ਬਠਿੰਡਾ ਥਰਮਲ ਬੰਦ ਕਰਨ ਖਿਲਾਫ ਮਰਨ ਵਰਤ 'ਤੇ ਬੈਠੇ ਬਜ਼ੁਰਗ ਦੀ ਮੌਤ

ਬਠਿੰਡਾ ਥਰਮਲ ਬੰਦ ਕਰਨ ਖਿਲਾਫ ਮਰਨ ਵਰਤ 'ਤੇ ਬੈਠੇ ਬਜ਼ੁਰਗ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਸਰਕਾਰ ਵੱਲੋਂ ਬਠਿੰਡਾ ਦਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਬੰਦ ਕਰਨ ਦੇ ਰੋਸ ਵਜੋਂ ਭੁੱਖ ਹੜਤਾਲ 'ਤੇ ਬੈਠੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। 

ਇਹ ਵਿਅਕਤੀ ਸਵੇਰੇ ਥਰਮਲ ਦੇ ਗੇਟ ’ਤੇ ਆਇਆ। ਉਸ ਦੇ ਮੋਟਰਸਾਈਕਲ ’ਤੇ ਕਿਸਾਨ ਯੂਨੀਅਨ ਦਾ ਝੰਡਾ ਟੰਗਿਆ ਹੋਇਆ ਸੀ। ਉਹ ਆਪਣੇ ਨਾਲ ਲਿਆਂਦੀ ਗੁਰੂ ਨਾਨਕ ਪਾਤਸ਼ਾਹ ਦੀ ਮਨੋਕਲਪਿਤ ਫ਼ੋਟੋ ਨੂੰ ਹੱਥਾਂ ਵਿਚ ਫੜ੍ਹ ਕੇ ਥਰਮਲ ਦੇ ਗੇਟ ਅੱਗੇ ਬੈਠ ਗਿਆ। ਸੁਰੱਖਿਆ ਕਰਮੀਆਂ ਵੱਲੋਂ ਰੋਕੇ ਜਾਣ ’ਤੇ ਉਸ ਦਾ ਜਵਾਬ ਸੀ ਕਿ ਥਰਮਲ ਬੰਦ ਹੋਣ ਦੇ ਵਿਰੋਧ ’ਚ ਉਹ ਇਥੇ ਮਰਨ ਵਰਤ ’ਤੇ ਬੈਠਣ ਆਇਆ ਹੈ। ਦੱਸਿਆ ਗਿਆ ਕਿ ਉਸ ਕੋਲ ਥਰਮਲ ਸਬੰਧੀ ਲਿਖ਼ਤੀ ਦਸਤਾਵੇਜ਼ ਵੀ ਸਨ। 

ਕਰੀਬ ਇਕ ਘੰਟੇ ਬਾਅਦ ਉਸੇ ਜਗ੍ਹਾ ’ਤੇ ਹੀ ਉਹ ਦਮ ਤੋੜ ਗਿਆ। ਥਾਣਾ ਥਰਮਲ ਦੀ ਪੁਲੀਸ ਮੌਕੇ ’ਤੇ ਪੁੱਜੀ ਅਤੇ ਮੁੱਢਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਹਾਰਾ ਸੰਸਥਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮਰਹੂਮ ਦੀ ਜੇਬ੍ਹ ’ਚੋਂ ਮਿਲੇ ਆਧਾਰ ਕਾਰਡ ਮੁਤਾਬਿਕ ਉਹ ਜੋਗਿੰਦਰ ਸਿੰਘ (56) ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਸੀ।