ਭਾਜਪਾ ਅਤੇ ਸ਼ਿਵ ਸੈਨਾ ਦੀ ਲੜਾਈ; ਫਡਨਵੀਸ ਨੇ ਮੁੱਖ ਮੰਤਰੀ ਅਹੁਦਾ ਛੱਡਣ ਤੋਂ ਨਾਹ ਕੀਤੀ ਤਾਂ ਠਾਕਰੇ ਨੇ ਬੈਠਕ ਰੱਦ ਕੀਤੀ

ਭਾਜਪਾ ਅਤੇ ਸ਼ਿਵ ਸੈਨਾ ਦੀ ਲੜਾਈ; ਫਡਨਵੀਸ ਨੇ ਮੁੱਖ ਮੰਤਰੀ ਅਹੁਦਾ ਛੱਡਣ ਤੋਂ ਨਾਹ ਕੀਤੀ ਤਾਂ ਠਾਕਰੇ ਨੇ ਬੈਠਕ ਰੱਦ ਕੀਤੀ

ਮੁੰਬਈ: ਮਹਾਰਾਸ਼ਟਰ ਵਿੱਚ ਭਾਜਪਾ ਨਾਲ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਵੱਲੋਂ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਦਾ ਅਹੁਦਾ ਦੋਵਾਂ ਪਾਰਟੀਆਂ ਵਿੱਚ ਵੰਡਣ ਦੀ ਰੱਖੀ ਗਈ ਸ਼ਰਤ ਨੂੰ ਮੰਨਣ ਤੋਂ ਭਾਜਪਾ ਨੇ ਨਾਹ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਭਾਜਪਾ ਆਗੂ ਦਵਿੰਦਰ ਫਡਨਵੀਸ ਨੇ ਅੱਜ ਇਹ ਐਲਾਨ ਕੀਤਾ। ਉਹਨਾਂ ਦੇ ਇਸ ਐਲਾਨ ਮਗਰੋਂ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਅੱਜ ਭਾਜਪਾ ਨਾਲ ਸਰਕਾਰ ਬਣਾਉਣ ਲਈ ਹੋਣ ਵਾਲੀ ਬੈਠਕ ਨੂੰ ਰੱਦ ਕਰ ਦਿੱਤਾ ਹੈ।

ਦੋਵਾਂ ਪਾਰਟੀਆਂ ਦਰਮਿਆਨ ਚੱਲ ਰਹੀ ਸੱਤਾ ਦੀ ਖਿੱਚੋਤਾਣ ਪੂਰਾ ਤਿੱਖਾ ਰੂਪ ਧਾਰ ਗਈ ਹੈ।  

ਅੱਜ ਮੀਡੀਆ ਨਾਲ ਗੱਲ ਕਰਦਿਆਂ ਫਡਨਵੀਸ ਨੇ ਕਿਹਾ ਸੀ ਕਿ 2019 ਲੋਕ ਸਭਾ ਚੋਣਾਂ ਮੌਕੇ ਜਦੋਂ ਦੋਵੇਂ ਪਾਰਟੀਆਂ ਵਿੱਚ ਗਠਜੋੜ ਦਾ ਸਮਝੌਤਾ ਹੋਇਆ ਸੀ ਉਸ ਸਮੇਂ ਮੁੱਖ ਮੰਤਰੀ ਅਹੁਦੇ ਨੂੰ ਅੱਧੇ-ਅੱਧੇ ਸਮੇਂ ਲਈ ਵੰਡਣ ਬਾਰੇ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ। ਫਡਨਵੀਸ ਨੇ ਕਿਹਾ ਕਿ ਉਹ ਹੀ ਅਗਲੇ 5 ਸਾਲਾਂ ਤੱਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹਿਣਗੇ।

ਜਦਕਿ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਦਾ ਕਹਿਣਾ ਹੈ ਕਿ ਲੋਕ ਸੜਾ ਚੋਣਾਂ ਤੋਂ ਪਹਿਲਾਂ ਗਠਜੋੜ ਬਣਾਉਣ ਦਾ ਫੈਂਸਲਾ ਕਰਨ ਮੌਕੇ ਉਹਨਾਂ, ਭਾਜਪਾ ਆਗੂ ਅਮਿਤ ਸ਼ਾਹ ਅਤੇ ਫਡਵੀਸ ਦਰਮਿਆਨ ਸੂਬੇ ਵਿੱਚ ਸਰਕਾਰ ਬਣਨ 'ਤੇ 50:50 ਫੀਸਦੀ ਸੱਤਾ ਭਾਗੀਦਾਰੀ ਦਾ ਵਾਅਦਾ ਹੋਇਆ ਸੀ।

ਇਸੇ ਅਧਾਰ 'ਤੇ ਸ਼ਿਵ ਸੈਨਾ ਨੇ ਭਾਜਪਾ ਨੂੰ ਸਮਰਥਨ ਦੇਣ ਤੋਂ ਪਹਿਲਾਂ ਇਸ ਗੱਲ ਦਾ ਭਾਜਪਾ ਦੇ ਉੱਚ ਆਗੂਆਂ ਤੋਂ ਲਿਖਤੀ ਭਰੋਸਾ ਮੰਗਿਆ ਹੈ। 

ਅੱਜ ਸ਼ਿਵ ਸੈਨਾ ਵੱਲੋਂ ਆਪਣੇ ਦਾਅਵੇ ਨੂੰ ਪੁਖਤਾ ਸਾਬਿਤ ਕਰਦੀ ਇੱਕ ਵੀਡੀਓ ਜਨਤਕ ਕੀਤੀ ਹੈ ਜਿਸ ਵਿੱਚ ਮੁੱਖ ਮੰਤਰੀ ਸੱਤਾ ਵਿੱਚ ਬਰਾਬਰ ਭਾਈਵਾਲੀ ਦੇਣ ਦੀ ਗੱਲ ਕਰ ਰਹੇ ਹਨ।

ਦੱਸ ਦਈਏ ਕਿ 288 ਸੀਟਾਂ ਵਾਲੀ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਭਾਜਪਾ ਨੂੰ 105 ਸੀਟਾਂ ਮਿਲੀਆਂ, ਜਦਕਿ ਸ਼ਿਵ ਸੈਨਾ ਨੂੰ 56 ਸੀਟਾਂ ਮਿਲੀਆਂ। ਸ਼ਿਵ ਸੈਨਾ ਦੀ ਮਦਦ ਤੋਂ ਬਿਨ੍ਹਾਂ ਭਾਜਪਾ ਸਰਕਾਰ ਨਹੀਂ ਬਣਾ ਸਕਦੀ। 

ਸ਼ਿਵ ਸੈਨਾ ਦੇ 45 ਐਮਐਲਏ ਸਾਡੇ ਨਾਲ ਆਉਣ ਨੂੰ ਤਿਆਰ: ਭਾਜਪਾ ਐਮਪੀ
ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਕਾਕਡੇ ਨੇ ਦਾਅਵਾ ਕੀਤਾ ਹੈ ਕਿ ਸ਼ਿਵ ਸੈਨਾ ਦੇ 45 ਐਮਐਲਏ ਭਾਜਪਾ ਦੀ ਸਰਕਾਰ ਦਾ ਸਮਰਥਨ ਕਰਨ ਲਈ ਤਿਆਰ ਹਨ। ਭਾਜਪਾ ਐਮਪੀ ਨੇ ਇਹ ਦਾਅਵਾ ਇੱਕ ਟੀਵੀ ਉੱਤੇ ਬੋਲਦਿਆਂ ਕੀਤਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।