ ਜਮਹੂਰੀ ਪ੍ਰਬੰਧ ਵਿਚ ਹਰ ਇਕ ਨੂੰ ਵੋਟ ਦੇਣ, ਵੋਟਾਂ ਵਿਚ ਖੜ੍ਹੇ ਹੋਣ, ਆਗੂਆਂ ਤੋਂ ਸਵਾਲ ਪੁੱਛਣ, ਜਵਾਬ ਨਾ ਦੇਣ ਉੱਤੇ ਕਾਲੀਆਂ ਝੰਡੀਆਂ ਦਿਖਾਉਣ ਅਤੇ ਨਾਅਰੇ ਲਾਉਣ ਸਮੇਤ ਸ਼ਾਂਤਮਈ ਤਰੀਕੇ ਨਾਲ ਹਰ ਸੰਘਰਸ਼ ਕਰਨ ਦੇ ਸਾਰੇ ਹੱਕ ਹੁੰਦੇ ਹਨ। 
ਇਸ ਸਭ ਕੁਝ ਤੋਂ ਕੌਮ ਜਾਗ ਰਹੀ ਪ੍ਰਤੀਤ ਹੋ ਰਹੀ ਹੈ ਪਰ ਨਾਲ ਹੀ ਪੰਥ-ਪੰਜਾਬ ਦੇ ਹਿੱਤਾਂ ਨੂੰ ਪ੍ਰਨਾਈ ਕੋਈ ਵੀ ਲੀਡਰਸ਼ਿਪ ਦੂਰ-ਦੂਰ ਤਕ ਦਿਖਾਈ ਨਹੀਂ ਦੇ ਰਹੀ ਹੈ। ਇਹ ਉਦਾਸ ਕਰ ਦੇਣ ਵਾਲੀ ਹਾਲਤ ਜ਼ਰੂਰ ਹੈ ਪਰ ਨਿਰਾਸ਼ ਕਰਨ ਵਾਲੀ ਵੀ ਨਹੀਂ ਹੈ। ਜਦੋਂ ਤਕ ਸਾਨੂੰ ਪੰਥਕ ਏਕਤਾ ਦਾ ਅਹਿਸਾਸ ਨਹੀਂ ਹੁੰਦਾ, ਉਦੋਂ ਤਕ ਸਾਡਾ ਇਕੱਲਾ ਜੋਸ਼ ਵੀ ਕਿਸੇ ਕੰਮ ਨਹੀਂ ਆਉਣਾ। ਜਦੋਂ ਤਕ ਸਾਨੂੰ ਆਪਣੇ ਏਕੇ ਦੀ ਤਾਕਤ ਅਤੇ ਵੋਟ ਦੀ ਕੀਮਤ ਦਾ ਅਹਿਸਾਸ ਨਹੀਂ ਹੁੰਦਾ, ਉਦੋਂ ਤਕ ਲਾਲਚੀ ਤੇ ਮੌਕਾਪ੍ਰਸਤ ਆਗੂ ਅੰਦਰਖਾਤੇ ਕੌਮ ਨਾਲ ਗਦਾਰੀਆਂ ਕਰ ਕੇ ਸਾਡੀਆਂ ਜੜ੍ਹਾਂ ਵੱਢਦੇ ਰਹਿਣਗੇ। ਜਦੋਂ ਤਕ ਸਾਡੇ ਰਾਜਸੀ ਆਗੂਆਂ ਦੇ ਚਰਿੱਤਰ, ਪਾਕ-ਸਾਫ਼ ਨਹੀਂ ਹੁੰਦੇ, ਉਨ੍ਹਾਂ ਨੂੰ ''ਮਨ ਨੀਵਾਂ ਤੇ ਮੱਤ ਉਚੀ” ਦੀ ਬਖਸ਼ਿਸ਼ ਨਹੀਂ ਮਿਲਣੀ। ਜਦੋਂ ਤਕ ਕੌਮ ਨੂੰ ਦੂਰਅੰਦੇਸ਼ ਤੇ ਚਾਣਕਿਆਂ ਦੇ ਚੇਲਿਆਂ ਦੀਆਂ ਸੂਖਮ ਚਾਲਾਂ ਸਮਝਣ ਵਾਲੀ ਲੀਡਰਸ਼ਿਪ ਨਹੀਂ ਮਿਲਦੀ ਉਦੋਂ ਤਕ ''ਫੌਜਾਂ ਜਿੱਤ ਕੇ ਵੀ ਹਾਰਦੀਆਂ” ਹੀ ਰਹਿਣਗੀਆਂ। ਇਸ ਕਰ ਕੇ ਪੰਥ-ਪੰਜਾਬ ਦੀ ਵਿਗੜੀ ਸੰਵਾਰਨ ਲਈ ਸਾਡੇ ਕੋਲ ਦੂਰਅੰਦੇਸ਼, ਚਰਿੱਤਰਵਾਨ, ਪੰਥਕ ਜਜ਼ਬੇ ਵਾਲੇ ਸੁਹਿਰਦ ਆਗੂਆਂ ਨੂੰ ਅੱਗੇ ਲਿਆਉਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੈ।